DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੋਲੀਆਂ ਵਿੱਚ ਵਿਚੋਲਾ

ਵਿਚੋਲਾ ਸਾਡੇ ਸਮਾਜ ਦਾ ਇੱਕ ਮਹੱਤਵਪੂਰਨ ਪਾਤਰ ਹੈ। ‘ਵਿਚੋਲਾ’ ਸ਼ਬਦ ਦੀ ਜੇਕਰ ਚੀਰ-ਫਾੜ ਕਰੀਏ ਤਾਂ ਇਸ ਦਾ ਮਤਲਬ ਹੈ ‘ਵਿੱਚੋਂ-ਓਹਲਾ’। ਵਿਚੋਲਾ ਦੋ ਧਿਰਾਂ ਵਿੱਚ ਇੱਕ ਕੜੀ ਦਾ ਕੰਮ ਕਰਦਾ ਹੈ। ਵਿਚੋਲਾ ਲਾੜੀ ਅਤੇ ਲਾੜੇ ਦੇ ਅਣਜਾਣ ਪਰਿਵਾਰਾਂ ਨੂੰ ਨਵੀਂ ਪਛਾਣ...

  • fb
  • twitter
  • whatsapp
  • whatsapp
Advertisement

ਵਿਚੋਲਾ ਸਾਡੇ ਸਮਾਜ ਦਾ ਇੱਕ ਮਹੱਤਵਪੂਰਨ ਪਾਤਰ ਹੈ। ‘ਵਿਚੋਲਾ’ ਸ਼ਬਦ ਦੀ ਜੇਕਰ ਚੀਰ-ਫਾੜ ਕਰੀਏ ਤਾਂ ਇਸ ਦਾ ਮਤਲਬ ਹੈ ‘ਵਿੱਚੋਂ-ਓਹਲਾ’। ਵਿਚੋਲਾ ਦੋ ਧਿਰਾਂ ਵਿੱਚ ਇੱਕ ਕੜੀ ਦਾ ਕੰਮ ਕਰਦਾ ਹੈ। ਵਿਚੋਲਾ ਲਾੜੀ ਅਤੇ ਲਾੜੇ ਦੇ ਅਣਜਾਣ ਪਰਿਵਾਰਾਂ ਨੂੰ ਨਵੀਂ ਪਛਾਣ ਦੇਣ ਵਾਲਾ ਇੱਕ ਸਾਂਝਾ ਪਾਤਰ ਹੁੰਦਾ ਹੈ। ਦੋ ਪਰਿਵਾਰਾਂ ਦੇ ਮੇਲ ’ਚੋਂ ਇੱਕ ਨਵੀਂ ਜ਼ਿੰਦਗੀ ਦਾ ਬੂਟਾ ਲਾ ਕੇ ਇਹ ਪਾਤਰ ਪਰਦੇ ਤੋਂ ਲੋਪ ਹੋ ਜਾਂਦਾ ਹੈ।

ਇੱਕ ਸਮਾਂ ਸੀ ਜਦੋਂ ਪਿੰਡ ਦਾ ਨਾਈ ਤੇ ਬ੍ਰਾਹਮਣ ਪਿੰਡ ਦੀਆਂ ਧੀਆਂ ਧਿਆਣੀਆਂ ਦੇ ਵਰ ਦਾ ਫ਼ੈਸਲਾ ਕਰ ਆਉਂਦੇ ਸਨ। ਧੀ ਦੇ ਮਾਪਿਆਂ ਨੂੰ ਆ ਕੇ ਦੱਸ ਦਿਆ ਕਰਦੇ ਸਨ ਕਿ ਅਸੀਂ ਤੁਹਾਡੀ ਬੇਟੀ ਦਾ ਰਿਸ਼ਤਾ ਫਲਾਣੇ ਪਿੰਡ ਕਰ ਆਏ ਹਾਂ। ਮਾਪੇ ਵੀ ਇਹ ਫ਼ੈਸਲਾ ਸਵੀਕਾਰ ਕਰ ਲਿਆ ਕਰਦੇ ਸਨ। ਵਿਚੋਲਾ ਦੋਹਾਂ ਧਿਰਾਂ ਦੇ ਥੋੜ੍ਹੇ ਬਹੁਤੇ ਕਾਣ ਨੂੰ ਕੱਜ ਲੈਂਦਾ ਸੀ। ਸਮਾਜਿਕ ਜ਼ਿੰਦਗੀ ਦੇ ਥੋੜ੍ਹੇ ਬਹੁਤੇ ਲੁਕੋ-ਛੁਪੋ ਵਿਚੋਲਾ ਆਮ ਹੀ ਕਰ ਲੈਂਦਾ ਸੀ। ਸੰਨ ਸੰਤਾਲੀ ਦੇ ਲਗਭਗ ਦੇ ਸਮੇਂ ਲਿੰਗ-ਅਨੁਪਾਤ ਦੀ ਗੜਬੜੀ ਕਰਕੇ ਚਾਰ-ਪੰਜ ਭਰਾਵਾਂ ਵਿੱਚੋਂ ਮਸਾਂ ਇੱਕ ਜਾਂ ਦੋ ਹੀ ਵਿਆਹੇ ਜਾਂਦੇ ਸਨ। ਸੰਨ ਸੰਤਾਲੀ ਦੀ ਮਾਰਧਾੜ ਸਮੇਂ ਬਹੁਤੇ ਵਿਅਕਤੀਆਂ ਨੇ ਮੁਸਲਮਾਨ ਔਰਤਾਂ ਨੂੰ ਆਪਣੇ ਘਰਾਂ ਵਿੱਚ ਰੱਖ ਕੇ ਆਪਣੇ ਘਰ ਵਸਾ ਲਏ ਸਨ। ਫਿਰ ਉਨ੍ਹਾਂ ਦੇ ਬੱਚੇ ਹੋ ਗਏ। ਜਦੋਂ ਉਨ੍ਹਾਂ ਬੱਚਿਆਂ ਦੇ ਵਿਆਹੁਣ ਦਾ ਸਮਾਂ ਆਇਆ ਤਾਂ ਬੱਚਿਆਂ ਦੇ ਨਾਨਕੇ ਨਾ ਹੋਣ ਕਰਕੇ ਵਿਆਹਾਂ ਵਿੱਚ ਅੜਿੱਕੇ ਬਣਨ ਲੱਗੇ। ਵਿਆਹਾਂ ਸਮੇਂ ਅਜਿਹੇ ਜ਼ਖ਼ਮ ਵਿਚੋਲੇ ਲੁਕੋ ਲਿਆ ਕਰਦੇ ਸਨ ਜਾਂ ਥੋੜ੍ਹੀ ਜਿਹੀ ਸਿਧਰੀ ਕੁੜੀ ਨੂੰ ਵੀ ਕੰਮ ਦੀ ਸਚਿਆਰੀ ਕਹਿ ਕੇ ਵਿਆਹ ਨੇਪਰੇ ਚਾੜ੍ਹ ਦਿਆ ਕਰਦੇ ਸਨ। ਇਸ ਤਰ੍ਹਾਂ ਦੇ ਵਿੱਚ-ਵਿਚਾਲੇ ਓਹਲੇ ਰੱਖਣ ਕਰਕੇ ਇਸ ਪਾਤਰ ਦਾ ਨਾਂ ‘ਵਿਚੋਲਾ’ ਪੈ ਗਿਆ। ਭਾਵ ‘ਵਿੱਚੋਂ ਓਹਲਾ’।

Advertisement

ਹੌਲੀ-ਹੌਲੀ ਵਿਚੋਲੇ ਦੀ ਭੂਮਿਕਾ ਸਕੇ-ਸਬੰਧੀ ਜਾਂ ਜਾਣ ਪਛਾਣ ਵਾਲੇ ਨਿਭਾਉਣ ਲੱਗ ਪਏ। ਅੱਜਕੱਲ੍ਹ ਇਸ਼ਤਿਆਰ ਜਾਂ ਲਵ-ਮੈਰਿਜ ਕਰਕੇ ਵਿਚੋਲੇ ਦੀ ਭੂਮਿਕਾ ਕੁਝ ਘੱਟ ਵੀ ਗਈ ਹੈ। ਮੈਰਿਜ ਬਿਉਰੋ ਵਗੈਰਾ ਦੇ ਸਥਾਪਿਤ ਹੋਣ ਨਾਲ ਵਿਚੋਲਿਆਂ ਦਾ ਰੂਪ ਹੋਰ ਵੀ ਬਦਲ ਗਿਆ ਹੈ। ਹੁਣ ਇਹ ਇੱਕ ਪ੍ਰੋਫੈਸ਼ਨਲ ਕਿੱਤਾ ਬਣਦਾ ਜਾ ਰਿਹਾ ਹੈ।

Advertisement

ਵਿਚੋਲੇ ਨੂੰ ਸਤਿਕਾਰ ਵਜੋਂ ਜਾਂ ਸਾਕ ਕਰਾਉਣ ਦੇ ਅਹਿਸਾਨ ਬਦਲੇ ਸੋਨੇ ਦੀ ਛਾਪ ਜਾਂ ਕੜਾ ਪਾਉਣ ਦਾ ਰਿਵਾਜ ਸੀ। ਕੁਝ ਲਾਲਚੀ ਕਿਸਮ ਦੇ ਵਿਚੋਲੇ ‘ਵਿਚਲਾ ਓਹਲਾ’ ਕੁਝ ਜ਼ਿਆਦਾ ਰੱਖਣ ਲੱਗ ਪਏ। ਭਾਵ ਰਿਸ਼ਤਾ ਕਰਾਉਣ ਲਈ ਝੂਠ ਜ਼ਿਆਦਾ ਮਾਰਨ ਲੱਗ ਪਏ। ਜਿਸ ਕਰਕੇ ਰਿਸ਼ਤਿਆਂ ਵਿੱਚ ਤਣਾਅ ਤੇ ਦੂਰੀਆਂ ਵਧਣ ਲੱਗੀਆਂ। ਵਿਚੋਲੇ ਦੀ ਭੂਮਿਕਾ ਜੋ ਕਦੇ ਸਤਿਕਾਰ ਵਾਲੀ ਸੀ, ਕਿਤੇ-ਕਿਤੇ ਸ਼ੱਕੀ ਤੇ ਝਗੜੇ ਵਾਲੀ ਬਣ ਕੇ ਰਹਿ ਗਈ। ਵਿਚੋਲੇ ਦੀ ਭੂਮਿਕਾ ਦੇ ਚੰਗ-ਮੰਦ ਨੂੰ ਲੋਕ-ਬੋਲੀਆਂ ਆਪਣੇ ਕਲਾਵੇ ਵਿੱਚ ਲੈ ਕੇ ਇੱਕ ਸੱਭਿਆਚਾਰਕ ਵੰਨਗੀ ਵਜੋਂ ਸਾਡੇ ਸਨਮੁੱਖ ਹੁੰਦੀਆਂ ਹਨ। ਲੋਕ-ਬੋਲੀਆਂ ਕਿਸੇ ਦਾ ਲਿਹਾਜ ਨਹੀਂ ਕਰਦੀਆਂ। ਲੋਕ-ਬੋਲੀਆਂ ਵਿਚੋਲੇ ਦੀ ਚੰਗਿਆਈ ਜਾਂ ਬੁਰਿਆਈ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰ ਦਿੰਦੀਆਂ ਹਨ। ਜੇਕਰ ਵਿਚੋਲਾ ਜੀਜਾ ਜਾਂ ਫੁੱਫੜ ਹੋਵੇ ਤਾਂ ਉਸ ਦੇ ਥਾਂ ਸਿਰ ਲੱਗਦੀਆਂ ਔਰਤਾਂ ਜਾਂ ਕੁੜੀਆਂ ਵਿਚੋਲੇ ਨੂੰ ਤਾਹਨਾ ਮਾਰਦੀਆਂ ਕਹਿ ਉੱਠਦੀਆਂ ਹਨ, ‘ਕੁੜਮੋਂ-ਕੁੜਮੀ ਸੌ ਵਾਰੀ, ਵਿਚੋਲੇ ਦੇ ਮੌਰਾਂ ਵਿੱਚ ਚੌ ਮਾਰੀ’ ਜਾਂ ‘ਕੁੜਮੋਂ-ਕੁੜਮੀ ਵਰਤਣਗੇ, ਵਿਚੋਲੇ ਬੈਠੇ ਤਰਸਣਗੇ।’ ਹਰ ਧੀ ਦੀ ਰੀਝ ਹੁੰਦੀ ਹੈ ਕਿ ਉਸ ਦਾ ਹੋਣ ਵਾਲਾ ਵਰ ਉਸ ਦੀਆਂ ਰੀਝਾਂ ਦੇ ਹਾਣ ਦਾ ਹੋਵੇ। ਮਾਲਵੇ ਦੇ ਇਲਾਕੇ ਦਾ ਇੱਕ ਦੁਖਾਂਤ ਹੈ ਕਿ ਇੱਥੇ ਧੀਆਂ ਦੇ ਵਰ ਦੀ ਤੁਲਨਾ ਜ਼ਮੀਨ ਜਾਂ ਪ੍ਰਾਪਰਟੀ ਨਾਲ ਜ਼ਿਆਦਾ ਦੇਖੀ ਜਾਂਦੀ ਹੈ। ਜਦੋਂ ਧੀ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਰੰਗ ਦਾ ਬਹੁਤ ਕਾਲਾ ਹੈ ਤਾਂ ਉਹ ਆਪਣੇ ਜੀਜੇ ਵਿਚੋਲੇ ਨੂੰ ਕੋਸਦੀ ਹੋਈ ਆਪਣੇ ਪਿਤਾ ਅੱਗੇ ਆਪਣੇ ਦੁੱਖ ਦੀ ਵਿਥਿਆ ਇਉਂ ਪੇਸ਼ ਕਰਦੀ ਹੈ;

ਕੋਈ ਨਾ ਸੁਣਦਾ ਧਰਮੀ ਬਾਬਲਾ, ਦੁੱਖ ਮੇਰੇ ਦੀਆਂ ਹੂਕਾਂ।

ਜੀਜਾ ਵਿਚੋਲਾ ਵੈਰ ਕੱਢ ਗਿਆ, ਕੋਠੇ ਚੜ੍ਹ-ਚੜ੍ਹ ਕੂਕਾਂ।

ਨਾ ਮੈਂ ਕਿਸੇ ਨੂੰ ਦੱਸਣ ਜੋਗੀ, ਕੰਤ ਦੀਆਂ ਕਰਤੂਤਾਂ।

ਰੰਗ ਦੇ ਕਾਲੇ ਨੂੰ, ਮੈਂ ਕੀ ਬਾਬਲਾ ਫੂਕਾਂ।

ਜ਼ਮੀਨ ਜਾਂ ਪ੍ਰਾਪਰਟੀ ਦੇ ਲਾਲਚ ਵਿੱਚ ਕਈ ਵਾਰ ਵਿਚੋਲਾ ਧੀ ਦੇ ਬਾਪ ਨੂੰ ਵੀ ਗੁੰਮਰਾਹ ਕਰ ਦਿੰਦਾ ਹੈ। ਧੀ ਦਾ ਬਾਪ ਵਿਚੋਲੇ ਦੀਆਂ ਗੱਲਾਂ ਵਿੱਚ ਆ ਕੇ ਧੀ ਦਾ ਸਾਕ ਵੱਡੀ ਉਮਰ ਦੇ ਮੁੰਡੇ ਨਾਲ ਕਰ ਦਿੰਦਾ ਹੈ। ਗਿੱਧੇ ਵਿੱਚ ਪੈਣ ਵਾਲੀਆਂ ਬੋਲੀਆਂ ਰਾਹੀਂ ਧੀ ਆਪਣੇ ਦੁੱਖ ਦਾ ਪ੍ਰਗਟਾਵਾ ਇਉਂ ਕਰਦੀ ਹੈ;

ਬਾਪੂ ਤੇ ਚਾਚਾ ਦੇਖਣ ਤੁਰ ਪਏ,

ਤੀਜਾ ਨਾਲ ਵਿਚੋਲਾ।

ਅੱਸੀ ਸਾਲ ਦਾ ਬੁੜ੍ਹਾ ਸਹੇੜਿਆਂ,

ਅੱਖ ਜੀਹਦੀ ਵਿੱਚ ਫੋਲਾ।

ਮਾਰੀ ਪਾਪਾਂ ਨੇ, ਧਰਤੀ ਖਾ ਗਈ ਡੋਲਾ।

ਕਈ ਵਾਰ ਵਿਚੋਲੇ ਦੁਆਰਾ ਕਰਵਾਇਆ ਗਿਆ ਸਾਕ ਬਦਨਾਮੀ ਤੇ ਝਗੜੇ ਦਾ ਕਾਰਨ ਵੀ ਬਣ ਜਾਂਦਾ ਹੈ। ਕੋਈ ਭਾਨੀਮਾਰ ਜਦੋਂ ਕਿਸੇ ਦੇ ਸਾਕ ਨੂੰ ਅੱਧ-ਵਿਚਾਲਿਉਂ ਹੀ ਤੋੜ ਦੇਵੇ ਤਾਂ ਵਿਚੋਲੇ ਦੇ ਵੀ ਵਸ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ। ਅਜਿਹੇ ਮੌਕੇ ਸਾਕ ਦੇ ਟੁੱਟਣ ਦਾ ਦੋਸ਼ ਵਿਚੋਲੇ ਦੇ ਸਿਰ ਜਾ ਲੱਗਦਾ ਹੈ। ਸ਼ਰੀਕੇ ’ਚੋਂ ਭਰਜਾਈ ਲੱਗਦੀ ਕੋਈ ਔਰਤ ਆਪਣੇ ਜੇਠ ਨੂੰ ਰਿਸ਼ਤਾ ਕਰਵਾਉਂਦੀ ਹੈ। ਕੋਈ ਚੁਗਲਖੋਰ ਧੀ ਦੇ ਮਾਪਿਆਂ ਦੇ ਕੰਨ ਭਰ ਦਿੰਦਾ ਹੈ। ਸਿੱਟੇ ਵਜੋਂ ਇਹ ਰਿਸ਼ਤਾ ਟੁੱਟ ਜਾਂਦਾ ਹੈ। ਗੱਭਰੂ ਨੂੰ ਸ਼ੱਕ ਹੈ ਕਿ ਇਹ ਰਿਸ਼ਤਾ ਉਸ ਦੀ ਭਰਜਾਈ ਨੇ ਹੀ ਤੁੜਵਾਇਆ ਹੈ। ਦੁਖੀ ਹੋਇਆ ਗੱਭਰੂ ਆਪਣੀ ਵਿਚੋਲਣ ਭਰਜਾਈ ਨੂੰ ਇਉਂ ਮਿਹਣਾ ਮਾਰਦਾ ਹੈ;

ਸਾਕ ਮੇਰੇ ਦੀ ਭਾਨੀ ਮਾਰਕੇ ਚੰਗੀ ਨਹੀਂ ਤੂੰ ਕੀਤੀ।

ਮੈਂ ਖਸਮ ਤੇਰੇ ਨੂੰ ਪਾਈ ਮੁੰਦਰੀ, ਤੈਨੂੰ ਪਾਈ ਤਵੀਤੀ।

ਨੀਂ ਝਾਕ ਸਾਹਮਣੇ ਮੇਰੇੇ ਹੁਣ ਤੂੰ ਕਿਉਂ ਬੈਠੀ ਚੁੱਪ ਕੀਤੀ।

ਤੂੰ ਕੁਲਵਿੰਦਰ ਕੁਰੇ, ਜੱਗੋਂ ਤੇਰਵੀਂ ਕੀਤੀ।

ਫੁੱਫੜ ਤੇ ਜੀਜਾ ਭਾਵੇਂ ਇੱਕੋ ਹੀ ਘਰ ਦੇ ਦੋਵੇਂ ਸਤਿਕਾਰਯੋਗ ਪਾਤਰ ਹੁੰਦੇ ਹਨ। ਫੁੱਫੜ ਪੁਰਾਣੀ ਪੀੜ੍ਹੀ ਦਾ ਹੋਣ ਕਰਕੇ ਸਿਆਣੇ ਵਰਗ ਵਿੱਚ ਗਿਣਿਆ ਜਾਂਦਾ ਹੈ। ਇਸ ਕਰਕੇ ਉਸ ਦੁਆਰਾ ਕੀਤੇ ਕਾਰਜਾਂ ਨੂੰ ਵੀ ਸਲਾਹਿਆ ਜਾਂਦਾ ਹੈ। ਉਮਰਾਂ ਦਾ ਤਜਰਬਾ ਹੋਣ ਕਰਕੇ ਫੁੱਫੜਾਂ ਦੁਆਰਾ ਕਰਵਾਏ ਗਏ ਸਾਕ ਵੀ ਹੰਢਣਯੋਗ ਤੇ ਕਾਬਲੇਤਾਰੀਫ਼ ਹੁੰਦੇ ਹਨ। ਇੱਕ ਮੁਟਿਆਰ ਆਪਣੇ ਜੀਜੇ ਦੁਆਰਾ ਸਹੇੜੇ ਗਏ ਸਾਕ ਤੋਂ ਖਫ਼ਾ ਹੁੰਦੀ ਹੋਈ ਉਸ ਨੂੰ ਮਰੋੜਾ ਵੀ ਦੇ ਜਾਂਦੀ ਹੈ ਤੇ ਨਾਲ ਫੁੱਫੜ ਦੀ ਪ੍ਰਸ਼ੰਸਾ ਵੀ ਕਰ ਜਾਂਦੀ ਹੈ;

ਛੋਲੇ-ਛੋਲੇ-ਛੋਲੇ

ਮੈਨੂੰ ਲੈ ਗਿਆ ਜੀਜਾ ਠੱਗ ਕੇ

ਭਾਗਾਂ ਵਾਲੀਆਂ ਦੇ ਫੁੱਫੜ ਵਿਚੋਲੇੇ।

ਜਦੋਂ ਕਿਸੇ ਮੁਟਿਆਰ ਨੂੰ ਉਸ ਦੀਆਂ ਰੀਝਾਂ ਦੇ ਹਾਣ ਦਾ ਵਰ ਮਿਲ ਜਾਵੇ ਤਾਂ ਉਹ ਮੁਟਿਆਰ ਖ਼ੁਸ਼ੀ ਵਿੱਚ ਫੁੱਲੀ ਨਹੀਂ ਸਮਾਉਂਦੀ। ਉਸ ਦੇ ਅੰਦਰੋਂ ਉੱਠਿਆ ਖ਼ੁਸ਼ੀ ਦਾ ਗੁਬਾਰ ਗਿੱਧੇ ਦੀਆਂ ਬੋਲੀਆਂ ਵਿੱਚ ਧਮੱਚੜ ਆ ਪੁੱਟਦਾ ਹੈ। ਜਿੱਥੇ ਉਹ ਮੁਟਿਆਰ ਆਪਣੇ ਹਾਣ ਦੇ ਵਰ ਮਿਲਣ ’ਤੇ ਖ਼ੁਸ਼ ਹੈ ਉੱਥੇ ਉਹ ਆਪਣੀ ਇੱਕ ਬੋਲੀ ਰਾਹੀਂ ਆਪਣੇ ਵਿਚੋਲੇ ਨੂੰ ਵੀ ਅਸੀਸਾਂ ਦੇ ਜਾਂਦੀ ਹੈ;

ਤੇਰੀ ਮੇਰੀ ਜੋੜੀ, ਜਿਵੇਂ ਦੁੱਧ ’ਤੇ ਮਲਾਈ ਐ।

ਜੀਵੇ ਉਹ ਵਿਚੋਲਾ, ਜੀਹਨੇ ਤੇਰੀ ਦੱਸ ਪਾਈ ਐ।

ਹਰ ਮੁਟਿਆਰ ਚਾਹੁੰਦੀ ਹੈ ਕਿ ਉਸ ਦਾ ਉਸ ਦੇ ਆਪਣੇ ਮਾਪਿਆਂ ਨਾਲ ਵੀ ਮੋਹ ਵੀ ਜਿਉਂ ਦਾ ਤਿਉਂ ਬਣਿਆ ਰਹੇ, ਪਰ ਸੰਯੋਗ ਵੱਸ ਉਸ ਦਾ ਵਿਆਹ ਕਿਤੇ ਦੂਰ ਦੇ ਇਲਾਕੇ ਵਿੱਚ ਹੋ ਜਾਂਦਾ ਹੈ। ਉਹ ਇਸ ਅਣਹੋਣੀ ਘਟਨਾ ਦਾ ਦੋਸ਼ ਆਪਣੇ ਵਿਚੋਲੇ ਸਿਰ ਜਾ ਮੜ੍ਹਦੀ ਹੈ। ਕਚੀਚੀਆਂ ਵੱਟਦੀ ਹੋਈ ਉਹ ਇੱਕ ਬੋਲੀ ਰਾਹੀਂ ਆਪਣਾ ਗੁੱਸਾ ਇਉਂ ਪ੍ਰਗਟ ਕਰਦੀ ਹੈ;

ਵੈਰੀ ਵਿਚੋਲਾ ਵੈਰ ਕੱਢ ਗਿਆ,

ਦੂਰ ਦੇ ਦਿੱਤੀਆਂ ਲਾਵਾਂ।

ਸੁਣਨ ਵਾਲਾ ਨਾ ਨੇੜੇ-ਤੇੜੇ, ਕੀਹਨੂੰ ਦੁੱਖ ਸੁਣਾਵਾਂ।

ਜੇ ਤੂੰ ਵਿਚੋਲਿਆ ਮਿਲ ਜੇਂ ’ਕੱਲਾ,

ਮੈਂ ਵੀ ਦਿਲ ਦੀਆਂ ਲਾਹਵਾਂ।

ਤੇਰੀ ਸੁੱਥਣ ’ਤੇ, ਤੱਤਾ ਖੁਰਚਣਾ ਲਾਵਾਂ।

ਸੋ ਵਿਚੋਲੇ ਪ੍ਰਤੀ ਲੋਕ-ਬੋਲੀਆਂ ਵਿੱਚ ਰਲੇ-ਮਿਲੇ ਭਾਵ ਦੇਖਣ ਤੇ ਸੁਣਨ ਨੂੰ ਮਿਲਦੇ ਹਨ। ਸਾਡੀ ਲੋਕ-ਧਾਰਾ ਵਿੱਚ ਵਿਚੋਲੇ ਦਾ ਮਹੱਤਵਪੂਰਨ ਸਥਾਨ ਹੈ। ਵਿਆਹ ਤੋਂ ਬਾਅਦ ਭਾਵੇਂ ਇਸ ਪਾਤਰ ਨਾਲ ਕਿਹੋ ਜਿਹਾ ਵੀ ਸਲੂੂਕ ਕੀਤਾ ਜਾਵੇ, ਪ੍ਰੰਤੂ ਵਿਆਹ ਸ਼ੁਰੂ ਹੋਣ ਸਮੇਂ ਤਾਂ ਇਸ ਪਾਤਰ ਦੀ ਪ੍ਰਸ਼ੰਸਾ ਇਸ ਬੋਲੀ ਨਾਲ ਕੀਤੀ ਜਾਂਦੀ ਹੈ;

ਡੱਬਾ ਖੇਸ ਵੇ ਵਿਚੋਲਿਆ ਤੈਨੂੰ, ਜੇ ਮੈਨੂੰ ਸੁੱਖ ਮਿਲਿਆ

ਅੱਜਕੱਲ੍ਹ ਭਾਵੇਂ ਵਿਚੋਲੇ ਦੇ ਰੂਪ ਬਦਲ ਚੁੱਕੇ ਹਨ, ਪ੍ਰੰਤੂ ਵਿਚੋਲੇ ਦੀ ਭੂਮਿਕਾ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਭਾਵੇਂ ਕਿੰਨਾਂ ਵੀ ਚੰਗਾ ਖਾਨਦਾਨ ਹੋਵੇ ਵਿਚੋਲੇ ਦੀ ਸ਼ਮੂਲੀਅਤ ਨੂੰ ਮਨਫੀ ਕਰਕੇ ਨਹੀਂ ਦੇਖਿਆ ਜਾ ਸਕਦਾ। ਇਸ ਤੱਥ ਦੀ ਗਵਾਹੀ ਵੀ ਲੋਕ-ਬੋਲੀਆਂ ਇਉਂ ਭਰਦੀਆਂ ਹਨ;

ਕੰਮ ਬਾਝ ਨਾ ਵਿਚੋਲਿਆਂ ਬਣਦਾ,

ਘਰ ਭਾਵੇਂ ਹੋਵੇ ਲੱਖ ਦਾ।

ਸੰਪਰਕ: 95010-12199

Advertisement
×