‘ਕਰਾਮਾਤੀ’ ਘੰਟੀ
ਪਿੰਡ ਵਿੱਚ ਹਰੇ-ਭਰੇ ਰੁੱਖਾਂ ਵਿੱਚ ਘਿਰਿਆ ਸਰਕਾਰੀ ਸਕੂਲ ਸੀ, ਜਿਸ ਵਿੱਚ ਪੜ੍ਹਾਈ ਤੇ ਖੇਡਾਂ ਦੀ ਹਰ ਤਰ੍ਹਾਂ ਦੀ ਸੁੱਖ ਸਹੂਲਤ ਸੀ। ਸਕੂਲ ਵਿੱਚ ਕਈ ਪਿੰਡਾਂ ਦੇ ਵਿਦਿਆਰਥੀ ਪੜ੍ਹਨ ਆਉਂਦੇ ਸਨ। ਸਕੂਲ ਦੇ ਮਿਹਨਤੀ ਅਧਿਆਪਕਾਂ ਵੱਲੋਂ ਕੀਤੀ ਜਾਂਦੀ ਅਗਵਾਈ ਸਦਕਾ ਹਰ...
ਪਿੰਡ ਵਿੱਚ ਹਰੇ-ਭਰੇ ਰੁੱਖਾਂ ਵਿੱਚ ਘਿਰਿਆ ਸਰਕਾਰੀ ਸਕੂਲ ਸੀ, ਜਿਸ ਵਿੱਚ ਪੜ੍ਹਾਈ ਤੇ ਖੇਡਾਂ ਦੀ ਹਰ ਤਰ੍ਹਾਂ ਦੀ ਸੁੱਖ ਸਹੂਲਤ ਸੀ। ਸਕੂਲ ਵਿੱਚ ਕਈ ਪਿੰਡਾਂ ਦੇ ਵਿਦਿਆਰਥੀ ਪੜ੍ਹਨ ਆਉਂਦੇ ਸਨ। ਸਕੂਲ ਦੇ ਮਿਹਨਤੀ ਅਧਿਆਪਕਾਂ ਵੱਲੋਂ ਕੀਤੀ ਜਾਂਦੀ ਅਗਵਾਈ ਸਦਕਾ ਹਰ ਸਾਲ ਆਉਣ ਵਾਲੇ ਚੰਗੇ ਨਤੀਜਿਆਂ ਦੀਆਂ ਗੱਲਾਂ ਪਿੰਡ-ਪਿੰਡ ਹੁੰਦੀਆਂ। ਸਕੂਲ ਵਿੱਚ ਵਿਦਿਆਰਥੀਆਂ ਦੇ ਖੇਡਣ ਲਈ ਖੁੱਲ੍ਹੇ-ਡੁੱਲ੍ਹੇ ਮੈਦਾਨ ਸਨ। ਪੜ੍ਹਨ ਵਾਲੇ ਕਮਰਿਆਂ ਸਾਹਮਣੇ ਫੁੱਲਾਂ ਲੱਦੀਆਂ ਬਗੀਚੀਆਂ ਸਨ। ਨੰਨ੍ਹੇ ਬਾਲ ਫੁੱਲਾਂ ’ਤੇ ਆਉਂਦੀਆਂ ਰੰਗ-ਬਿਰੰਗੀਆਂ ਤਿੱਤਲੀਆਂ ਦੇ ਮਗਰ ਦੌੜਦੇ।
ਸਕੂਲ ਲੱਗਣ ਦੀ ਘੰਟੀ ਵੱਜਣ ਸਾਰ ਸਾਰੇ ਵਿਦਿਆਰਥੀ ਸਵੇਰ ਦੀ ਸਭਾ ਲਈ ਮੈਦਾਨ ਵਿੱਚ ਜਾ ਜੁੜਦੇ। ਵਿਚਾਰਾਂ, ਖ਼ਬਰਾਂ ਤੇ ਖੋਜਾਂ ਦੀਆਂ ਗੱਲਾਂ ਹੁੰਦੀਆਂ। ਰਾਸ਼ਟਰੀ ਗੀਤ ਤੋਂ ਬਾਅਦ ਪੜ੍ਹਾਈ ਦਾ ਸਮਾਂ ਸ਼ੁਰੂ ਹੁੰਦਾ। ਹਰ ਘੰਟੀ ਦਾ ਸਮਾਂ ਨਿਸ਼ਚਿਤ ਹੁੰਦਾ। ਘੰਟੀ ਵੱਜਣ ’ਤੇ ਪੀਰੀਅਡ ਬਦਲ ਜਾਂਦਾ। ਨਵੇਂ ਵਿਸ਼ੇ ਦੀ ਪੜ੍ਹਾਈ ਸ਼ੁਰੂ ਹੋ ਜਾਂਦੀ। ਇੱਕ ਦਿਨ ਅੱਧੀ ਛੁੱਟੀ ਮਗਰੋਂ ਪਹਿਲੀ ਘੰਟੀ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਵੱਜ ਗਈ। ਅਧਿਆਪਕ ਘੰਟੀ ਅਨੁਸਾਰ ਆਪੋ-ਆਪਣੀਆਂ ਕਲਾਸਾਂ ਵਿੱਚ ਚਲੇ ਗਏ। ਪ੍ਰਿੰਸੀਪਲ ਨੇ ਅਜਿਹਾ ਹੁੰਦਾ ਕਈ ਵਾਰ ਦੇਖਿਆ। ਉਸ ਨੇ ਸਕੂਲ ਦੇ ਸੀਨੀਅਰ ਅਧਿਆਪਕਾਂ ਨੂੰ ਬੁਲਾ ਕੇ ਇਸ ਵਿਸ਼ੇ ’ਤੇ ਗੱਲ ਕੀਤੀ। ਸੇਵਾਦਾਰ ਨੂੰ ਬੁਲਾਇਆ ਗਿਆ। ਉਸ ਦਾ ਕਹਿਣਾ ਸੀ ਕਿ ਉਹ ਉਸ ਨੂੰ ਮਿਲੀ ਸਮਾਂ ਸੂਚੀ ਅਨੁਸਾਰ ਹੀ ਪੀਰੀਅਡ ਦੀ ਘੰਟੀ ਲਗਾਉਂਦਾ ਹੈ।
ਘੰਟੀ ਸਮੇਂ ਤੋਂ ਪਹਿਲਾਂ ਵੱਜਣ ਵਾਲੀ ਗੱਲ ਵਿਦਿਆਰਥੀਆਂ ਰਾਹੀਂ ਪਿੰਡ ਵਿੱਚ ਵੀ ਪਹੁੰਚ ਗਈ। ਮਾਪੇ ਆਪੋ-ਆਪਣੀ ਸਮਝ ਅਨੁਸਾਰ ਗੱਲਾਂ ਕਰਨ ਲੱਗੇ। ਅੰਧ-ਵਿਸ਼ਵਾਸ ਤੇ ਵਹਿਮ ਭਰਮ ਵੀ ਘਟਨਾ ਨਾਲ ਆ ਜੁੜੇ। ਸੇਵਾਦਾਰ ਦਾ ਕਮਰਾ ਵਣਾਂ ਦੇ ਪੁਰਾਣੇ ਰੁੱਖਾਂ ਹੇਠ ਸੀ। ਉਹ ਆਪਣੀ ਡਿਊਟੀ ਦਾ ਬਹੁਤ ਪਾਬੰਦ ਸੀ। ਉਸ ਦੀ ਨਜ਼ਰ ਆਪਣੇ ਕਮਰੇ ਵਿੱਚ ਲੱਗੀ ਕੰਧ ਘੜੀ ’ਤੇ ਹੀ ਰਹਿੰਦੀ ਸੀ। ਉਸ ਵੱਲੋਂ ਨਿਸ਼ਚਿਤ ਸਮੇਂ ’ਤੇ ਘੰਟੀ ਵਜਾਉਣ ਵਿੱਚ ਅਣਗਹਿਲੀ ਦੀ ਸੰਭਾਵਨਾ ਨਾਂ-ਮਾਤਰ ਸੀ। ਵਹਿਮੀ ਮਾਪਿਆਂ ਨੇ ਇਸ ਸਾਧਾਰਨ ਘਟਨਾ ਨੂੰ ਪੁਰਾਣੇ ਵਣਾਂ ਦੇ ਰੁੱਖਾਂ ’ਤੇ ਆਉਂਦੀਆਂ ‘ਓਪਰੀਆਂ ਸ਼ੈਆਂ’ ਦੀ ਅਫ਼ਵਾਹ ਨਾਲ ਜੋੜ ਦਿੱਤਾ। ਉਹ ਆਖਦੇ, ‘‘ਜਦੋਂ ਸਕੂਲ ਦਾ ਸੇਵਾਦਾਰ ਹਰ ਸਮੇਂ ਵਕਤ ’ਤੇ ਨਜ਼ਰ ਰੱਖਦਾ ਹੈ, ਫਿਰ ਘੰਟੀ ਆਪਣੇ-ਆਪ ਤਾਂ ਵੱਜਦੀ ਨਹੀਂ। ਇਹ ਜ਼ਰੂਰ ਕਿਸੇ ‘ਓਪਰੀ ਸ਼ੈਅ’ ਦਾ ਕਾਰਾ ਹੀ ਹੋ ਸਕਦਾ ਹੈ।’’ ਸਕੂਲ ਦੇ ਕਈ ਵਹਿਮੀ ਅਧਿਆਪਕ ਵੀ ਅਜਿਹੀਆਂ ਬਗ਼ੈਰ ਸਿਰ ਪੈਰ ਦੀਆਂ ਗੱਲਾਂ ਨੂੰ ਹੁੰਗਾਰਾ ਦੇਣ ਲੱਗੇ। ਸਕੂਲ ਵਿੱਚ ‘ਓਪਰੀ ਸ਼ੈਅ’ ਵੱਲੋਂ ਜਦ ਜੀਅ ਚਾਹੇ ਘੰਟੀ ਵਜਾਉਣ ਦੀ ਅਫ਼ਵਾਹ ਅੱਗ ਵਾਂਗ ਫੈਲ ਗਈ। ਅਗਿਆਨਤਾ ਵੱਸ ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਨੂੰ ਹਵਾ ਦਿੱਤੀ। ਪਿੰਡ ਦੀ ਸੱਥ ਵਿੱਚ ਗੱਲਾਂ ਹੁੰਦੀਆ ਕਿ ਪਿੰਡਾਂ ਦੇ ਸਿਆਣੇ ਲੋਕਾਂ ਨੇ ਐਵੇਂ ਨ੍ਹੀਂ ਅਜਿਹੀਆਂ ਬੁਰੀਆਂ ਆਤਮਾਵਾਂ ਨੂੰ ਮਾਨਤਾ ਦਿੱਤੀ।
ਵਿਦਿਆਰਥੀਆਂ ਵਿੱਚ ਅਜਿਹੀ ਚਰਚਾ ਡਰ ਦਾ ਕਾਰਨ ਬਣਨ ਲੱਗੀ। ਛੋਟੀਆਂ ਜਮਾਤਾਂ ਦੇ ਵਿਦਿਆਰਥੀ ਤਾਂ ਘੰਟੀ ਵੱਜਣ ’ਤੇ ਪਹਿਲਾਂ ਇੱਧਰ ਉਧਰ ਦੇਖਦੇ। ਫਿਰ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਦੇਖ ਕੇ ਤੁਰਦੇ। ਸਕੂਲ ਵਿਚਲਾ ਪੜ੍ਹਾਈ ਦਾ ਸੁਖਾਵਾਂ ਮਾਹੌਲ ਡਰ ਨਾਲ ਪ੍ਰਭਾਵਿਤ ਹੋਣ ਲੱਗਾ। ਨਿੱਤ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਉਦਾਹਰਣਾਂ ਨਾਲ ਸੋਚ ਸਮਝ ਕੇ ਵਿਸ਼ਵਾਸ ਕਰਨ ਦੀ ਸਲਾਹ ਦਿੱਤੀ ਜਾਂਦੀ। ਇਹ ਵੀ ਸਮਝਾਇਆ ਜਾਂਦਾ ਕਿ ਪੜਤਾਲ ਉਪਰੰਤ ਸਾਹਮਣੇ ਆਏ ਸੱਚ ’ਤੇ ਹੀ ਯਕੀਨ ਕਰਨਾ ਸਿਆਣਪ ਹੁੰਦੀ ਹੈ। ਸਕੂਲ ਦੇ ਅਜਿਹੇ ਬਦਲਦੇ ਮਾਹੌਲ ਨੂੰ ਦੇਖ ਕੇ ਪ੍ਰਿੰਸੀਪਲ ਨੇ ਪੰਚਾਇਤ ਨੂੰ ਬੁਲਾ ਕੇ ਸਲਾਹ ਮਸ਼ਵਰਾ ਕੀਤਾ। ਸਾਰਿਆਂ ਦੀ ਸਹਿਮਤੀ ਨਾਲ ਤਿੰਨ ਸੀਨੀਅਰ ਅਧਿਆਪਕਾਂ ਨੂੰ ਸਾਰੀ ਘਟਨਾ ਦੀ ਪੜਤਾਲ ਦਾ ਕੰਮ ਸੌਂਪ ਦਿੱਤਾ ਗਿਆ।
ਇਸੇ ਦੌਰਾਨ ਇੱਕ-ਦੋ ਘਟਨਾਵਾਂ ਹੋਰ ਵਾਪਰ ਗਈਆਂ। ਇੱਕ ਦਿਨ ਅੱਧੀ ਛੁੱਟੀ ਤੋਂ ਪਹਿਲਾਂ ਵਾਲੀ ਪੰਜਵੀਂ ਘੰਟੀ ਨਿਸ਼ਚਿਤ ਸਮੇਂ ਤੋਂ ਪਹਿਲਾਂ ਵੱਜ ਗਈ। ਅਗਲੇ ਦਿਨ ਛੇਵੀਂ ਘੰਟੀ ਲੇਟ ਲੱਗੀ। ਪੜਤਾਲ ਕਰ ਰਹੇ ਅਧਿਆਪਕਾਂ ਨੇ ਸਾਰੀਆਂ ਜਮਾਤਾਂ ਦੇ ਇੰਚਾਰਜ ਅਧਿਆਪਕਾਂ ਤੋਂ ਅਕਸਰ ਗ਼ੈਰਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਵਿਦਿਆਰਥੀਆਂ ਬਾਰੇ ਵੀ ਜਾਣਿਆ, ਜਿਹੜੇ ਪੜ੍ਹਾਈ ਦੌਰਾਨ ਅਕਸਰ ਪਾਣੀ ਪੀਣ ਜਾਣ ਦੀ ਮੰਗਿਆ ਕਰਦੇ ਸਨ। ਨਾਲ ਹੀ ਸਾਰੀਆਂ ਜਮਾਤਾਂ ਦੇ ਪੜ੍ਹਾਈ ਤੋਂ ਜੀਅ ਚੁਰਾਉਣ ਵਾਲੇ ਵਿਦਿਆਰਥੀਆਂ ਬਾਰੇ ਵੀ ਪਤਾ ਕੀਤਾ। ਪ੍ਰੀਖਿਆ ਦੇ ਦਿਨ ਨੇੜੇ ਆਉਣ ਕਾਰਨ ਸਾਰੇ ਅਧਿਆਪਕ ਆਪੋ-ਆਪਣੇ ਵਿਸ਼ਿਆਂ ਦੀ ਵਧੇਰੇ ਮਿਹਨਤ ਕਰਾਉਣ ਲੱਗੇ। ਸੇਵਾਦਾਰ ਦੇ ਦੋ ਹਫ਼ਤਿਆਂ ਦੀ ਛੁੱਟੀ ਚਲੇ ਜਾਣ ’ਤੇ ਘੰਟੀ ਵਜਾਉਣ ਦੀ ਡਿਊਟੀ ਨੌਜਵਾਨ ਚੌਕੀਦਾਰ ਨੂੰ ਮਿਲ ਗਈ। ਚੌਕੀਦਾਰ ਪੀਰੀਅਡ ਦੀ ਘੰਟੀ ਦਾ ਪੂਰਾ ਖ਼ਿਆਲ ਰੱਖਦਾ।
ਪ੍ਰੀਖਿਆ ਦੇ ਨੇੜਲੇ ਦਿਨਾਂ ਕਰ ਕੇ ਮਾਹੌਲ ਠੀਕ ਹੋਣ ਲੱਗਾ। ਪ੍ਰੀਖਿਆ ਸ਼ੁਰੂ ਹੋਈ ’ਤੇ ਇੱਕ ਘੰਟੀ ਲੱਗਦੀ। ਦੂਸਰੀ ਪ੍ਰੀਖਿਆ ਦਾ ਸਮਾਂ ਪੂਰਾ ਹੋਣ ’ਤੇ ਵੱਜਦੀ ਸੀ। ਇੱਕ ਦਿਨ ਪ੍ਰੀਖਿਆ ਸ਼ੁਰੂ ਹੋਣ ਤੋਂ ਅੱਧਾ ਘੰਟਾ ਮਗਰੋਂ ਹੀ ਅਚਾਨਕ ਘੰਟੀ ਵੱਜਣ ਲੱਗੀ। ਵਿਦਿਆਰਥੀਆਂ ਦਾ ਬਹੁਤਾ ਪੇਪਰ ਰਹਿੰਦਾ ਹੋਣ ਕਰ ਕੇ ਉਹ ਹੈਰਾਨ ਤੇ ਪਰੇਸ਼ਾਨ ਸਨ। ਅਧਿਆਪਕਾਂ ਨੇ ਵਕਤ ਦੇਖ ਕੇ ਚੌਕੀਦਾਰ ਨੂੰ ਬੁਲਾਇਆ। ਉਸ ਦਾ ਕਹਿਣਾ ਸੀ ਕਿ ਮੈਂ ਤਾਂ ਘੰਟੀ ਦੀ ਆਵਾਜ਼ ਹੀ ਨਹੀਂ ਸੁਣੀ। ਨਾ ਹੀ ਮੈਂ ਕੋਈ ਘੰਟੀ ਵਜਾਈ ਹੈ ਕਿਉਂਕਿ ਅਜੇ ਤਾਂ ਪ੍ਰੀਖਿਆ ਦਾ ਸਮਾਂ ਪੂਰਾ ਹੋਣ ਵਿੱਚ ਬਹੁਤ ਵਕਤ ਪਿਆ ਹੈ। ਅਗਲੇ ਹੀ ਦਿਨ ਸਕੂਲ ਦੇ ਸੀਨੀਅਰ ਅਧਿਆਪਕਾਂ ਨੇ ਆਪਣੀ ਕੀਤੀ ਪੜਤਾਲ ਦੀ ਰਿਪੋਰਟ ਪ੍ਰਿੰਸੀਪਲ ਨੂੰ ਸੌਂਪ ਦਿੱਤੀ।
ਸਕੂਲ ਵਿੱਚੋਂ ਗ਼ੈਰਹਾਜ਼ਰ ਰਹਿਣ ਅਤੇ ਵਾਰ-ਵਾਰ ਛੁੱਟੀ ਮੰਗਣ ਵਾਲੇ ਵਿਦਿਆਰਥੀਆਂ ਦੀ ਪਛਾਣ ਸਾਹਮਣੇ ਆ ਗਈ, ਜਿਹੜੇ ਪੜ੍ਹਨ ਤੋਂ ਕੰਨੀ ਕਤਰਾਉਂਦੇ ਸਨ ਤੇ ਕਲਾਸ ਦਾ ਅਨੁਸ਼ਾਸਨ ਭੰਗ ਕਰਦੇ ਸਨ। ਪ੍ਰਿੰਸੀਪਲ ਨੇ ਨੌਵੀਂ ਤੇ ਦਸਵੀਂ ਜਮਾਤ ਦੇ ਉਨ੍ਹਾਂ ਸੱਤ ਵਿਦਿਆਰਥੀਆਂ ਨੂੰ ਆਪਣੇ ਕੋਲ ਬੁਲਾ ਕੇ ਸਮਝਾਇਆ ਤੇ ਉਨ੍ਹਾਂ ਤੋਂ ਅਸਲ ਗੱਲ ਜਾਣਨੀ ਚਾਹੀ। ਕੁਝ ਏਧਰ-ਓਧਰ ਦੇ ਬਹਾਨੇ ਕਰਨ ਮਗਰੋਂ ਉਨ੍ਹਾਂ ਸ਼ਰਾਰਤੀ ਵਿਦਿਆਰਥੀਆਂ ਨੇ ਸੱਚ ਬਿਆਨ ਦਿੱਤਾ। ‘‘ਅਸੀਂ ਗਣਿਤ ਤੇ ਅੰਗਰੇਜ਼ੀ ਦੇ ਔਖੇ ਪੀਰੀਅਡਾਂ ਵਿੱਚ ਅੱਖ ਬਚਾ ਕੇ ਪੀਰੀਅਡ ਖ਼ਤਮ ਹੋਣ ਤੋਂ ਪਹਿਲਾਂ ਅਧਿਆਪਕਾਂ ਦੀ ਕੁੱਟ ਤੇ ਝਿੜਕਾਂ ਤੋਂ ਬਚਣ ਲਈ ਘੰਟੀ ਮਾਰਿਆ ਕਰਦੇ ਸਾਂ।’’ ਉਨ੍ਹਾਂ ਵਿਦਿਆਰਥੀਆਂ ਵੱਲੋਂ ਦੱਸੀ ਅਗਲੀ ਗੱਲ ਹੈਰਾਨ ਕਰਨ ਵਾਲੀ ਸੀ। ਪਿੰਡ ਦੇ ਦੋ ਸਰਦੇ-ਪੁੱਜਦੇ ਪਰਿਵਾਰਾਂ ਦਾ ਸਕੂਲ ਦੀ ਕੰਧ ਨੂੰ ਲੈ ਕੇ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ। ਉਨ੍ਹਾਂ ਦੋਵਾਂ ਪਰਿਵਾਰਾਂ ਨੇ ਵੀ ਘੰਟੀ ਵਾਲੀ ਘਟਨਾ ਬਾਰੇ ਜਾਣ ਕੇ ਡਰ ਤੇ ਸਹਿਮ ਦਾ ਮਾਹੌਲ ਬਣਾਉਣ ਲਈ ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਲਾਲਚ ਦੇ ਕੇ ਉਕਸਾਇਆ, ਜਿਸ ਨਾਲ ਮਾਪਿਆਂ ਰਾਹੀਂ ਵਿਦਿਆਰਥੀਆਂ ਨੂੰ ਹੋਰ ਹੱਲਾਸ਼ੇਰੀ ਮਿਲ ਗਈ।
ਪ੍ਰਿੰਸੀਪਲ ਤੇ ਪੰਚਾਇਤ ਦੇ ਸਾਹਮਣੇ ਅੱਖ ਬਚਾ ਕੇ ਘੰਟੀ ਵਜਾਉਣ ਵਾਲੇ ਵਿਦਿਆਰਥੀਆਂ ਨੇ ਮੁਆਫ਼ੀ ਮੰਗੀ ਤੇ ਅੱਗੇ ਤੋਂ ਕਦੇ ਅਜਿਹਾ ਕਰਨ ਤੋਂ ਤੌਬਾ ਕੀਤੀ। ਉਨ੍ਹਾਂ ਦੇ ਮਾਪਿਆਂ ਨੇ ਵੀ ਨਮੋਸ਼ੀ ਨਾਲ ਆਪਣੀ ਗ਼ਲਤੀ ਦਾ ਅਹਿਸਾਸ ਕੀਤਾ। ਉਕਸਾਉਣ ਵਾਲੇ ਪਰਿਵਾਰਾਂ ਨਾਲ ਗੱਲ ਕਰਨ ਦਾ ਜ਼ਿੰਮਾ ਪੰਚਾਇਤ ਨੇ ਆਪਣੇ ਸਿਰ ਲੈ ਲਿਆ। ਅਗਲੇ ਦਿਨ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਨੇ ਖ਼ੁਸ਼ੀ ਨਾਲ ਦੱਸਿਆ, ‘‘ਆਪਣੇ ਸਕੂਲ ਦੀ ਘੰਟੀ ਬਾਰੇ ਸੂਝਵਾਨ ਅਧਿਆਪਕਾਂ ਨੇ ਅਸਲੀ ਕਾਰਨ ਲੱਭ ਲਿਆ ਹੈ। ਸਮੇਂ ਤੋਂ ਪਹਿਲਾਂ ਅਚਾਨਕ ਘੰਟੀ ਵੱਜਣ ਦਾ ਕਾਰਨ ਕੋਈ ‘ਓਪਰੀਆਂ ਸ਼ੈਆਂ’ ਨਹੀਂ ਸਨ। ਨਾ ਹੀ ਅਜਿਹਾ ਕਦੇ ਹੁੰਦਾ ਹੈ। ਅਜਿਹੀਆਂ ਅਫ਼ਵਾਹਾਂ ਲਾਈਲੱਗ ਤੇ ਅਗਿਆਨੀ ਮਨਾਂ ਦੀ ਉਪਜ ਹੁੰਦੀਆਂ ਹਨ। ਬੇਵਕਤ ਘੰਟੀ ਵੱਜਣ ਦੇ ਕਾਰਨ ਨੂੰ ਅਸੀਂ ਮਿਲ ਬੈਠ ਕੇ ਹੱਲ ਕਰ ਲਿਆ ਹੈ। ਹੁਣ ਆਪਣੇ ਸਕੂਲ ਦੀ ਘੰਟੀ ਸਮੇਂ ਸਿਰ ਹੀ ਵੱਜਿਆ ਕਰੇਗੀ।’’ ‘ਕਰਾਮਾਤੀ ਘੰਟੀ’ ਬਾਰੇ ਸੱਚਾਈ ਜਾਣ ਕੇ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਅਫ਼ਵਾਹਾਂ ਦਾ ਭੈਅ ਵੀ ਨਿਕਲ ਗਿਆ। ਦਿਨਾਂ ਵਿੱਚ ਹੀ ਸਕੂਲ ਦਾ ਮਾਹੌਲ ਪਹਿਲਾਂ ਵਾਂਗ ਹੋ ਗਿਆ।
ਸੰਪਰਕ: 95010-06626

