DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਅਦਾਕਾਰੀ ਤੇ ਸ਼ਾਇਰੀ ਦਾ ਸੁਮੇਲ ਮੀਨਾ ਕੁਮਾਰੀ

ਮੀਨਾ ਕੁਮਾਰੀ ਦੇ ਪਿਤਾ ਅਲੀ ਬਖਸ਼ ਪਾਰਸੀ ਰੰਗਮੰਚ ਦੇ ਪ੍ਰਸਿੱਧ ਕਲਾਕਾਰ ਸਨ ਤੇ ਮਾਂ ਇਕਬਾਲ ਬੇਗਮ ਨ੍ਰਿਤ ਅਦਾਕਾਰਾ ਸੀ, ਜਿਨ੍ਹਾਂ ਦਾ ਸਬੰਧ ਟੈਗੋਰ ਪਰਿਵਾਰ ਨਾਲ ਸੀ। ਕਲਾਕਾਰੀ ਤਾਂ ਮੀਨਾ ਕੁਮਾਰੀ ਲਈ ਪਿਤਾ ਪੁਰਖੀ ਵਿਰਾਸਤ ਸੀ, ਪਰ ਫਿਲਮਾਂ ਵਿੱਚ ਕੰਮ ਕਰਨ...

  • fb
  • twitter
  • whatsapp
  • whatsapp
Advertisement

ਮੀਨਾ ਕੁਮਾਰੀ ਦੇ ਪਿਤਾ ਅਲੀ ਬਖਸ਼ ਪਾਰਸੀ ਰੰਗਮੰਚ ਦੇ ਪ੍ਰਸਿੱਧ ਕਲਾਕਾਰ ਸਨ ਤੇ ਮਾਂ ਇਕਬਾਲ ਬੇਗਮ ਨ੍ਰਿਤ ਅਦਾਕਾਰਾ ਸੀ, ਜਿਨ੍ਹਾਂ ਦਾ ਸਬੰਧ ਟੈਗੋਰ ਪਰਿਵਾਰ ਨਾਲ ਸੀ। ਕਲਾਕਾਰੀ ਤਾਂ ਮੀਨਾ ਕੁਮਾਰੀ ਲਈ ਪਿਤਾ ਪੁਰਖੀ ਵਿਰਾਸਤ ਸੀ, ਪਰ ਫਿਲਮਾਂ ਵਿੱਚ ਕੰਮ ਕਰਨ ਦੀ ਇੱਛਾ ਨਾ ਹੋਣ ਦੇ ਬਾਵਜੂਦ ਮਜਬੂਰੀਵਸ ਮਹਿਜ਼ ਉਸ ਨੂੰ ਸੱਤ-ਅੱਠ ਸਾਲ ਦੀ ਉਮਰ ਵਿੱਚ ਹੀ ਫਿਲਮਾਂ ਵਿੱਚ ਕੰਮ ਕਰਨਾ ਪਿਆ। ਉਹ ਫਿਲਮਾਂ ਵਿੱਚ ਕੰਮ ਕਰਨ ਤੋਂ ਬਹੁਤ ਰੋਂਦੀ ਸੀ, ਉਹ ਸਕੂਲ ਜਾਣਾ ਚਾਹੁੰਦੀ ਸੀ, ਪਰ ਉਸ ਦੇ ਪਿਤਾ ਨੇ ਜਬਰਦਸਤੀ ਉਸ ਨੂੰ ਫਿਲਮੀ ਲਾਈਨ ਵਿੱਚ ਭੇਜਿਆ।

ਮੀਨਾ ਕੁਮਾਰੀ ਦਾ ਜਨਮ 1 ਅਗਸਤ 1932 ਨੂੰ ਪਿਤਾ ਅਲੀ ਬਖਸ਼ ਤੇ ਮਾਤਾ ਇਕਬਾਲ ਬੇਗਮ ਦੇ ਘਰ ਮੁੰਬਈ ਵਿੱਚ ਸ਼ੀਆ ਮੁਸਲਮਾਨ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਉਰਦੂ ਸ਼ਾਇਰ ਹੋਣ ਦੇ ਨਾਲ-ਨਾਲ ਬਹੁਤ ਚੰਗੇ ਸੰਗੀਤਕਾਰ ਵੀ ਸਨ ਜਿਨ੍ਹਾਂ ਨੇ ‘ਸ਼ਾਹੀ ਲੁਟੇਰੇ’ ਨਾਂ ਦੀ ਫਿਲਮ ਵਿੱਚ ਸੰਗੀਤ ਵੀ ਦਿੱਤਾ। ਫਿਲਮ ‘ਈਦ ਕਾ ਚਾਂਦ’ ਵਿੱਚ ਛੋਟੀ-ਮੋਟੀ ਅਦਾਕਾਰੀ ਵੀ ਕੀਤੀ।

Advertisement

ਮੀਨਾ ਕੁਮਾਰੀ ਦੀ ਪਹਿਲੀ ਫਿਲਮ 1939 ਵਿੱਚ ਮੋਹਨ ਸਿਨਹਾ ਦੇ ਨਿਰਦੇਸ਼ਨ ਵਿੱਚ ‘ਲੈਦਰ ਫੇਸ’ ਸੀ। ਇਸ ਵਿੱਚ ਉਸ ਨੇ ਬਾਲ ਕਲਾਕਾਰ ਦੇ ਤੌਰ ’ਤੇ ਕੰਮ ਕੀਤਾ। ਇਸੇ ਸਾਲ ਇੱਕ ਹੋਰ ਫਿਲਮ ‘ਅਧੂਰੀ ਕਹਾਨੀ’ ਕੀਤੀ। ਸ਼ੁਰੂਆਤੀ ਦੌਰ ਦੀਆਂ ਦੋ ਫਿਲਮਾਂ ਵਿੱਚ ਉਸ ਦਾ ਨਾਮ ਬੇਬੀ ਮਜ਼ਹਬੀ ਸੀ। ਇਸ ਤੋਂ ਅਗਲੇ ਸਾਲ 1940 ਵਿੱਚ ਵੀ ਦੋ ਫਿਲਮਾਂ ‘ਪੂਜਾ’ ਤੇ ‘ਏਕ ਹੀ ਭੂਲ’ ਆਈਆਂ। ਇਨ੍ਹਾਂ ਦੋਵਾਂ ਫਿਲਮਾਂ ਵਿੱਚ ਉਸ ਦਾ ਨਾਮ ਬੇਬੀ ਮੀਨਾ ਕੀਤਾ ਗਿਆ। ਫਿਰ 1946 ਵਿੱਚ ਆਈ ਫਿਲਮ ‘ਦੁਨੀਆ ਏਕ ਸਰਾਏਂ’ ਇਸ ਵਿੱਚ ਉਹ ਬੇਬੀ ਮੀਨਾ ਤੋਂ ਮੁੱਖ ਭੂਮਿਕਾ ਵਾਲੀ ਹੀਰੋਇਨ ਮੀਨਾ ਕੁਮਾਰੀ ਦੇ ਨਾਂ ਨਾਲ ਫਿਲਮੀ ਪਰਦੇ ’ਤੇ ਪੇਸ਼ ਹੋਈ।

Advertisement

ਇਸ ਫਿਲਮ ਵਿੱਚ ਉਸ ਦੀ ਅਦਾਕਾਰੀ ਪਸੰਦ ਆਉਣ ਕਰਕੇ ਅੱਗੇ ਫਿਲਮਾਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਸ ਨੇ 1939 ਤੋਂ 1972 ਤੱਕ ਲਗਭਗ 33 ਸਾਲ ਦੀ ਫਿਲਮੀ ਉਮਰ ਵਿੱਚ 90 ਫਿਲਮਾਂ ਵਿੱਚ ਕੰਮ ਕੀਤਾ ਜਿਸ ਵਿੱਚੋਂ ਜ਼ਿਆਦਾਤਰ ਹਿੱਟ ਰਹੀਆਂ। ਉਸ ਨੇ ਲੈਦਰ ਫੇਸ, ਅਧੂਰੀ ਕਹਾਨੀ (1939), ਪੂਜਾ, ਏਕ ਹੀ ਭੂਲ (1940), ਨਈਂ ਰੌਸ਼ਨੀ, ਕਸੌਟੀ, ਬਹਿਨ, ਵਿਜਯ (1941), ਗਰੀਬ (1942), ਪ੍ਰਤਿੱਗਿਆ (1943), ਲਾਲ ਹਵੇਲੀ (1944), ਦੁਨੀਆ ਏਕ ਸਰਾਏ, ਬੱਚੋਂ ਕਾ ਖੇਲ (1946), ਪੀਆ ਘਰ ਆਇਆ (1947), ਵੀਰ ਗਟੋਤਕਚ, ਸ਼੍ਰੀ ਗਨੇਸ਼ ਮਹਿਮਾ (1949), ਮਗਰੂਰ, ਹਮਾਰਾ ਘਰ, ਅਨਮੋਲ ਰਤਨ (1950), ਸਨਮ, ਮਦਹੋਸ਼, ਲਕਸ਼ਮੀ ਨਰਾਇਣ, ਹਨੂੰਮਾਨ ਪਤਾਲ ਵਿਜਯ (1951), ਤਮਾਸ਼ਾ, ਬੈਜੂ ਬਾਵਰਾ, ਅਲਾਦੀਨ ਔਰ ਜਾਦੂਈ ਚਿਰਾਗ (1952), ਪਰੀਨੀਤਾ, ਨੌਂ ਲੱਖਾ ਹਾਰ, ਫੁੱਟਪਾਥ, ਦੋ ਬੀਘਾ ਜ਼ਮੀਨ, ਦਾਨਾ ਪਾਨੀ, ਦਾਇਰਾ (1953), ਇਲਜ਼ਾਮ, ਚਾਂਦਨੀ ਚੌਕ, ਬਾਦਬਾਂ (1954), ਰੁਖਸਾਨਾ, ਬੰਦਿਸ਼, ਆਜ਼ਾਦ, ਅਦਲ-ਏ-ਜਹਾਂਗੀਰ (1955), ਸ਼ਤਰੰਜ, ਨਯਾ ਅੰਦਾਜ਼, ਮੇਮ ਸਾਹਬ, ਹਲਾਕੂ, ਏਕ ਹੀ ਰਾਸਤਾ, ਬੰਧਨ (1956), ਸਾਹਿਬ ਬੀਵੀ ਔਰ ਗੁਲਾਮ, ਮੈਂ ਚੁੱਪ ਰਹੂੰਗੀ, ਆਰਤੀ (1962), ਕਿਨਾਰੇ-ਕਿਨਾਰੇ, ਦਿਲ ਏਕ ਮੰਦਿਰ, ਸਾਂਝ ਔਰ ਸਵੇਰਾ, ਗ਼ਜ਼ਲ, ਚਿਤਰਲੇਖਾ, ਬੇਨਜ਼ੀਰ, ਮੈਂ ਭੀ ਲੜਕੀ ਹੂੰ (1964), ਪੂਰਨਿਮਾ, ਕਾਜ਼ਲ, ਜਾਦੂਈ ਅਗੂੰਠੀ, ਫੂਲ ਔਰ ਪੱਥਰ (1966), ਨੂਰਜਹਾਂ, ਮੰਜ਼ਲੀ ਦੀਦੀ, ਚੰਦਨ ਕਾ ਪਲਨਾ, ਬਹੂ ਬੇਗਮ (1967), ਬਹਾਰੋਂ ਕੀ ਮੰਜ਼ਿਲ, ਅਭਿਲਾਸ਼ਾ (1968), ਸਾਤ ਫੇਰੇ, ਜਵਾਬ (1970), ਮੇਰੇ ਅਪਨੇ, ਦੁਸ਼ਮਨ (1971) ਅਤੇ ਆਖਰੀ ਫਿਲਮਾਂ ਪਾਕੀਜ਼ਾ ਤੇ ਗੋਮਤੀ ਕੇ ਕਿਨਾਰੇ (1972) ਸਨ।

ਉਸ ਨੂੰ ਫਿਲਮ ਪਰੀਨੀਤਾ (1953), ਬੈਜੂ ਬਾਵਰਾ (1954) ਸਾਹਿਬ ਬੀਵੀ ਔਰ ਗੁਲਾਮ (1963) ਅਤੇ ‘ਕਾਜਲ’ (1966) ਲਈ ਫਿਲਮ ਫੇਅਰ ਬੈਸਟ ਐਕਟਰੈੱਸ ਐਵਾਰਡ ਮਿਲਿਆ। 2011 ਵਿੱਚ ਭਾਰਤ ਸਰਕਾਰ ਵੱਲੋਂ ਮੀਨਾ ਕੁਮਾਰੀ ਦੇ ਨਾਂ ਤੇ ਫੋਟੋ ਵਾਲੀ ਡਾਕ ਟਿਕਟ ਜਾਰੀ ਕੀਤੀ ਗਈ।

ਉਸ ਦਾ ਵਿਆਹ ਕਮਾਲ ਅਮਰੋਹੀ ਨਾਲ 1952 ਵਿੱਚ ਹੋਇਆ ਸੀ। ਉਸ ਤੋਂ ਬਾਅਦ 1958 ਦੇ ਆਸ-ਪਾਸ ਕਮਾਲ ਅਮਰੋਹੀ ਨੇ ਫਿਲਮ ‘ਪਾਕੀਜ਼ਾ’ ਸ਼ੁਰੂ ਕੀਤੀ। ਇਸ ਵਿੱਚ ਮੀਨਾ ਕੁਮਾਰੀ ਦੀ ਮੁੱਖ ਭੂਮਿਕਾ ਸੀ। ਇਸ ਫਿਲਮ ਦੇ ਨਿਰਮਾਤਾ, ਨਿਰਦੇਸ਼ਿਕ ਤੇ ਲੇਖਕ ਕਮਾਲ ਅਮਰੋਹੀ ਸਨ। ਅਚਾਨਕ 1961-62 ਦਰਮਿਆਨ ਮੀਨਾ ਕੁਮਾਰੀ ਤੇ ਕਮਾਲ ਅਮਰੋਹੀ ਦੀ ਵਿਆਹੁਤਾ ਜ਼ਿੰਦਗੀ ਵਿੱਚ ਦਰਾਰ ਆ ਗਈ, ਪਰ ਤਲਾਕ ਨਹੀਂ ਹੋਇਆ। ਇਸ ਲਈ ਫਿਲਮ ‘ਪਾਕੀਜ਼ਾ’ ਡੱਬਾ ਬੰਦ ਹੋ ਗਈ। ਇਸ ਫਿਲਮ ਨਾਲ ਕਈ ਕਲਾਕਾਰਾਂ ਦੀ ਜ਼ਿੰਦਗੀ ਦਾ ਸਵਾਲ ਸੀ। ਸੋ ਸੁਨੀਲ ਦੱਤ ਤੇ ਨਰਗਿਸ ਦੇ ਉੱੱਦਮ ਸਦਕਾ ਇਹ ਫਿਲਮ ਦੁਬਾਰਾ ਸ਼ੁਰੂ ਹੋਈ। ਇਸ ਫਿਲਮ ਨੂੰ ਪੂਰਾ ਕਰਨ ਲਈ ਮੀਨਾ ਕੁਮਾਰੀ ਦੀ ਸ਼ਰਤ ਸੀ ਕਿ ਕਮਾਲ ਅਮਰੋਹੀ ਉਸ ਨੂੰ ਤਲਾਕ ਦੇ ਦੇਵੇ ਤੇ ਉਸ ਨੂੰ ਆਜ਼ਾਦ ਕਰ ਦੇਵੇ। ਕਮਾਲ ਅਮਰੋਹੀ ਨੇ ਇਹ ਫਿਲਮ ਨੇਪਰੇ ਚਾੜ੍ਹਨ ਲਈ ਮੀਨਾ ਕੁਮਾਰੀ ਦੀ ਇਹ ਸ਼ਰਤ ਵੀ ਪੂਰੀ ਕਰ ਦਿੱਤੀ ਤੇ ਆਖਿਰ ਪੂਰੇ 14 ਸਾਲਾਂ ਬਾਅਦ 4 ਫਰਵਰੀ 1972 ਨੂੰ ਇਹ ਫਿਲਮ ਰਿਲੀਜ਼ ਹੋਈ। ਜਦ ਇਹ ਫਿਲਮ ਰਿਲੀਜ਼ ਹੋਈ ਤਾਂ ਮੀਨਾ ਕੁਮਾਰੀ ਬਹੁਤ ਖ਼ੁਸ਼ ਸੀ ਤੇ ਆਪਣੀ ਇਹ ਫਿਲਮ ਪਰਦੇ ’ਤੇ ਦੇਖਣਾ ਚਾਹੁੰਦੀ ਸੀ, ਪਰ ਉਹ ਬਹੁਤ ਬਿਮਾਰ ਹੋ ਗਈ ਤੇ ਅਗਲੇ ਮਹੀਨੇ ਦੇ ਅਖੀਰਲੇ ਦਿਨ ਉਸ ਦੀ ਮੌਤ ਹੋ ਗਈ।

ਕਈ ਐਵਾਰਡਾਂ ਨਾਲ ਸਨਮਾਨਿਤ ਹੋਣ ਵਾਲੀ ਮੀਨਾ ਕੁਮਾਰੀ ਅਸਲ ਜ਼ਿੰਦਗੀ ਵਿੱਚ ਦੁੱਖਾਂ ਦੀ ਸਾਥਣ ਰਹੀ। ਅਸਲ ਜ਼ਿੰਦਗੀ ਵਿੱਚ ਆਏ ਲੋਕ ਜਿਨ੍ਹਾਂ ਵਿੱਚ ਧਰਮਿੰਦਰ, ਗੁਲਜ਼ਾਰ ਤੇ ਸਾਵਨ ਕੁਮਾਰ ਦੇ ਨਾਂ ਵਰਨਣਯੋਗ ਹਨ, ਆਏ ਤੇ ਮਤਲਬ ਕੱਢ ਕੇ ਚੱਲਦੇ ਬਣੇ। ਮੀਨਾ ਕੁਮਾਰੀ ਦੇ ਅੰਦਰ ਬਹੁਤ ਦਰਦ ਸੀ ਜੋ ਉਹ ਸ਼ਾਇਰੀ ਰਾਹੀਂ ਬਿਆਨਣ ਲੱਗੀ। ਉਹ ਬਹੁਤ ਚੰਗੀ ਸ਼ਾਇਰਾ ਸੀ। ‘ਨਾਜ਼’ ਨਾਂ ਹੇਠ ਉਸ ਦੇ ਮਰਨ ਤੋਂ ਬਾਅਦ ਉਸ ਦੀਆਂ ਕਵਿਤਾਵਾਂ ਦੀ ਕਿਤਾਬ ਗੁਲਜ਼ਾਰ ਨੇ ਪ੍ਰਕਾਸ਼ਿਤ ਕਰਵਾਈ ਸੀ। ਆਖਰ ਮੀਨਾ ਕੁਮਾਰੀ ਨੇ 1952 ਵਿੱਚ ਉੱਘੇ ਫਿਲਮਕਾਰ ਕਮਾਲ ਅਮਰੋਹੀ ਨਾਲ ਨਿਕਾਹ ਕੀਤਾ। ਉਸ ਨੇ ਵੀ 9 ਸਾਲ ਬਾਅਦ ਤਲਾਕ ਦੇ ਦਿੱਤਾ। ਉਸ ਨੇ ਤਲਾਕ ਦਾ ਦਰਦ ਸ਼ਾਇਰੀ ਰਾਹੀਂ ਕੁਝ ਇਸ ਤਰ੍ਹਾਂ ਬਿਆਨ ਕੀਤਾ;

ਤਲਾਕ ਤੋ ਦੇ ਰਹੇ ਹੋ ਨਜ਼ਰ-ਏ-ਕਹਿਰ ਕੇ ਸਾਥ

ਜਵਾਨੀ ਭੀ ਮੇਰੀ ਲੌਟਾ ਦੋ ਮਿਹਰ ਕੇ ਸਾਥ

ਮੀਨਾ ਕੁਮਾਰੀ ਦੀ ਸ਼ਾਇਰੀ ਦੇ ਕੁਝ ਹੋਰ ਨਮੂਨੇ ਪੇਸ਼ ਹਨ;

ਹਾਂ, ਕੋਈ ਔਰ ਹੋਗਾ ਤੂਨੇ ਜੋ ਦੇਖਾ ਹੋਗਾ

ਹਮ ਨਹੀਂ ਆਗ ਸੇ ਬਚ-ਬਚ ਕਰ ਗੁਜ਼ਰਨੇ ਵਾਲੇ

ਨਾ ਇੰਤਜ਼ਾਰ, ਨਾ ਆਹਟ, ਨਾ ਤਮੰਨਾ, ਨਾ ਉਮੀਦ

ਜ਼ਿੰਦਗੀ ਹੈ ਕਿ ਜਿਉਂ ਬੇਹਿਸ ਹੁਈ ਜਾਤੀ ਹੈ

***

ਅਗਾਜ਼ ਤੋ ਹੋਤਾ ਹੈ ਅੰਜ਼ਾਮ ਨਹੀਂ ਹੋਤਾ

ਜਬ ਮੇਰੀ ਕਹਾਨੀ ਮੇਂ ਵੋਹ ਨਾਮ ਨਹੀਂ ਹੋਤਾ

ਹੱਸ-ਹੱਸ ਕਰ ਜਵਾਂ ਦਿਲ ਕੇ ਹਮ ਕਿਉਂ ਨਾ ਚੂਨੇਂ ਟੁਕੜੇ

ਹਰ ਸ਼ਖ਼ਸ ਕੀ ਕਿਸਮਤ ਮੇਂ ਇਨਾਮ ਨਹੀਂ ਹੋਤਾ

ਅੰਤ 31 ਮਾਰਚ 1972 ਨੂੰ 40 ਸਾਲ ਦੀ ਉਮਰ ਵਿੱਚ ਆਪਣੀ ਤਨਹਾਈ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਉਜਾਗਰ ਕਰਨ ਵਾਲੀ ਨਾਜ਼, ਮੀਨਾ ਕੁਮਾਰੀ, ਮਹਿਜ਼ਬੀਨ ਬਾਨੋ, ਟ੍ਰੈਜ਼ਡੀ ਕੁਈਨ ਤੇ ਹੋਰ ਵੀ ਕਈਆਂ ਨਾਵਾਂ ਨਾਲ ਜਾਣੀ ਜਾਣ ਵਾਲੀ ਇਹ ਪ੍ਰਸਿੱਧ ਅਦਾਕਾਰਾ ਤੇ ਸ਼ਾਇਰਾ ਸਦਾ ਲਈ ਧਰਤੀ ਮਾਂ ਦੀ ਕੁੱਖ ਵਿੱਚ ਦਫ਼ਨ ਹੋ ਗਈ। ਮੀਨਾ ਕੁਮਾਰੀ ਦੀ ਕਬਰ ਕਮਾਲ ਅਮਰੋਹੀ ਦੀ ਕਬਰ ਦੇ ਨਾਲ ਹੀ ਬਣਾਈ ਗਈ ਹੈ। ਅਖੀਰ ਵਿੱਚ ਮੀਨਾ ਕੁਮਾਰੀ ਦੀ ਕਲਮ ਵਿੱਚੋਂ ਨਿਕਲੇ ਸ਼ੇਅਰ ਨਾਲ ਸਮਾਪਤੀ;

ਤੁਮ ਕਿਆ ਕਰੋਗੇ ਸੁਨ ਕਰ, ਮੁਝ ਸੇ ਮੇਰੀ ਕਹਾਨੀ

ਬੇ-ਲੁਤਫ ਜ਼ਿੰਦਗੀ ਕੇ, ਕਿੱਸੇ ਹੈਂ ਫੀਕੇ-ਫੀਕੇ।

ਈਮੇਲ:dharmindersinghchabba@gmail.com

Advertisement
×