ਸੁਨੱਖੀ ਕਲਮ ਦਾ ਮਾਲਕ ਮੋਹਣ ਬੰਸੀਆਂ ਵਾਲਾ
ਜਦੋਂ 40-45 ਸਾਲ ਪੁਰਾਣੀ ਪੰਜਾਬੀ ਗਾਇਕੀ ’ਤੇ ਨਜ਼ਰ ਮਾਰਦੇ ਹਾਂ ਤਾਂ ਉਸ ਵਕਤ ਤਵਿਆਂ ਦਾ ਯੁੱਗ ਸੀ। ਮੰਜੇ ਜੋੜ ਕੇ ਲਗਾਏ ਸਪੀਕਰ ਉੱਪਰ ਦਿਨ ਰਾਤ ਗੀਤ ਵੱਜਦੇ ਹੁੰਦੇ ਸਨ। ਇਨ੍ਹਾਂ ਗੀਤਾਂ ਵਿੱਚ ਜੀਜਾ-ਸਾਲੀ, ਦਿਉਰ-ਭਰਜਾਈ, ਮੁੰਡੇ-ਕੁੜੀਆਂ ਦੇ ਅੱਲ੍ਹੜ ਜਜ਼ਬਾਤ ਤੇ ਸਾਡੇ...
ਜਦੋਂ 40-45 ਸਾਲ ਪੁਰਾਣੀ ਪੰਜਾਬੀ ਗਾਇਕੀ ’ਤੇ ਨਜ਼ਰ ਮਾਰਦੇ ਹਾਂ ਤਾਂ ਉਸ ਵਕਤ ਤਵਿਆਂ ਦਾ ਯੁੱਗ ਸੀ। ਮੰਜੇ ਜੋੜ ਕੇ ਲਗਾਏ ਸਪੀਕਰ ਉੱਪਰ ਦਿਨ ਰਾਤ ਗੀਤ ਵੱਜਦੇ ਹੁੰਦੇ ਸਨ। ਇਨ੍ਹਾਂ ਗੀਤਾਂ ਵਿੱਚ ਜੀਜਾ-ਸਾਲੀ, ਦਿਉਰ-ਭਰਜਾਈ, ਮੁੰਡੇ-ਕੁੜੀਆਂ ਦੇ ਅੱਲ੍ਹੜ ਜਜ਼ਬਾਤ ਤੇ ਸਾਡੇ ਹੋਰ ਸਮਾਜਿਕ ਰਿਸ਼ਤਿਆਂ ਦੀ ਪੇਸ਼ਕਾਰੀ ਬੜੀ ਕਮਾਲ ਨਾਲ ਕੀਤੀ ਹੁੰਦੀ ਸੀ। ਅਜਿਹੇ ਗੀਤਾਂ ਨੂੰ ਵਾਰ-ਵਾਰ ਸੁਣਨ ’ਤੇ ਵੀ ਰੂਹ ਨੂੰ ਰੱਜ ਨਹੀਂ ਆਉਂਦਾ ਸੀ। ਉਸ ਸਮੇਂ ਦੇ ਚੋਣਵੇਂ ਗੀਤਕਾਰਾਂ ਵਿੱਚ ਇੱਕ ਨਾਂ ਆਉਂਦਾ ਹੈ ਮੋਹਣ ਬੰਸੀਆ ਵਾਲੇ ਦਾ। ਉਸ ਦੇ ਲਿਖੇ ਗੀਤਾਂ ਨੇ ਪੰਜਾਬੀ ਸੰਗੀਤ ਵਿੱਚ ਬਹੁਤ ਨਾਮ ਕਮਾਇਆ ਹੈ, ਪਰ ਅਫ਼ਸੋਸ ਪੰਜਾਬੀ ਗੀਤਕਾਰੀ ਦੀ ਇਹ ਸੁਨੱਖੀ ਕਲਮ ਸਦਾ ਲਈ ਖਾਮੋਸ਼ ਹੋ ਗਈ ਹੈ।
ਉਸ ਦਾ ਪੂਰਾ ਨਾਮ ਮੋਹਣ ਸਿੰਘ ਬਾਸੀ ਸੀ। ਪਿੰਡ ਉਸ ਦਾ ਬੀੜ ਬੰਸੀਆਂ ਜ਼ਿਲ੍ਹਾ ਜਲੰਧਰ ਵਿੱਚ ਪੈਂਦਾ ਸੀ। ਉਸ ਨੂੰ ਗੀਤ ਲਿਖਣ ਦਾ ਸ਼ੌਕ ਚੰਗਾ ਪੰਜਾਬੀ ਸਾਹਿਤ, ਇਤਿਹਾਸ ਅਤੇ ਚੰਗੀਆ ਕਿਤਾਬਾਂ ਪੜ੍ਹ ਕੇ ਅਤੇ ਸਪੀਕਰਾਂ ਉੱਪਰ ਵੱਜਦੇ ਗੀਤਾਂ ਨੁੰ ਸੁਣਨ ਕਰਕੇ ਪਿਆ। ਇਹ ਸ਼ੌਕ ਅੱਗੇ ਕਾਲਜ ਦੀ ਪੜ੍ਹਾਈ ਦੌਰਾਨ ਵੀ ਜਾਰੀ ਰਿਹਾ। ਮੋਹਣ ਬੰਸੀਆਂ ਵਾਲੇ ਦਾ ਪਹਿਲਾ ਗੀਤ 45 ਸਾਲ ਪਹਿਲਾਂ ‘ਮਾਲਾ ਫੇਰਦੀ ਰਹੀ ਵੇ ਤੇਰੇ ਨਾਂ ਦੀ’ ਰੰਗੀਲਾ ਜੱਟ ਤੇ ਮੋਹਣੀ ਨਰੂਲਾ ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ਇਸ ਤੋਂ ਬਾਅਦ ‘ਮੁੰਡਾ ਚਿੱਟਿਆਂ ਰੁਮਾਲਾ ਵਾਲਾ’ (ਰੰਗੀਲਾ ਜੱਟ-ਸੁਰਿੰਦਰ ਕੌਰ), ‘ਨੈਣ ਪਾਵੇ ਪਾਣੀ ਬਾਬਾ ਖੇਡੇ ਕੰਗਣਾ’, ‘ਮੇਰਾ ਦਿਲ ਮੰਗਦਾ ਮੁਕਲਾਵਾ’ (ਸੁਰਿੰਦਰ ਛਿੰਦਾ-ਗੁਲਸ਼ਨ ਕੋਮਲ), ‘ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ’ (ਸੁਰਿੰਦਰ ਛਿੰਦਾ), ‘ਗੱਡੀ ਜੱਟ ਦੀ’, ‘ਟੁੱਟ-ਫੁੱਟ ਗਈਆਂ ਵੇ ਬਲੌਰੀ ਵੰਗਾਂ ਮੇਰੀਆਂ’ (ਸੁਰਿੰਦਰ ਛਿੰਦਾ-ਸੁਦੇਸ਼ ਕੁਮਾਰੀ), ‘ਕਬੱਡੀ’ (ਕਰਮਜੀਤ ਕੰਮਾ-ਮਿਸ ਪੂਜਾ), ‘ਸੁੱਚਾ ਸੂਰਮਾ’, ‘ਚੁੱਗ ਲਾਂ ਕਬੂਤਰ ਬਣ ਕੇ’ (ਜੈਜ਼ੀ ਬੀ.), ‘ਮੇਰੀਆਂ ਬਾਰੀਕ ਚੂੜੀਆਂ’, ‘ਮੇਲੀ ਬਣੇ ਬਰਾਤੀ’ (ਮਦਨ ਮੱਦੀ), ‘ਜਿਉਂਦੇ ਰਹਿਣ ਟਰੱਕਾਂ ਵਾਲੇ’ (ਸੁਰਿੰਦਰ ਛਿੰਦਾ-ਸੁਖਜਿੰਦਰ ਛਿੰਦਾ ਇੰਗਲੈਂਡ), ‘ਤੇਰੀ ਅੱਖ’ (ਪੰਮੀ ਬਾਈ) ਤੇ ‘ਮਾਵਾਂ’ (ਪ੍ਰਗਟ ਭਾਗੂ) ਆਦਿ ਗੀਤ ਰਿਕਾਰਡ ਕਰਵਾਏ ਸਨ।
ਉਸ ਦੇ ਲਿਖੇ ਪੰਜਾਬੀ ਗੀਤ ਤਕਰੀਬਨ ਤੀਹ-ਪੈਂਤੀ ਤੇ ਵੀਹ ਕੁ ਧਾਰਮਿਕ ਗੀਤ ਰਿਕਾਰਡ ਹੋਏ ਸਨ। ਜਿਨ੍ਹਾਂ ਦੀਆਂ ਤਿੰਨ ਧਾਰਮਿਕ ਟੇਪਾਂ ਮਾਰਕੀਟ ਵਿੱਚ ਆਈਆਂ ਸਨ, ਜਿਨ੍ਹਾਂ ਵਿੱਚ ‘ਸਦਾ ਤੇਰਾ ਝੂਲਦਾ ਨਿਸ਼ਾਨ ਖਾਲਸਾ’, ‘ਸਿੱਖੀ ਦਾ ਮਹਿਲ’ ਤੇ ‘ਚੜ੍ਹਦੀ ਕਲਾ’ ਜ਼ਿਕਰਯੋਗ ਹਨ। ਉਸ ਦੇ ਲਿਖੇ ਧਾਰਮਿਕ ਗੀਤ ਸੁਰਿੰਦਰ ਛਿੰਦਾ ਨੇ ਸਭ ਤੋਂ ਵੱਧ ਰਿਕਾਰਡ ਕਰਵਾਏ ਸਨ। ਇਸ ਤੋਂ ਬਿਨਾਂ ਭਾਈ ਮਨਜੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ (ਹਜ਼ੂਰੀ ਰਾਗੀ ਜਥਾ ਸਿੱਖ ਟੈਂਪਲ ਮੈਡੀਸਟੋ, ਕੈਲੀਫੋਰਨੀਆ), ਜੈਜ਼ੀ ਬੀ, ਭੁਪਿੰਦਰ ਗਿੱਲ, ਲਾਲ ਸਿੰਘ ਭੱਟੀ, ਤ੍ਰਿਲੋਕ ਸਿੰਘ ਤੇ ਅਨੂਪ ਸਿੰਘ ਚੀਮਾ ਨੇ ਵੀ ਧਾਰਮਿਕ ਗੀਤਾਂ ਨੂੰ ਰਿਕਾਰਡ ਕਰਵਾਇਆ ਹੈ। ਇਸ ਤੋਂ ਇਲਾਵਾ ਉਸ ਦੇ ਗੀਤਾਂ ਨੂੰ ਨਰਿੰਦਰ ਬੀਬਾ, ਐੱਚ.ਐੱਸ. ਭਜਨ, ਦੀਪਾ, ਮਿੱਕੀ ਨਰੂਲਾ, ਯੁੱਧਵੀਰ ਮਾਣਕ, ਪਵਨ ਇੰਗਲੈਂਡ, ਚਰਨਜੀਤ, ਮਹਿੰਦਰ ਸਿੰਘ ਸੇਠੀ, ਤ੍ਰਨਮਪ੍ਰੀਤ, ਰਾਜ ਘੁੰਮਣ ਤੇ ਕੰਵਲਜੀਤ ਕੰਵਲ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ।
ਮੋਹਣ ਬੰਸੀਆਂ ਵਾਲੇ ਨੇ ਇੱਕ ਧਾਰਮਿਕ, ਇੱਕ ਲੋਕ ਗਥਾਵਾਂ ਤੇ ਚਾਰ-ਪੰਜ ਪੰਜਾਬੀ ਗੀਤਾਂ ਦੀਆਂ ਪੁਸਤਕਾਂ ਵੀ ਸਾਹਿਤ ਦੀ ਝੋਲੀ ਪਾਈਆਂ ਸਨ। ਇੱਕ ਹੋਰ ਧਾਰਮਿਕ ਕਿਤਾਬ ਦਾ ਖਰੜਾ ਤਿਆਰ ਸੀ। 1980 ਵਿੱਚ ਵਿਆਹ ਕਰਵਾ ਕੇ ਅਮਰੀਕਾ ਆਉਣ ਵਾਲੇ ਇਸ ਗੀਤਕਾਰ ਦੀ ਖਾਸੀਅਤ ਇਹ ਹੈ ਕਿ ਉਸ ਨੇ ਕਲਾਕਾਰਾਂ ਨੂੰ ਗੀਤਾਂ ਦੀ ਮੁਫ਼ਤ ਸੇਵਾ ਕੀਤੀ ਸੀ। ਕਿਸੇ ਵੀ ਗਾਇਕ ਤੋਂ ਕਦੇ ਖੋਟੀ ਦੁਆਨੀ ਨਹੀਂ ਲਈ ਸੀ। ਉਸ ਨੂੰ ਇਸ ਵਿੱਚ ਹੀ ਵੱਡਾ ਸਕੂਨ ਮਿਲਦਾ ਸੀ।
ਵਧੀਆ ਗੀਤਕਾਰ ਹੋਣ ਦੇ ਨਾਤੇ 1993-94 ਵਿੱਚ ਜਗਦੇਵ ਸਿੰਘ ਜੱਸੋਵਾਲ ਤੇ ਗੁਰਭਜਨ ਗਿੱਲ ਉਸ ਨੂੰ ਪ੍ਰੋ.ਮੋਹਣ ਸਿੰਘ ਮੇਲਾ ਲੁਧਿਆਣਾ ਵਿਖੇ ਸਨਮਾਨਿਤ ਕਰ ਚੁੱਕੇ ਸਨ।
ਉਹ ਯਮਲਾ ਜੱਟ, ਮੁਹੰਮਦ ਸਦੀਕ, ਸੁਰਿੰਦਰ ਛਿੰਦਾ, ਕੁਲਦੀਪ ਮਾਣਕ, ਹੰਸ ਰਾਜ ਹੰਸ, ਦੀਦਾਰ ਸੰਧੂ, ਰੰਗੀਲਾ ਜੱਟ, ਕਰਤਾਰ ਰਮਲਾ, ਸਰਦੂਲ ਸਿਕੰਦਰ, ਸੁਰਿੰਦਰ ਕੌਰ, ਨਰਿੰਦਰ ਬੀਬਾ, ਜਗਮੋਹਨ ਕੌਰ ਦੀਆਂ ਆਵਾਜ਼ਾਂ ਅਤੇ ਪ੍ਰੋ.ਮੋਹਨ ਸਿੰਘ, ਨੰਦ ਲਾਲ ਨੂਰਪੁਰੀ, ਚਰਨ ਸਿੰਘ ਸਫਰੀ, ਦੇਵ ਥਰੀਕੇ ਵਾਲਾ ਤੇ ਬਾਬੂ ਸਿੰਘ ਮਾਨ ਦੀ ਕਲਮ ਤੋਂ ਵੀ ਕਾਫ਼ੀ ਪ੍ਰਭਾਵਿਤ ਸੀ। ਲੰਬੇ ਸਮੇਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰ ਸੈਰਕਾਮੈਂਟੋ ਵਿੱਚ ਵਸਦਾ ਪੰਜਾਬੀ ਦਾ ਇਹ ਗੀਤਕਾਰ ਆਪਣੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਸੀ। ਉਸ ਦੇ ਲਿਖੇ ਗੀਤਾਂ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਮਹਿਕ ਡੁੱਲ੍ਹ-ਡੁੱਲ੍ਹ ਪੈਂਦੀ ਸੀ। ਮੋਹਨ ਬੰਸੀਆਂ ਵਾਲਾ ਰੰਗਲਾ ਸੱਜਣ ਸੀ। ਉਹ ਆਪਣੀ ਸਹਿਜ ਤੋਰ ਤੁਰਦਾ ਸੀ। ਇਹ ਗੀਤਕਾਰ ਬੀਤੇ ਮਹੀਨੇ ਦੁਨੀਆ ਤੋਂ ਰੁਖ਼ਸਤ ਹੋ ਗਿਆ। ਉਸ ਦੇ ਲਿਖੇ ਗੀਤਾਂ ਵਿੱਚੋਂ ਉਸ ਦੀ ਯਾਦ ਹਮੇਸ਼ਾਂ ਆਉਂਦੀ ਰਹੇਗੀ।
ਸੰਪਰਕ: 94631-28483

