ਡਾ. ਸਾਹਿਬ ਸਿੰਘ
ਮਰਜਾਣੀਆਂ… ਸਿਰਲੇਖ ਹੀ ਕਾਫ਼ੀ ਹੈ ਤਕਲੀਫ਼ ਦੇਣ ਲਈ। ਦੁਨੀਆ ਦਾ ਅੱਧ ਤੇ ਉਸ ਅੱਧ ਨੂੰ ਮਿਲਿਆ ਮਰ ਜਾਣ ਦਾ ਸਰਾਪ। ਇਹ ਨਹੀਂ ਕਿ ਇਸ ਦੀ ਪੀੜ ਸਿਰਫ਼ ਉਸ ਅੱਧ ਨੂੰ ਹੁੰਦੀ ਹੈ, ਦੂਜਾ ਅੱਧ ਜਿਸ ਨੂੰ ਹਰ ਤਰ੍ਹਾਂ ਜਿਊਣ ਤੇ ਜ਼ਿੰਦਗੀ ਮਾਨਣ ਦਾ ਵਰ ਮਿਲਿਆ ਹੋਇਆ, ਉਹ ਵੀ ਇਸ ਦਰਦ ਨੂੰ ਮਹਿਸੂਸ ਕਰਦਾ ਹੈ। ਇਹ ਸਿਰਫ਼ ਦਰਦ ਨਹੀਂ, ਇਹ ਨੁਕਸਾਨ ਵੀ ਹੈ ਜਿਸ ਦਾ ਅਹਿਸਾਸ ਮਰਦ ਨੂੰ ਹੌਲੀ ਹੌਲੀ ਹੋ ਰਿਹਾ ਹੈ। ਇਸੇ ਅਹਿਸਾਸ ’ਚੋਂ ਪ੍ਰੋ. ਰਵੇਲ ਸਿੰਘ ਦਾ ਲਿਖਿਆ ਹੋਇਆ ਇਹ ਨਾਟਕ ਕਿਤਾਬੀ ਰੂਪ ’ਚ ਸਾਹਮਣੇ ਆਇਆ ਹੈ। ਪ੍ਰੋ. ਰਵੇਲ ਸਿੰਘ ਦੀਆਂ ਹੁਣ ਤਕ ਆਈਆਂ ਤਕਰੀਬਨ ਚਾਲੀ ਕਿਤਾਬਾਂ ਆਲੋਚਨਾ, ਅਨੁਵਾਦ ਤੇ ਸੰਪਾਦਨਾ ਦੀਆਂ ਹਨ। ਪਰ ਹੁਣ ਉਨ੍ਹਾਂ ਇਕ ਰਚਨਾਤਮਕ ਲੇਖਕ ਦੇ ਤੌਰ ’ਤੇ ਇਹ ਨਾਟਕ ਲਿਖਿਆ ਹੈ। ਓਪਰੀ ਨਜ਼ਰੇ ਦੇਖਿਆਂ ਇਹ ਲੋਕਡਾਊਨ ਦਾ ਕਮਾਲ ਹੈ ਕਿ ਪ੍ਰੋ. ਰਵੇਲ ਸਿੰਘ ਇਕ ਨਾਟਕ ਸਿਰਜਣ ਵੱਲ ਰੁਚਿਤ ਹੋਏ। ਜਦੋਂ ਜਿਸਮਾਨੀ ਤੌਰ ’ਤੇ ਤੁਸੀਂ ਬਾਹਰਲੇ ਸੰਸਾਰ ਤੋਂ ਕੱਟੇ ਜਾਂਦੇ ਹੋ, ਪਰ ਮਾਨਸਿਕ ਤੌਰ ’ਤੇ ਜੁੜੇ ਰਹਿੰਦੇ ਹੋ, ਖ਼ਬਰਾਂ ਰਾਹੀਂ, ਅਖ਼ਬਾਰਾਂ, ਟੀਵੀ ਤੇ ਇੰਟਰਨੈੱਟ ਰਾਹੀਂ ਤਾਂ ਆਪਣੇ ਮਨ ਦੀ ਭੜਾਸ ਕੱਢਣ ਲਈ ਤੁਸੀਂ ਕੋਈ ਰਾਹ ਚੁਣਦੇ ਹੋ। ਪ੍ਰੋ. ਰਵੇਲ ਸਿੰਘ ਨੇ ਨਾਟਕ ਦੀ ਵਿਧਾ ਨੂੰ ਚੁਣਿਆ, ਪਰ ਕਾਰਨ ਸਿਰਫ਼ ਇੰਨਾ ਨਹੀਂ ਹੈ।
ਪ੍ਰੋ. ਰਵੇਲ ਸਿੰਘ ਦਾ ਨਾਟਕ/ ਰੰਗਮੰਚ ਨਾਲ ਬੜਾ ਕਰੀਬੀ ਰਿਸ਼ਤਾ ਰਿਹਾ ਹੈ। ਪੰਜਾਬੀ ਅਕਾਦਮੀ ਦਿੱਲੀ ’ਚ ਸਕੱਤਰ ਬਣਨ ਤੋਂ ਪਹਿਲਾਂ ਨੌਕਰੀ ਕਰਦਿਆਂ ਵੀ ਰੰਗਮੰਚ ਸਰਗਰਮੀਆਂ ਦੀ ਵਿਉਂਤਬੰਦੀ ਤੇ ਰੰਗਕਰਮੀਆਂ ਦੇ ਨੇੜੇ ਹੋ ਕੇ ਵਿਚਰਨ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਆਪਣੇ ਮੋਢਿਆਂ ’ਤੇ ਲੈ ਰੱਖੀ ਸੀ। ਫਿਰ ਸਕੱਤਰ ਬਣੇ ਤਾਂ ਰੰਗਮੰਚ ਉਤਸਵਾਂ ਦੀ ਨਿਰੰਤਰਤਾ ਰਾਹੀਂ ਪੰਜਾਬ, ਦਿੱਲੀ ਦੇ ਪੰਜਾਬੀ ਰੰਗਮੰਚ ਦਾ ਵਿਲੱਖਣ ਮੇਜ਼ਬਾਨ ਹੋਣ ਦਾ ਮਾਣ ਹਾਸਲ ਕੀਤਾ। ਰਾਜਧਾਨੀ ’ਚ ਰਹਿੰਦਿਆਂ ਹਰ ਤਰ੍ਹਾਂ ਦਾ ਅਤੇ ਹਰ ਭਾਸ਼ਾ ਦਾ ਰੰਗਮੰਚ ਦੇਖਿਆ। ਅੰਬੈਸੀਆਂ ਵਿਚ ਦੁਭਾਸ਼ੀਏ ਦੀ ਭੂਮਿਕਾ ਨਿਭਾਉਂਦਿਆਂ ਸੱਭਿਆਚਾਰਕ ਟੇਢ ਤੇ ਸਮਾਜਿਕ ਗੁੰਝਲਾਂ ਨੂੰ ਨੇੜਿਓਂ ਦੇਖਿਆ। ਜਦੋਂ ਨਾਟਕ ਲਿਖਣ ਲਈ ਕਲਮ ਚੁੱਕੀ ਤਾਂ ਮੁਲਕ ਭਰ ਦੀਆਂ ਬੱਚੀਆਂ ਆਪਣੇ ਚਿਹਰਿਆਂ ’ਤੇ ਮਾਸੂਮੀਅਤ ਭਰੇ ਸਵਾਲ ਲੈ ਕੇ ਉਹਦੇ ਸਾਹਮਣੇ ਆ ਖੜ੍ਹੀਆਂ ਤੇ ਉਹਦੀ ਕਲਮ ਉਨ੍ਹਾਂ ਧੀਆਂ ਦਾ ਦੁੱਖੜਾ ਬਿਆਨਣ ਦੇ ਰਾਹ ਤੁਰ ਪਈ:
ਮੌਲ਼ੀ/ ਮਾਪਿਆਂ ਦੇ ਸਿਰ ਝੁਕ ਗਏ
ਹਾਲੇ ਅੱਖ ਵੀ ਨਾ ਦੁਨੀਆ ’ਚ ਖੋਲ੍ਹੀ!
ਆਰੰਭਕ ਗੀਤ ਲੇਖਕ ਦੀ ਸਮਝ ਦੀ ਪਕਿਆਈ ਦਾ ਖੁਲਾਸਾ ਕਰਦਾ ਹੈ। ਪਾਠਕ ਦੇ ਮੱਥੇ ’ਚ ਜੁਗਨੂੰ ਚਮਕਦਾ ਹੈ। ਲੇਖਕ ਸਮੱਸਿਆ ਨੂੰ ਜੜ੍ਹ ਤੋਂ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੱਚੀ ਦੀ ਆਮਦ ਤੋਂ ਪਹਿਲਾਂ ਹੀ ਝੁਕੇ ਹੋਏ ਸਿਰਾਂ ਵੱਲੋਂ ਉਸ ਦਾ ਅਪਮਾਨਜਨਕ ਸਵਾਗਤ ਕਰਨਾ ‘ਮਰਜਾਣੀਆਂ’ ਸਿਰਲੇਖ ਦੀ ਪਹਿਲੀ ਗਵਾਹੀ ਵਜੋਂ ਪੇਸ਼ ਕਰ ਦਿੰਦਾ ਹੈ। ਉਹ ਨਾਟਕ ਲਿਖ ਰਿਹਾ ਹੈ। ਨਾਟਕ ਦੀ ਸਕ੍ਰਿਪਟ ਵਿਚ ਨਾਟਕ ਪੇਸ਼ ਹੋ ਰਿਹਾ ਹੈ। ਇਵੇਂ ਨਾਟਕ ਆਪਣੇ ਆਪ ’ਚ ਰੰਗਮੰਚ ਬਣ ਰਿਹਾ ਹੈ। ਪਰ ਉਹ ਫ਼ਿਕਰਮੰਦ ਹੈ ਕਿਉਂਕਿ ਉਸ ਨੇ ਆਪਣੀ ਪੇਸ਼ਕਾਰੀ ’ਚ ਸੱਚ ਬੋਲਣਾ ਹੈ। ਉਹ ਜਾਣਦਾ ਹੈ ਕਿ ਅਸੀਂ ਸੱਚ ਬੋਲਣ ਤੇ ਸੁਣਨ ਦਾ ਹੀਆ ਨਹੀਂ ਕਰਦੇ। ਉਹ ਨਿਰਭੈ ਹੋ ਕੇ ਆਪਣੀ ਪਾਤਰ ਦੇ ਮੂੰਹੋਂ ਐਲਾਨ ਕਰਵਾਉਂਦਾ ਹੈ, ‘ਮੈਂ ਕਸਮ ਖਾਂਦੀ ਹਾਂ ਕਿ ਮੈਂ ਜੋ ਸ਼ਬਦ ਬੋਲਾਂਗੀ ਉਸ ਦਾ ਕੋਈ ਅਰਥ ਜ਼ਰੂਰ ਹੋਏਗਾ।’
‘ਸ਼ਬਦੋ! ਤੁਸੀਂ ਸਮੇਂ ਦੇ ਸੱਚ ਦਾ ਵਾਹਨ ਬਣੋ!’
‘ਇਕ ਯੋਧੇ ਜਰਨੈਲ ਵਾਂਗ ਮੇਰੀ ਅਗਵਾਈ ਕਰੋ!’
ਸੱਚ ਤੇ ਸ਼ਬਦ ਦੀ ਮਹਿਮਾ ਚੱਲ ਰਹੀ ਹੈ। ਅਜੇ ਨਾਟਕ ਸ਼ੁਰੂ ਨਹੀਂ ਹੋਇਆ, ਐਨ ਉਸੇ ਤਰ੍ਹਾਂ ਜਿਵੇਂ ਰਸੂਲ ਹਮਜ਼ਾਤੋਵ ਵੱਲੋਂ ਲਿਖੇ ‘ਮੇਰਾ ਦਾਗਿਸਤਾਨ’ ’ਚ ਵਾਰ ਵਾਰ ਇਹ ਅਹਿਸਾਸ ਹੁੰਦਾ ਹੈ ਕਿ ਅਜੇ ਜੋ ਲਿਖਿਆ ਜਾਣਾ ਹੈ ਉਸ ਦੀ ਭੂਮਿਕਾ ਚੱਲ ਰਹੀ ਹੈ… ਪਰ ਸੱਚ ਤਾਂ ਇਹ ਹੈ ਕਿ ਭੂਮਿਕਾ ਵੀ ਲਿਖਤ ਹੈ, ਪ੍ਰਸਤਾਵਨਾ ਵੀ ਰੰਗਮੰਚ ਹੈ। ਵਿਚਾਰ ਤੇ ਫ਼ਲਸਫ਼ਾ ਨਾਟਕ ਦੀ ਰੀੜ੍ਹ ਹਨ, ਪਰ ਵਿਚਾਰ ਨੂੰ ਰੰਗਮੰਚ/ ਨਾਟਕ ਕਿਵੇਂ ਬਣਾਉਣਾ ਹੈ? ਪਾਠਕ ਦੇ ਸਾਹਮਣੇ ਪ੍ਰੋ. ਰਵੇਲ ਸਿੰਘ ਇਮਤਿਹਾਨ ਦੇ ਰਿਹਾ ਹੈ, ਪਰ ਅਗਲੇ ਦ੍ਰਿਸ਼ ਵਿਚ ਇਉਂ ਲੱਗਦਾ ਹੈ ਜਿਵੇਂ ਉਹ ਪਾਠਕ/ ਦਰਸ਼ਕ ਦਾ ਇਮਤਿਹਾਨ ਲੈ ਰਿਹਾ ਹੈ। ਔਰਤ ਸਿਰਫ਼ ਦੇਹ ਹੈ ਜਾਂ ਹੱਡ ਮਾਸ ਦਾ ਧੜਕਦਾ ਪੁਤਲਾ, ਰਵੇਲ ਸਿੰਘ ਮੰਥਨ ਕਰਨ ਦਾ ਸੱਦਾ ਦੇ ਰਿਹਾ ਹੈ। ਪਾਠਕ ਰਮਜ਼ ਸਮਝਦਾ ਹੈ। ਹੁਣ ਉਹ ਨਾਟਕੀ ਵਿਧਾ ਦੀ ਦੇਹ/ ਰੂਹ ਦੇ ਦਰਸ਼ਨ ਕਰਨਾ ਚਾਹੁੰਦਾ ਹੈ।
ਲੇਖਕ ਆਪਣੇ ਪਾਤਰ ਰਾਹੀਂ ਪਾਠਕਾਂ ਦੇ ਸਾਹਮਣੇ ਅਖ਼ਬਾਰਾਂ ਦੀ ਗਠੜੀ ਲਿਆ ਸੁੱਟਦਾ ਹੈ। ਰੰਗਮੰਚੀ ਕਾਰਜ ਆਰੰਭ ਹੋ ਗਿਆ ਹੈ। ਅਖ਼ਬਾਰ ਰਾਹੀਂ ਰਾਜਸਥਾਨ ਦੀ ਬਾਬਰੀ ਦੇਵੀ, ਉੱਤਰ ਪ੍ਰਦੇਸ਼ ਦੀ ਇਮਰਾਨਾ, ਦਿੱਲੀ ਦੀ ਨਿਰਭੈ, ਦੱਖਣੀ ਮੁੰਬਈ ਦੀ ਪੱਤਰਕਾਰ ਲਕਸ਼ਮੀ, ਮਣੀਪੁਰ ਦੀ ਬੱਚੀ, ਸੀਤਾਪੁਰ ਦੀ ਧੀ ਦਰਸ਼ਕ ਸਾਹਮਣੇ ਸਵਾਲ ਕਰ ਰਹੀ ਹੈ। ਸਵਾਲ ਤੇਜ਼ੀ ਫੜਦੇ ਹਨ… ਦਿੱਲੀ ਦੀ ਕਾਨੂੰਨ ਵਿਦਿਆਰਥਣ ਮੱਟੂ, ਉੜੀਸਾ ਦੀ ਅੰਜਨਾ ਮਿਸ਼ਰਾ, ਗੋਆ ’ਚ ਤੜਪਦੀ ਸਕਾਰਲੈਟ, ਦਿੱਲੀ ’ਚ ਕੁਚਲੀ ਜਾ ਰਹੀ ਮਿਜ਼ੋਰਮ ਦੀ ਕਾਲ ਸੈਂਟਰ ਕਰਮਚਾਰੀ, ਕੇਰਲ ਦੀ ਸੌਭਿਆ।
ਨਾਟਕ ਸੋਲੋ ਪੇਸ਼ਕਾਰੀ ਹੈ। ਪਾਤਰ ਨੂੰ ਰਵੇਲ ਸਿੰਘ ਨੇ ਸੂਤਰਧਾਰ ਦਾ ਨਾਮ ਦਿੱਤਾ ਹੈ। ਕੁੜੀ ਸੂਤਰ ਜੋੜਨ ਦਾ ਤਰਲਾ ਮਾਰ ਰਹੀ ਹੈ, ਪਰ ਸੂਤਰ ਤਾਂ ਬਿਖਰੇ ਹੋਏ ਹਨ। ਦੁਨੀਆਂ ਦਾ ਇਕ ਅੱਧ ਇਕੱਲਾ ਸੂਤਰ ਕਿਵੇਂ ਜੋੜ ਲਵੇ, ਜਦੋਂ ਦੂਜੇ ਅੱਧ ਦਾ ਧਾਗਾ ਕੱਚਾ ਹੈ। ਦੂਜੇ ਅੱਧ ’ਚ ਸੱਤਾ ਹੈ… ਹਰ ਤਰ੍ਹਾਂ ਦੀ ਸੱਤਾ… ਲਿੰਗ ਧਰਮ ਜ਼ਾਤ ਤੋਂ ਉੱਪਰ ਉੱਠੀ ਹੋਈ ਸੱਤਾ। ਸਮਾਜ ਹੈ ਜੋ ਕਹਿੰਦਾ ਹੈ, ‘ਬਾਹਰ ਜਾਣਾ ਤਾਂ ਕਾਇਦੇ ਨਾਲ ਜਾਣਾ, ਬਣ ਠਣ ਕੇ ਕਿਉਂ ਜਾਂਦੀਆਂ।’
ਨੇਤਾ ਹੈ, ‘ਜਵਾਨ ਲੜਕੇ ਹੈਂ, ਗ਼ਲਤੀ ਹੋ ਜਾਤੀ ਹੈ!’
ਜੱਜ ਹੈ, ‘ਵਿਰੋਧ ਜਾਂ ਸੰਘਰਸ਼ ਦਾ ਨਿਸ਼ਾਨ ਨਹੀਂ ਹੈ, ਕੁੜੀ ਮਜ਼ੇ ਲੁੱਟ ਰਹੀ ਸੀ।’
ਧਰਮ ਹੈ, ‘ਔਰਤਾਂ ਜੀਨ ਪਾਉਂਦੀਆਂ ਹਨ।’
ਡਾਕਟਰ ਹੈ, ਵਕੀਲ ਹੈ, ਮਾਂ ਬਾਪ ਹਨ, ਕੌਣ ਨਹੀਂ ਹੈ। ਪੂਰਾ ਮੁਆਸ਼ਰਾ ਹੈ। ਇੱਥੋਂ ਤਕ ਵੀ ਨਾਟਕ ਕੁਮੈਂਟਰੀ ਕਰ ਰਿਹਾ ਹੈ, ਪਰ ਨਾਟਕੀ ਅੰਦਾਜ਼ ’ਚ ਕਰ ਰਿਹਾ ਹੈ। ਹੁਣ ਦ੍ਰਿਸ਼ ਉੱਘੜ ਰਿਹਾ ਹੈ। ਸੂਤਰਧਾਰ ਘੋਸਟ ਕਾਲਿੰਗ ਕਰਦੀ ਹੈ। ਫਤਿਹਾਬਾਦ ਦੀ ਸ਼ਵੇਤਾ ਨੂੰ ਮੰਚ ’ਤੇ ਪ੍ਰਗਟ ਕਰਦੀ ਹੈ ਜਿਸ ਦਾ ਚਾਰ ਜਣਿਆਂ ਨੇ ਸਮੂਹਿਕ ਬਲਾਤਕਾਰ ਕੀਤਾ ਸੀ। ਉਸ ਕੁੜੀ ਨੂੰ ਜਦੋਂ ਸੂਤਰਧਾਰ ਵਾਪਸ ਭੇਜ ਰਹੀ ਹੈ ਤਾਂ ਰਵੇਲ ਸਿੰਘ ਦਾ ਥੀਮਕ ਸੰਵਾਦ ਉੱਭਰਦਾ ਹੈ, ‘ਮੈਂ ਭੂਤ ਬਣਕੇ ਨਹੀਂ, ਭਵਿੱਖ ਬਣ ਕੇ ਆਉਣਾ ਚਾਹੁੰਦੀ ਹਾਂ। ਮੈਨੂੰ ਬੁਲਾਉਣਾ ਹੈ ਤਾਂ ਪਹਿਲਾਂ ਇਸ ਦੁਨੀਆਂ ਨੂੰ ਕੁੜੀਆਂ ਦੇ ਰਹਿਣ ਲਾਇਕ ਬਣਾਓ।’
ਰਵੇਲ ਸਿੰਘ ਧਾਰਮਿਕ ਚੌਧਰੀਆਂ ਨਾਲ ਟੱਕਰ ਲੈਂਦਾ ਹੈ ਤੇ ਦਲਿਤ ਭਾਈਚਾਰੇ ਦੀ ਉਸ ਬੱਚੀ ਨੂੰ ਬੁਲਾਉਂਦਾ ਹੈ ਜਿਸ ਨਾਲ ਗੁਰਧਾਮਾਂ ਦੇ ਮੁਫ਼ਤ ਦਰਸ਼ਨਾਂ ਬਹਾਨੇ ਇਕ ਸਿਆਸੀ ਪਾਰਟੀ ਦਾ ਧਾਰਮਿਕ ਨੇਤਾ ਪੰਜ ਮਹੀਨੇ ਮੂੰਹ ਕਾਲਾ ਕਰਦਾ ਹੈ। ਪਰ ਕੋਈ ਨਾ ਬੋਲਿਆ ਕਿ ਜੇ ਬੋਲੇ ਤਾਂ ਧਾਰਮਿਕ ਸਥਾਨ ਬਦਨਾਮ ਹੋ ਜਾਣਗੇ। ਅਖ਼ੀਰ ’ਚ ਲੇਖਕ ਕਠੂਏ ਦੀ ਆਸਥਾ ਨੂੰ ਬੁਲਾਉਂਦਾ ਹੈ, ਆਇਸ਼ਾ ਬਾਨੋ ਦਾ ਨਾਂ ਦੇ ਕੇ! ਆਇਸ਼ਾ ਦੀ ਬਿਆਨਬਾਜ਼ੀ ਵਿਚਲੀ ਮਾਸੂਮੀਅਤ, ਵਿਅੰਗ, ਪੀੜ ਨਾਟਕ ਨੂੰ ਸਿਖਰ ’ਤੇ ਲੈ ਜਾਂਦੀ ਹੈ। ਇਹ ਦ੍ਰਿਸ਼ ਰਵੇਲ ਸਿੰਘ ਦੇ ਨਾਟਕ ਦਾ ਬਿਹਤਰੀਨ ਦ੍ਰਿਸ਼ ਹੈ। ਇਹ ਦ੍ਰਿਸ਼ ਉਹ ਸਾਰੇ ਭਾਵ ਉਜਾਗਰ ਕਰਦਾ ਹੈ ਜਿਹੜੇ ਰੰਗਮੰਚ ਦੀ ਤਾਕਤ ਹਨ। ਬਿਹਤਰੀਨ ਅਦਾਕਾਰੀ ਦੀ ਗੁੰਜਾਇਸ਼, ਉਪ ਭਾਸ਼ਾ ਰਾਹੀਂ ਪੈਦਾ ਹੋ ਰਿਹਾ ਢੁੱਕਵਾਂ ਮਾਹੌਲ, ਤਣਾਅ ਸਿਰਜਣਾ ਦਾ ਚੜ੍ਹਦਾ ਗ੍ਰਾਫ਼, ਅਦ੍ਰਿਸ਼ ਪਾਤਰਾਂ ਨਾਲ ਟੱਕਰ ਲੈਂਦੀ ਬੱਚੀ ਤੇ ਦ੍ਰਿਸ਼ ਦਾ ਸਿਖਰ ਸਿਰਜਦੇ ਬੋਲ:
‘ਅੱਬਾ ਜੇ ਰਾਮਰਾਜ ਹੋਤੋ ਤਾਂ ਰਾਮ ਜੀ ਇੰਨੇ ਮਜਬੂਰ ਕਿਉਂ ਹੋਤੇ… ਜ਼ਰੂਰ ਉਹ ਕੋਈ ਹੋਰ ਰਾਮ ਵੈਹਗੋ!’
ਸੂਤਰਧਾਰ ਅੰਕੜੇ ਪੇਸ਼ ਕਰ ਰਹੀ ਹੈ। ਉਸ ਦੀ ਪੰਚਮ ਸੁਰ ਲਾਹਣਤ ਪਾਉਂਦੀ ਹੈ:
‘ਕਾਨੂੰਨ ਵੀ ਤੇਰਾ, ਮੁਨਸਿਫ ਭੀ ਤੇਰੇ! ਦੁਰ ਫਿਟੇ ਮੂੰਹ ਐਹੋ ਜਿਹੀਆਂ ਸਰਕਾਰਾਂ ਦੇ।’
ਪ੍ਰੋ. ਰਵੇਲ ਸਿੰਘ ਨੇ ‘ਮਰਜਾਣੀਆਂ’ ਨੂੰ ‘ਜਿਊਣ ਯੋਗ’ ਕਰਨ ਲਈ ਨਾਟ ਵਿਧਾ ਦਾ ਸਹਾਰਾ ਲਿਆ ਹੈ। ਮੁਬਾਰਕਬਾਦ ਨਾਲੋਂ ਧੰਨਵਾਦ ਕਰਨਾ ਜ਼ਿਆਦਾ ਉਚਿਤ ਜਾਪਦਾ ਹੈ। ਉਸ ਦੇ ਇਸ ਨਾਟਕ ’ਚ ਸੱਚ ਸ਼ਬਦਾਂ ਦਾ ਬਾਣਾ ਪਾ ਕੇ ਬੁੱਲ੍ਹੇ ਵਾਲਾ ਨਾਚ ਨੱਚਿਆ ਹੈ। ਕਈ ਵੱਡੇ ਵੱਡੇ ਧੌਲ ਹਿੱਲਣਗੇ। ਮਰਜਾਣੀਆਂ ਹੋਰ ਕਦ ਤਕ ਮਰਨਗੀਆਂ। ਰਵੇਲ ਸਿੰਘ ਵਰਗੇ ਮਾਪੇ ਹਨ ਹੱਲਾਸ਼ੇਰੀ ਦਿੰਦਿਆਂ ਕਹਿਣ ਵਾਲੇ, ‘ਜੀਓ ਮੇਰੀ ਧੀਓ! ਤੁਸੀਂ… ਜਿਊਣ ਜੋਗੀਆਂ।’
ਸੰਪਰਕ: 9888011096