Mehreen Pirzada ਤੇ Arsh Aulakh ਵਿਆਹ ਬੰਧਨ ਵਿਚ ਬੱਝੇ
ਹਿਮਾਚਲ ਪ੍ਰਦੇਸ਼ ਦੇ ਚੈਲ ਦੀਆਂ ਵਾਦੀਆਂ ਵਿੱਚ ਹੋਇਆ ਵਿਆਹ ਸਮਾਗਮ
ਬੌਲੀਵੁੱਡ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਹਿਮਾਚਲ ਪ੍ਰਦੇਸ਼ ਦੇ ਚੈਲ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਅਰਸ਼ ਔਲਖ ਨਾਲ ਵਿਆਹ ਕਰ ਲਿਆ ਹੈ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਤੇ ਫੋਟੋ ਪਾਈ ਹੈ ਜਿੱਥੇ ਇਹ ਖ਼ੂਬਸੂਰਤ ਜੋੜਾ ਹਲਕੇ ਗੁਲਾਬੀ (Blush Pink) ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆ ਰਿਹਾ ਹੈ। ਮਹਿਰੀਨ ਨੇ 26.04.26 ਦੀ ਤਾਰੀਖ਼ ਨੂੰ ਆਪਣੀ ਨਵੀਂ ਜ਼ਿੰਦਗੀ ਦਾ ਸਭ ਤੋਂ ਅਹਿਮ ਦਿਨ ਦੱਸਿਆ ਹੈ।
ਮਹਿਰੀਨ ਨੇ ਆਪਣੇ ਵਿਆਹ ਲਈ ਹਲਕੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਤੇ ਅਰਸ਼ ਔਲਖ ਨੇ ਵੀ ਮਹਿਰੀਨ ਦੇ ਪਹਿਰਾਵੇ ਨਾਲ ਮੇਲ ਖਾਂਦਾ ਉਸੇ ਰੰਗ ਦਾ ਕੁੜਤਾ ਅਤੇ ਚਿੱਟਾ ਪਜਾਮਾ ਪਾਇਆ ਹੋਇਆ ਹੈ। ਇਸ ਜੋੜੇ ਨੇ ਆਪਣੇ ਵਿਆਹ ਦੇ ਖ਼ਾਸ ਪਲਾਂ ਨੂੰ ਸਾਂਝਾ ਕਰਨ ਲਈ ਵਿਸ਼ੇਸ਼ ਤੌਰ 'ਤੇ 'ArshDiMehr' ਹੈਸ਼ਟੈਗ ਦੀ ਵਰਤੋਂ ਕੀਤੀ।
ਮਹਿਰੀਨ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਸਾਲ 2016 ਵਿੱਚ ਤੇਲਗੂ ਫ਼ਿਲਮ 'ਕ੍ਰਿਸ਼ਨਾ ਗਾਡੀ ਵੀਰਾ ਪ੍ਰੇਮਾ ਗਾਧਾ' ਨਾਲ ਕੀਤੀ ਸੀ। ਉਹ ਹੁਣ ਤੱਕ ਤੇਲਗੂ, ਤਾਮਿਲ, ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਹਿੰਦੀ ਫ਼ਿਲਮਾਂ ਵਿੱਚ ਉਸ ਨੇ ਸਾਲ 2017 ਵਿੱਚ 'ਫਿਲੌਰੀ' ਰਾਹੀਂ ਆਪਣੀ ਪਛਾਣ ਬਣਾਈ ਸੀ, ਜਦੋਂ ਕਿ ਉਸੇ ਸਾਲ ਉਸ ਨੇ ਫ਼ਿਲਮ 'ਨੈਂਜਿਲ ਥੁਨੀਵਿਰੁੰਧਲ' ਨਾਲ ਤਾਮਿਲ ਸਿਨੇਮਾ ਵਿੱਚ ਵੀ ਕਦਮ ਰੱਖਿਆ ਸੀ।

