DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੇਖੀਂ ਕਿਤੇ ਯਾਰ ਨਾ ਹੋਵੇ...

ਸ਼ਮਸ਼ੇਰ ਸੰਧੂ ਨਾਲ ਪਹਿਲੀ ਮੁਲਾਕਾਤ ਹੀ ਬਹੁਤ ਨਾਟਕੀ ਰਹੀ। ਬੰਗਾ ਕਾਲਜ ਵਿੱਚ ਇਹ ਮੇਰਾ ਦੂਜਾ ਸਾਲ ਸੀ, ਕਲਾਸ ਪਹਿਲੀ ਹੀ ਸੀ। ਨੋਟਿਸ ਬੋਰਡ ’ਤੇ ਕਾਲਜ ਦੀ ਲਿਖਾਰੀ ਤੇ ਬੁਲਾਰੇ ਸਭਾ ਦੀ ਚੋਣ ਬਾਰੇ ਪੜ੍ਹ ਕੇ ਦੱਸੇ ਹੋਏ ਕਮਰੇ ਵਿੱਚ ਜਾ...

  • fb
  • twitter
  • whatsapp
  • whatsapp
Advertisement

ਸ਼ਮਸ਼ੇਰ ਸੰਧੂ ਨਾਲ ਪਹਿਲੀ ਮੁਲਾਕਾਤ ਹੀ ਬਹੁਤ ਨਾਟਕੀ ਰਹੀ। ਬੰਗਾ ਕਾਲਜ ਵਿੱਚ ਇਹ ਮੇਰਾ ਦੂਜਾ ਸਾਲ ਸੀ, ਕਲਾਸ ਪਹਿਲੀ ਹੀ ਸੀ। ਨੋਟਿਸ ਬੋਰਡ ’ਤੇ ਕਾਲਜ ਦੀ ਲਿਖਾਰੀ ਤੇ ਬੁਲਾਰੇ ਸਭਾ ਦੀ ਚੋਣ ਬਾਰੇ ਪੜ੍ਹ ਕੇ ਦੱਸੇ ਹੋਏ ਕਮਰੇ ਵਿੱਚ ਜਾ ਹਾਜ਼ਰ ਹੋਇਆ। ਕਮਰੇ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿੱਕਾ ਜੀ ਦੇ ਨਾਲ ਇੱਕ ਬਹੁਤ ਹੀ ਸੁਨੱਖਾ ਤੇ ਵਿਦਿਆਰਥੀ ਲੱਗਦਾ ਨੌਜਵਾਨ ਵੀ ਬੈਠਾ ਸੀ। ਡਾ. ਸਿੱਕਾ ਦੇ ਦੱਸਣ ਤੋਂ ਪਤਾ ਲੱਗਾ ਕਿ ਉਹ ਸਨ ਪੰਜਾਬੀ ਦੇ ਲੈਕਚਰਾਰ ਸ਼ਮਸ਼ੇਰ ਸੰਧੂ ਜਿਨ੍ਹਾਂ ਹੁਣ ਸਭਾ ਦੇ ਇੰਚਾਰਜ ਵੀ ਹੋਣਾ ਸੀ। ਸੰਧੂ ਨੇ ਹੀ ਸੁਝਾਅ ਦਿੱਤਾ ਕਿ ਲਿਖਾਰੀ ਤਾਂ ਪਰਖੇ ਨਹੀਂ ਜਾਣੇ, ਬੁਲਾਰੇ ਤਾਂ ਪਰਖ ਲਈਏ। ਉਨ੍ਹਾਂ ਨੇ ਹੀ ਕੁਝ ਵਿਸ਼ੇ ਬੋਲਣ ਲਈ ਦਿੱਤੇ।

ਭਰੇ ਹੋਏ ਕਮਰੇ ਵਿੱਚ ਸਭਾ ਦੇ ਪੁਰਾਣੇ ਅਹੁਦੇਦਾਰ ਵੀ ਹਾਜ਼ਰ ਸਨ, ਪਰ ਸਭ ਕੋਈ ਨਾ ਕੋਈ ਬਹਾਨਾ ਮਾਰ ਗਏ। ਬਸ ਮੌਕਾ ਮੇਲ ਹੀ ਸੀ ਕਿ ਮੈਂ ਜਕਦਾ ਜਕਦਾ ਦੋ-ਤਿੰਨ ਮਿੰਟ ਬੋਲ ਗਿਆ। ਇਹ ਸੀ ਸਾਡੀ ਪਹਿਲੀ ਮੁਲਾਕਾਤ ਜੋ ਛੇਤੀ ਉਮਰਾਂ ਦੀ ਦੋਸਤੀ ਵਿੱਚ ਬਦਲ ਗਈ। ਇੱਥੇ ਹੀ ਪਹਿਲੀ ਵਾਰ ਹਰਬੰਸ ਹੀਉਂ ਤੇ ਜਸਵਿੰਦਰ ਨਾਲ ਮੇਲ ਹੋਇਆ ਜਿਨ੍ਹਾਂ ਨਾਲ ਰਲਕੇ ਸੰਧੂ, ਹਰਬੰਸ, ਜਸਵਿੰਦਰ ਤੇ ਸਾਡੀ ਚੌਕੜੀ ਬਣੀ।

Advertisement

ਗਿਆਰ੍ਹਵੀਂ ਜਮਾਤ ਦਾ ਮੇਰੇ ਵਾਲਾ ਸੈਕਸ਼ਨ ਸੰਧੂ ਹੋਰਾਂ ਕੋਲ ਨਾ ਗਿਆ, ਸਾਨੂੰ ਡਾ. ਸਿੱਕਾ ਪੜ੍ਹਾਉਣ ਲੱਗ ਪਏ, ਪਰ ਸੰਧੂ ਹੋਰਾਂ ਨੂੰ ਮਿਲਣ ਦੀ ਖਿੱਚ ਹਰ ਵਿਹਲੇ ਪੀਰੀਅਡ ਵਿੱਚ ਮਿਊਜ਼ਿਕ ਰੂਮ ਵਿੱਚ ਲੈ ਜਾਂਦੀ, ਜਿੱਥੇ ਸੰਧੂ ਵੀ ਆਪਣੇ ਵਿਹਲੇ ਪੀਰੀਅਡ ਵਿੱਚ ਆ ਜਾਂਦੇ। ਮੇਰੇ ਵਾਂਗ ਉਨ੍ਹਾਂ ਨਾਲ ਸਮਾਂ ਬਿਤਾਉਣ ਵਾਲੇ ਵਿਦਿਆਰਥੀਆਂ ਦਾ ਤਾਂਤਾ ਲੱਗਾ ਰਹਿੰਦਾ। ਇਸ ਕਮਰੇ ਦੀ ਸਾਂਝ ਵਿੱਚੋਂ ਹੀ ਹਰਬੰਸ ਹੀਉਂ ਅਤੇ ਜਸਵਿੰਦਰ ਮਜਾਰੀ ਨਾਲ ਸਾਂਝ ਬਣੀ ਜੋ ਮੇਰੇ ਤੋਂ ਦੋ ਕਲਾਸਾਂ ਅੱਗੇ ਪੜ੍ਹ ਰਹੇ ਸਨ। ਅਸੀਂ ਤਿੰਨਾਂ ਨੇ ਇੱਥੇ ਹੀ ਸੰਧੂ ਤੋਂ ਉਨ੍ਹਾਂ ਦੀਆਂ ਕਵਿਤਾਵਾਂ ਸੁਣੀਆਂ। ਉਨ੍ਹਾਂ ਕੋਲੋਂ ਲੈ ਕੇ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ‘ਕੋਈ ਦਿਓ ਜਵਾਬ’ ਪੜ੍ਹੀ।

Advertisement

ਇਨ੍ਹਾਂ ਦਿਨਾਂ ਵਿੱਚ ਹੀ ਉਨ੍ਹਾਂ ਨੇ ਗਾਇਕਾਂ ਦੇ ਰੇਖਾ ਚਿੱਤਰ ਲਿਖਣੇ ਸ਼ੁਰੂ ਕੀਤੇ। ਕਵਿਤਾ ਅਤੇ ਕਹਾਣੀ ਤੋਂ ਉਨ੍ਹਾਂ ਨੇ ਕਿਨਾਰਾ ਹੀ ਕਰ ਲਿਆ ਸੀ। ਸਾਰਾ ਧਿਆਨ ਗਾਇਕਾਂ ਬਾਰੇ ਲਿਖਣ ਵੱਲ ਲਾ ਲਿਆ ਸੀ। ਸਾਨੂੰ ਪਹਿਲਾਂ ਹੀ ਖ਼ਬਰਾਂ ਮਿਲ ਜਾਂਦੀਆਂ ਕਿ ਦੀਦਾਰ ਸੰਧੂ ਤੇ ਕੁਲਦੀਪ ਕੌਰ ‘ਘੱਗਰੇ ਦੀ ਵੇ ਲੌਣ ਭਿੱਜ ਗਈ’ ਨੂੰ ਰਿਕਾਰਡ ਕਰਵਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਕੁਲਦੀਪ ਮਾਣਕ ਦੀ ਐੱਚਐੱਮਵੀ ਨਾਲ ਨਾਰਾਜ਼ਗੀ ਚੱਲ ਰਹੀ ਆ। ਸੁਰਿੰਦਰ ਛਿੰਦਾ ਕਲੀਆਂ ਦੀ ਤਿਆਰੀ ਕਰ ਰਿਹੈ। ਸੰਧੂ ਹੋਰਾਂ ਦੀ ਹੱਲਾਸ਼ੇਰੀ ਨਾਲ ਮੈਂ, ਹਰਬੰਸ ਤੇ ਜਸਵਿੰਦਰ ਵੱਖ ਵੱਖ ਕਾਲਜਾਂ ਵਿੱਚ ਕਵਿਤਾ ਉਚਾਰਨ ਦੇ ਮੁਕਾਬਲਿਆਂ ਵਿੱਚ ਸ਼ਾਮਲ ਹੁੰਦੇ ਰਹੇ। ਪਤਾ ਹੀ ਨਹੀਂ ਚੱਲਿਆ ਕਿ ਸਾਲ ਕਿਵੇਂ ਲੰਘ ਗਿਆ।

ਅਗਲੇ ਸਾਲ ਮੇਰੇ ਘਰੇਲੂ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਮੈਨੂੰ ਪੜ੍ਹਾਈ ਛੱਡ ਕੇ ਖੇਤੀ ਸ਼ੁਰੂ ਕਰਨੀ ਪਈ। ਕਾਲਜ ਜਾਣਾ ਬੰਦ ਹੋ ਗਿਆ। ਸੰਧੂ ਨੂੰ ਮਿਲਣ ਦੀ ਤਾਂਘ ਨਾਲ ਮੈਂ ਜਦੋਂ ਵੀ ਵਕਤ ਮਿਲਦਾ, ਬੰਗੇ ਕਾਲਜ ਚਲਾ ਜਾਂਦਾ। ਉਨ੍ਹਾਂ ਨੇ ਵੀ ਮੈਨੂੰ ਜਸਵਿੰਦਰ ਹੋਰਾਂ ਨਾਲ ਕਾਲਜਾਂ ਵਿੱਚ ਭੇਜ ਦੇਣਾ। ਉਨ੍ਹਾਂ ਦਿਨਾਂ ਵਿੱਚ ਅਸੀਂ ਕਈ ਮੁਕਾਬਲਿਆਂ ਵਿੱਚੋਂ ਇਨਾਮ ਵੀ ਲਿਆਂਦੇ। ਇਨ੍ਹਾਂ ਹੀ ਸਾਲਾਂ ਵਿੱਚ ਇਹ ਖ਼ੂਬਸੂਰਤ ਸਬੱਬ ਬਣ ਗਿਆ ਕਿ ਸੰਧੂ ਮੇਰੇ ਗੁਆਂਢੀ ਪਿੰਡ ਗੁਣਾਚੋਰ ਵਿਖੇ ਵਿਆਹਿਆ ਗਿਆ। ਸਾਡੇ ਮੇਲ-ਮਿਲਾਪ ਲਈ ਵੀ ਇਹ ਵਰਦਾਨ ਸਾਬਤ ਹੋਇਆ। ਅਗਲੇ ਸਾਲ ਸੰਧੂ ਅਤੇ ਉਸ ਦੇ ਸਹੁਰਿਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬੰਗੇ ਕਾਲਜ ਵਿੱਚ ਥਾਂ ਨਾ ਮਿਲ ਸਕੀ, ਹਾਲਾਂਕਿ ਸੰਧੂ ਲੈਕਚਰਾਰ ਦੇ ਤੌਰ ’ਤੇ ਇੰਨਾ ਹਰਮਨ ਪਿਆਰਾ ਸੀ ਕਿ ਉਹ ਮੁੰਡੇ ਜੋ ਸਿਰਫ਼ ਗੇੜੀ ਮਾਰਨ ਹੀ ਕਾਲਜ ਆਉਂਦੇ ਸਨ, ਉਹ ਵੀ ਉਸ ਦਾ ਪੀਰੀਅਡ ਨਾ ਛੱਡਦੇ। ਇਨ੍ਹਾਂ ਵਿਹਲ ਦੇ ਦਿਨਾਂ ਵਿੱਚ ਸ਼ਮਸ਼ੇਰ ਕੁਝ ਨਿਰਾਸ਼ ਵੀ ਰਹਿਣ ਲੱਗ ਪਿਆ ਸੀ, ਪਰ ਇਹ ਨਿਰਾਸ਼ਾ ਬਹੁਤੇ ਦਿਨ ਨਾ ਰਹੀ।

‘ਪੰਜਾਬੀ ਟ੍ਰਿਬਿਊਨ’ ਵਿੱਚ ਛੇਤੀ ਹੀ ਬਰਜਿੰਦਰ ਸਿੰਘ ਹਮਦਰਦ ਦੇ ਯਤਨ ਨਾਲ ਉਹ ਸਬ ਐਡੀਟਰ ਜਾ ਲੱਗਾ। ਹੁਣ ਕਦੇ ਸੋਚਣਾ ਤਾਂ ਲੱਗਦਾ ਕਿ ਚੰਗਾ ਹੀ ਹੋਇਆ ਕਿ ਸੰਧੂ ਨੇ ਹਮੇਸ਼ਾਂ ਲਈ ਬੰਗੇ ਅਤੇ ਗੁਣਾਚੌਰ ਦਾ ਹੋ ਕੇ ਰਹਿ ਜਾਣਾ ਸੀ। ਜਿਵੇਂ ਉਸ ਨੇ ਚੰਡੀਗੜ੍ਹ ਜਾ ਕੇ ਉੱਚੀਆਂ ਉਡਾਣਾਂ ਭਰੀਆਂ ਸ਼ਾਇਦ ਇਨ੍ਹਾਂ ਤੋਂ ਵਾਂਝਾ ਰਹਿ ਜਾਂਦਾ।

ਸ਼ਮਸ਼ੇਰ ਦਾ ਸਾਡੇ ਗੁਆਂਢੀ ਪਿੰਡ ਗੁਣਾਚੌਰ ਵਿਆਹਿਆ ਜਾਣਾ, ਸਾਡੀਆਂ ਹੁਣ ਤੱਕ ਬਣੀਆਂ ਪਰਿਵਾਰਕ ਸਾਝਾਂ ਦਾ ਸਬੱਬ ਬਣ ਗਿਆ। ਉਹ ਗੁਣਾਚੌਰ ਆਉਂਦਾ ਤਾਂ ਮੋਟਰ ਸਾਈਕਲ ਚੁੱਕ ਕੇ ਤਲਵੰਡੀ ਫੱਤੂ ਆ ਜਾਂਦਾ। ਉਨ੍ਹਾਂ ਦਿਨਾਂ ਵਿੱਚ ਫੋਨ ਕਿੱਥੇ ਹੁੰਦੇ ਸਨ, ਪਰ ਦਿਲ ਦੀਆਂ ਜੁੜੀਆਂ ਤਾਰਾਂ ਹੀ ਸਨ ਕਿ ਅਸੀਂ ਅਕਸਰ ਮਿਲਦੇ ਰਹੇ। ਤਲਵੰਡੀ ਲੱਗਦੀਆਂ ਮਹਿਫ਼ਲਾਂ ਅਤੇ ਸੰਧੂ ਦੇ ਮਿਲਾਪੜੇ ਸੁਭਾਅ ਦਾ ਕ੍ਰਿਸ਼ਮਾ ਸੀ ਕਿ ਮੇਰੇ ਉਹ ਮਿੱਤਰ ਬਾਰੀ, ਕੰਮਾ, ਮੱਖਣ ਤੇ ਪੰਮੀ ਜਿਹੜੇ ਕਦੇ ਪ੍ਰਾਇਮਰੀ ਸਕੂਲ ਤੋਂ ਅੱਗੇ ਨਹੀਂ ਸੀ ਗਏ, ਉਹ ਵੀ ਉਸ ਦੇ ਮਿੱਤਰਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਏ। ਕੋਈ ਗਿਣਤੀ ਨਹੀਂ ਅਸੀਂ ਕਿੰਨੇ ਦਿਨ, ਕਿੰਨੀਆਂ ਰਾਤਾਂ, ਇਕੱਠਿਆਂ ਨੇ ਗੁਣਾਚੌਰ ਜਾਂ ਤਲਵੰਡੀ ਬਿਤਾਈਆਂ ਹੋਣ।

ਸ਼ਮਸ਼ੇਰ ਸੰਧੂ ਨਾਲ ਸਬੰਧਾਂ ਕਰਕੇ ਹੀ ਮੈਨੂੰ ਵੱਖ ਵੱਖ ਖੇਤਰ ਦੀਆਂ ਅਜ਼ੀਮ ਸ਼ਖ਼ਸੀਅਤਾਂ ਨਾਲ ਮੇਲ ਮਿਲਾਪ ਦੇ ਮੌਕੇ ਮਿਲੇ। ਪਾਸ਼ ਨਾਲ ਪਹਿਲੀ ਵਾਰ ਬੰਗੇ ਕਾਲਜ ਉਸ ਨੂੰ ਮਿਲਣ ਆਏ ਨਾਲ ਹੀ ਮੇਲ ਹੋਇਆ ਜੋ ਉਸ ਦੇ ਅਮਰੀਕਾ ਜਾਣ ਤੱਕ ਜਾਰੀ ਰਿਹਾ। ਫਿਲਮਸਾਜ਼ ਜਗਜੀਤ ਚੂਹੜਚੱਕ ਨਾਲ ਪਹਿਲੀ ਮੁਲਾਕਾਤ ਵੀ ਉਸ ਦੇ ਚੰਡੀਗੜ੍ਹ ਵਾਲੇ ਕਮਰੇ ਵਿੱਚ ਹੀ ਹੋਈ ਜੋ ਜਗਜੀਤ ਦੀ ਮੌਤ ਤੱਕ ਨਿਭਦੀ ਰਹੀ। ਗੁਰਭਜਨ ਗਿੱਲ, ਅਮਰੀਕ ਬਨਵੈਤ, ਸਵਿਤੋਜ, ਸੁਰਜੀਤ ਪਾਤਰ ਤੇ ਹੋਰ ਬਹੁਤ ਸਾਰੀਆਂ ਸਾਹਿਤਕ ਸ਼ਖ਼ਸੀਅਤਾਂ ਨਾਲ ਨਿੱਘੇ ਸਬੰਧ ਉਸ ਜ਼ਰੀਏ ਬਣੇ। ਬਹੁਤ ਸਾਰੇ ਗਾਇਕਾਂ ਤੇ ਕਲਾਕਾਰਾਂ ਜਿਨ੍ਹਾਂ ਵਿੱਚ ਹੰਸ ਰਾਜ ਹੰਸ, ਸੁਰਜੀਤ ਬਿੰਦਰਖੀਆ, ਕਮਲਜੀਤ ਨੀਲੋਂ, ਅਤੁਲ ਸ਼ਰਮਾ ਤੇ ਹੋਰਾਂ ਨਾਲ ਲਾਗੇ ਹੋ ਕੇ ਵਿਚਰਨ ਦਾ ਮੌਕਾ ਮਿਲਿਆ ਤਾਂ ਉਹ ਵੀ ਸੰਧੂ ਕਰ ਕੇ ਹੀ ਸੀ।

ਹੁਣ ਜਦੋਂ ਮੈਂ ਸ਼ਮਸ਼ੇਰ ਨਾਲ ਆਪਣੇ 45 ਸਾਲ ਲੰਮੇ ਸਬੰਧਾਂ ’ਤੇ ਝਾਤ ਮਾਰਦਾ ਹਾਂ ਤਾਂ ਕੋਈ ਮੌਕਾ ਨਜ਼ਰ ਨਹੀਂ ਆਉਂਦਾ ਜਿੱਥੇ ਦੁਖ-ਸੁਖ, ਖੁਸ਼ੀ-ਗ਼ਮੀ ਵਿੱਚ ਇਕੱਠੇ ਨਾ ਹੋਏ ਹੋਈਏ। 1980 ’ਚ ਜਦੋਂ ਮੇਰਾ ਵਿਆਹ ਸੀ ਤਾਂ ਮੇਰੇ ਕੱਪੜੇ ਪਸੰਦ ਕਰਨ ਤੋਂ ਲੈ ਕੇ ਸੁਰਿੰਦਰ ਛਿੰਦੇ ਨੂੰ ਬੁੱਕ ਕਰਨ ਤੱਕ ਹਰ ਫ਼ੈਸਲੇ ’ਚ ਮੋਹਰੀ ਸੀ। ਹਾਲਾਂਕਿ ਸਾਡੀ ਰੀਝ ਤਾਂ ਦੀਦਾਰ ਸੰਧੂ ਨੂੰ ਸੱਦਣ ਦੀ ਸੀ, ਪਰ ਉਸ ਦੇ ਪਹਿਲਾਂ ਬੁੱਕ ਹੋਣ ਕਰਕੇ ਪੂਰੀ ਨਾ ਹੋ ਸਕੀ। ਸਾਡੇ ਬੱਚੇ ਗਗਨ ਤੇ ਸੁਖਮਣੀ, ਨਵਦੀਪ ਤੇ ਮਨਮੀਤ ਵੀ ਹਾਣੀ ਹੀ ਹਨ। ਮੈਨੂੰ ਅਜੇ ਕੱਲ੍ਹ ਵਾਂਗ ਯਾਦ ਹੈ ਜਦੋਂ ਸ਼ਮਸ਼ੇਰ ਦੇ ਮੋਟਰ ਸਾਈਕਲ ਤੇ ਅਸ਼ੋਕ ਸ਼ਰਮਾ ਦੇ ਸਕੂਟਰ ’ਤੇ ਸਵਾਰ ਹੋ ਕੇ ਅਸੀਂ ਦੋਵਾਂ ਪਰਿਵਾਰਾਂ ਨੇ ਚੰਡੀਗੜ੍ਹ ਦਾ ਆਲਾ ਦੁਆਲਾ ਘੁੰਮਿਆ ਸੀ। ਸ਼ਮਸ਼ੇਰ ਦੀ ਚੰਡੀਗੜ੍ਹ ਬਣ ਰਹੀ ਕੋਠੀ ਲਈ ਸਾਰੀ ਰਾਤ ਭਰੋਮਜਾਰੇ ਦੇ ਆਰੇ ’ਤੇ ਬੈਠ ਕੇ ਲੱਕੜ ਚਿਰਵਾਈ ਸੀ। ਕੋਠੀ ਦੇ ਗ੍ਰਹਿ ਪ੍ਰਵੇਸ਼ ਸਮੇਂ ਰੌਣਕ ਦਾ ਹਿੱਸਾ ਬਣੇ ਸੀ। ਦੀਦਾਰ ਸੰਧੂ ਤੇ ਅਮਰ ਨੂਰੀ ਨੂੰ ਇਕੱਠਿਆਂ ਆਪਣਾ ਅਮਰ ਗੀਤ ‘ਮੇਰਾ ਕੱਲ੍ਹ ਦਾ ਕਾਲਜਾ ਦੁਖਦਾ’ ਗਾਉਂਦਿਆਂ ਵੀ ਆਖ਼ਰੀ ਵਾਰ ਇਸ ਮਹਿਫ਼ਲ ਵਿੱਚ ਹੀ ਸੁਣਿਆ ਸੀ।

ਸੰਧੂ ਦੀ ਵਜ੍ਹਾ ਕਰਕੇ ਮੈਨੂੰ ਜ਼ਿੰਦਗੀ ਵਿੱਚ ਉਹ ਮੌਕੇ ਮਿਲੇ ਜਿਨ੍ਹਾਂ ਦੀ ਉਨ੍ਹਾਂ ਦੇ ਸਾਥ ਬਿਨਾਂ ਸੰਭਾਵਨਾ ਹੀ ਨਾ ਹੁੰਦੀ। ਮੈਂ ਪਹਿਲੀ ਵਾਰ ਰੇਡੀਓ ਸਟੇਸ਼ਨ ਜਲੰਧਰ ਦੇ ਪ੍ਰੋਗਰਾਮ ‘ਯੁਵ ਬਾਣੀ’ ’ਚ ਕਹਾਣੀ ਪੜ੍ਹਨ ਉਨ੍ਹਾਂ ਨਾਲ ਹੀ ਗਿਆ, ਜਿਸ ਦੇ ਪੇਸ਼ਕਾਰ ਉਹ ਹੀ ਸਨ। ਖ਼ੂਬਸੂਰਤ ਸਬੱਬ ਸੀ ਕਿ ਗੀਤਕਾਰ ਤੇ ਗਾਇਕ ਜਸਵੰਤ ਸੰਦੀਲਾ ਵੀ ਉਸੇ ਪ੍ਰੋਗਰਾਮ ਵਿੱਚ ਪਹਿਲੀ ਵਾਰ ਰੇਡੀਓ ਸਟੇਸ਼ਨ ’ਤੇ ਗਿਆ ਸੀ। ਫੇਰ ਰੇਡੀਓ ਸਟੇਸ਼ਨ ’ਤੇ ਜਾਣ ਦੇ ਬਥੇਰੇ ਮੌਕੇ ਮਿਲੇ। ਦੂਰਦਰਸ਼ਨ ਜਲੰਧਰ ’ਤੇ ਜਾਣ ਦਾ ਸਬੱਬ ਵੀ ਉਹਦੇ ਨਾਲ ਹੀ ਬਣਿਆ, ਜਦੋਂ ਬਿੰਦਰਖੀਏ ਦੇ ਇੱਕ ਰੂਬਰੂ ਵਿੱਚ ਮੈਂ ਵੀ ਸਵਾਲ ਕਰਤਾ ਬਣਿਆ। ਉਸ ਦੇ ਜ਼ਰੀਏ ਲਖਵਿੰਦਰ ਜੌਹਲ ਤੇ ਸਵਿਤੋਜ ਨਾਲ ਬਣੀ ਸਾਂਝ ਨੇ ਦੂਰਦਰਸ਼ਨ ’ਤੇ ਜਾਣ ਦੇ ਵੀ ਬਥੇਰੇ ਮੌਕੇ ਦਿੱਤੇ। ਜੇ ਅਸੀਂ ਰਲ਼ ਕੇ ਸੁਰਜੀਤ ਪਾਤਰ ਹੋਰਾਂ ਦੀ ਆਵਾਜ਼ ਵਿੱਚ ਕੈਸੇਟ ‘ਬਿਰਖ ਜੋ ਸਾਜ਼ ਹੈ’ ਰਿਕਾਰਡ ਕਰਵਾ ਸਕੇ ਤਾਂ ਇਹ ਵੀ ਉਸ ਦੇ ਦਿੱਤੇ ਹੌਸਲੇ ਕਰਕੇ ਸੀ। ਦੋ ਕੁ ਵਾਰ ਪ੍ਰੋਗਰਾਮ ਬਣ ਕੇ ਰੱਦ ਹੋਣ ’ਤੇ ਉਹਨੇ ਤੇ ਅਤੁਲ ਸ਼ਰਮਾ ਨੇ ਹੀ ਮੇਰਾ ਹੌਸਲਾ ਡਿੱਗਣ ਨਹੀਂ ਦਿੱਤਾ। ਇੱਕ ਵਾਰ ਤਾਂ ਉਹਨੇ ਤੇ ਅਤੁਲ ਨੇ ਜਦੋਂ ਉਹ ਸ਼ਿਮਲੇ ਦੁਪਹਿਰ ਰੰਗੀਨ ਕਰੀ ਬੈਠੇ ਸਨ, ਉੱਥੋਂ ਫੋਨ ਕਰਕੇ ਮੈਨੂੰ ਚੇਤਾ ਕਰਾਇਆ, ਜਦੋਂ ਬੰਗਿਆਂ ਤੋਂ ਮੇਰੇ ਪਿੰਡ ਫੋਨ ਕਰਨਾ ਵੀ ਟੇਢੀ ਖੀਰ ਸੀ।

ਪੰਜਾਬੀ ਲੋਕ ਸੰਗੀਤ, ਫਿਲਮਾਂ ਤੇ ਕਬੱਡੀ ਸਾਡੇ ਦੋਵਾਂ ਦੇ ਸ਼ੌਕ ਹਨ। ਅਸੀਂ ਸੈਂਕੜੇ ਕਬੱਡੀ ਮੈਚ ਇਕੱਠਿਆਂ ਨੇ ਦੇਖੇ ਹਨ। ਜਦੋਂ ਪੰਜਾਬ ਵਿੱਚ ਮੋਟਰਸਾਈਕਲ ਚਲਾਉਣ ’ਤੇ ਪਾਬੰਦੀ ਲੱਗੀ ਹੋਈ ਸੀ, ਅਸੀਂ ਸਾਈਕਲਾਂ ’ਤੇ ਸਫ਼ਰ ਕਰਕੇ ਵੀ ਕਬੱਡੀ ਦੇ ਮੈਚ ਦੇਖਣ ਜਾਂਦੇ ਰਹੇ ਹਾਂ। ਝਿੰਗੜਾਂ ਦੇ ਟੂਰਨਾਮੈਂਟ ਵਿੱਚ ਅਸੀਂ ਇਕੱਠਿਆਂ ਬਲਵਿੰਦਰ ਫਿੱਡੂ ਨੂੰ ਪਹਿਲੀ ਵਾਰ ਕਬੱਡੀ ਖੇਡਦਾ ਦੇਖਿਆ। ਪੱਤੜਾਂ ਵਾਲੇ ਬੋਲੇ ਦੀ ਖੇਡ ਵੀ ਸਾਡੇ ਪਿੰਡ ਦੇ ਟੂਰਨਾਮੈਂਟ ਵਿੱਚ ਅਸੀਂ ਇਕੱਠਿਆਂ ਪਹਿਲੀ ਵਾਰ ਦੇਖੀ। ਕਿਲ੍ਹਾ ਰਾਏਪੁਰ, ਢੁੱਡੀਕੇ ਤੇ ਹਕੀਪੁਰ ਦੇ ਟੂਰਨਾਮੈਂਟ ਅਸੀਂ ਬਹੁਤੀ ਵਾਰ ਇਕੱਠਿਆਂ ਦੇਖੇ। ਫਿੱਡੂ ਤੇ ਬੋਲੇ ਦੀ ਖੇਡ ਤੋਂ ਤਾਂ ਸੰਧੂ ਏਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਦੋਵਾਂ ਬਾਰੇ ਆਰਟੀਕਲ ਵੀ ਲਿਖੇ।

ਫਿਲਮਾਂ ਬਥੇਰੀਆਂ ਅਸੀਂ ਇਕੱਠਿਆਂ ਦੇਖੀਆਂ ਵੀ ਤੇ ਇਕੱਲੇ ਇਕੱਲੇ ਦੇਖੀਆਂ ਫਿਲਮਾਂ ਬਾਰੇ ਗੱਲਾਂ ਵੀ ਬਹੁਤ ਕੀਤੀਆਂ ਹਨ। ‘ਨਿਊ ਦਿੱਲੀ ਟਾਈਮਜ਼’ ਦੇਖ ਕੇ ਫਿਲਮ ਬਾਰੇ ਉਸ ਨੇ ਗੱਲਾਂ ਰਾਹੀਂ ਮੇਰੇ ਅੰਦਰ ਇੰਨੀ ਜਗਿਆਸਾ ਪੈਦਾ ਕਰ ਦਿੱਤੀ ਕਿ ਮੈਂ ਦੂਜੇ ਦਿਨ ਫਿਲਮ ਦੇਖਣ ਲਈ ਉਸ ਦੇ ਨਾਲ ਹੀ ਚੰਡੀਗੜ੍ਹ ਨੂੰ ਚੜ੍ਹ ਗਿਆ। ਮੇਰੇ ਦੱਸਣ ’ਤੇ ਮੇਰਾ ਭਣੋਈਆ ਗੁਰਦਿਆਲ ਵੀਸੀਆਰ ਲੈ ਕੇ ਆਇਆ ਤੇ ਕੁਝ ਆਰਟ ਫਿਲਮਾਂ ਵੀ, ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਕਿ ਮੋਟਰ ਸਾਈਕਲ ’ਤੇ ਦੋਹਰੀ ਸਵਾਰੀ ਦੀ ਪਾਬੰਦੀ ਹੈ, ਮੈਂ, ਸੰਧੂ ਤੇ ਜਸਵਿੰਦਰ ਤਿੰਨੇ ਹੀ ਇੱਕੋ ਮੋਟਰ ਸਾਈਕਲ ’ਤੇ ਚੜ੍ਹ ਕੇ ਸਰਗੂੰਦੀ (ਗੁਰਾਇਆ) ਨੂੰ ਚੱਲ ਪਏ। ਮੈਂ ਚਾਲਕ ਤੇ ਉਹ ਦੋਵੇਂ ਮੇਰੇ ਪਿੱਛੇ ਬਹਿ ਗਏ। ਪੁਲੀਸ ਨਾਕਿਆਂ ’ਤੇ ਦੋਵੇਂ ਥੱਲੇ ਉਤਰ ਜਾਂਦੇ ਤੇ ਨਾਕਾ ਟੱਕ ਕੇ ਫਿਰ ਅਸਵਾਰ ਹੋ ਜਾਂਦੇ। ਇਵੇਂ ਬਚਦੇ ਬਚਾਉਂਦੇ ਅਸੀਂ ਮੰਜ਼ਿਲ ’ਤੇ ਪਹੁੰਚ ਗਏ, ਪਰ ਉਸ ਦਿਨ ਇੱਕੋ ਵਾਰੀ ਦੇਖੀਆਂ ਤਿੰਨੇ ਫਿਲਮਾਂ ‘ਅਰਥ’, ‘ਅਰਧ ਸਤਿਆ’ ਤੇ ‘ਐਲਬਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ’ ਅਜੇ ਵੀ ਚੇਤਿਆ ਵਿੱਚ ਡੂੰਘੀਆਂ ਉੱਕਰੀਆਂ ਹੋਈਆਂ ਹਨ। ਮੇਰੇ ਭੈਣ ਦੇ ਸਹੁਰਾ ਸਾਹਿਬ ਜਿਹੜੇ ਉਦੋਂ ਪਿੰਡ ਦੇ ਸਰਪੰਚ ਸਨ, ਇਹ ਜਾਣ ਕੇ ਬਹੁਤ ਹੈਰਾਨ ਹੋਏ ਕਿ ਅਸੀਂ ਫਿਲਮਾਂ ਦੇਖਣ ਆਏ ਹਾਂ। ਇਹ ਚੇਤਾ ਕਰ ਕੇ ਅਸੀਂ ਹੁਣ ਵੀ ਖੁਸ਼ ਹੁੰਦੇ ਹਾਂ ਕਿ ਪ੍ਰਾਹੁਣੇ ਦੇ ਪਿਆਏ ਦੋ ਦੋ ਹਾੜਿਆਂ ਦਾ ਕ੍ਰਿਸ਼ਮਾ ਸੀ ਕਿ ਮੁੜਦਿਆਂ ਨੂੰ ਨਾ ਸਾਨੂੰ ਕਿਸੇ ਨਾਕੇ ਦਾ ਚੇਤਾ ਰਿਹਾ ਤੇ ਨਾ ਹੀ ਤੀਹਰੀ ਸਵਾਰੀ ਦੀ ਪਾਬੰਦੀ ਦਾ। ਦੀਦਾਰ ਸੰਧੂ ਦੇ ਗੀਤ ਗਾਉਂਦੇ ਅਸੀਂ ਸੁੱਖ ਸਵੀਲੀ ਤਲਵੰਡੀ ਫੱਤੂ ਪਹੁੰਚ ਗਏ।

ਕਾਲਜ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ ਗੀਤ ਸੰਗੀਤ ਵੀ ਰਲ ਕੇ ਬਥੇਰਾ ਮਾਣਿਆ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸੰਧੂ ਦੇ ਬਹੁਤ ਸਾਰੇ ਗਾਇਕਾਂ ਤੇ ਗਾਇਕਾਵਾਂ ਨਾਲ ਸਬੰਧਾਂ ਦੀ ਬਦੌਲਤ ਮੈਂ ਵੀ ਉਨ੍ਹਾਂ ਦੀ ਬਹੁਤ ਸੰਗਤ ਮਾਣੀ ਹੈ। ਦੀਦਾਰ ਸੰਧੂ ਦਾ ਆਪਣੇ ਲਾਗਲੇ ਪਿੰਡ ਸੋਡੀਆਂ ’ਚ ਇੱਕ ਅਖਾੜਾ ਦੇਖ ਕੇ ਮੁੜਦਿਆਂ ਮੋਟਰ ਸਾਈਕਲ ਤੋਂ ਡਿੱਗ ਕੇ ਸੱਟਾਂ ਵੀ ਲਵਾਈਆਂ। ਗਿਣਤੀ ਨਹੀਂ ਕਿ ਕਿੰਨੇ ਪ੍ਰੋ. ਮੋਹਣ ਸਿੰਘ ਤੇ ਅਮਰ ਸਿੰਘ ਸ਼ੌਂਕੀ ਮੇਲੇ ਅਸੀਂ ਹੋਰ ਮਿੱਤਰਾਂ ਸੰਗ ਰਲ ਕੇ ਇਕੱਠਿਆਂ ਮਾਣੇ। 1994 ’ਚ ਸ਼ੌਕੀ ਮੇਲੇ ਤੋਂ ਬਾਅਦ ਅਸੀਂ ਮੇਰੇ ਪਿੰਡ ਨੂੰ ਚਾਲੇ ਪਾਏ ਤਾਂ ਮੀਂਹ ਸਾਡੇ ਮਾਹਲਪੁਰ ਤੋਂ ਨਿਕਲਦਿਆਂ ਹੀ ਸ਼ੁਰੂ ਹੋ ਗਿਆ ਸੀ। ਨਾ ਤਾਂ ਅਸੀਂ ਇੰਦਰ ਮੋਹਨ ਸੋਢੀ ਨੂੰ ਬੰਗੇ ਉਤਰਨ ਦਿੱਤਾ ਤੇ ਨਾ ਜਸਵੀਰ ਗੁਣਾਚੌਰ ਨੂੰ, ਜਗਜੀਤ ਚੂਹੜਚੱਕ, ਕੁਲਬੀਰ ਸੈਣੀ ਤੇ ਸੰਧੂ ਨਾਲ ਹੀ ਸਨ, ਅਸੀਂ ਆਉਂਦੇ ਹੋਏ ਕਮਲਜੀਤ ਨੀਲੋਂ ਨੂੰ ਵੀ ਤਲਵੰਡੀ ਫੱਤੂ ਦਾ ਪਤਾ ਲਿਖਾ ਆਏ ਸਾਂ। ਉਹ ਵੀ ਦੂਜੇ ਦਿਨ ਸਵੇਰੇ ਥ੍ਰੀਵੀਲਰ ’ਤੇ ਪਿੰਡ ਆ ਪਹੁੰਚਿਆ। ਤਿੰਨ ਦਿਨ ਮੀਂਹ ਹਟਿਆ ਨਹੀਂ ਤੇ ਸਾਰਿਆਂ ਰਲ਼ ਕੇ ਉਹ ਰੌਣਕਾਂ ਲਾਈਆਂ ਜੋ ਮਿੱਥ ਕੇ ਲੱਗ ਹੀ ਨਹੀਂ ਸਕਦੀਆਂ। ਉਦੋਂ ਖਿੱਚੀਆਂ ਤਸਵੀਰਾਂ ਹੁਣ ਵੀ ਸਾਡੇ ਲਈ ਅਜ਼ੀਮ ਸਰਮਾਇਆ ਹਨ। ਪ੍ਰੋ. ਮੋਹਨ ਸਿੰਘ ਮੇਲਾ ਜਿਸ ਸਾਲ ਪੱਖੋਵਾਲ ਵਾਲੀ ਸੜਕ ’ਤੇ ਲੱਗਾ, ਮੇਲੇ ’ਚੋਂ ਅਸੀਂ ਜਗਮੋਹਨ ਕੌਰ ਦੇ ਘਰ ਖੁਸ਼ੀ ਸਾਂਝੀ ਕਰਨ ਗਏ, ਜਿਸ ਨੂੰ ਉਸ ਸਾਲ ਦਾ ਸਨਮਾਨ ਮਿਲਿਆ ਸੀ। ਖੁਸ਼ੀ ਦੇ ਦੋ ਦੋ ਪੈੱਗ ਲਾ ਕੇ ਜਦੋਂ ਅਸੀਂ ਤੁਰਨਾ ਚਾਹਿਆ ਤਾਂ ਜਗਮੋਹਨ ਕੌਰ ਕਹੇ ਮੇਲਾ ਤਾਂ ਹੁਣ ਮੁੱਕ ਗਿਆ ਤੁਸੀਂ ਹੋਰ ਠਹਿਰ ਜਾਵੋ। ਮੇਰੇ ਮੂੰਹ ’ਚੋਂ ਅਚਾਨਕ ਨਿਕਲੇ ਕਿ ਅਸੀਂ ਮੇਲੇ ਪਿੱਛੋਂ ਉੱਡਦੇ ਲਿਫ਼ਾਫ਼ੇ ਦੇਖਣੇ ਹਨ, ਕਿਸੇ ਨੇ ਗੱਲ ਗੋਲ਼ੀ ਕਿ ਨਹੀਂ, ਪਰ ਉਸ ਮੇਲੇ ਦੀ ਸੰਧੂ ਵੱਲੋਂ ਲਿਖੀ ਰਿਪੋਰਟ ਦਾ ਹੈਡਿੰਗ ਸੀ ‘ਮੇਲੇ ਪਿੱਛੋਂ ਜਿਵੇਂ ਖਾਲੀ ਉੱਡਦੇ ਲਿਫ਼ਾਫ਼ੇ’ ਜਿਸ ਵਿੱਚ ਮੇਲਾ ਮੁੱਕੇ ਤੋਂ ਬਾਅਦ ਖਤਾਨਾਂ ਵਿੱਚ ਨੱਚਦੇ ਮੁੰਡਿਆਂ ਦਾ ਜ਼ਿਕਰ ਸੀ।

ਸ਼ਮਸ਼ੇਰ ਤੇ ਉਸ ਦੀ ਪਤਨੀ ਸੁਖਵੀਰ ਹੋਰਾਂ ਨੇ ਗੁਣਾਚੌਰ ਦੋਵਾਂ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਖੰਡ ਪਾਠ ਸਾਹਿਬ ਦਾ ਭੋਗ ਸਮਾਗਮ ਰੱਖਿਆ। ਇਸ ਸਮਾਗਮ ਦੇ ਸੱਦਾ ਪੱਤਰ ਕੋਈ ਮੇਰੇ ਵੱਡੇ ਭਰਾ ਮੱਖਣ ਸਿੰਘ ਤੇ ਹੋਰ ਦੋ-ਤਿੰਨ ਘਰਾਂ ਵਿੱਚ ਦੇ ਗਿਆ। ਥੋੜ੍ਹੇ ਦਿਨ ਪਹਿਲਾਂ ਜਦੋਂ ਕਾਰਡ ਚੰਡੀਗੜ੍ਹ ਤੋਂ ਡਾਕ ਰਾਹੀਂ ਭੇਜਿਆ ਮਿਲ ਗਿਆ ਤਾਂ ਗੱਲ ਮੇਰੇ ਖਾਨੇ ਪੈ ਗਈ। ਥੋੜ੍ਹੇ ਦਿਨ ਪਹਿਲਾਂ ਸਹਿਕਾਰੀ ਬੈਂਕ ਨਵਾਂ ਸ਼ਹਿਰ ਦੀ ਚੋਣ ਹੋ ਕੇ ਹਟੀ ਸੀ ਜਿਸ ਵਿੱਚ ਸੁਖਵੀਰ ਦੇ ਸਕੇ ਮਾਮਾ ਜੀ ਮੋਹਨ ਸਿੰਘ ਲੰਗੇਰੀ ਤੇ ਸਾਡੇ ਬਜ਼ੁਰਗ ਮਿੱਤਰ ਗਿਆਨੀ ਬਲਦੇਵ ਸਿੰਘ ਆਹਮਣੇ ਸਾਹਮਣੇ ਸਨ। ਮੈਂ ਉਨ੍ਹਾਂ ਦਿਨਾਂ ਵਿੱਚ ਪਿੰਡ ਦਾ ਸਰਪੰਚ ਸਾਂ ਤੇ ਸਹਿਕਾਰੀ ਸਭਾ ਦਾ ਪ੍ਰਧਾਨ ਪਰਮਜੀਤ ਸਿੰਘ ਮੇਰਾ ਮਿੱਤਰ ਸੀ। ਨੰਬਰਦਾਰ ਦਰਸ਼ਨ ਸਿੰਘ ਹੋਰੀਂ ਇਸ ਸਬੰਧ ਵਿੱਚ ਪਹਿਲਾਂ ਮੈਨੂੰ ਆਪ ਮਿਲੇ, ਫਿਰ ਵੋਟਾਂ ਤੋਂ ਇੱਕ ਦਿਨ ਪਹਿਲਾਂ ਸ਼ਮਸ਼ੇਰ ਵੀ ਆਇਆ, ਪਰ ਸਾਡਾ ਮੇਲ ਨਹੀਂ ਹੋਇਆ। ਵੋਟਾਂ ਵਿੱਚ ਮੋਹਨ ਸਿੰਘ ਹੋਰੀਂ ਜਿੱਤ ਗਏ, ਪਰ ਡਾਕ ਰਾਹੀਂ ਮਿਲੇ ਕਾਰਡ ਤੋਂ ਮੈਨੂੰ ਲੱਗਾ ਕਿ ਜਿਵੇਂ ਉਹ ਮੈਨੂੰ ਆਪਣੇ ਨਾਲ ਧਿਰ ਬਣਿਆ ਖੜ੍ਹਾ ਦੇਖਣਾ ਚਾਹੁੰਦੇ ਸਨ, ਮੈਂ ਖੜ੍ਹ ਨਹੀਂ ਸਕਿਆ। ਉਸ ਸਮਾਗਮ ਵਿੱਚ ਮੈਂ ਆਪਣੇ ਆਪ ਨੂੰ ਸਹਿਜ ਨਹੀਂ ਰੱਖ ਸਕਿਆ ਤੇ ਰਸਮੀ ਜਿਹੀ ਹਾਜ਼ਰੀ ਲਵਾ ਕੇ ਆ ਗਿਆ। ਤਿੰਨ ਕੁ ਮਹੀਨੇ ਪਿੱਛੋਂ ਅਸੀਂ ਬੰਗੇ ਇਕੱਠੇ ਹੋ ਗਏ, ਮੈਂ ਬਹਿਣ ਦੀ ਸੁਲ੍ਹਾ ਮਾਰੀ ਤੇ ਸੰਧੂ ਝੱਟ ਸਹਿਮਤ ਹੋ ਗਿਆ। ਤੁਰਨ ਵੇਲੇ ਉਨ੍ਹਾਂ ਕਿਹਾ, ਰਾਤ ਗੁਣਾਚੌਰ ਰਹਿ ਪਾ ਤੇ ਅਸੀਂ ਗੁਣਾਚੌਰ ਆ ਗਏ। ਉੱਥੇ ਆ ਕੇ ਲੱਗਾ ਹੀ ਨਹੀਂ ਕਿ ਕੁਝ ਅਸਹਿਜ ਹੈ।

ਹੁਣ ਜਦੋਂ ਸਾਡੀ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਸ਼ੁਰੂ ਹੋਈਆਂ ਤਾਂ ਸਬੰਧਾਂ ਦੀ ਮਹਿਕ ਬਰਕਰਾਰ ਹੈ। ਮੈਨੂੰ ਅਮਰੀਕਾ ਆਇਆ ਤਕਰੀਬਨ ਤੇਰਾਂ-ਚੌਦਾਂ ਸਾਲ ਹੋ ਚੱਲੇ ਹਨ। ਦਿਨ ਰਾਤ ਬਿਲਕੁਲ ਇੱਕ ਦੂਜੇ ਤੋਂ ਉਲਟੇ ਹੋਣ ਕਰਕੇ ਹੁਣ ਜਦੋਂ ਅਸੀਂ ਫੋਨ ’ਤੇ ਮਿਲਦੇ ਹਾਂ ਤਾਂ ਦੋਵਾਂ ’ਚੋਂ ਮੈਂ ਅਕਸਰ ਸ਼ਾਮ ਰੰਗੀਨ ਕੀਤੀ ਹੁੰਦੀ ਹੈ ਤੇ ਉਹ ਚਾਹ ਦੇ ਕੱਪ ’ਤੇ ਹੁੰਦਾ ਹੈ। ਕਈ ਵਾਰ ਲੱਗਦਾ ਹੁੰਦਾ ਹੈ ਕਿ ਮੈਂ ਉਸ ਨਾਲ ਜ਼ਿਆਦਤੀ ਕਰ ਰਿਹਾਂ। ਫਿਰ ਚੇਤੇ ਵਿੱਚ ਉਹ ਦਿਨ ਆ ਜਾਂਦੇ ਹਨ, ਜਦੋਂ ਵੇਲੇ ਕੁਵੇਲੇ ਆਇਆ ਸੰਧੂ ਮੇਰੇ ਗੇਟ ਖੋਲ੍ਹਦਿਆਂ ਗਾਉਣ ਲੱਗ ਪੈਂਦਾ ਸੀ, ‘‘ਬੂਹਾ ਏਸ ਵੇਲੇ ਕੀਹਨੇ ਖੜਕਾਇਆ, ਦੇਖੀਂ ਕਿਤੇ ਯਾਰ ਨਾ ਹੋਵੇ’। ਉਸ ਦਾ ਸਾਰਥੀ ਬਲਬੀਰ ਕੋਲ ਖੜ੍ਹਾ ਹੱਸੀ ਜਾਂਦਾ। ਇਹ ਦਿਨ ਚੇਤੇ ਕਰ ਕੇ ਮੈਂ ਆਪਣੇ ਆਪ ਨੂੰ ਇਹ ਹੱਕ ਦੇ ਲੈਂਦਾ ਹਾਂ ਕਿ ਮੇਰੇ ਕੋਲ ਅਧਿਕਾਰ ਹੈ ਕਿ ਮੈਂ ਵੀ ਉਸ ਦਾ ਕੁੰਡਾ ਕਿਸੇ ਵੀ ਸਮੇਂ ਖੜਕਾ ਕੇ ਕਹਿ ਸਕਦਾ ਹਾਂ, ਨੀਂ ਦੇਖੀਂ ਕਿਤੇ ਯਾਰ ਨਾ ਹੋਵੇ...।

ਸੰਪਰਕ: 562 726 7674

Advertisement
×