ਮਹੇਸ਼ ਮਾਂਜਰੇਕਰ ਡਿਜੀਟਲ ਸਮੱਗਰੀ ’ਤੇ ਸੈਂਸਰਸ਼ਿਪ ਦੇ ਹੱਕ ਵਿੱਚ ਨਹੀਂ

ਮਹੇਸ਼ ਮਾਂਜਰੇਕਰ ਡਿਜੀਟਲ ਸਮੱਗਰੀ ’ਤੇ ਸੈਂਸਰਸ਼ਿਪ ਦੇ ਹੱਕ ਵਿੱਚ ਨਹੀਂ

ਮੁੰਬਈ, 21 ਫਰਵਰੀ

ਫਿਲਮਕਾਰ ਮਹੇਸ਼ ਮਾਂਜਰੇਕਰ ਆਨਲਾਈਨ ਸਮੱਗਰੀ ਦੀ ਸੈਂਸਰਸ਼ਿਪ ਦਾ ਸਮਰਥਨ ਨਹੀਂ ਕਰਦਾ। ਉਸ ਦਾ ਮੰਨਣਾ ਹੈ ਕਿ ਫਿਲਮਕਾਰਾਂ ਨੂੰ ਵੀ ਡਿਜੀਟਲ ਖੇਤਰ ਵਿਚ ਸੈਂਸਰਸ਼ਿਪ ਦੀ ਘਾਟ ਦਾ ਨਾਜਾਇਜ਼ ਫ਼ਾਇਦਾ ਨਹੀਂ ਲੈਣਾ ਚਾਹੀਦਾ। ਮਾਂਜਰੇਕਰ ਦੀ ਵੈੱਬ ਸੀਰੀਜ਼ ‘1962: ਦਿ ਵਾਰ ਇਨ ਦਾ ਹਿੱਲਜ਼’ ਆ ਰਹੀ ਹੈ। ਇਹ ਦਸ ਕਿਸ਼ਤਾਂ ਵਾਲੀ ਵੈੱਬ ਸੀਰੀਜ਼ ਭਾਰਤੀ ਫ਼ੌਜੀਆਂ ਦੀ ਚੀਨ ਦੀ ਫ਼ੌਜ ਨਾਲ ਲੜਾਈ ਵਿਚ ਉਨ੍ਹਾਂ ਵੱਲੋਂ ਡਟ ਕੇ ਮੁਕਾਬਲਾ ਕਰਨ ਅਤੇ ਮੁਲਕ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਦੇ ਜਜ਼ਬੇ ਨੂੰ ਦਿਖਾਵੇਗੀ। ਮਹੇਸ਼ ਨੇ ਕਿਹਾ, ‘ਜੋ ਅਸੀਂ ਦਿਖਾਉਣਾ ਚਾਹੁੰਦੇ ਹਾਂ, ਉਸ ਲਈ ਸਾਨੂੰ ਚੌਕਸ ਹੋਣਾ ਚਾਹੀਦਾ ਹੈ।’ ਮਾਂਜਰੇਕਰ ਦਾ ਕਹਿਣਾ ਹੈ ਕਿ ਇਸ ਵੈੱਬ ਸੀਰੀਜ਼ ਨੂੰ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖ ਸਕਦਾ ਹੈ। ਫਿਲਮਕਾਰ ਮੁਤਾਬਕ ਉਹ ਆਨਲਾਈਨ ਸਮੱਗਰੀ ’ਤੇ ਸੈਂਸਰਸ਼ਿਪ ਦੇ ਹੱਕ ਵਿਚ ਨਹੀਂ ਹੈ ਪਰ ਕੁਝ ਲੋਕ ਇਸ ਦਾ ਨਾਜਾਇਜ਼ ਫ਼ਾਇਦਾ ਵੀ ਉਠਾ ਰਹੇ ਹਨ। ਫਿਲਮਕਾਰ ਦਾ ਮੰਨਣਾ ਹੈ ਕਿ ਆਨਲਾਈਨ ਸਮੱਗਰੀ ਸਿਨੇਮਾ ਘਰਾਂ ਲਈ ਖ਼ਤਰਾ ਨਹੀਂ ਬਣ ਸਕਦੀ, ਇਹ ਦੋਵੇਂ ਨਾਲੋ-ਨਾਲ ਰਹਿ ਸਕਦੇ ਹਨ। ਇਹ ਬਹਿਸ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ ਪਰ ਇਹ ਦੋਵੇਂ ਇਕੱਠੇ ਚੱਲ ਸਕਦੇ ਹਨ। ਸਿਨੇਮਾ ਹਾਲ ਦੀ ਅਹਿਮੀਅਤ ਨੂੰ ਕੋਈ ਨਹੀਂ ਬਦਲ ਸਕਦਾ। ਇਹ ਬਹਿਸ ਉਦੋਂ ਵੀ ਚੱਲੀ ਸੀ, ਜਦੋਂ ਟੈਲੀਵਿਜ਼ਨ ਨੇ ਲੋਕਾਂ ਵਿਚ ਪ੍ਰਸਿੱਧੀ ਹਾਸਲ ਕੀਤੀ ਸੀ। ਡਿਜੀਟਲ ਸਮੱਗਰੀ ਤੋਂ ਸਿਨੇਮਾ ਨੂੰ ਖ਼ਤਰੇ ਦਾ ਰੌਲਾ ਜਾਇਜ਼ ਨਹੀਂ ਹੈ। ਆਪਣੀ ਸੀਰੀਜ਼ ਬਾਰੇ ਉਸ ਨੇ ਕਿਹਾ ਕਿ ਇਸ ਵਿਚ ਸਿਰਫ਼ ਜੰਗ ਹੀ ਨਹੀਂ, ਸਗੋਂ ਫ਼ੌਜੀਆਂ ਦੇ ਮਨੁੱਖੀ ਪੱਖ ਨੂੰ ਵੀ ਦਿਖਾਇਆ ਗਿਆ ਹੈ। ਕਦੇ ਸਾਨੂੰ ਲੱਗਦਾ ਹੈ ਕਿ ਫ਼ੌਜੀਆਂ ਲਈ ਸਾਡੀ ਰਾਖੀ ਕਰਨਾ ਹੀ ਇਕੱਲਾ ਫ਼ਰਜ਼ ਹੈ, ਉਨ੍ਹਾਂ ਦੀਆਂ ਆਪਣੀਆਂ ਕੋਈ ਭਾਵਨਾਵਾਂ ਨਹੀਂ ਹੁੰਦੀਆਂ, ਇਹ ਜਾਇਜ਼ ਨਹੀਂ ਹੈ। ਇਸ ਸੀਰੀਜ਼ ਵਿਚ ਜੰਗ ਲੜ ਰਹੇ ਫ਼ੌਜੀਆਂ ਦੇ ਪਰਿਵਾਰਾਂ ਤੇ ਉਨ੍ਹਾਂ ਦੀਆਂ ਨਿੱਜੀ ਭਾਵਨਾਵਾਂ ਨੂੰ ਦਿਖਾਇਆ ਗਿਆ ਹੈ। ਇਸ ਨੂੰ ਲੱਦਾਖ ਦੇ ਸਖ਼ਤ ਮੌਸਮ ਵਿਚ ਫਿਲਮਾਇਆ ਗਿਆ ਹੈ। ਇਸ ਨੂੰ 26 ਫਰਵਰੀ ਨੂੰ ਆਨਲਾਈਨ ਦੇਖਿਆ ਜਾ ਸਕੇਗਾ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All