Love & War: ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਚੋਂ Alia Bhatt ਦੀ ਗਲੈਮਰਸ ਝਲਕ ਵਾਇਰਲ
ਕੈਬਰੇ ਵਾਲੇ ਅਵਤਾਰ ’ਚ ਨਜ਼ਰ ਆਈ ਅਦਾਕਾਰਾ; ਰਣਬੀਰ ਕਪੂਰ ਦੇ ਪੋਸਟਰ ਤੋਂ ਬਾਅਦ ਜਾਰੀ ਕੀਤਾ 'ਫ਼ਰਸਟ ਲੁੱਕ'
ਸੰਜੇ ਲੀਲਾ ਭੰਸਾਲੀ ਦੀ ਬਹੁ-ਉਡੀਕੀ ਜਾ ਰਹੀ ਫ਼ਿਲਮ 'ਲਵ ਐਂਡ ਵਾਰ' (Love & War) ਦੇ ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਅਦਾਕਾਰਾ ਆਲੀਆ ਭੱਟ ਦੀ ਪਹਿਲੀ ਝਲਕ (ਫ਼ਰਸਟ ਲੁੱਕ ਪੋਸਟਰ) ਜਾਰੀ ਕਰ ਦਿੱਤੀ ਹੈ। ਸਾਲ 2027 ਦੀਆਂ ਸਭ ਤੋਂ ਚਰਚਿਤ ਫ਼ਿਲਮਾਂ ਵਿੱਚੋਂ ਇੱਕ ਮੰਨੀ ਜਾ ਰਹੀ ਇਹ ਫ਼ਿਲਮ ਹਰ ਨਵੇਂ ਪੋਸਟਰ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀ ਹੈ। ਇਹ ਫ਼ਿਲਮ ਭੰਸਾਲੀ ਦੀਆਂ ਪੁਰਾਤਨ (ਪੀਰੀਅਡ) ਫ਼ਿਲਮਾਂ ਦੀ ਸ਼ੈਲੀ ਤੋਂ ਵੱਖਰੀ ਅਤੇ ਇੱਕ ਸਮਕਾਲੀ ਦੌਰ ਦੀ ਕਹਾਣੀ ਨੂੰ ਦਰਸਾਉਂਦੀ ਹੈ।
ਰਣਬੀਰ ਕਪੂਰ ਦੀ ਝਲਕ ਸਾਹਮਣੇ ਆਉਣ ਤੋਂ ਬਾਅਦ ਹੁਣ ਨਿਰਮਾਤਾਵਾਂ ਨੇ ਆਲੀਆ ਭੱਟ ਦਾ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ਵਿੱਚ ਆਲੀਆ ਇੱਕ ਗਲੈਮਰਸ ਕੈਬਰੇ-ਪ੍ਰੇਰਿਤ ਅਵਤਾਰ ਵਿੱਚ ਨਜ਼ਰ ਆ ਰਹੀ ਹੈ, ਜੋ ਆਤਮ-ਵਿਸ਼ਵਾਸ, ਖਿੱਚ ਅਤੇ ਪੁਰਾਣੇ ਦੌਰ ਦੀ ਸ਼ਾਨ ਦਾ ਸੁਮੇਲ ਪੇਸ਼ ਕਰਦੀ ਹੈ।
ਪੋਸਟਰ ਵਿੱਚ ਆਲੀਆ ਸਲਿਟ ਸਕਰਟ ਅਤੇ ਖ਼ਾਸ ਹੈੱਡਪੀਸ ਪਹਿਨ ਕੇ ਕੁਰਸੀ ’ਤੇ ਬੈਠੀ ਦਿੱਖ ਰਹੀ ਹੈ, ਜਦਕਿ ਪਿਛੋਕੜ ਦਾ ਰੈਟਰੋ ਮਾਹੌਲ ਪੋਸਟਰ ਨੂੰ ਹੋਰ ਖ਼ੂਬਸੂਰਤ ਬਣਾਉਂਦਾ ਹੈ। 'ਭੰਸਾਲੀ ਪ੍ਰੋਡਕਸ਼ਨਜ਼' ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਅਦਾਕਾਰਾ ਦੀ ਇਹ ਪਹਿਲੀ ਝਲਕ ਸਾਂਝੀ ਕੀਤੀ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਨਿਰਮਾਤਾਵਾਂ ਨੇ ਰਣਬੀਰ ਕਪੂਰ ਦਾ ਫ਼ਰਸਟ ਲੁੱਕ ਪੋਸਟਰ ਜਾਰੀ ਕੀਤਾ ਸੀ, ਜਿਸ ਵਿੱਚ ਉਹ ਇੱਕ ਦਮਦਾਰ ਅਤੇ ਰੈਟਰੋ ਅਵਤਾਰ ਵਿੱਚ ਨਜ਼ਰ ਆਏ ਸਨ। ਉਸ ਪੋਸਟਰ ਵਿੱਚ ਰਣਬੀਰ ਇੱਕ ਵਿੰਟੇਜ ਗੱਡੀ ਦੀ ਡਰਾਈਵਿੰਗ ਸੀਟ ’ਤੇ ਬੈਠੇ ਦਿਖਾਈ ਦਿੱਤੇ ਹਨ, ਜਿਨ੍ਹਾਂ ਨੇ ਬਜ਼ ਕੱਟ ਵਾਲੇ ਵਾਲ, ਬਾਰੀਕ ਮੁੱਛਾਂ ਅਤੇ ਗੋਲ ਸਨਗਲਾਸ ਪਾਏ ਹੋਏ ਹਨ।
ਜ਼ਿਕਰਯੋਗ ਹੈ ਕਿ 'ਲਵ ਐਂਡ ਵਾਰ' ਵਿੱਚ ਰਣਬੀਰ ਕਪੂਰ, ਆਲੀਆ ਭੱਟ ਅਤੇ ਵਿੱਕੀ ਕੌਸ਼ਲ ਪਹਿਲੀ ਵਾਰ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਇੱਕਠੇ ਕੰਮ ਕਰ ਰਹੇ ਹਨ। ਇਹ ਫ਼ਿਲਮ 21 ਜਨਵਰੀ 2027 ਨੂੰ ਹਿੰਦੀ, ਤਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਵਿਸ਼ਵ ਪੱਧਰ ’ਤੇ ਰਿਲੀਜ਼ ਹੋਵੇਗੀ।

