DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਧੁਨਿਕ ਜੀਵਨਸ਼ੈਲੀ ਤੇ ਮਾਨਸਿਕ ਤਣਾਅ

ਅਜੋਕੀ ਤੇਜ਼ ਤਰਾਰ ਅਤੇ ਡਿਜੀਟਲ ਸਾਧਨਾਂ ਭਰਪੂਰ ਜ਼ਿੰਦਗੀ ਨੇ ਆਦਮੀ ਦੇ ਸੁਚੇਤ ਅਤੇ ਅਚੇਤ ਮਨ ਵਿੱਚ ਚਿਰਸਥਾਈ ਦਿਮਾਗ਼ੀ ਤਣਾਅ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਅਜਿਹੇ ਮਾਹੌਲ ਵਿੱਚ ਜਿੱਥੇ ਮਨੁੱਖ ਦਾ ਤਕਨੀਕੀ ਸਾਧਨਾਂ ਨਾਲ ਨਿਰਵਿਘਨ ਸੰਪਰਕ ਬਣਿਆ ਰਹਿੰਦਾ ਹੈ ਭਾਵ...

  • fb
  • twitter
  • whatsapp
  • whatsapp
Advertisement

ਅਜੋਕੀ ਤੇਜ਼ ਤਰਾਰ ਅਤੇ ਡਿਜੀਟਲ ਸਾਧਨਾਂ ਭਰਪੂਰ ਜ਼ਿੰਦਗੀ ਨੇ ਆਦਮੀ ਦੇ ਸੁਚੇਤ ਅਤੇ ਅਚੇਤ ਮਨ ਵਿੱਚ ਚਿਰਸਥਾਈ ਦਿਮਾਗ਼ੀ ਤਣਾਅ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਅਜਿਹੇ ਮਾਹੌਲ ਵਿੱਚ ਜਿੱਥੇ ਮਨੁੱਖ ਦਾ ਤਕਨੀਕੀ ਸਾਧਨਾਂ ਨਾਲ ਨਿਰਵਿਘਨ ਸੰਪਰਕ ਬਣਿਆ ਰਹਿੰਦਾ ਹੈ ਭਾਵ ਆਦਮੀ ਆਪਣੇ ਆਲੇ ਦੁਆਲੇ ਦੇ ਲੋਕਾਂ ਅਤੇ ਹਾਲਾਤ ਤੋਂ ਇੱਕ ਪਲ ਲਈ ਵੀ ਨਿਵੇਕਲਾ ਨਹੀਂ ਰਹਿ ਸਕਦਾ, ਉੱਥੇ ਮਨ ਦਾ ਸਕੂਨ ਕਿਵੇਂ ਟਿਕਿਆ ਰਹਿ ਸਕਦਾ ਹੈ। ਇਸੇ ਤਰ੍ਹਾਂ ਮੁਕਾਬਲੇ ਦੇ ਦੌਰ ਵਿੱਚ ਜਿੱਥੇ ਹਰ ਵੇਲੇ ਆਦਮੀ ਨੂੰ ਰੋਜ਼ਾਨਾ ਨਵੇਂ ਤੋਂ ਨਵੇਂ ਟੀਚਿਆਂ ਨੂੰ ਹਾਸਲ ਕਰਨ ਦਾ ਡੰਡਾ ਚੜ੍ਹਿਆ ਹੋਵੇ ਉੱਥੇ ਮਨ ਦੀ ਸ਼ਾਂਤੀ ਕਿੱਥੇ ਬਰਕਰਾਰ ਰਹਿ ਸਕਦੀ ਹੈ?

ਅਸਲ ਵਿੱਚ ਆਧੁਨਿਕ ਤਕਨਾਲੋਜੀ ਬਣਾਈ ਤਾਂ ਗਈ ਸੀ ਆਦਮੀ ਨੂੰ ਸੁੱਖ ਚੈਨ ਜਾਂ ਸੁਵਿਧਾਵਾਂ ਦੇਣ ਲਈ, ਪਰ ਇਸ ਨੇ ਆਦਮੀ ਨੂੰ ਸਦਾ ਲਈ ਪੱਬਾਂ ਭਾਰ ਖੜ੍ਹੇ ਰਹਿਣ ਲਈ ਭਾਵ ਹਮੇਸ਼ਾਂ ‘ਸਵਿਚ ਔਨ’ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਜਿਸ ਵਿੱਚ ਆਦਮੀ ਆਪਣੇ ਕੰਮ ਤੋਂ ਜਾਂ ਆਲੇ ਦੁਆਲੇ ਤੋਂ ਅਡੋਲ ਰਹਿ ਹੀ ਨਹੀਂ ਸਕਦਾ। ਇੱਵੇਂ ਲੱਗਦਾ ਹੈ ਕਿ ਮਨੁੱਖ ਹਰ ਵੇਲੇ ਅਤਿ ਉਕਸਾਵਟ ਵਾਲੀ ਅਵਸਥਾ ਵਿੱਚ ਹੈ ਜਾਂ ਮਾਨਸਿਕ ਤੌਰ ’ਤੇ ਭਟਕਿਆ ਫਿਰਦਾ ਹੈ। ਉਸ ਨੂੰ ਸਕੂਨ ਦੀ ਨੀਂਦ ਦੀ ਘਾਟ ਹੈ, ਅਸਲ ਅਤੇ ਸਨੇਹ ਭਰਪੂਰ ਸਮਾਜਿਕ ਰਿਸ਼ਤਿਆਂ ਦੀ ਘਾਟ ਹੈ ਅਤੇ ਜ਼ਮਾਨੇ ਭਰ ਦੀਆਂ ਜਾਣਕਾਰੀਆਂ ਨੇ ਉਸ ਦੇ ਮਨ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ। ਇਸ ਤਰ੍ਹਾਂ ਉਹ ਹਰ ਵੇਲੇ ਸਰੀਰਕ ਤੌਰ ’ਤੇ ਥੱਕਿਆ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਹੈ। ਉਸ ਦੇ ਚਿੱਤ ਵਿੱਚ ਇਹੀ ਸਵਾਲ ਬਣਿਆ ਰਹਿੰਦਾ ਹੈ ਕਿ ਇਨ੍ਹਾਂ ਸਾਰੀਆਂ ਪ੍ਰਸਥਿਤੀਆਂ ਵਿੱਚ ਸੰਤੁਲਨ ਕਿਵੇਂ ਬਣਾ ਕੇ ਰੱਖਿਆ ਜਾਏ ਜਾਂ ਸੁੱਖ ਦਾ ਸਾਹ ਕਿਵੇਂ ਲਿਆ ਜਾਏ?

Advertisement

ਅਜਿਹੇ ਵਿੱਚ ਅਜੋਕੇ ਯੁੱਗ ਵਿੱਚ ਮਨੁੱਖ ਦਾ ਤਣਾਅ ਰਹਿਤ ਰਹਿਣਾ ਬੇਹੱਦ ਮੁਸ਼ਕਿਲ ਹੈ। ਉਸ ਨੂੰ ਰੋਜ਼ਾਨਾ ਜੀਵਨ ਵਿੱਚ ਅਨੇਕਾਂ ਚਿੰਤਾਵਾਂ ਸਤਾਉਂਦੀਆਂ ਰਹਿੰਦੀਆਂ ਹਨ ਜਿਵੇਂ ਕਿ ਰੋਜ਼ੀ ਰੋਟੀ ਕਮਾਉਣ ਦੀ ਚਿੰਤਾ, ਬੱਚਿਆਂ ਦੀ ਪੜ੍ਹਾਈ ਦੀ ਚਿੰਤਾ, ਘਰੇਲੂ ਖ਼ਰਚਿਆਂ ਦੀ ਚਿੰਤਾ, ਸਕੂਲਾਂ-ਕਾਲਜਾਂ ਦੀਆਂ ਫੀਸਾਂ ਦੀ ਚਿੰਤਾ, ਬੱਚਿਆਂ ਨੂੰ ਕੰਮ-ਕਾਰ ’ਤੇ ਲਾਉਣ ਦੀ ਚਿੰਤਾ, ਸਿਹਤ ਵਿਗੜਣ ਦੀ ਚਿੰਤਾ, ਜ਼ਿੰਦਗੀ ਵਿੱਚ ਤਰੱਕੀ ਲਈ ਦੂਸਰਿਆਂ ਤੋਂ ਅੱਗੇ ਲੰਘਣ ਦੀ ਚਿੰਤਾ, ਸਮਾਜ ਵਿੱਚ ਰੁਤਬਾ ਬਣਾਈ ਰੱਖਣ ਦੀ ਚਿੰਤਾ ਅਤੇ ਗੁਆਂਢੀਆਂ ਨਾਲੋਂ ਵੱਧ ਕਮਾਈ ਕਰਨ ਦੀ ਚਿੰਤਾ ਆਦਿ। ਵੇਖਿਆ ਜਾਵੇ ਤਾਂ ਅਜੋਕੇ ਮਨੁੱਖ ਨੇ ਆਪਣੀਆਂ ਇੱਛਾਵਾਂ ਨੂੰ ‘ਜ਼ਰੂਰਤਾਂ’ ਦਾ ਰੂਪ ਦੇ ਕੇ ਆਪਣੇ ਤੋਂ ਉੱਚੇ ਅਤੇ ਅਮੀਰ ਲੋਕਾਂ ਦੀ ਨਕਲ ਕਰ ਕੇ ਅਤੇ ‘ਆਧੁਨਿਕ ਜੀਵਨਸ਼ੈਲੀ’ ਦੀ ਭੇਡ-ਚਾਲ ਵਾਂਗ ਨਕਲ ਕਰਕੇ ਮਾਨਸਿਕ ਤਣਾਅ ਨੂੰ ਆਪ ਆਪਣੇ ਗਲ ਪਾਇਆ ਹੈ।

Advertisement

ਦਰਅਸਲ, ਝੂਠੀ ਸ਼ਾਨੋ-ਸ਼ੌਕਤ ਬਣਾ ਕੇ ਰੱਖਣੀ ਇੱਕ ਆਮ ਆਦਮੀ ਦੀ ਆਦਤ ਬਣ ਗਈ ਹੈ। ਅਜੋਕੇ ਸਮੇਂ ਵਿੱਚ ਜ਼ਿਆਦਾਤਰ ਤਣਾਅ ਲੋਕਾਂ ਨੂੰ ਕੰਮ-ਕਾਜ ਕਰਨ ਅਤੇ ਉਸ ਨੂੰ ਨਿਰਵਿਘਨ ਚੱਲਦਾ ਰੱਖਣ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਆ ਰਹੀਆਂ ਮੁਸ਼ਕਿਲਾਂ ਕਾਰਨ ਰਹਿੰਦਾ ਹੈ। ਇਕੱਲੇਪਣ ਦਾ ਤਣਾਅ ਵੀ ਸਮਾਜ ਦੇ ਹਰੇਕ ਵਰਗ ਵਿੱਚ ਕਾਫ਼ੀ ਜ਼ਿਆਦਾ ਵੇਖਿਆ ਜਾਂਦਾ ਹੈ। ਨੌਜਵਾਨ ਪੀੜ੍ਹੀ ਖ਼ਾਸ ਕਰਕੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਤਾਂ ਮੁਕਾਬਲੇ ਦੇ ਯੁੱਗ ਵਿੱਚ ਗੰਭੀਰ ਤਣਾਅ ਵਿੱਚੋਂ ਗੁਜ਼ਰਦੇ ਵੇਖੇ ਜਾਂਦੇ ਹਨ।

ਮਾਨਸਿਕ ਤਣਾਅ ਭਰੀ ਜ਼ਿੰਦਗੀ ਮਨੁੱਖ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਤਣਾਅ ਕਾਰਨ ਅਨੇਕਾਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਲੱਗ ਜਾਂਦੀਆਂ ਹਨ। ਪੁਰਾਣੇ ਸਮੇਂ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਘੱਟ ਸਨ ਅਤੇ ਉਨ੍ਹਾਂ ਦਾ ਜੀਵਨ ਸਾਦਗੀ ਵਾਲਾ ਪਰ ਖੁਸ਼ਹਾਲ ਹੋਇਆ ਕਰਦਾ ਸੀ। ਸਬਰ ਸੰਤੋਖ ਅਤੇ ਤਣਾਅ ਰਹਿਤ ਜੀਵਨ ਕਾਰਨ ਉਹ ਤੰਦਰੁਸਤ ਅਤੇ ਲੰਮਾ ਜੀਵਨ ਬਤੀਤ ਕਰਦੇ ਸਨ। ਅੱਜ ਵੀ ਸਾਧਾਰਨ ਪਰਿਵਾਰਾਂ ਦੇ ਮਰਦ, ਔਰਤਾਂ ਅਤੇ ਬੱਚੇ ਅਮੀਰ ਪਰਿਵਾਰਾਂ ਦੇ ਜੀਆਂ ਨਾਲੋਂ ਵਧੇਰੇ ਤਕੜੇ ਅਤੇ ਸਿਹਤਮੰਦ ਹੁੰਦੇ ਹਨ ਕਿਉਂਕਿ ਉਹ ਤਣਾਅ-ਮੁਕਤ ਰਹਿੰਦੇ ਹਨ। ਅਜੋਕੇ ਮੁਕਾਬਲੇ ਦੇ ਆਧੁਨਿਕ ਯੁੱਗ ਵਿੱਚ ਤਣਾਅ ਪੈਦਾ ਹੋਣ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਇੱਕ ਸਾਧਾਰਨ ਪਰਿਵਾਰ ਦੇ ਮੁਖੀ ਨੂੰ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣਾ ਕੰਮ-ਕਾਜ ਚਲਾਉਣ ਦੀ ਅਤੇ ਧਨ ਕਮਾਉਣ ਦੀ ਚਿੰਤਾ ਲੱਗੀ ਰਹਿੰਦੀ ਹੈ। ਵਿਦਿਆਰਥੀਆਂ ਨੂੰ ਪੜ੍ਹ ਕੇ ਪਾਸ ਹੋਣ ਦਾ ਅਤੇ ਚੰਗੇ ਨੰਬਰ ਲੈਣ ਦਾ ਫਿਕਰ ਲੱਗਾ ਰਹਿੰਦਾ ਹੈ। ਕੁਝ ਬੱਚਿਆਂ ਨੂੰ ਤਾਂ ਇਹ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਕੋਈ ਹੋਰ ਬੱਚਾ ਉਨ੍ਹਾਂ ਤੋਂ ਅੱਗੇ ਨਾ ਨਿਕਲ ਜਾਏ। ਕਿਸੇ ਹੱਦ ਤੱਕ ਉਨ੍ਹਾਂ ਦੀ ਚਿੰਤਾ ਜਾਇਜ਼ ਵੀ ਹੈ ਕਿਉਂਕਿ ਮੁਕਾਬਲੇ ਦੇ ਯੁੱਗ ਵਿੱਚ ਰੁਜ਼ਗਾਰ ਦੇ ਮੌਕੇ ਤਾਂ ਸਭ ਤੋਂ ਅੱਗੇ ਰਹਿਣ ਵਾਲੇ ਬੱਚਿਆਂ ਨੂੰ ਹੀ ਮਿਲਦੇ ਹਨ।

ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ-ਕਾਜ ਵਾਲੀਆਂ ਥਾਵਾਂ ’ਤੇ ਵੀ ਅੱਜਕੱਲ੍ਹ ਵਧੇਰੇ ਕੰਮ ਦਾ ਦਬਾਅ ਰਹਿੰਦਾ ਹੈ ਜੋ ਕਿ ਕੁਦਰਤੀ ਤੌਰ ’ਤੇ ਤਣਾਅ ਪੈਦਾ ਕਰਦਾ ਹੈ। ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀ ਲੱਭਣ ਦੀ ਚਿੰਤਾ ਲੱਗੀ ਰਹਿੰਦੀ ਹੈ। ਨੌਜਵਾਨ ਬੱਚਿਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਵਿਆਹ ਸ਼ਾਦੀ ਦਾ ਫਿਕਰ ਲੱਗਾ ਰਹਿੰਦਾ ਹੈ। ਬਜ਼ੁਰਗਾਂ ਨੂੰ ਸਿਆਣੀ ਉਮਰੇ ਸਿਹਤ ਦੇ ਵਿਗੜਣ ਦਾ ਭੈਅ ਸਤਾਉਂਦਾ ਰਹਿੰਦਾ ਹੈ। ਇਸ ਉਮਰ ਵਿੱਚ ਨੀਂਦ ਦੀ ਘਾਟ ਵੀ ਇੱਕ ਸਮੱਸਿਆ ਬਣੀ ਹੁੰਦੀ ਹੈ। ਇੱਕ ਚਿੰਤਾ ਜਿਹੜੀ ਆਦਮੀ ਨੇ ਜਾਣਬੁੱਝ ਕੇ ਆਪਣੇ ਗਲ ਪਾਈ ਹੋਈ ਹੈ ਉਹ ਹੈ ਤੇਜ਼ੀ ਨਾਲ ਅੱਗੇ ਵਧਣ ਦੀ ਅਤੇ ਜਲਦੀ ਤੋਂ ਜਲਦੀ ਅਮੀਰ ਬਣਨ ਦੀ, ਪਰ ਇਹ ਵੀ ਇੱਕ ਸੱਚਾਈ ਹੈ ਕਿ ਜੇਕਰ ਆਦਮੀ ਤੰਦਰੁਸਤ ਅਤੇ ਸੁਖੀ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਸਬਰ ਸੰਤੋਖ ’ਚ ਰਹਿਣਾ ਪਏਗਾ। ਜਿੰਨਾ ਕੁਝ ਉਸ ਕੋਲ ਹੈ ਓਨੇ ਵਿੱਚ ਸੰਤੁਸ਼ਟੀ ਕਰਨੀ ਚਾਹੀਦੀ ਹੈ।

ਵਰਤਮਾਨ ਜ਼ਿੰਦਗੀ ਦਾ ਭਰਪੂਰ ਆਨੰਦ ਲੈਣਾ ਚਾਹੀਦਾ ਹੈ। ਸਵੇਰੇ ਸ਼ਾਮ ਪ੍ਰਮਾਤਮਾ ਦਾ ਧਿਆਨ ਕਰਨਾ ਚਾਹੀਦਾ ਹੈ, ਸਿਮਰਨ ਕਰਨਾ ਚਾਹੀਦਾ ਹੈ। ਯੋਗਾ ਕਰਨਾ ਚਾਹੀਦਾ ਹੈ, ਹਲਕੀ ਫੁਲਕੀ ਕਸਰਤ ਕਰਨੀ ਚਾਹੀਦੀ ਹੈ ਅਤੇ ਸੈਰ ਕਰਨੀ ਚਾਹੀਦੀ ਹੈ। ਕਦੀ ਵੀ ਦੂਜਿਆਂ ਦੇ ਰੁਤਬੇ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਭਰਪੂਰ ਨੀਂਦ ਦਾ ਆਨੰਦ ਲੈਣਾ ਚਾਹੀਦਾ ਹੈ। ਛੋਟੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਨਾਲ ਬੱਚਿਆਂ ਦਾ ਅਤੇ ਸਿਆਣਿਆਂ ਦਾ ਇੱਕਲਾਪਣ ਵੀ ਦੂਰ ਹੁੰਦਾ ਹੈ ਅਤੇ ਬੱਚਿਆਂ ਦੀ ਵਿੱਦਿਅਕ ਯੋਗਤਾ ਵੀ ਵਧਦੀ ਹੈ। ਬੱਚਿਆਂ ਨੂੰ ਰਵਾਇਤੀ ਖੇਡਾਂ ਵਿੱਚ ਉਤਸ਼ਾਹਤ ਕਰਨ ਨਾਲ ਉਨ੍ਹਾਂ ਦਾ ਮਾਨਸਿਕ ਤਣਾਅ ਘਟਦਾ ਹੈ ਅਤੇ ਦਿਮਾਗ਼ੀ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ।

ਪਰਿਵਾਰ ਦੇ ਸਾਰੇ ਜੀਆਂ ਦਾ ਇੱਕਠੇ ਬੈਠ ਕੇ ਟੀ.ਵੀ. ਦੇ ਹਲਕੇ-ਫੁਲਕੇ ਪ੍ਰੋਗਰਾਮ ਵੇਖਣ ਨਾਲ ਘਰੇਲੂ ਮਾਹੌਲ ਸੁਖਾਵਾਂ ਬਣਿਆ ਰਹਿੰਦਾ ਹੈ ਅਤੇ ਤਣਾਅ ਵਿੱਚ ਕਮੀ ਆਉਂਦੀ ਹੈ। ਘਰ ਅੰਦਰ ਸਾਰੇ ਜੀਆਂ ਦੇ ਇਕੱਠੇ ਬੈਠ ਕੇ ਕੈਰਮ ਵਰਗੀਆਂ ਅੰਦਰੂਨੀ ਖੇਡਾਂ ਖੇਡਣ ਨਾਲ ਅਤੇ ਹਾਸਾ-ਠੱਠਾ ਕਰਨ ਨਾਲ ਮਾਨਸਿਕ ਤਣਾਅ ਘਟਦਾ ਹੈ, ਘਰੇਲੂ ਮਾਹੌਲ ਸੁਖਾਵਾਂ ਬਣਿਆ ਰਹਿੰਦਾ ਹੈ ਅਤੇ ਘਰੇਲੂ ਰਿਸ਼ਤਿਆਂ ਵਿਚਲਾ ਨਿੱਘ ਬਰਕਰਾਰ ਰਹਿੰਦਾ ਹੈ।

ਮਨੋਵਿਗਿਆਨੀ ਤਣਾਅ ਨੂੰ ਘੱਟ ਕਰਨ ਲਈ 333 ਦਾ ਨਿਯਮ ਦਿੰਦੇ ਹਨ। ਇਸ ਅਨੁਸਾਰ ਤੁਹਾਨੂੰ ਜੇਕਰ ਲੱਗੇ ਕਿ ਤੁਸੀਂ ਤਣਾਅ ਵਿੱਚ ਹੋ ਤਾਂ ਆਪਣੇ ਆਲੇ ਦੁਆਲੇ ਦੀਆਂ ਤਿੰਨ ਵਸਤਾਂ ਵੱਲ ਧਿਆਨ ਲਗਾਓ, ਤਿੰਨ ਤਰ੍ਹਾਂ ਦੀਆਂ ਧੁਨੀਆਂ ਨੂੰ ਸੁਣੋ ਅਤੇ ਆਪਣੇ ਸਰੀਰ ਦੇ ਤਿੰਨ ਅੰਗਾਂ ਨੂੰ ਹਿਲਾਓ। ਇਨ੍ਹਾਂ ਨਾਲ ਦਿਮਾਗੀ ਤਣਾਅ ਕੁਝ ਹੱਦ ਤੱਕ ਘਟ ਜਾਂਦਾ ਹੈ।

ਸੰਪਰਕ: 62842-20595

Advertisement
×