ਸੁਰੀਲਾ ਤੇ ਮਿੱਠ ਬੋਲੜਾ ਗਾਇਕ ਆਸਾ ਸਿੰਘ ਮਸਤਾਨਾ
ਹਰ ਗਾਇਕ ਦਾ ਗਾਉਣ ਦਾ ਆਪਣਾ-ਆਪਣਾ ਅੰਦਾਜ਼ ਹੁੰਦਾ ਹੈ। ਕੋਈ ਨੱਚ-ਕੁੱਦ ਕੇ ਸਟੇਜ ਸਾਂਭਦਾ ਹੈ, ਕੋਈ ਬੈਠ ਕੇ ਗਾਉਂਦਾ ਹੈ ਤੇ ਕੋਈ ਤੁਰ ਫਿਰ ਕੇ ਗਾਉਂਦਾ ਹੈ। ਆਸਾ ਸਿੰਘ ਮਸਤਾਨਾ ਦਾ ਵੀ ਆਪਣਾ ਵੱਖਰਾ ਹੀ ਅੰਦਾਜ਼ ਸੀ। ਉਸ ਦੀ ਦਿੱਖ...
ਹਰ ਗਾਇਕ ਦਾ ਗਾਉਣ ਦਾ ਆਪਣਾ-ਆਪਣਾ ਅੰਦਾਜ਼ ਹੁੰਦਾ ਹੈ। ਕੋਈ ਨੱਚ-ਕੁੱਦ ਕੇ ਸਟੇਜ ਸਾਂਭਦਾ ਹੈ, ਕੋਈ ਬੈਠ ਕੇ ਗਾਉਂਦਾ ਹੈ ਤੇ ਕੋਈ ਤੁਰ ਫਿਰ ਕੇ ਗਾਉਂਦਾ ਹੈ। ਆਸਾ ਸਿੰਘ ਮਸਤਾਨਾ ਦਾ ਵੀ ਆਪਣਾ ਵੱਖਰਾ ਹੀ ਅੰਦਾਜ਼ ਸੀ। ਉਸ ਦੀ ਦਿੱਖ ਸਭ ਨੂੰ ਪ੍ਰਭਾਵਿਤ ਕਰਦੀ ਸੀ। ਚੂੜੀਦਾਰ ਪਜਾਮੀ, ਲੰਮਾ ਕੋਟ, ਦਾੜ੍ਹੀ ਕੱਸ ਕੇ ਜਾਲੀ ਪਾ ਕੇ ਬੰਨ੍ਹੀ ਹੋਈ ਤੇ ਬੜੀ ਹੀ ਪੋਚ ਕੇ ਬੰਨ੍ਹੀ ਛੋਟੀ ਜਿਹੀ ਪੱਗ। ਉਹ ਇੱਕ ਪੜਿ੍ਹਆ ਲਿਖਿਆ ਗਾਇਕ ਸੀ। ਗਾਉਣ ਸਮੇਂ ਕਦੀ ਨਾਲ ਹਾਰਮੋਨੀਅਮ ਵਜਾਉਣਾ ਤੇ ਕਦੇ ਕੰਨ ’ਤੇ ਹੱਥ ਰੱਖ ਕੇ ਬੜੇ ਮਸਤਾਨੇ ਅੰਦਾਜ਼ ’ਚ ਹੇਕ ਲਾਉਣੀ। ਉਸ ਨੂੰ ਗਾਉਂਦੇ ਨੂੰ ਸੁਣਨ ਵਾਲੇ ਜਿਵੇਂ ਸਾਹ ਰੋਕ ਕੇ ਸੁਣਦੇ ਹੋਣ।
ਆਸਾ ਸਿੰਘ ਮਸਤਾਨਾ ਦਾ ਜਨਮ 22 ਅਗਸਤ 1927 ਨੂੰ ਪਿਤਾ ਪ੍ਰੀਤਮ ਸਿੰਘ ਤੇ ਮਾਤਾ ਅੰਮ੍ਰਿਤ ਕੌਰ ਦੇ ਘਰ ਸ਼ੇਖੂਪੁਰਾ (ਪਾਕਿਸਤਾਨ) ਵਿੱਚ ਹੋਇਆ। 1943 ਤੋਂ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਆਸਾ ਸਿੰਘ ਮਸਤਾਨਾ 20 ਕੁ ਸਾਲ ਦਾ ਹੋਇਆ ਤਾਂ ਦੇਸ਼ ਵੰਡ ਦੀ ਤ੍ਰਾਸਦੀ ਨੇ ਸਭ ਕੁਝ ਉਜਾੜ ਕੇ ਰੱਖ ਦਿੱਤਾ। ਉਨ੍ਹਾਂ ਦਾ ਪਰਿਵਾਰ ਦਿੱਲੀ ਵਿਖੇ ਚਾਂਦਨੀ ਚੌਕ ’ਤੇ ਆ ਕੇ ਵੱਸ ਗਿਆ।
ਉਸ ਨੂੰ ਸੰਗੀਤ ਦਾ ਸ਼ੌਕ ਤਾਂ ਸੀ ਹੀ, ਪਰ ਸੰਗੀਤਕ ਬਾਰੀਕੀਆਂ ਬਾਰੇ ਗਿਆਨ ਨਹੀਂ ਸੀ। ਇਸ ਲਈ ਉਸ ਨੂੰ ਕਿਸੇ ਉਸਤਾਦ ਦੀ ਭਾਲ ਸੀ ਜੋ ਸੰਗੀਤ ਦਾ ਗਿਆਨ ਦੇ ਸਕੇ। ਫਿਰ ਉਸ ਨੇ ਪੰਡਿਤ ਦੁਰਗਾ ਦਾਸ ਨੂੰ ਸੰਗੀਤ ਲਈ ਗੁਰੂ ਧਾਰਿਆ ਤੇ ਉਨ੍ਹਾਂ ਕੋਲੋਂ ਸੰਗੀਤਕ ਬਾਰੀਕੀਆਂ ਸਿੱਖੀਆਂ। ਉਸ ਦੀ ਰਿਜ਼ਰਵ ਬੈਂਕ ਵਿੱਚ ਚੰਗੀ ਤੇ ਪੱਕੀ ਨੌਕਰੀ ਵੀ ਲੱਗ ਗਈ। ਉਨ੍ਹਾਂ ਸਮਿਆਂ ਵਿੱਚ ਮਨੋਰੰਜਨ ਦਾ ਸਾਧਨ ਰੇਡੀਓ, ਦੂਰਦਰਸ਼ਨ ਤੇ ਕਵੀ ਦਰਬਾਰ ਹੀ ਹੁੰਦੇ ਸਨ। ਉਸ ਨੂੰ 1949 ਵਿੱਚ ਰੇਡੀਓ ’ਤੇ ਗਾਉਣ ਦਾ ਮੌਕਾ ਮਿਲਿਆ। ਰੇਡੀਓ ’ਤੇ ਉਸ ਨੇ ਪਹਿਲਾ ਗੀਤ ‘ਤੱਤੀਏ ਹਵਾਏ, ਕਿਹੜੇ ਪਾਸਿਉਂ ਤੂੰ ਆਈ ਏਂ’ ਗਾਇਆ ਸੀ। ਸਮਾਂ ਪਾ ਕੇ ਉਹ ਰੇਡੀਓ ਦਾ ਹਰਮਨ ਪਿਆਰਾ ਗਾਇਕ ਬਣ ਗਿਆ। ਉਸ ਦੇ ਗੀਤ ਸੁਣਨ ਵਾਲੇ, ਉਸ ਦੇ ਗੀਤਾਂ ਦੀਆਂ ਸਿਫਾਰਸ਼ਾਂ ਕਰਦੇ ਸਨ।
ਉਨ੍ਹਾਂ ਦਿਨਾਂ ਵਿੱਚ ਗਾਇਕਾਂ ਦੇ ਗੀਤ ਸਾ ਰੇ ਗਾ ਮਾ ਐੱਚ.ਐੱਮ.ਵੀ. ਕੰਪਨੀ ਵਿੱਚ ਰਿਕਾਰਡ ਹੁੰਦੇ ਸਨ। ਕੰਪਨੀ ਵੱਲੋਂ ਗਾਇਕ ਦਾ ਬੜਾ ਇਮਤਿਹਾਨ ਲੈ ਕੇ ਪਾਸ ਕੀਤਾ ਜਾਂਦਾ ਸੀ। ਫਿਰ ਕਿਧਰੇ ਜਾ ਕੇ ਰਿਕਾਰਡਿੰਗ ਹੁੰਦੀ ਸੀ। ਪਹਿਲਾਂ-ਪਹਿਲਾਂ ਐੱਲ.ਪੀ. ਰਿਕਾਰਡ ਹੁੰਦੇ ਰਹੇ ਤੇ ਫਿਰ ਕੈਸੇਟਾਂ ਰਿਕਾਰਡ ਕੀਤੀਆਂ ਜਾਣ ਲੱਗੀਆਂ ਸਨ। ਐੱਚ.ਐੱਮ.ਵੀ. ਕੰਪਨੀ ਵਿੱਚ ਰਿਕਾਰਡਿੰਗ ਹੋਣੀ, ਉਸ ਸਮੇਂ ਗਾਇਕ ਲਈ ਬੜੀ ਵੱਡੀ ਗੱਲ ਹੁੰਦੀ ਸੀ। ਐੱਚ.ਐੱਮ.ਵੀ. ਤੋਂ ਹੋਈਆਂ ਉਸ ਦੀਆਂ ਰਿਕਾਡਿੰਗਾਂ ਹੱਥੋ-ਹੱਥੀਂ ਗਰਮ ਪਕੌੜਿਆਂ ਵਾਂਗ ਵਿਕਣ ਲੱਗੀਆਂ।
ਉਸ ਦੇ ਗੀਤ ਵਿਆਹਾਂ ’ਤੇ ਪਿੰਡਾਂ ਵਿੱਚ ਸਪੀਕਰ ਲਾ ਕੇ ਘਰਾਂ ਦੇ ਬਨੇਰਿਆ ’ਤੇ ਮਹੀਨਾ-ਮਹੀਨਾ ਤੱਕ ਵੱਜਣ ਲੱਗੇ। ਹਰ ਪਾਸੇ ਮਸਤਾਨਾ-ਮਸਤਾਨਾ ਹੋ ਗਈ। ਉਸ ਦੇ ਹਿੱਟ ਗੀਤਾਂ ਦੀ ਸੂਚੀ ਤਾਂ ਬੜੀ ਲੰਬੀ ਹੈ, ਪਰ ਉਸ ਵਿੱਚੋਂ ਕੁਝ ਕੁ ਇਸ ਤਰ੍ਹਾਂ ਹਨ;
-ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀਂ
-ਮੈਨੂੰ ਤੇਰਾ ਸ਼ਬਾਬ ਲੈ ਬੈਠਾ
-ਮੇਲੇ ਨੂੰ ਚੱਲ ਮੇਰੇ ਨਾਲ ਕੁੜੇ
-ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ
-ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ
-ਮੈਂ ਜੱਟ ਯਮਲਾ ਪਗਲਾ ਦੀਵਾਨਾ
-ਕਾਕਾ ਜੰਮ ਪਿਆ
-ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀਂ
-ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ
-ਵਜੀਦਾ ਕੌਣ ਸਾਈਂ ਨੂੰ ਆਖੇ
-ਜੱਟ ਚੜ੍ਹਦੇ ਮਿਰਜ਼ੇ ਖਾਨ ਨੂੰ
-ਭੱਤਾ ਲੈ ਕੇ ਆਈ ਖੇਤ ਨੂੰ
-ਬੁੱਲ੍ਹ ਸੁੱਕ ਗਏ ਦੰਦਾਸੇ ਵਾਲੇ
-ਚੀਚੋ-ਚੀਚ ਗਨੇਰੀਆਂ
-ਏ ਮੁੰਡਾ ਨਿਰਾ ਸ਼ਨਿੱਚਰ ਏ
ਸਮੇਤ ‘ਏਧਰ ਕਣਕਾਂ ਓਧਰ ਕਣਕਾਂ, ਵਿੱਚ ਕਣਕਾਂ ਦੇ ਬੂਰ ਪਿਆ’, ‘ਦੁਨੀਆ ’ਤੇ ਆ ਕੇ ਜਾਣ ਤੋਂ ਡਰਦਾ ਏ ਆਦਮੀ’, ‘ਮੰਨ ਜਾ ਬਾਲਮਾ’ ਤੇ ‘ਜੁਗਨੀ’ ਆਦਿ ਕਈ ਹੋਰ ਵੀ ਬਹੁਤ ਵਧੀਆ ਗੀਤ ਹਨ। ਉਸ ਨੇ ਪੰਜਾਬੀ ਤੋਂ ਇਲਾਵਾ ਹਿੰਦੀ ਵਿੱਚ ਵੀ ਗਾਇਆ। ਪਿੱਠਵਰਤੀ ਗਾਇਕ ਦੇ ਤੌਰ ’ਤੇ ਉਸ ਨੇ ਬੌਲੀਵੁੱਡ ਵਿੱਚ ਵੀ ਪ੍ਰਵੇਸ਼ ਕੀਤਾ। 1964 ਵਿੱਚ ਆਈ ਫਿਲਮ ‘ਦੂਜ ਕਾ ਚਾਂਦ’ ਲਈ ਗਾਇਆ, ਜਿਸ ਵਿੱਚ ਰਾਜ ਕੁਮਾਰ ਤੇ ਸਰੋਜਾ ਦੇਵੀ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਫਿਲਮ ਵਿੱਚ ਆਸਾ ਸਿੰਘ ਮਸਤਾਨਾ ਨੇ ਗੀਤ ‘ਲੋ ਅਪਨਾ ਜਹਾਂ’ ਗਾਇਆ ਸੀ। ਬੌਲੀਵੁੱਡ ਵਿੱਚ ਗਾਈ ਉਸ ਦੀ ‘ਹੀਰ’ ਦੇ ਵੀ ਬੜੇ ਚਰਚੇ ਸਨ।
ਉਸ ਨੇ ਸੋਲੋ ਤਾਂ ਗਾਇਆ ਹੀ, ਇਸ ਦੇ ਨਾਲ ਬਹੁਤ ਹਿੱਟ ਦੋਗਾਣੇ ਵੀ ਸਰੋਤਿਆਂ ਦੀ ਝੋਲੀ ਪਾਏ। ਉਸ ਨੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨਾਲ ਵੀ ਦੋਗਾਣੇ ਗਾਏ। ਆਸਾ ਸਿੰਘ ਮਸਤਾਨਾ ਨੇ ਸਾਹਿਰ ਲੁਧਿਆਣਵੀ, ਚਮਨ ਲਾਲ ਸ਼ੁਗਲ, ਹਰਚਰਨ ਪਰਵਾਨਾ, ਨੰਦ ਲਾਲ ਨੂਰਪੁਰੀ, ਚਾਨਣ ਗੋਬਿੰਦਪੁਰੀ, ਇੰਦਰਜੀਤ ਹਸਨਪੁਰੀ, ਸ਼ਿਵ ਕੁਮਾਰ ਬਟਾਲਵੀ ਤੇ ਬੀ.ਕੇ. ਪੁਰੀ ਆਦਿ ਉਸ ਸਮੇਂ ਦੇ ਨਾਮੀ ਲੇਖਕਾਂ ਤੇ ਗੀਤਕਾਰਾਂ ਦੀਆਂ ਲਿਖਤਾਂ ਨੂੰ ਗਾਇਆ ਤੇ ਅਮਰ ਕਰ ਦਿੱਤਾ। ਉਹ 1943 ਤੋਂ ਲੈ ਕੇ 1999 ਤੱਕ ਲਗਭਗ 56 ਸਾਲ ਤੱਕ ਇਸ ਗਾਇਕੀ ਦੇ ਖੇਤਰ ਵਿੱਚ ਸਰਗਰਮ ਰਿਹਾ।
ਇਹ ਸੁਰੀਲਾ ਅਤੇ ਮਿੱਠ ਬੋਲੜਾ ਗਾਇਕ 23 ਮਈ 1999 ਨੂੰ 71 ਸਾਲ 9 ਮਹੀਨੇ ਦੀ ਉਮਰ ਭੋਗ ਕੇ ਸਦਾ ਲਈ ਸਾਥੋਂ ਵਿੱਛੜ ਗਿਆ। ਅੱਜ ਵੀ ਉਸ ਦੁਆਰਾ ਗਾਏ ਗੀਤਾਂ ਨੇ ਉਸ ਨੂੰ ਜਿਉਂਦਾ ਰੱਖਿਆ ਹੋਇਆ ਹੈ। ਪੰਜਾਬੀ ਸੱਭਿਆਚਾਰ ਦੀ ਉਸ ਨੇ ਬਹੁਤ ਸੇਵਾ ਕੀਤੀ। ਉਸ ਨੇ ਮਸ਼ਹੂਰ ਹੋਣ ਲਈ ਕਦੇ ਵੀ ਲੱਚਰ ਗਾਇਕੀ ਦਾ ਸਹਾਰਾ ਨਹੀਂ ਲਿਆ। ਉਸ ਨੇ ਜੋ ਵੀ ਗਾਇਆ, ਉਹ ਘਰ-ਪਰਿਵਾਰ ਵਿੱਚ ਬੈਠ ਕੇ ਸੁਣਨ ਲਾਇਕ ਹੈ। ਅੱਜ ਵੀ ਉਸ ਦੇ ਗੀਤਾਂ ਨੂੰ ਕਈ ਗਾਇਕ ਰੀਮੇਕ ਕਰਕੇ ਗਾ ਰਹੇ ਹਨ ਤੇ ਸਫਲਤਾ ਪਾ ਰਹੇ ਹਨ।
ਈਮੇਲ:dharmindersinghchabba@gmail.com

