DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨੀਪੁਰ ਦੀ ਮਹਾਨ ਮੁੱਕੇਬਾਜ਼ ਮੈਰੀ ਕੋਮ

ਮੈਰੀ ਕੋਮ ਨੂੰ ‘ਮੈਗਨੀਫੀਸੈਂਟ ਕੋਮ’ ਵੀ ਕਿਹਾ ਜਾਂਦੈ। ਉਹ ਵੇਖਣ ਨੂੰ ਓਨੀ ਨਹੀਂ ਲੱਗਦੀ ਜਿੰਨੀ ਹੈਗੀ। ਉਹਦਾ ਕੱਦ 5 ਫੁੱਟ ਤੋਂ ਰਤਾ ਕੁ ਉੱਚਾ ਤੇ ਵਜ਼ਨ 50 ਕਿਲੋ ਦੇ ਕਰੀਬ ਰਿਹਾ। ਕੱਦ ਕਾਠ ਵੱਲੋਂ ਜਿੰਨੀ ਨਿੱਕੀ ਸੀ ਓਨੀ ਹੀ ਤਿੱਖੀ...

  • fb
  • twitter
  • whatsapp
  • whatsapp
Advertisement

ਮੈਰੀ ਕੋਮ ਨੂੰ ‘ਮੈਗਨੀਫੀਸੈਂਟ ਕੋਮ’ ਵੀ ਕਿਹਾ ਜਾਂਦੈ। ਉਹ ਵੇਖਣ ਨੂੰ ਓਨੀ ਨਹੀਂ ਲੱਗਦੀ ਜਿੰਨੀ ਹੈਗੀ। ਉਹਦਾ ਕੱਦ 5 ਫੁੱਟ ਤੋਂ ਰਤਾ ਕੁ ਉੱਚਾ ਤੇ ਵਜ਼ਨ 50 ਕਿਲੋ ਦੇ ਕਰੀਬ ਰਿਹਾ। ਕੱਦ ਕਾਠ ਵੱਲੋਂ ਜਿੰਨੀ ਨਿੱਕੀ ਸੀ ਓਨੀ ਹੀ ਤਿੱਖੀ ਨਿਕਲੀ। ਉਸ ਨੇ ਭਾਰਤ ਦੇ ਛੋਟੇ ਜਿਹੇ ਰਾਜ ਮਨੀਪੁਰ ਨੂੰ ਮੁੱਕੇਬਾਜ਼ੀ ਵਿੱਚ ਵਿਸ਼ਵ ਦੇ ਨਕਸ਼ੇ ਉਤੇ ਲੈ ਆਂਦਾ। ਪਹਾੜਾਂ ਦੀਆਂ ਵਾਦੀਆਂ ਨੂੰ ਖੇਤੀਯੋਗ ਬਣਾਉਣ ਵਾਲੇ ਮੁਜਾਰੇ ਕਿਸਾਨਾਂ ਦੀ ਇਸ ਧੀ ਨੇ ਮੁੱਕੇਬਾਜ਼ੀ ਦੀਆਂ ਵਿਸ਼ਵ ਚੈਂਪੀਅਨਸ਼ਿਪਾਂ ’ਚੋਂ 8 ਮੈਡਲ ਜਿੱਤ ਵਿਖਾਏ ਜਿਨ੍ਹਾਂ ਵਿੱਚੋਂ 6 ਗੋਲਡ ਮੈਡਲ ਹਨ। ਇੰਜ ਕਹਿ ਲਓ ਕਿ ਉਹਨੇ ਆਪਣੇ ਵਜ਼ਨ ਵਰਗ ਵਿੱਚ ਛੇ ਵਾਰ ਕੁਲ ਦੁਨੀਆ ’ਤੇ ਝੰਡੀ ਕੀਤੀ।

ਉਹ ਭਾਰਤ ਦੀ ਪਹਿਲੀ ਮੁੱਕੇਬਾਜ਼ ਹੈ ਜੋ ਏਸ਼ਿਆਈ ਖੇਡਾਂ, ਕਾਮਨਵੈੱਲਥ ਖੇਡਾਂ ਤੇ ਓਲੰਪਿਕ ਖੇਡਾਂ ਦੇ ਜਿੱਤ-ਮੰਚਾਂ ਉਤੇ ਚੜ੍ਹੀ। ਭਾਰਤ ਸਰਕਾਰ ਨੇ ਉਸ ਨੂੰ ਅਰਜਨ ਐਵਾਰਡ ਤੋਂ ਲੈ ਕੇ ਪਦਮ ਸ਼੍ਰੀ, ਪਦਮ ਭੂਸ਼ਨ ਤੇ ਪਦਮ ਵਿਭੂਸ਼ਨ ਪੁਰਸਕਾਰਾਂ ਨਾਲ ਸਨਮਾਨਿਆ। ਉਹ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਜ ਸਭਾ ਦੀ ਮਾਣਯੋਗ ਮੈਂਬਰ ਨਾਮਜ਼ਦ ਕੀਤੀ ਗਈ ਜੋ 25 ਅਪਰੈਲ 2016 ਤੋਂ 24 ਅਪਰੈਲ 2022 ਤੱਕ ਉੱਚ ਸਦਨ ਦੀ ਮੈਂਬਰ ਰਹੀ। ਉਸ ਦੀ ਅਜੋਕੀ ਰਿਹਾਇਸ਼ ਦਿੱਲੀ ਨੇੜੇ ਸੂਰਜ ਕੁੰਡ, ਫਰੀਦਾਬਾਦ ਵਿੱਚ ਹੈ।

Advertisement

ਮੈਰੀ ਕੋਮ ਦਾ ਪੂਰਾ ਨਾਂ ਮਾਂਗਟੇ ਚੁੰਗਨੇਈਜਾਂਗ ਹੈ। ਉਹ ਮਨੀਪੁਰ ਦੇ ਕੋਮ ਕਬੀਲੇ ਦੀ ਧੀ ਹੈ। ਉਹਦਾ ਜਨਮ 24 ਨਵੰਬਰ 1982 ਨੂੰ ਪਿੰਡ ਕਾਂਗਾਥੇਈ, ਜ਼ਿਲ੍ਹਾ ਚੂਰਾਚਨਪੁਰ ਵਿੱਚ ਪਿਤਾ ਮਾਂਗਟੇ ਟੋਂਪਾ ਕੋਮ ਤੇ ਮਾਤਾ ਮਾਂਗਟੇ ਆਖਮ ਕੋਮ ਦੇ ਘਰ ਹੋਇਆ। ਉਨ੍ਹੀਂ ਦਿਨੀਂ ਨਵੀਂ ਦਿੱਲੀ ’ਚ 9ਵੀਆਂ ਏਸ਼ਿਆਈ ਖੇਡਾਂ ਹੋ ਰਹੀਆਂ ਸਨ ਜਿਨ੍ਹਾਂ ਸਦਕਾ ਦੇਸ਼ ਵਿੱਚ ਖੇਡਾਂ ਦਾ ਖ਼ੂਬ ਮਾਹੌਲ ਬਣਿਆ ਹੋਇਆ ਸੀ, ਪਰ ਉਦੋਂ ਕਿਸੇ ਦੇ ਖ਼ਾਬ ਖ਼ਿਆਲ ਵਿੱਚ ਵੀ ਨਹੀਂ ਹੋਣਾ ਕਿ ਗ਼ਰੀਬ ਮਾਪਿਆਂ ਦੀ ਸਾਧਾਰਨ ਬੱਚੀ ਮੁੱਕੇਬਾਜ਼ੀ ਦੀ ਖੇਡ ’ਚ ਵਿਸ਼ਵ ਪੱਧਰ ਦੀਆਂ ਵੱਡੀਆਂ ਮੱਲਾਂ ਮਾਰੇਗੀ। ਉਸ ਦੇ ਮਾਪੇ ‘ਝੂਮ’ ਖੇਤਾਂ ਵਿੱਚ ਸਖ਼ਤ ਮਿਹਨਤ ਕਰਦੇ ਸਨ। ਉਹ ਮਾਪਿਆਂ ਦੀ ਪਲੇਠੀ ਧੀ ਸੀ। ਉਸ ਪਿੱਛੋਂ ਇੱਕ ਭੈਣ ਤੇ ਇੱਕ ਭਰਾ ਪੈਦਾ ਹੋਏ। ਉਨ੍ਹਾਂ ਦਾ ਪਰਿਵਾਰ ਇਸਾਈ ਮੱਤ ਦਾ ਧਾਰਨੀ ਹੈ। ਮੈਰੀ ਕੋਮ ਨਿੱਕੀ ਹੁੰਦੀ ਹੀ ਮਾਪਿਆਂ ਦੇ ਕੰਮਾਂ ਕਾਰਾਂ ’ਚ ਹੱਥ ਵਟਾਉਣ ਲੱਗ ਪਈ ਸੀ। ਉਹਦਾ ਪਿਤਾ ਪਹਿਲਵਾਨੀ ਦਾ ਸ਼ੌਕ ਰੱਖਦਾ ਸੀ।

Advertisement

ਉਸ ਦੀ ਮੁੱਢਲੀ ਪੜ੍ਹਾਈ ਲੋਕਤਕ ਕ੍ਰਿਸ਼ਚੀਅਨ ਮਾਡਲ ਸਕੂਲ ਮੋਈਰਾਂਗ ਵਿੱਚ ਹੋਈ। ਛੇਵੀਂ ਜਮਾਤ ਪਿੱਛੋਂ ਉਹ ਸੰਤ ਜ਼ੇਵੀਅਰ’ਜ਼ ਕੈਥੋਲਿਕ ਸਕੂਲ ਮੋਈਰਾਂਗ ਵਿੱਚ ਪੜ੍ਹਨ ਲੱਗੀ। ਨੌਵੀਂ-ਦਸਵੀਂ ਦੀ ਪੜ੍ਹਾਈ ਤੇ ਖੇਡ ਸਿੱਖਿਆ ਲੈਣ ਲਈ ਉਹ ਸਪੋਰਟਸ ਦੇ ਆਦਿਮਜਤੀ ਹਾਈ ਸਕੂਲ ਇੰਫਾਲ ਵਿੱਚ ਦਾਖਲ ਹੋ ਗਈ। ਉੱਥੇ ਉਹ ਪੜ੍ਹਾਈ ਨਾਲ ਖੇਡਾਂ ਵੀ ਖੇਡਣ ਲੱਗੀ। ਉਨ੍ਹੀਂ ਦਿਨੀਂ ਮਨੀਪੁਰ ਦਾ ਮੁੱਕੇਬਾਜ਼ ਦਿੰਗਕੋ ਸਿੰਘ ਮੁੱਕੇਬਾਜ਼ੀ ਦਾ ਏਸ਼ੀਆ ਚੈਂਪੀਅਨ ਬਣਿਆ। ਉੱਥੋਂ ਦੇ ਵਿਦਿਆਰਥੀ ਉਸ ਨੂੰ ਆਪਣਾ ਹੀਰੋ ਮੰਨਣ ਲੱਗੇ। ਮੈਰੀ ਕੋਮ ਅਥਲੈਟਿਕਸ ਛੱਡ ਕੇ ਮੁੱਕੇਬਾਜ਼ੀ ਵਿੱਚ ਦਿਲਚਸਪੀ ਲੈਣ ਲੱਗੀ, ਪਰ ਉਸ ਦੇ ਪਹਿਲਵਾਨ ਪਿਤਾ ਨੂੰ ਧੀ ਦਾ ਮੁੱਕੇਬਾਜ਼ੀ ਕਰਨਾ ਪਸੰਦ ਨਹੀਂ ਸੀ। ਉਹ ਸਮਝਦਾ ਸੀ ਕਿ ਮੁੱਕੇਬਾਜ਼ੀ ਨਾਲ ਉਸ ਦੀ ਧੀ ਦਾ ਚਿਹਰਾ ਕਰੂਪ ਹੋ ਜਾਵੇਗਾ ਜੋ ਉਸ ਦੀ ਸ਼ਾਦੀ ਕਰਨ ਵੇਲੇ ਮੁਸ਼ਕਿਲ ਪੈਦਾ ਕਰੇਗਾ, ਪਰ ਮੈਰੀ ਦੀ ਮਾਂ ਆਪਣੀ ਧੀ ਨੂੰ ਮੁੱਕੇਬਾਜ਼ੀ ਦੀ ਖੁੱਲ੍ਹ ਦੇਣ ਲਈ ਰਾਜ਼ੀ ਸੀ। ਬੇਸ਼ੱਕ ਬਾਪ, ਧੀ ਨੂੰ ਮੁੱਕੇਬਾਜ਼ੀ ਤੋਂ ਰੋਕਦਾ ਰਿਹਾ, ਪਰ ਮੈਰੀ ਬਾਪ ਦੀ ਇੱਛਾ ਦੇ ਉਲਟ ਮੁੱਕੇਬਾਜ਼ੀ ਕਰਨ ਤੋਂ ਪਿੱਛੇ ਨਾ ਹਟੀ। ਜਦੋਂ ਉਹਦੀ ਜਿੱਤ ਦੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਛਪਣ ਲੱਗੀਆਂ ਤੇ ਉਨ੍ਹਾਂ ਦੇ ਪਰਿਵਾਰ ਦੀ ਸ਼ੋਭਾ ਹੋਣ ਲੱਗੀ ਤਾਂ ਬਾਪ ਨੇ ਵੀ ਧੀ ਨੂੰ ਮੁੱਕੇਬਾਜ਼ੀ ਲਈ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ।

ਇੱਕ ਸਮਾਂ ਸੀ ਜਦੋਂ ਭਾਰਤ ਦੀਆਂ ਲੜਕੀਆਂ ਲਈ ਖੇਡ ਅਖਾੜਿਆਂ ਤੇ ਖੇਡ ਮੈਦਾਨਾਂ ’ਚ ਨਿੱਤਰਨਾ ਬੜਾ ਔਖਾ ਸੀ ਕਿ ਲੋਕ ਕੀ ਕਹਿਣਗੇ? ਪਹਿਲਾਂ ਪਹਿਲ ਤਾਂ ਕੁੜੀਆਂ ਨੂੰ ਸਕੂਲ ਪੜ੍ਹਾਉਣ ਵੇਲੇ ਵੀ ਮਾਪਿਆਂ ਨੂੰ ਸ਼ਰੀਕਾਂ ਦੇ ਬੋਲ ਕਬੋਲ ਸੁਣਨੇ ਪੈਂਦੇ ਸਨ। ਮੈਰੀ ਕੋਮ ਦੇ ਚੰਗੇ ਭਾਗਾਂ ਨੂੰ ਇੰਫਾਲ ’ਚ ਤਾਇਨਾਤ ਮੁੱਕੇਬਾਜ਼ੀ ਦੇ ਸਟੇਟ ਕੋਚ ਐੱਮ ਨਰਜਿਤ ਸਿੰਘ ਦੀ ਕੋਚਿੰਗ ਤੇ ਨਿਗਰਾਨੀ ਮਿਲਣੀ ਸ਼ੁਰੂ ਹੋ ਗਈ ਜੋ ਉਸ ਦੇ ਬੜੀ ਰਾਸ ਆਈ। ਕੋਚ ਨੇ ਭਾਂਪ ਲਿਆ ਸੀ ਕਿ ਮੈਰੀ ਮਿਹਨਤੀ ਤੇ ਜਾਂਬਾਜ਼ ਲੜਕੀ ਹੈ ਜੋ ਮੁੱਕੇਬਾਜ਼ੀ ਲਈ ਢੁੱਕਵੀਂ ਹੈ। ਸਕੂਲੇ ਪੜ੍ਹਦਿਆਂ ਮੈਰੀ ਅਕਸਰ ਮੁੰਡਿਆਂ ਵਿਰੁੱਧ ਜੂਝ ਪੈਂਦੀ ਸੀ। ਉਸ ਵੱਲੋਂ ਕੀਤੀ ਕੁੱਟ-ਮਾਰ ਦੇ ਉਲਾਂਭੇ ਘਰਦਿਆਂ ਨੂੰ ਅਕਸਰ ਆਉਂਦੇ ਰਹਿੰਦੇ। ਸਕੂਲ ਦੀ ਪੜ੍ਹਾਈ ਪੂਰੀ ਕਰ ਕੇ ਉਸ ਨੇ ਚੂਰਾਚੰਨਪੁਰ ਦੇ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਜਿਸ ਨਾਲ ਉਹ ਕੋਈ ਨੌਕਰੀ ਹਾਸਲ ਕਰਨ ਦੇ ਯੋਗ ਹੋ ਗਈ।

ਅਜਿਹੇ ਪਿਛੋਕੜ ਵਾਲੀ ਕੁੜੀ ਦੀਆਂ ਮੁੱਕੇਬਾਜ਼ੀ ਦੇ ਖੇਤਰ ਵਿੱਚ ਮਾਰੀਆਂ ਮੱਲਾਂ ’ਤੇ ਝਾਤ ਮਾਰੀਏ ਤਾਂ ਹੈਰਾਨੀ ਹੁੰਦੀ ਹੈ! ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚੋਂ ਇੱਕ ਮੈਡਲ ਜਿੱਤ ਲੈਣਾ ਹੀ ਮਾਣ ਨਹੀਂ ਹੁੰਦਾ। ਮੈਰੀ ਕੋਮ ਨੇ ਤਾਂ ਡੇਢ ਦਰਜਨ ਤੋਂ ਵੀ ਵੱਧ ਮੈਡਲ ਜਿੱਤ ਵਿਖਾਏ ਨੇ। ਉਸ ਨੇ ਏਸ਼ਿਆਈ ਚੈਂਪੀਅਨਸ਼ਿਪਾਂ ਵਿੱਚੋਂ 5 ਗੋਲਡ ਤੇ 2 ਸਿਲਵਰ, ਏਸ਼ਿਆਈ ਇਨਡੋਰ ਗੇਮਜ਼ ਵਿੱਚੋਂ 1 ਗੋਲਡ, ਕਾਮਨਵੈਲਥ ਖੇਡਾਂ ’ਚੋਂ 1 ਗੋਲਡ, ਏਸ਼ਿਆਈ ਖੇਡਾਂ ’ਚੋਂ 1 ਗੋਲਡ ਤੇ 1 ਕਾਂਸੀ, ਓਲੰਪਿਕ ਖੇਡਾਂ ਵਿੱਚੋਂ 1 ਕਾਂਸੀ ਅਤੇ ਵਿਸ਼ਵ ਚੈਪੀਅਨਸ਼ਿਪਾਂ ਵਿੱਚੋਂ 6 ਗੋਲਡ 1 ਸਿਲਵਰ ਤੇ 1 ਕਾਂਸੀ ਦਾ ਮੈਡਲ ਜਿੱਤੇ। ਵਿਸ਼ਵ ਅਤੇ ਮਹਾਦੀਪਾਂ ਦੀਆਂ ਵੱਡੀਆਂ ਖੇਡਾਂ ’ਚੋਂ ਉਸ ਦੇ ਜਿੱਤੇ ਕੁਲ ਮੈਡਲਾਂ ਦੀ ਗਿਣਤੀ 19 ਹੈ। ਉਹ ਵਿਸ਼ਵ ਦੀ ਪਹਿਲੀ ਮੁੱਕੇਬਾਜ਼ ਹੈ ਜਿਸ ਨੇ 24 ਨਵੰਬਰ 2018 ਤੱਕ ਮੁੱਕੇਬਾਜ਼ੀ ਦੀਆਂ ਵਿਸ਼ਵ ਚੈਂਪੀਅਨਸ਼ਿਪਾਂ ਵਿੱਚੋਂ 6 ਗੋਲਡ ਮੈਡਲ ਜਿੱਤ ਕੇ ਨਵਾਂ ਵਿਸ਼ਵ ਰਿਕਾਰਡ ਰੱਖਿਆ। ਉਸ ਨੂੰ ‘ਮੈਰੀ ਮੈਗਨੀਫੀਸੈਂਟ’ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਏ? ਉਹ ਪਹਿਲੀ ਮੁੱਕੇਬਾਜ਼ ਹੈ ਜਿਹੜੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪਾਂ ’ਚੋਂ 6 ਸੋਨੇ, 1 ਚਾਂਦੀ ਤੇ 1 ਕਾਂਸੀ ਦਾ ਮੈਡਲ ਜਿੱਤੀ। ਰਾਜ ਅਤੇ ਨੈਸ਼ਨਲ ਪੱਧਰ ਦੇ ਤਗ਼ਮੇ ਜਿੱਤਣ ਦਾ ਤਾਂ ਕੋਈ ਲੇਖਾ ਹੀ ਨਹੀਂ। ਮੁੱਕੇਬਾਜ਼ੀ ਦੇ ਮੁਕਾਬਲਿਆ ’ਚ ਭਾਗ ਲੈਂਦਿਆਂ ਉਹਦੇ ਨਾਲ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਜੋ ਜੱਗੋਂ ਨਿਆਰੀਆਂ ਕਹੀਆਂ ਜਾ ਸਕਦੀਆਂ। ਉਨ੍ਹਾਂ ’ਚ ਇੱਕੋ ਦਾ ਜ਼ਿਕਰ ਕਰਨਾ ਹੀ ਕਾਫ਼ੀ ਹੋਵੇਗਾ।

ਸਕੂਲਾਂ ਕਾਲਜਾਂ ਤੇ ਰਾਜ ਪੱਧਰ ਦੀਆਂ ਜਿੱਤਾਂ ਤੋਂ ਬਾਅਦ ਜਦੋਂ ਮੈਰੀ ਨੈਸ਼ਨਲ ਮੁਕਾਬਲਿਆਂ ’ਚ ਜਾਣ ਲੱਗੀ ਤਾਂ ਉੱਥੇ ਉਹਦੀ ਇੱਕ ਅੰਤਰਰਾਸ਼ਟਰੀ ਮੁਕਾਬਲੇ ’ਚ ਜਾਣ ਲਈ ਚੋਣ ਹੋ ਗਈ। ਉਸ ਨੇ ਪਾਸਪੋਰਟ ਵੀ ਬਣਵਾ ਲਿਆ। 2000 ਵਿੱਚ ਉਸ ਨੇ ਪੰਜਾਬ ’ਚ ਹੋ ਰਹੀਆਂ ਨੈਸ਼ਨਲ ਖੇਡਾਂ ’ਚ ਭਾਗ ਲੈਣ ਜਾਣਾ ਸੀ। ਰੇਲਗੱਡੀ ’ਚ ਸਫ਼ਰ ਕਰਦਿਆਂ ਉਹਦਾ ਬੈਗ ਚੋਰੀ ਹੋ ਗਿਆ ਜਿਸ ਵਿੱਚ ਉਸ ਦੇ ਪੈਸੇ, ਪਾਸਪੋਰਟ ਤੇ ਕੱਪੜੇ ਆਦਿ ਸਨ। ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਉਹ ਡੌਰ ਭੌਰੀ ਫਿਰ ਰਹੀ ਸੀ ਜਿੱਥੇ ਉਹਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਅਚਾਨਕ ਮਨੀਪੁਰ ਦਾ ਹੀ ਇੱਕ ਨੌਜੁਆਨ ਫੁੱਟਬਾਲਰ ਕਾਰੁੰਗ ਓਨਲਰ ਮਦਦ ਲਈ ਬਹੁੜ ਪਿਆ। ਉਹ ਦਿੱਲੀ ਯੂਨੀਵਰਸਿਟੀ ਵਿੱਚ ਲਾਅ ਦਾ ਵਿਦਿਆਰਥੀ ਅਤੇ ਉੱਤਰ-ਪੂਰਬੀ ਰਾਜਾਂ ਦੇ ਵਿਦਿਆਰਥੀਆਂ ਦੀ ਜਥੇਬੰਦੀ ਦਾ ਪ੍ਰਧਾਨ ਸੀ। ਉਸ ਨੇ ਮੈਰੀ ਨੂੰ ਦਿਲਾਸਾ ਦਿੰਦਿਆਂ ਲੋੜੀਂਦੇ ਪੈਸੇ ਦਿੱਤੇ ਤੇ ਖਾਣਾ ਖੁਆਉਣ ਦੇ ਨਾਲ ਰਹਿਣ ਦਾ ਵੀ ਪ੍ਰਬੰਧ ਕੀਤਾ। ਮੈਰੀ ਨੂੰ ਵਧੇਰੇ ਚਿੰਤਾ ਪਾਸਪੋਰਟ ਗੁੰਮ ਜਾਣ ਦੀ ਸੀ ਕਿਉਂਕਿ ਕੁਝ ਦਿਨਾਂ ਬਾਅਦ ਹੀ ਉਸ ਨੇ ਅੰਤਰਰਾਸ਼ਟਰੀ ਮੁਕਾਬਲੇ ਲਈ ਵਿਦੇਸ਼ ਜਾਣਾ ਸੀ। ਓਨਲਰ ਨੇ ਆਪਣੇ ਅਸਰ ਰਸੂਖ ਨਾਲ ਉਸ ਦਾ ਪਾਸਪੋਰਟ ਵੇਲੇ ਸਿਰ ਬਣਵਾ ਦਿੱਤਾ। ਅਚਾਨਕ ਹੋਈ ਮੁਲਾਕਾਤ ਦੋਹਾਂ ਦੀ ਗੂੜ੍ਹੀ ਦੋਸਤੀ ਵਿੱਚ ਬਦਲ ਗਈ। ਉਹ ਇੱਕ-ਦੂਜੇ ਨੂੰ ਇੰਨੇ ਭਾਏ ਕਿ 2005 ਵਿੱਚ ਉਨ੍ਹਾਂ ਨੇ ਵਿਆਹ ਕਰਾ ਲਿਆ। 2007 ਵਿੱਚ ਜੌੜੇ ਪੁੱਤਰ ਜੰਮਣ ਨਾਲ ਕੁਝ ਸਮਾਂ ਮੈਰੀ ਕੋਮ ਨੂੰ ਮੁੱਕੇਬਾਜ਼ੀ ਦੇ ਮੁਕਾਬਲਿਆਂ ਤੋਂ ਲਾਂਭੇ ਰਹਿਣਾ ਪਿਆ।

ਮੈਰੀ ਨੂੰ ਮੁੜ ਰਿੰਗ ’ਚ ਉਤਾਰਨ ਲਈ ਓਨਲਰ ਨੇ ਬੱਚਿਆਂ ਦਾ ਪਾਲਣ ਪੋਸ਼ਣ ਆਪ ਸੰਭਾਲ ਲਿਆ। ਮੈਰੀ ਫਿਰ ਮੈਡਲ ’ਤੇ ਮੈਡਲ ਜਿੱਤਣ ਲੱਗੀ। ਇਨਾਮਾਂ ਤੇ ਮਾਨ ਸਨਮਾਨਾਂ ਦੀਆਂ ਢੇਰੀਆਂ ਲੱਗਣ ਲੱਗ ਪਈਆਂ। 2013 ’ਚ ਉਨ੍ਹਾਂ ਦੇ ਤੀਜਾ ਪੁੱਤਰ ਪੈਦਾ ਹੋਇਆ। 2017 ਵਿੱਚ ਜੋੜੇ ਨੇ ਧੀ ਦੀ ਘਾਟ ਪੂਰੀ ਕਰਨ ਲਈ ਇੱਕ ਬੱਚੀ ਗੋਦ ਲੈ ਲਈ। ਉਹ ਚਾਰ ਬੱਚਿਆਂ ਦੇ ਮਾਪੇ ਬਣ ਗਏ। ਮਾੜਾ ਸਮਾਂ ਪੁੱਛ ਕੇ ਨਹੀਂ ਆਉਂਦਾ। ਰਾਜ਼ੀ ਖੁਸ਼ੀ ਵਸਦੇ ਪਤੀ-ਪਤਨੀ ਵਿਚਕਾਰ ਵਾਧੂ ਪੈਸੇ ਤੇ ਵਾਧੂ ਖ਼ਰਚੇ ਨੇ ਅਜਿਹੀ ਬੇਵਿਸਾਹੀ ਪੈਦਾ ਕੀਤੀ ਕਿ ਦਸੰਬਰ 2023 ’ਚ ਨੌਬਤ ਤਲਾਕ ਤੱਕ ਪਹੁੰਚ ਗਈ। ਕੁਝ ਸਮਾਂ ਚੁੱਪ ਪਸਰੀ ਰਹੀ। ਫਿਰ ਭੇਤ ਪ੍ਰਗਟ ਹੋਣ ਲੱਗੇ ਤੇ ਊਜਾਂ ਲੱਗਣ ਲੱਗੀਆਂ ਜਿਵੇਂ ਕਿ ਲੱਗਦੀਆਂ ਹੀ ਹਨ। ਚਾਰੇ ਬੱਚੇ ਹਾਲ ਦੀ ਘੜੀ ਮੈਰੀ ਕੋਮ ਨਾਲ ਹੀ ਰਹਿੰਦੇ ਹਨ।

ਜਦੋਂ ਸਭ ਕੁਝ ਠੀਕ ਠਾਕ ਸੀ ਤਾਂ 2012 ਵਿੱਚ ਭਾਰਤ ਦੇ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੇ ਮੈਰੀ ਦੇ ਜੀਵਨ ਉਤੇ ਆਧਾਰਿਤ ਫਿਲਮ ਬਣਾਉਣ ਦਾ ਐਲਾਨ ਕਰ ਦਿੱਤਾ। ਉਦੋਂ ਉਹ ਲੰਡਨ ਦੀਆਂ ਓਲੰਪਿਕ ਖੇਡਾਂ ’ਚੋਂ ਕਾਂਸੀ ਦਾ ਤਗ਼ਮਾ ਜਿੱਤੀ ਸੀ। ਭੰਸਾਲੀ ਨੇ ਮੈਰੀ ਕੋਮ ਦਾ ਰੋਲ ਅਦਾ ਕਰਨ ਲਈ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਚੁਣਿਆ। ਪ੍ਰਿਅੰਕਾ ਦਾ ਕੱਦ ਬੇਸ਼ਕ ਮੈਰੀ ਕੋਮ ਤੋਂ ਉੱਚਾ ਸੀ, ਪਰ ਉਹਦੇ ਵਰਗਾ ਪੱਠੇਦਾਰ ਜੁੱਸਾ ਬਣਾਉਣ ਲਈ ਉਸ ਨੇ ਚਾਰ ਮਹੀਨੇ ਵੇਟ ਟ੍ਰੇਨਿੰਗ ਤੇ ਮੁੱਕੇਬਾਜ਼ੀ ਨਾਲ ਮੱਥਾ ਮਾਰਿਆ। ਫਿਲਮ ਦੀ ਹੀਰੋਇਨ ਪ੍ਰਿਅੰਕਾ ਨਾਲ ਮੈਰੀ ਦੇ ਪਤੀ ਓਨਲਰ ਕੋਮ ਦਾ ਰੋਲ ਦਰਸ਼ਨ ਕੁਮਾਰ, ਪਿਤਾ ਮਾਂਗਟੇ ਟੋਪਨਾ ਕੋਮ ਦਾ ਰੋਲ ਰੋਬਿਨ ਦਾਸ ਤੇ ਕੋਚ ਨਰਜਿਤ ਸਿੰਘ ਦਾ ਰੋਲ ਸੁਨੀਲ ਥਾਪਾ ਨੇ ਨਿਭਾਇਆ।

ਫਿਲਮ ਦੀ ਸ਼ੂਟਿੰਗ ਪਹਿਲਾਂ ਮਨੀਪੁਰ ਦੀਆਂ ਪਹਾੜੀ ਵਾਦੀਆਂ ਵਿੱਚ ਕਰਨ ਦਾ ਵਿਚਾਰ ਸੀ, ਪਰ ਗੜਬੜ ਕਾਰਨ ਧਰਮਸ਼ਾਲਾ ਤੇ ਮਨਾਲੀ ਨੂੰ ਚੁਣਿਆ ਗਿਆ। ਓਮੰਗ ਕੁਮਾਰ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਮੈਰੀ ਕੋਮ’ 5 ਸਤੰਬਰ 2014 ਨੂੰ ਰਿਲੀਜ਼ ਹੋਈ। ਫਿਲਮ ਦਾ ਪ੍ਰੀਮੀਅਰ ਟੋਰਾਂਟੋ ਦੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵਿਖਾਇਆ ਗਿਆ। ਫਿਲਮ ਨੇ 60ਵੇਂ ਫਿਲਮ ਫੇਅਰ ਐਵਾਰਡਜ਼ ਤੋਂ ਲੈ ਕੇ ਅਨੇਕ ਹੋਰ ਐਵਾਰਡ ਜਿੱਤੇ। ਪ੍ਰਿਅੰਕਾ ਨੂੰ ਬੈੱਸਟ ਐਕਟਰੈੱਸ ਦਾ ਐਵਾਰਡ ਮਿਲਿਆ। ਫਿਲਮ ਦਾ ਬਜਟ ਬੇਸ਼ੱਕ 38 ਕਰੋੜ ਰੁਪਏ ਦਾ ਸੀ, ਪਰ ਕਮਾਈ 86 ਕਰੋੜ ਤੋਂ ਵੱਧ ਦੀ ਹੋਈ। ਲੇਖਕ ਦੀਨਾ ਸੈਰਟੋ ਦੇ ਸਹਿਯੋਗ ਨਾਲ ਮੈਰੀ ਕੋਮ ਦੀ ਸਵੈਜੀਵਨੀ ‘ਅਨਬ੍ਰੇਕੇਬਲ’ ਲਿਖੀ ਗਈ ਜੋ ਹਾਰਪਰ ਕੋਲਿਨਜ਼ ਨੇ 2013 ਵਿੱਚ ਪ੍ਰਕਾਸ਼ਿਤ ਕੀਤੀ। ਉਸ ਦੀਆਂ ਕੁਝ ਲਿਖਤਾਂ ਵਿਦਿਆਰਥੀਆਂ ਦੀਆਂ ਪਾਠ ਪੁਸਤਕਾਂ ਵਿੱਚ ਵੀ ਪੜ੍ਹਾਈਆਂ ਜਾਂਦੀਆਂ ਹਨ।

ਮੈਰੀ ਕੋਮ ਦੇ ਸਮੁੱਚੇ ਜੀਵਨ ’ਤੇ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਸ ਨੂੰ ਹਰ ਤਰ੍ਹਾਂ ਦਾ ਸੰਘਰਸ਼ ਕਰਨਾ ਪਿਆ। ਪਹਿਲਾਂ ਘਰ ਤੇ ਕਿਸਾਨੀ ਦਾ ਕੰਮਕਾਰ, ਸਕੂਲੇ ਅਥਲੈਟਿਕਸ, ਫੁੱਟਬਾਲ ਤੇ ਵਾਲੀਬਾਲ ਖੇਡਣਾ। ਆਖ਼ਰ ਮੁੱਕੇਬਾਜ਼ੀ ’ਚ ਭਾਗ ਲੈਣਾ ਜਿਸ ਨਾਲ ਵੱਡੇ ਭਾਗ ਬਣੇ। ਮੁੱਕੇਬਾਜ਼ੀ ਦੇ ਏਸ਼ੀਆ ਚੈਂਪੀਅਨ ਡਿੰਗਕੋ ਸਿੰਘ ਨੇ ਉਸ ਨੂੰ 2000 ਵਿੱਚ ਹੀ ਪੂਰਨ ਤੌਰ ’ਤੇ ਮੁੱਕੇਬਾਜ਼ੀ ਲਈ ਪ੍ਰੇਰਿਤ ਕਰ ਦਿੱਤਾ ਸੀ। ਤਦ ਤੱਕ ਉਹ 18 ਸਾਲਾਂ ਦੀ ਹੋ ਚੁੱਕੀ ਸੀ। ਉਸ ਨੂੰ ਪਹਿਲਾ ਕੋਚ ਨਰਜਿਤ ਸਿੰਘ ਮਿਲਿਆ ਸੀ ਤੇ ਫਿਰ ਸਮੇਂ ਸਮੇਂ ਕੋਚ ਬਦਲਦੇ ਗਏ।

ਸਾਲ 2002 ਵਿੱਚ ਉਸ ਨੇ ਅੰਨਾਤਾਲਿਆ ਦੀ ਵਿਸ਼ਵ ਚੈਂਪੀਅਨਸ਼ਿਪ ’ਚੋਂ ਗੋਲਡ ਮੈਡਲ ਜਿੱਤ ਕੇ ਬੱਲੇ-ਬੱਲੇ ਕਰਾ ਦਿੱਤੀ ਸੀ। 2005, 2006, 2008, 2010 ਤੇ 2018 ਵਿੱਚ ਫਿਰ ਗੋਲਡ ਮੈਡਲ ਜਿੱਤੇ। 2001 ’ਚ ਸਿਲਵਰ ਮੈਡਲ ਜਿੱਤਿਆ ਸੀ ਤੇ 2019 ਵਿੱਚ ਕਾਂਸੀ ਦਾ ਮੈਡਲ। 2018 ਵਿੱਚ ਕਾਮਨਵੈਲਥ ਖੇਡਾਂ ’ਚੋਂ ਵੀ ਗੋਲਡ ਮੈਡਲ ਜਿੱਤਿਆ। 2009 ਵਿੱਚ ਹਨੋਈ ਵਿਖੇ ਏਸ਼ੀਅਨ ਇਨਡੋਰ ਖੇਡਾਂ ਹੋਈਆਂ ਤਾਂ ਉੱਥੇ ਵੀ ਗੋਲਡ ਮੈਡਲ ਜਿੱਤਿਆ। ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪਸ ਦੇ ਉਸ ਨੇ 7 ਮੈਡਲ ਹੋਰ ਜਿੱਤੇ। ਭਾਰਤ ਦੀ ਉਹ ਇੱਕੋ-ਇੱਕ ਔਰਤ ਮੁੱਕੇਬਾਜ਼ ਹੈ ਜਿਸ ਨੇ ਓਲੰਪਿਕ ਖੇਡਾਂ ’ਚੋਂ ਵੀ ਮੈਡਲ ਜਿੱਤਿਆ। ਜਿੰਨੀ ਵੱਡੀ ਗਿਣਤੀ ’ਚ ਮੈਰੀ ਕੋਮ ਨੇ ਭਾਰਤ ਲਈ ਮੈਡਲ ਜਿੱਤੇ ਉਵੇਂ ਭਾਰਤ ਸਰਕਾਰ ਨੇ ਵੀ ਖੁੱਲ੍ਹ ਕੇ ਮਾਨ ਸਨਮਾਨ ਦਿੱਤੇ।

ਸਾਲ 2015 ਤੱਕ ਪੁੱਜਦਿਆਂ ਹੀ ਮੈਰੀ ਕੋਮ ਸ਼ੌਕੀਆ ਮੁੱਕੇਬਾਜ਼ ਵਜੋਂ ਬਹੁਤ ਸਾਰੇ ਪੇਸ਼ਾਵਰ ਮੁੱਕੇਬਾਜ਼ਾਂ ਨਾਲੋਂ ਵੱਧ ਮਸ਼ਹੂਰ ਹੋ ਗਈ ਸੀ। ਉਹ ਕਮਾਈ, ਐਂਡੋਰਸਮੈਂਟਾਂ ਤੇ ਐਵਾਰਡਾਂ ’ਚ ਉਨ੍ਹਾਂ ਨਾਲੋਂ ਕਿਤੇ ਵਧ ਗਈ ਸੀ। ਉਸ ਨੂੰ 2006 ਵਿੱਚ ਅਰਜਨ ਐਵਾਰਡ ਤੇ 2013 ਵਿੱਚ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਮਿਲ ਗਿਆ ਸੀ। 2009 ਵਿੱਚ ਪਦਮ ਸ਼੍ਰੀ, 2020 ਵਿੱਚ ਪਦਮ ਭੂਸ਼ਨ ਤੇ 2021 ਵਿੱਚ ਪਦਮ ਵਿਭੂਸ਼ਨ ਦੇ ਪੁਰਸਕਾਰ ਮਿਲੇ। ਇੰਟਰਨੈਸ਼ਨਲ ਬੌਕਸਿੰਗ ਐਸੋਸੀਏਸ਼ਨ ਨੇ ਉਸ ਨੂੰ ਇੰਟਰਨੈਸ਼ਨਲ ਵਰਲਡ ਬੌਕਸਿੰਗ ਚੈਂਪੀਅਨਸ਼ਿਪਸ ਦੀ ਬਰਾਂਡ ਅੰਬੈਸਡਰ ਬਣਾਇਆ। 2007 ਵਿੱਚ ਉਹਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋਇਆ। 2008 ਵਿੱਚ ਉਸ ਨੂੰ ‘ਮੈਗਨੀਫੀਸੈਂਟ ਮੈਰੀ’ ਦਾ ਖ਼ਿਤਾਬ ਮਿਲਿਆ। 2010 ਵਿੱਚ ਉਹ ਸਪੋਰਟਸ ਵਿਮੈੱਨ ਆਫ ਦਿ ਯੀਅਰ ਐਲਾਨੀ ਗਈ। ਨਾਰਥ-ਈਸਟਰਨ ਯੂਨੀਵਰਸਿਟੀ ਵੱਲੋਂ 29 ਮਾਰਚ 2016 ਨੂੰ ਉਸ ਨੂੰ ਡੀ. ਲਿਟ ਦੀ ਆਨਰੇਰੀ ਡਿਗਰੀ ਦਿੱਤੀ ਗਈ ਅਤੇ ਕਾਜ਼ੀਰੰਗਾ ਯੂਨੀਵਰਸਿਟੀ ਵੱਲੋਂ 14 ਜਨਵਰੀ 2019 ਨੂੰ ਡੀ. ਫਿਲ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।

ਸਾਲ 2012 ਵਿੱਚ ਲੰਡਨ ਦੀਆਂ ਓਲੰਪਿਕ ਖੇਡਾਂ ’ਚੋਂ ਉਹ ਕਾਂਸੀ ਦਾ ਤਗ਼ਮਾ ਜਿੱਤ ਕੇ ਮੁੜੀ ਤਾਂ ਮਨੀਪੁਰ ਸਰਕਾਰ ਨੇ 50 ਲੱਖ ਰੁਪਏ, ਰਾਜਸਥਾਨ ਸਰਕਾਰ ਨੇ 25 ਲੱਖ ਰੁਪਏ, ਅਸਾਮ ਸਰਕਾਰ ਨੇ 20 ਲੱਖ ਰੁਪਏ, ਅਰੁਣਾਚਲ ਪ੍ਰਦੇਸ਼ ਸਰਕਾਰ ਨੇ 10 ਲੱਖ ਰੁਪਏ, ਮਨਿਸਟਰੀ ਆਫ ਟ੍ਰਾਈਬਲ ਅਫੇਅਰਜ਼ ਨੇ 10 ਲੱਖ ਰੁਪਏ ਤੇ ਨਾਰਥ ਈਸਟਰਨ ਕੌਂਸਲ ਨੇ 40 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ। 2018 ਵਿੱਚ ਮਨੀਪੁਰ ਸਰਕਾਰ ਨੇ ਉਸ ਨੂੰ ‘ਮੀਥੋਈਲੀਮਾ’ ਦਾ ਮਹਾਨ ਖ਼ਿਤਾਬ ਦਿੱਤਾ।

ਮੈਰੀ ਕੋਮ ਦੀ ਬਸ ਇਕੋ ਹਸਰਤ ਰਹਿ ਗਈ ਸੀ ਕਿ ਉਹ ਬਿਮਾਰ ਹੋਣ ਕਾਰਨ ਰੀਓ ਓਲੰਪਿਕਸ-2016 ਦੀਆਂ ਓਲੰਪਿਕ ਖੇਡਾਂ ’ਚ ਭਾਗ ਨਾ ਲੈ ਸਕੀ ਜਿੱਥੋਂ ਦੂਜਾ ਓਲੰਪਿਕ ਮੈਡਲ ਜਿੱਤਣ ਦੀ ਪੂਰੀ ਆਸ ਸੀ, ਪਰ 2020 ਦੀਆਂ ਓਲੰਪਿਕ ਖੇਡਾਂ ’ਚ ਉਹ ਭਾਗ ਲੈਣ ’ਚ ਸਫਲ ਹੋ ਗਈ ਸੀ। ਇਹ ਵੱਖਰੀ ਗੱਲ ਹੈ ਕਿ ਉੱਥੇ ਉਹ ਕੋਈ ਮੈਡਲ ਨਾ ਜਿੱਤ ਸਕੀ। ਉਹ ਖੇਡਾਂ ਕੋਵਿਡ ਕਾਰਨ 2020 ਦੀ ਥਾਂ 2021 ਵਿੱਚ ਹੋਈਆਂ ਸਨ ਤੇ ਉਦੋਂ ਤੱਕ ਉਹ 39 ਸਾਲਾਂ ਦੀ ਹੋ ਗਈ ਸੀ।

ਈ-ਮੇਲ: principalsarwansingh@gmail.com

Advertisement
×