ਅਜੋਕੇ ਪੁੱਤ ਤੇ ਬਿਰਧ ਆਸ਼ਰਮ
ਭਾਰਤੀ ਸੱਭਿਆਚਾਰ ਵਿੱਚ ਪਰਿਵਾਰ ਨੂੰ ਇੱਕ ਅਜਿਹੀ ਇਕਾਈ ਮੰਨਿਆ ਜਾਂਦਾ ਸੀ ਜਿੱਥੇ ਬਜ਼ੁਰਗਾਂ ਦਾ ਸਥਾਨ ਸਭ ਤੋਂ ਉੱਚਾ ਹੁੰਦਾ ਸੀ। ਸਾਡੇ ਇਤਿਹਾਸ ਅਤੇ ਮਿਥਿਹਾਸ ਵਿੱਚ ‘ਸਰਵਣ ਕੁਮਾਰ’ ਵਰਗੇ ਪਾਤਰਾਂ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ, ਜਿਸ ਨੇ ਆਪਣੇ ਅੰਨ੍ਹੇ ਮਾਤਾ-ਪਿਤਾ ਨੂੰ...
ਭਾਰਤੀ ਸੱਭਿਆਚਾਰ ਵਿੱਚ ਪਰਿਵਾਰ ਨੂੰ ਇੱਕ ਅਜਿਹੀ ਇਕਾਈ ਮੰਨਿਆ ਜਾਂਦਾ ਸੀ ਜਿੱਥੇ ਬਜ਼ੁਰਗਾਂ ਦਾ ਸਥਾਨ ਸਭ ਤੋਂ ਉੱਚਾ ਹੁੰਦਾ ਸੀ। ਸਾਡੇ ਇਤਿਹਾਸ ਅਤੇ ਮਿਥਿਹਾਸ ਵਿੱਚ ‘ਸਰਵਣ ਕੁਮਾਰ’ ਵਰਗੇ ਪਾਤਰਾਂ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ, ਜਿਸ ਨੇ ਆਪਣੇ ਅੰਨ੍ਹੇ ਮਾਤਾ-ਪਿਤਾ ਨੂੰ ਵਹਿੰਗੀ ਵਿੱਚ ਬਿਠਾ ਕੇ ਤੀਰਥ ਯਾਤਰਾ ਕਰਵਾਈ ਸੀ। ਅੱਜ ਦਾ ਦੌਰ ਇਸ ਤੋਂ ਬਿਲਕੁਲ ਉਲਟ ਨਜ਼ਰ ਆ ਰਿਹਾ ਹੈ। ਪੰਜਾਬ ਦੀ ਧਰਤੀ, ਜਿੱਥੇ ਸੇਵਾ ਅਤੇ ਸਤਿਕਾਰ ਦੀਆਂ ਗੱਲਾਂ ਘਰ-ਘਰ ਹੁੰਦੀਆਂ ਸਨ, ਉੱਥੇ ਅੱਜ ਬਿਰਧ ਆਸ਼ਰਮਾਂ ਦੀ ਵਧਦੀ ਗਿਣਤੀ ਸਾਡੀ ਨੈਤਿਕ ਗਿਰਾਵਟ ਦਾ ਪ੍ਰਤੀਕ ਬਣ ਗਈ ਹੈ।
ਅਜੋਕੇ ਸਮੇਂ ਵਿੱਚ ਅਸੀਂ ਆਧੁਨਿਕ ਬਣਨ ਦੀ ਦੌੜ ਵਿੱਚ ਪੱਛਮੀ ਸੱਭਿਆਚਾਰ ਦੀ ਨਕਲ ਤਾਂ ਕਰ ਲਈ, ਪਰ ਉਸ ਦੇ ਪਿੱਛੇ ਛੁਪੇ ਖੋਖਲੇਪਣ ਨੂੰ ਨਹੀਂ ਸਮਝਿਆ। ਪੱਛਮ ਵਿੱਚ ਬੱਚੇ 18 ਸਾਲ ਦੀ ਉਮਰ ਤੋਂ ਬਾਅਦ ਆਜ਼ਾਦ ਹੋ ਜਾਂਦੇ ਹਨ ਅਤੇ ਮਾਪੇ ਆਪਣੀ ਬਾਕੀ ਦੀ ਜ਼ਿੰਦਗੀ ਇਕੱਲੇ ਗੁਜ਼ਾਰਨ ਲਈ ਮਾਨਸਿਕ ਤੌਰ ’ਤੇ ਤਿਆਰ ਹੁੰਦੇ ਹਨ, ਪਰ ਸਾਡੇ ਦੇਸ਼ ਵਿੱਚ ਮਾਪੇ ਆਪਣੀ ਪੂਰੀ ਉਮਰ ਦੀ ਕਮਾਈ, ਆਪਣੀਆਂ ਖ਼ੁਸ਼ੀਆਂ ਅਤੇ ਆਪਣੀ ਸਿਹਤ ਨੂੰ ਦਾਅ ’ਤੇ ਲਗਾ ਕੇ ਬੱਚਿਆਂ ਦਾ ਭਵਿੱਖ ਸੰਵਾਰਦੇ ਹਨ। ਜਦੋਂ ਵਾਪਸੀ ਵਿੱਚ ਉਨ੍ਹਾਂ ਨੂੰ ਬਿਰਧ ਆਸ਼ਰਮ ਦਾ ਰਸਤਾ ਦਿਖਾਇਆ ਜਾਂਦਾ ਹੈ, ਤਾਂ ਇਹ ਸਿਰਫ਼ ਇੱਕ ਵਿਅਕਤੀ ਦਾ ਅਪਮਾਨ ਨਹੀਂ, ਬਲਕਿ ਪੂਰੀ ਮਨੁੱਖਤਾ ਦਾ ਘਾਣ ਹੈ।
ਅੱਜ ਦੇ ਮਨੁੱਖ ਕੋਲ ਸਭ ਕੁਝ ਹੈ, ਪਰ ਸਮਾਂ ਨਹੀਂ ਹੈ। ਪੈਸੇ ਦੀ ਹਵਸ ਨੇ ਰਿਸ਼ਤਿਆਂ ਦੀ ਨਿੱਘ ਨੂੰ ਖ਼ਤਮ ਕਰ ਦਿੱਤਾ ਹੈ। ਪੁੱਤ ਸੋਚਦੇ ਹਨ ਕਿ ਮਾਪੇ ਉਨ੍ਹਾਂ ਦੀ ਆਜ਼ਾਦੀ ਵਿੱਚ ਵਿਘਨ ਪਾ ਰਹੇ ਹਨ। ਨੂੰਹਾਂ-ਪੁੱਤਾਂ ਲਈ ਮਾਪੇ ਅਕਸਰ ਫਾਲਤੂ ਸਾਮਾਨ ਵਾਂਗ ਹੋ ਜਾਂਦੇ ਹਨ। ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਜਿਨ੍ਹਾਂ ਮਾਪਿਆਂ ਨੇ ਉਂਗਲ ਫੜ ਕੇ ਚੱਲਣਾ ਸਿਖਾਇਆ, ਅੱਜ ਉਹੀ ਔਲਾਦ ਉਨ੍ਹਾਂ ਨੂੰ ਸਹਾਰਾ ਦੇਣ ਤੋਂ ਕੰਨੀ ਕਤਰਾਉਂਦੀ ਹੈ। ਬਹੁਤੇ ਘਰਾਂ ਵਿੱਚ ਬਜ਼ੁਰਗਾਂ ਨੂੰ ਸਿਰਫ਼ ਘਰ ਦੀ ਰਾਖੀ ਕਰਨ ਵਾਲੇ ਚੌਕੀਦਾਰ ਜਾਂ ਬੱਚਿਆਂ ਨੂੰ ਸੰਭਾਲਣ ਵਾਲੇ ਨੌਕਰਾਂ ਵਜੋਂ ਦੇਖਿਆ ਜਾਂਦਾ ਹੈ। ਜਦੋਂ ਉਹ ਸਰੀਰਕ ਤੌਰ ’ਤੇ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ, ਤਾਂ ਉਨ੍ਹਾਂ ਨੂੰ ਬੋਝ ਸਮਝ ਕੇ ਬਿਰਧ ਆਸ਼ਰਮਾਂ ਵਿੱਚ ਛੱਡ ਦਿੱਤਾ ਜਾਂਦਾ ਹੈ।
ਸਰਕਾਰ ਨੇ ‘ਮੈਂਟੇਨੈਂਸ ਐਂਡ ਵੈਲਫੇਅਰ ਆਫ਼ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ’ ਲਾਗੂ ਕੀਤਾ ਹੈ। ਇਹ ਕਾਨੂੰਨ ਬਜ਼ੁਰਗਾਂ ਨੂੰ ਖ਼ਰਚਾ ਲੈਣ ਅਤੇ ਰਿਹਾਇਸ਼ ਦਾ ਹੱਕ ਦਿੰਦਾ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ: ਕੀ ਕੋਈ ਅਦਾਲਤ ਕਿਸੇ ਪੁੱਤ ਦੇ ਮਨ ਵਿੱਚ ਆਪਣੇ ਪਿਤਾ ਲਈ ਸਤਿਕਾਰ ਪੈਦਾ ਕਰ ਸਕਦੀ ਹੈ? ਕੀ ਜ਼ਬਰਦਸਤੀ ਲਿਆ ਗਿਆ 10 ਹਜ਼ਾਰ ਰੁਪਏ ਦਾ ਮਾਸਿਕ ਖ਼ਰਚਾ ਉਸ ਅਸੀਸ ਦੀ ਜਗ੍ਹਾ ਲੈ ਸਕਦਾ ਹੈ ਜੋ ਸਵੈ-ਇੱਛਤ ਸੇਵਾ ਨਾਲ ਮਿਲਦੀ ਹੈ? ਕਾਨੂੰਨ ਸਿਰਫ਼ ਰੋਟੀ ਅਤੇ ਛੱਤ ਦਾ ਪ੍ਰਬੰਧ ਕਰ ਸਕਦਾ ਹੈ, ਪਰ ਬੁਢਾਪੇ ਦੀ ਇਕੱਲਤਾ ਦਾ ਇਲਾਜ ਸਿਰਫ਼ ਆਪਣਿਆਂ ਦਾ ਸਾਥ ਹੀ ਹੈ। ਬਜ਼ੁਰਗਾਂ ਨੂੰ ਦਵਾਈ ਨਾਲੋਂ ਜ਼ਿਆਦਾ ਦੁਆ (ਅਸੀਸ) ਅਤੇ ਗੱਲਾਂ ਕਰਨ ਵਾਲੇ ਕਿਸੇ ਜੀਅ ਦੀ ਲੋੜ ਹੁੰਦੀ ਹੈ।
ਬਿਰਧ ਆਸ਼ਰਮਾਂ ਵਿੱਚ ਰਹਿ ਰਹੇ ਬਜ਼ੁਰਗਾਂ ਦੀਆਂ ਅੱਖਾਂ ਹਮੇਸ਼ਾਂ ਦਰਵਾਜ਼ੇ ਵੱਲ ਲੱਗੀਆਂ ਰਹਿੰਦੀਆਂ ਹਨ ਕਿ ਸ਼ਾਇਦ ਅੱਜ ਉਨ੍ਹਾਂ ਦਾ ਪੁੱਤ ਜਾਂ ਪੋਤਾ-ਪੋਤੀ ਉਨ੍ਹਾਂ ਨੂੰ ਮਿਲਣ ਆਉਣਗੇ। ਉੱਥੇ ਰਹਿਣ ਵਾਲੇ ਬਹੁਤੇ ਬਜ਼ੁਰਗ ਉੱਚ-ਮੱਧ ਵਰਗੀ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਸੈਟਲ ਹਨ ਜਾਂ ਵੱਡੀਆਂ ਨੌਕਰੀਆਂ ’ਤੇ ਹਨ। ਇਹ ਬੇਹੱਦ ਦੁਖਦਾਈ ਹੈ ਕਿ ਵੱਡੇ ਬੰਗਲਿਆਂ ਦੇ ਮਾਲਕ ਅੱਜ ਇੱਕ ਛੋਟੇ ਜਿਹੇ ਕਮਰੇ ਵਿੱਚ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਕੱਟ ਰਹੇ ਹਨ।
ਅੱਜ ਦੇ ਨੌਜਵਾਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਮਾਂ ਹਮੇਸ਼ਾਂ ਬਦਲਦਾ ਹੈ। ਜੋ ਅੱਜ ਉਹ ਆਪਣੇ ਮਾਪਿਆਂ ਨਾਲ ਕਰ ਰਹੇ ਹਨ, ਕੱਲ੍ਹ ਨੂੰ ਉਨ੍ਹਾਂ ਦੇ ਆਪਣੇ ਬੱਚੇ ਵੀ ਉਹੀ ਸਿੱਖਣਗੇ। ਬੱਚੇ ਉਹ ਨਹੀਂ ਕਰਦੇ ਜੋ ਅਸੀਂ ਉਨ੍ਹਾਂ ਨੂੰ ਕਹਿੰਦੇ ਹਾਂ, ਬਲਕਿ ਉਹ ਕਰਦੇ ਹਨ ਜੋ ਉਹ ਸਾਨੂੰ ਕਰਦਿਆਂ ਦੇਖਦੇ ਹਨ। ਜੇ ਅੱਜ ਤੁਸੀਂ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਛੱਡ ਕੇ ਆ ਰਹੇ ਹੋ, ਤਾਂ ਤੁਸੀਂ ਆਪਣੇ ਲਈ ਵੀ ਉੱਥੇ ਇੱਕ ਕਮਰਾ ਬੁੱਕ ਕਰ ਰਹੇ ਹੋ।
ਬੁਢਾਪਾ ਜੀਵਨ ਦੀ ਸ਼ਾਮ ਹੈ। ਜਿਵੇਂ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਇਨਸਾਨ ਨੂੰ ਰਾਤ ਦੀ ਨੀਂਦ ਅਤੇ ਸਕੂਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸਾਰੀ ਉਮਰ ਪਰਿਵਾਰ ਲਈ ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਬਜ਼ੁਰਗ ਸਿਰਫ਼ ਮਾਣ-ਸਤਿਕਾਰ ਅਤੇ ਆਰਾਮ ਚਾਹੁੰਦੇ ਹਨ। ਉਹ ਘਰ ਦਾ ਉਹ ਪੁਰਾਣਾ ਰੁੱਖ ਹੁੰਦੇ ਹਨ ਜੋ ਸ਼ਾਇਦ ਫਲ ਨਾ ਦੇਵੇ, ਪਰ ਛਾਂ ਜ਼ਰੂਰ ਦਿੰਦਾ ਹੈ। ਉਨ੍ਹਾਂ ਦਾ ਤਜਰਬਾ ਪਰਿਵਾਰ ਨੂੰ ਮੁਸੀਬਤਾਂ ਤੋਂ ਬਚਾਉਣ ਲਈ ਇੱਕ ਢਾਲ ਦਾ ਕੰਮ ਕਰਦਾ ਹੈ।
ਸਾਨੂੰ ਸਮਾਜਿਕ ਤੌਰ ’ਤੇ ਜਾਗਰੂਕ ਹੋਣ ਦੀ ਲੋੜ ਹੈ। ਬਿਰਧ ਆਸ਼ਰਮਾਂ ਦਾ ਹੋਣਾ ਸਾਡੀ ਸੱਭਿਅਤਾ ’ਤੇ ਇੱਕ ਕਲੰਕ ਹੈ। ਸਾਨੂੰ ਚਾਹੀਦਾ ਹੈ ਕਿ ਸੰਸਕਾਰਾਂ ਦੀ ਵਾਪਸੀ ਕੀਤੀ ਜਾਵੇ। ਬੱਚਿਆਂ ਨੂੰ ਬਚਪਨ ਤੋਂ ਹੀ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਈਏ। ਕੋਸ਼ਿਸ਼ ਕਰੀਏ ਕਿ ਪਰਿਵਾਰ ਇਕੱਠੇ ਰਹਿਣ ਤਾਂ ਜੋ ਬਜ਼ੁਰਗਾਂ ਦੀ ਇਕੱਲਤਾ ਦੂਰ ਹੋ ਸਕੇ। ਬਜ਼ੁਰਗਾਂ ਨੂੰ ਬੋਝ ਨਹੀਂ, ਬਲਕਿ ਬਰਕਤ ਸਮਝੀਏ।
ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਮੁੜ ਤੋਂ ਖ਼ੁਸ਼ਹਾਲ ਹੋਵੇ, ਤਾਂ ਸਾਨੂੰ ਆਪਣੇ ਘਰਾਂ ਵਿੱਚ ਸਰਵਣ ਪੁੱਤਰ ਪੈਦਾ ਕਰਨੇ ਪੈਣਗੇ। ਬਿਰਧ ਆਸ਼ਰਮਾਂ ਦੀਆਂ ਕੰਧਾਂ ਨੂੰ ਢਾਹੁਣ ਦਾ ਇੱਕੋ-ਇੱਕ ਤਰੀਕਾ ਹੈ ਮਾਪਿਆਂ ਦੇ ਚਿਹਰੇ ’ਤੇ ਮੁਸਕਰਾਹਟ ਅਤੇ ਉਨ੍ਹਾਂ ਦੇ ਦਿਲ ਵਿੱਚ ਆਪਣੇ ਬੱਚਿਆਂ ਲਈ ਮਾਣ। ਯਾਦ ਰੱਖੋ, ਮਾਪਿਆਂ ਦੀ ਸੇਵਾ ਹੀ ਸਭ ਤੋਂ ਵੱਡਾ ਤੀਰਥ ਹੈ। ਜਿਸ ਘਰ ਵਿੱਚ ਬਜ਼ੁਰਗ ਖ਼ੁਸ਼ ਹਨ, ਉੱਥੇ ਰੱਬ ਖ਼ੁਦ ਨਿਵਾਸ ਕਰਦਾ ਹੈ।
ਸੰਪਰਕ: 85748-53000

