ਉਮਰੋਂ ਲੰਮਾ ਹਉਕਾ... ਪਰਵਾਸ : The Tribune India

ਉਮਰੋਂ ਲੰਮਾ ਹਉਕਾ... ਪਰਵਾਸ

ਉਮਰੋਂ ਲੰਮਾ ਹਉਕਾ... ਪਰਵਾਸ

ਪਰਮਜੀਤ ਕੌਰ ਸਰਹਿੰਦ

ਬਚਪਨ ਵਿੱਚ ‘ਪਰਵਾਸ’ ਸ਼ਬਦ ਨਾ ਕਦੇ ਪੜ੍ਹਿਆ ਤੇ ਨਾ ਹੀ ਸੁਣਿਆ ਸੀ। ਅੱਜ ਇਹ ਸ਼ਬਦ ਹਰ ਪਾਸੇ ਫੈਲਿਆ ਹੋਇਆ ਹੈ। ਪੰਜ-ਸੱਤ ਦਹਾਕੇ ਪਹਿਲਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸਾਂ ਕਿ ਕੁਝ ਲੋਕ ਰੁਜ਼ਗਾਰ ਲਈ ਅਮਰੀਕਾ, ਕੈਨੇਡਾ, ਇੰਗਲੈਂਡ, ਸਿੰਘਾਪੁਰ, ਬਰਮਾ, ਚੀਨ ਤੇ ਦੱਖਣੀ‌ ਅਫ਼ਰੀਕਾ ਆਦਿ ਦੇਸ਼ਾਂ ਵਿੱਚ ਗਏ। ਮੁੜ ਕਲਕੱਤਾ ਜਾਂ ਹੋਰ ਮਹਾਨਗਰਾਂ ਵਿੱਚ ਆ ਕੇ ਸਥਾਪਤ ਹੋ ਗਏ। ਉਨ੍ਹਾਂ ਨੇ ਜ਼ਿਆਦਾਤਰ ਟਰੱਕਾਂ -ਟੈਕਸੀਆਂ ਦੇ ਕਾਰੋਬਾਰ ਕਰ ਲਏ। ਆਪਣੀ ਮਿੱਟੀ ਨੂੰ ਮੋਹ ਕਰਨ ਵਾਲਿਆਂ ਜ਼ੱਦੀ ਪਿੰਡਾਂ ਵਿੱਚ ਜ਼ਮੀਨਾਂ-ਜਾਇਦਾਦਾਂ ਬਣਾਈਆਂ ਤੇ ਉੱਥੇ ਆ ਵਸੇ। ਬਹੁਤ ਘੱਟ ਲੋਕ ਵਿਦੇਸ਼ਾਂ ਵਿੱਚ ਟਿਕੇ। ਇੱਕ ਸਮਾਂ ਆਇਆ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੇ‌ ਜ਼ਮਾਨੇ ਵਿੱਚ ਮਿਹਨਤਕਸ਼ ਲੋਕ ਸਿਰਫ਼ ਪੰਜਾਹ ਰੁਪਏ ਵਿੱਚ ਪਾਸਪੋਰਟ ਬਣਾ ਕੇ ਇੰਗਲੈਂਡ ਪੁੱਜੇ। ਇਨ੍ਹਾਂ ਨਾਲ ਕੁਝ ਕਿਸਾਨ ਪਰਿਵਾਰਾਂ ਦੇ ਜੀਅ ਵੀ ਉਸੇ ਕੈਟੇਗਰੀ ਵਿੱਚ ਉੱਥੇ ਚਲੇ ਗਏ। ਗੋਰੀ‌ ਸਰਕਾਰ‌ ਨੂੰ ਕਿਰਤੀ ਵਰਗ ਦੀ ਲੋੜ‌ ਸੀ ਤੇ ਪੰਜਾਬੀਆਂ ਦੀ ਕਿਰਤੀ ਬਿਰਤੀ ਨੂੰ ਜੱਗ ਜਾਣਦਾ ਹੈ। ਉਹ ਲੋਕ ਸਮਾਂ ਪਾ ਕੇ ਮਿਹਨਤ ਸਦਕਾ‌ ਵੱਡੇ ਕਾਰੋਬਾਰੀ ਬਣ ਗਏ। ਇਹ ਗੱਲ ਮੈਨੂੰ ਮੇਰੇ ਇੰਗਲੈਂਡ ਵਸਦੇ ਰਿਸ਼ਤੇਦਾਰ ਨੇ ਸਬੂਤਾਂ ਸਮੇਤ ਦੱਸੀ। ਇਨ੍ਹਾਂ ਲੋਕਾਂ ਨੇ ਪਿੱਛੇ ਪਿੰਡਾਂ ਵਿੱਚ ਚੋਖੀਆਂ ਜਾਇਦਾਦਾਂ ਬਣਾਈਆਂ।

ਫਿਰ ਦੌਰ ਆਇਆ ਨੌਕਰੀ ਤੋਂ ਸੇਵਾ ਮੁਕਤ ਹੋਣ ਪਿੱਛੋਂ ਕੋਈ ਵਿਰਲਾ ਵਿਦੇਸ਼ ਜਾਣ ਲੱਗਾ। ਉਹ ਉੱਥੇ ਡਰਾਈਵਰ ਜਾਂ ਕਿਸੇ ਕਾਰਖਾਨੇ ਵਿੱਚ ਕੰਮ ਕਰਦਾ। ਪਿੱਛੇ ਪਰਿਵਾਰ ਰੱਜ ਕੇ ਰੋਟੀ ਖਾਣ ਲੱਗਦਾ। ਇਹ ਲੋਕ ਦੀਵਾਲੀ ਜਾਂ ਕਿਸੇ ਖੁਸ਼ੀ- ਗ਼ਮੀ ਮੌਕੇ ਆਪਣੇ ਘਰ ਗੇੜਾ ਮਾਰਦੇ ਰਹਿੰਦੇ। ਇਨ੍ਹਾਂ ਦੇ ਪਰਦੇਸ ਜਾਣ ਨੂੰ ਕਦੇ ਕੋਈ ਪਰਵਾਸ ਦਾ ਨਾਂ ਨਹੀਂ ਸੀ ਦਿੰਦਾ।

ਕੁਝ ਹੀ ਸਮੇਂ ਦੇ ਅੰਦਰ ਜੋ ਪਰਿਵਰਤਨ ਇਸ ਵਰਤਾਰੇ ਵਿੱਚ ਦੇਖਣ ਨੂੰ ਮਿਲਿਆ ਹੈ ਉਹ ਗਹਿਰੀ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ। ਇਸ ਨੇ ਹਰ ਆਮ ਤੇ ਖਾਸ ਵਿਅਕਤੀ ਦੇ ਚਿੱਤ ਨੂੰ ਚਿਤਵਣੀ ਲਾਈ ਹੈ। ਭਾਵੇਂ ਪਰਿਵਰਤਨ ਕੁਦਰਤ ਦਾ ਨਿਯਮ ਹੈ, ਪਰ‌ ਤਿੱਖੀ ਗਤੀ‌ ਨਾਲ ਆਇਆ ਬਦਲਾਅ ਖਤਰਨਾਕ ਵੀ ਹੁੰਦਾ ਹੈ। ਸਹਿਜ‌ ਮਤੇ ਵਗਦਾ ਪਾਣੀ ‌ਤੇ ਹਵਾ ਪ੍ਰਾਣੀਆਂ ਨੂੰ ਜੀਵਨ ਬਖ਼ਸ਼ਦਾ ਹੈ, ਪਰ ਦੋਵਾਂ ਦੀ ਤੇਜ਼ ਰਫ਼ਤਾਰ ਹੜ੍ਹ, ਹਨੇਰੀ ਜਾਂ ਝੱਖੜ‌ ਬਣ ਕੇ ਤਬਾਹੀ ਮਚਾਉਂਦੀ ਹੈ। ਕਿਸੇ ਪਿੰਡ, ਸ਼ਹਿਰ ਜਾਂ ਰਿਸ਼ਤੇਦਾਰਾਂ ਵੱਲ ਨਜ਼ਰ ਮਾਰੀਏ ਤਾਂ ਕੋਈ ਹੀ ਘਰ ਅਜਿਹਾ ਹੋਵੇਗਾ ਜਿਸ ਵਿੱਚੋਂ ਕੋਈ ਜੀਅ ਪਰਦੇਸ ਨਾ ਗਿਆ ਹੋਵੇ। ਗੁਆਂਢ-ਮੁਹੱਲੇ ਬਾਰੇ ਦੇਖਦਿਆਂ- ਸੁਣਦਿਆਂ ਪਤਾ ਲੱਗਦਾ ਹੈ ਕਿਵੇਂ ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਕਮਾਈ ਜਾਂ ਪੜ੍ਹਾਈ ਕਰਨ ਲਈ ਵਿਦੇਸ਼ ਜਾਣਾ ਮਾੜਾ ਨਹੀਂ, ਪਰ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਰਹਿ ਜਾਣਾ ਚੰਗਾ ਨਹੀਂ। ਵਿੱਚ-ਵਿਚਾਲੇ ਰੁਝਾਨ ਰਿਹਾ ਕਿ ਲੋਕ ਪਰਦੇਸ ਵਿੱਚ ਕਮਾਈ ਕਰਦੇ ਤੇ ਆਪਣੇ ਵਤਨ ਵਿੱਚ ਜ਼ਮੀਨਾਂ-ਜਾਇਦਾਦਾਂ ਖ਼ਰੀਦ ਕੇ ਅਗਲੇ-ਪਿਛਲੇ ਧੋਣੇ ਧੋ ਦਿੰਦੇ, ਪਰ ਹੁਣ ਅਜਿਹੀ ਪੁੱਠੀ ਹਵਾ ਵਗੀ ਕਿ ਲੋਕਾਂ ਖਾਸ ਕਰ ਨੌਜਵਾਨ ਪੀੜ੍ਹੀ ਨੇ ਮਜਬੂਰੀ ਵੱਸ ਜਾਂ ਦੇਖਾ ਦੇਖੀ ਸੱਤ ਸਮੁੰਦਰੋਂ ਪਾਰ ਜਾਣ ਲਈ ਵਹੀਰਾਂ ਘੱਤ ਲਈਆਂ। ਮਾਪਿਆਂ ਨੂੰ ਆਪਣੇ ਪੁਰਖਿਆਂ ਦੀ ਖ਼ੂਨ ਪਸੀਨਾ ਇੱਕ ਕਰ ਕੇ ਬੰਜਰ‌ ਤੋਂ ਜ਼ਰਖ਼ੇਜ਼ ਬਣਾਈ ਭੂਮੀ ਬੱਚਿਆਂ ਦੇ ਭਵਿੱਖ ਲਈ ਦਿਲ ’ਤੇ ਪੱਥਰ ਰੱਖ ਕੇ ਵੇਚਣੀ ਪਈ। ਆਮ ਜਾਂ ਮੱਧਵਰਗੀ ਪਰਿਵਾਰਾਂ ਨੇ ਕਰਜ਼ੇ ਚੁੱਕੇ ਜਾਂ ਮਿਹਨਤ- ਮੁਸ਼ੱਕਤ ਕਰਕੇ ਜੋੜੇ ਚਾਰ‌ ਪੈਸੇ ਵਿਦੇਸ਼ੀ ਕਾਲਜਾਂ, ਯੂਨੀਵਰਸਿਟੀਆਂ, ਏਜੰਟਾਂ ਤੇ ਅੰਬੈਸੀਆਂ ਦੀ ਭੇਟ‌ਚੜ੍ਹਾ ਦਿੱਤੇ। ਜਿਨ੍ਹਾਂ ਭਾਗਾਂ ਵਾਲਿਆਂ ਦੀ ਲਾਇਕ ਔਲਾਦ ਕਾਮਯਾਬ ਹੋ ਗਈ, ਉਨ੍ਹਾਂ ਸੁੱਖ‌ ਦਾ ਸਾਹ ਲਿਆ, ਪਰ ਜਿਹੜੇ ਕਿਸੇ ਤਣ ਪੱਤਣ ‌ਨਾ‌ ਲੱਗੇ, ਉਨ੍ਹਾਂ ਦੇ ਮਾਪਿਆਂ ਦੀ ਹਾਲਤ ਹੋਰ ਵੀ ਮਾੜੀ ਹੋ ਗਈ। ਪਹਿਲਾਂ ਸਿਰਫ਼ ਪੰਜਾਬ ਦੇ ਪੁੱਤ ਹੀ ਬਾਹਰ ਜਾ ਰਹੇ ਸਨ, ਪਰ ਹੁਣ ਧੀਆਂ ਵੀ ਪਰਦੇਸਾਂ ਨੂੰ ਜਾ ਰਹੀਆਂ ਹਨ ਜਿਨ੍ਹਾਂ ਨੂੰ ਅਸੀਂ ‌ਵਿਆਹ ਤੋਂ ਬਾਅਦ ਪਰਦੇਸਣਾਂ ਕਹਿੰਦੇ ਸਾਂ। ਇਹ ਅੱਜ ਦੇ ਪੰਜਾਬ ਦੀ ਤ੍ਰਾਸਦੀ ਹੈ।

ਮਹਿੰਗੀ ਵਿੱਦਿਆ, ਬੇਰੁਜ਼ਗਾਰੀ, ਰੁਲ਼ਦੇ ਸਰਟੀਫਿਕੇਟ, ਡਿਗਰੀਆਂ, ਡਿਪਲੋਮੇ ਤੇ ਮੈਡਲ ਕਾਣੀ ਕੌਡੀ ਦੇ ਹੋ ਕੇ ਰਹਿ ਜਾਂਦੇ ਹਨ। ਅਜੋਕੇ ਗੈਂਗਸਟਰ ਕਲਚਰ ਤੋਂ ਡਰਦੇ ਲੋਕ ਵੀ ਬੱਚਿਆਂ ਨੂੰ ‌ਵਤਨੋਂ ਦੂਰ ਕਰ‌ ਰਹੇ‌ ਹਨ। ਕਈ ਵਾਰ ਭਟਕਦੀ ਜਵਾਨੀ ਕੁਰਾਹੇ ਪੈ ਕੇ ਨਸ਼ਿਆਂ ਦੀ ਦਲਦਲ ਵਿੱਚ ਧਸ ਜਾਂਦੀ ਹੈ। ਇਸ ਆਲਮ ਵਿੱਚ ਕਈ ਖ਼ੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ ਤੇ ਮਾਪੇ ਜਿਊਂਦੇ ਜੀਅ ਮਰਿਆਂ ਬਰਾਬਰ ਹੋ‌ਕੇ ਰਹਿ ਜਾਂਦੇ ਹਨ। ਬੇਵੱਸ ਮਾਪੇ ਇਨ੍ਹਾਂ ਅਣਹੋਣੀਆਂ ਤੋਂ ਡਰਦੇ ਵੀ ਕਾਲਜੇ ’ਤੇ‌ ਪੱਥਰ ਨਹੀਂ ਬਲਕਿ ਪੂਰਾ ਪਹਾੜ ਰੱਖ ਕੇ ਔਲਾਦ ਨੂੰ ਪਰਵਾਸ ਨਹੀਂ ਜਿਵੇਂ ਬਣਵਾਸ ਦੇ ਦਿੰਦੇ ਹਨ। ਮਾਂ- ਬਾਪ ਤੇ‌ ਦਾਦੇ- ਦਾਦੀਆਂ ਤਾਂ ਜਿਵੇਂ ਉਮਰੋਂ ਪਹਿਲਾਂ ਹੀ ਬੁੱਢੇ ਹੋ ਜਾਂਦੇ ਹਨ। ਉਨ੍ਹਾਂ ਦੇ ਮਮਤਾ ਵਿੱਚ ਵੈਰਾਗੇ ਸਾਹ ਹਉਕੇ ਬਣ ਕੇ ਰਹਿ ਜਾਂਦੇ ਹਨ। ਮਾਪਿਆਂ ਲਈ ਉਮਰੋਂ ਲੰਮਾ ਹਉਕਾ ਬਣ ਜਾਂਦਾ ਹੈ ਔਲਾਦ ਦਾ ਇਹ ਪਰਵਾਸ...।

ਦਾਦੀ ਹੋਣ ਦੇ ਨਾਤੇ ਮੈਨੂੰ ਪਰਵਾਸ ਦੇ ਡੂੰਘੇ ਅਰਥ ਉਦੋਂ ਸਮਝ ਆਏ ਜਦੋਂ ਕਾਰ ਹਾਦਸੇ ਵਿੱਚ ਸਦਾ ਲਈ ਵਿੱਛੜ ਗਏ ਇੱਕਲੌਤੇ ਪੁੱਤਰ ਦੇ ਸਿਰਫ਼ 19 ‌ਸਾਲ ਦੇ ਇਕਲੌਤੇ ਬੇਟੇ ਨੂੰ ਪਰਦੇਸ ਭੇਜਿਆ। ਉਸ ਨੇ ਦਸਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਸਾਨੂੰ ਆਪਣੀ ਵਿਦੇਸ਼ ਜਾਣ ਦੀ ਇੱਛਾ ਦੱਸ ਦਿੱਤੀ ਸੀ। ਪੁੱਤਰ ਦੇ ਵਿੱਛੜਨ ਸਮੇਂ ਸਾਡਾ ਪੋਤਰਾ ਸਿਰਫ਼ ਦੋ ਸਾਲ ਤੇ ਦੋ ਹਫ਼ਤਿਆਂ ਦੀ ਉਮਰ ਦਾ ਮਾਸੂਮ ਸੀ। ਬਾਰ੍ਹਵੀਂ ਜਮਾਤ ਵਿੱਚ ਵਧੀਆ ‌ਅੰਕ ਪ੍ਰਾਪਤ ਕਰਨ ਉਪਰੰਤ ਉਸ ਨੇ ਫਿਰ ਆਪਣਾ ਇਰਾਦਾ ਜ਼ਾਹਰ ਕੀਤਾ। ਅਸੀਂ ਉਸ ਨੂੰ ਸਮਝਾਇਆ ਕਿ ‘‘ਸਾਨੂੰ ਤੇਰੇ ਵਿੱਚੋਂ ਹੀ ਆਪਣਾ ਤੁਰ ਗਿਆ ਪੁੱਤ ਦਿਸਦਾ ਹੈ, ਤੇਰੇ ਵਿੱਚੋਂ ਹੀ ਪੋਤਾ ਤੇ ਤੇਰੀ ਛੋਟੀ ਭੈਣ ਤੇ ਮਾਂ ਦਾ ਜੱਗ ਵੀ ਤੇਰੇ ਨਾਲ ਵੱਸਦਾ ਹੈ, ਤੇਰੇ ਵਿਦੇਸ਼ ਜਾਣ ਨਾਲ ਘਰ ਸੁੰਨਾ ਹੋ ਜਾਵੇਗਾ।’’ ਅਸੀਂ ਇਹ ਵੀ ਕਿਹਾ ਕਿ ਜੋ ਪੜ੍ਹਾਈ ਤੂੰ ਕਰਨੀ ਹੈ, ਅਸੀਂ ਇੱਥੇ ਹੀ ਕਰਵਾ‌ ਦਿਆਂਗੇ। ਉਸ ਨੇ ਬਹੁਤ ਪਿਆਰ-ਸਤਿਕਾਰ ਭਰੇ ਬੋਲਾਂ ਨਾਲ ਆਪਣੇ ‌ਦਾਦਾ ਜੀ‌ ਨੂੰ ਕਿਹਾ, ‘‘ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਇੱਥੇ ਹੀ ਰਹਿ ਕੇ ਪੜ੍ਹਾਂਗਾ, ਪਰ ਮੇਰੇ ਮਨ ਵਿੱਚ ਸਾਰੀ ਉਮਰ ਇਹ ਪਛਤਾਵਾ ਰਹੇਗਾ ਕਿ ਮੈਂ ਜੋ ਬਣਨਾ ਚਾਹੁੰਦਾ ਸੀ, ਉਹ ਬਣ‌ ਨਹੀਂ ‌ਸਕਿਆ।’’

ਪਿਛਲੇ ਦਿਨੀਂ ਆਪਣੇ ਡੋਲਦੇ ਮਨ ਨੂੰ ਫਰਜ਼ ਦਾ ਠੁੰਮ੍ਹਣਾ ਦੇ ਕੇ ਬੱਚੇ ਨੂੰ ਹਵਾਈ ਅੱਡੇ ’ਤੇ ਛੱਡਣ ਗਏ ਤਾਂ ਬੁਹਤ ਮਾਨਸਿਕ ਪੀੜਾ ਹੰਢਾਈ। ਬੇਸ਼ੱਕ ਉਸ ਦੀਆਂ ਦੋਵੇਂ ਭੂਆਂ ਭਾਵ ਸਾਡੀਆਂ ਧੀਆਂ ਵਿਆਹ ਕਰਵਾਉਣ ਬਾਅਦ ਇੰਗਲੈਂਡ ਅਤੇ ਨੌਰਵੇ ਵਿੱਚ ਵੱਸਦੀਆਂ ਹਨ, ਪਰ ਉਨ੍ਹਾਂ ਨੂੰ ਛੱਡਣ ਗਿਆਂ ਅਜਿਹੀ ਹਾਲਤ ਨਹੀਂ ਹੁੰਦੀ ਜੋ ਪੋਤਰੇ ਵੇਲੇ ਹੋਈ। ਧੀਆਂ ਦੇ ਪਰਦੇਸ ਜਾਣ ਵੇਲੇ ਵੀ ਮਨ ਉਦਾਸ ਜ਼ਰੂਰ ਹੁੰਦਾ ਹੈ, ਪਰ ਇਸ ਵਿਛੋੜੇ ਲਈ ਤਾਂ ਅਸੀਂ ਧੀਆਂ ਦੇ ਜਨਮ ਸਮੇਂ ਤੋਂ ਹੀ ਤਿਆਰ ਹੁੰਦੇ ਹਾਂ। ਇਹ ਤੈਅ ਹੁੰਦਾ‌ਹੈ ਕਿ ਧੀਆਂ ਨੂੰ ਇੱਕ ਦਿਨ ‘ਬੇਗਾਨੇ’ ਜਾਂ ਫਿਰ ‘ਆਪਣੇ’ ਘਰ‌ ਜਾਣਾ ਹੀ ਪਵੇਗਾ। ਧੀਆਂ ਦੇ ਵਿਆਹ ਨੂੰ ਵਿਦਾਈ ਮੌਕੇ ਗਾਏ‌ਜਾਂਦੇ ਗਾਉਣ ਦੇ ਬੋਲ ਮੁੜ-ਮੁੜ ਚੇਤੇ ਆਏ:

ਮਾਵਾਂ ਧੀਆਂ ਮਿਲਣ ਲੱਗੀਆਂ

ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ।

ਪਰ ਮੈਨੂੰ ਲੱਗਦਾ ਹੈ ਜਦੋਂ ਮਾਪੇ ਅੱਜ ਧੀਆਂ- ਪੁੱਤਾਂ ਨੂੰ ਪਰਦੇਸ ਤੋਰਦੇ ਹਨ‌ਤਾਂ ਸਿਰਫ਼ ਚੁਬਾਰੇ ਦੀਆਂ ਕੰਧਾਂ ਹੀ ਨਹੀਂ ਬਲਕਿ ਘਰ ਦੀਆਂ ਨੀਹਾਂ ਵੀ ਹਿਲਦੀਆਂ ਹਨ। ਖ਼ੈਰ! ਜਦੋਂ ਸਾਡਾ‌ ਬੱਚਾ ਹਵਾਈ ਅੱਡੇ ਦੇ ਅੰਦਰ ਚਲਾ ਗਿਆ ਤਾਂ ਮੈਨੂੰ ਜਾਪਿਆ ਜਿਵੇਂ ਮੇਰੀ ਰੂਹ ਨੂੰ ਉਹ ਨਾਲ ਹੀ ਲੈ ਗਿਆ। ਮੇਰਾ ਡਿੱਗਦਾ- ਡੋਲਦਾ ਬੁੱਤ ਪਿੱਛੇ ਮੁੜ-ਮੁੜ ਦੇਖਦਾ‌ ਰਿਹਾ। ਭਰੀਆਂ ਅੱਖਾਂ ਨਾਲ ਨਜ਼ਰ ਧੁੰਦਲੀ ਹੋ ਗਈ। ਬੇਵਸੀ ਤੇ ਉਦਾਸੀ ਦੇ ਆਲਮ ਵਿੱਚ ਮੈਂ ਹਵਾਈ ਅੱਡੇ ਦੀ ਵਿਸ਼ਾਲ ਇਮਾਰਤ ਨੂੰ ਦੇਖ- ਦੇਖ ਸੋਚ ਰਹੀ ਸਾਂ ਕਿ ਸਾਡਾ ਬੱਚਾ ਥੋੜ੍ਹੀ ਦੇਰ ਬਾਅਦ ਇੱਥੋਂ ਵਿਦੇਸ਼ ਨੂੰ ਉਡਾਰੀ ਮਾਰ ਜਾਵੇਗਾ। ਮੇਰੇ ਕਲੇਜੇ ਵਿੱਚ ਮੋਹ ਦੀ ਪੀੜ ਪਰੁੱਚੀ ਧੂਹ ਪਈ। ਆਪਣੇ‌ ਪਰਿਵਾਰ ਦੇ ਵੈਰਾਗੇ ਚਿਹਰੇ ਤੇ ਭਰੀਆਂ ਅੱਖਾਂ ਵੱਲ ਦੇਖਿਆ ਤੇ ਬਹੁਤ ਜ਼ਬਤ ਕਰ ਕੇ ਮਨ ਤਕੜਾ‌ ਕੀਤਾ। ਹਉਕਾ ਭਰਦਿਆਂ ਗੁਰਬਾਣੀ ਵਿੱਚੋਂ ਭਗਤ ਕਬੀਰ ਜੀ ਦੀ‌ ਪਾਵਨ ਤੁਕ ਯਾਦ ਆਈ :

ਦੀਨ ਦਇਆਲ ਭਰੋਸੇ ਤੇਰੇ ।।

ਸਭੁ ਪਰਵਾਰੁ ਚੜਾਇਆ ਬੇੜੇ।।

ਜਿਉਂਦਾ ਵਸਦਾ ਰਹੇ ਸਾਰਾ ਪਰਿਵਾਰ, ਪਰ ਉਸ

ਘੜੀ ਤਾਂ ਮੈਨੂੰ ਲੱਗਦਾ ਸੀ ਮੇਰੀ ਸਾਰੀ ਦੁਨੀਆ

ਆਪਣੇ ਦੂਰ ਜਾ ਰਹੇ ਬੱਚੇ ਵਿੱਚ ਸਿਮਟ‌ ਗਈ‌ ਹੈ। ਬੱਚਾ ਖੁਸ਼ ਹੈ, ਦਿਲ ਲਾ ਕੇ ‌ਪੜ੍ਹਾਈ ਕਰ ਰਿਹਾ‌ ਹੈ,

ਪਰ ਉਸ ਦੇ ਵਿਦੇਸ਼ ਜਾਣ ਨੇ ਮੇਰੀ ਮਾਨਸਿਕਤ ਤੇ ਸਰੀਰਕ ਹਾਲਤ ਨੂੰ ‌ਬਹੁਤ ਢਾਹ ਲਾਈ। ਇਹ ਉਸ ਦਾ ਫੈਸਲਾ ਸੀ ਤੇ ਸਾਡੇ ਲਈ ਧਰਮ ਸੰਕਟ। ਉਸ ਦਾ ਪਿਤਾ ਉਸ ਦੇ ‌ਸਿਰ ’ਤੇ ਹੁੰਦਾ ਤਾਂ ਸ਼ਾਇਦ ਅਸੀਂ ਉਸ ਨੂੰ ਅੱਖੋਂ ਓਹਲੇ ਨਾ‌ ਕਰਦੇ।

ਕਿੰਨੇ ਵੱਡੇ ਜਿਗਰੇ ਕਰਨੇ ਪੈਂਦੇ ਹਨ ਮਾਪਿਆਂ ਨੂੰ ਬੱਚਿਆਂ ਦਾ‌ ਵਿਛੋੜਾ‌ ਸਹਿਣ ਲਈ। ਵਾਰ-ਵਾਰ ਯਾਦ ਆਉਂਦੀ ਹੈ ਸਕੂਲਾਂ ਦੀਆਂ ਦੀਵਾਰਾਂ ’ਤੇ ਲਿਖੀ ਇਬਾਰਤ:

* ਅੱਜ ਦੇ ਵਿਦਿਆਰਥੀ ਕੱਲ੍ਹ ਦੇ ਨੇਤਾ।

* ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ।

ਸਮਝ ਨਹੀਂ ਆਉਂਦੀ ਇਹ ਕੀ ਭਾਣਾ ਵਰਤ ਗਿਆ ਹੈ ਕਿ ਵਿਦਿਆਰਥੀ ਜਾਂ‌ ਬੱਚੇ‌ ਤਾਂ‌ ਹੁਣ ਦਸਵੀਂ- ਬਾਰ੍ਹਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਵਿਦੇਸ਼ ਜਾਣ ਦੇ ਸੁਪਨੇ ਦੇਖਣ ਲੱਗਦੇ ਹਨ। ਸਾਡੇ‌ ਕੱਲ੍ਹ ਦੇ ਨੇਤਾ, ਸਾਡਾ ਕੱਲ੍ਹ ਦਾ ਭਵਿੱਖ ਤਾਂ ਤੜਾ- ਤਮੱਣੀਆਂ ਚੁੱਕੀ ਬੇਗਾਨੇ ਮੁਲਕਾਂ ਵਿੱਚ ਵਸਣ‌ ਦੇ ਇਰਾਦੇ ਧਾਰ ਚੁੱਕਿਆ ਹੈ। ਸਾਡਾ‌ ਬਾਗ਼ ਪੰਜਾਬ ਸੁੰਨਾ ਹੋ‌ ਰਿਹਾ ਹੈ। ਸਾਡੇ ਕਲਹਿਰੀ ਮੋਰ ਗੱਭਰੂ, ਸਾਡੀਆਂ ਘੁੱਗੀਆਂ- ਚਿੜੀਆਂ ਵਰਗੀਆਂ ਧੀਆਂ ਸੱਤ ਸਮੁੰਦਰੋਂ ਪਾਰ ਉਡਾਰੀ ਮਾਰ ਉੱਥੇ ਹੀ ਵਸ ਜਾਂਦੀਆਂ ਹਨ। ਆਪਣੇ ਖੁੱਲ੍ਹੇ- ਡੁੱੱਲ੍ਹੇ ਸੋਹਣੇ ਘਰ ਛੱਡ ਕੇ ਕਿਰਾਏ ਦੇ ਮਕਾਨ- ਬੇਸਮੈਂਟ ਲੱਭਦੇ ਫਿਰਦੇ ਹਨ।

ਇਨ੍ਹਾਂ ਦਿਨਾਂ ਵਿੱਚ ਦੋ ਵਾਰ ਦਿੱਲੀ ਗਏ ਪਹਿਲਾਂ ਪੋਤਰੇ ਨੂੰ ਛੱਡਣ ਤੇ ਦੂਜੀ ਵਾਰ ਧੀ‌ ਨੂੰ। ਹਵਾਈ ਅੱਡੇ ’ਤੇ ਦੇਖਿਆ ਕਿ ਉੱਥੇ ਕਿਸੇ ਮੇਲੇ ਵਾਂਗ ਭੀੜ ਸੀ। ਅੱਲੜ੍ਹ ਜਿਹੀ ਉਮਰ ਦੇ ਮੁੰਡੇ- ਕੁੜੀਆਂ ਨਾਲ ਉਨ੍ਹਾਂ ਦੇ ਪਰਿਵਾਰ ਦੇ ਦੋ- ਚਾਰ ਜੀਅ ਵੀ ਸਨ। ਉਨ੍ਹਾਂ ਆਪਣੇ ਵਰਗਿਆਂ ਦੀ ਹਾਲਤ ਦੇਖ ਕੇ ਲੋਕ- ਕਾਵਿ ਦੀ ਬੋਲੀ ਛੁਰੀ ਵਾਂਗ ਮੇਰੇ ਕਲੇਜੇ ਵਿੱਚ ਫਿਰ‌ ਗਈ :

ਭੈਣਾਂ ਰੋਂਦੀਆਂ ਨੂੰ ਵੀਰ ਵਰਾਉਂਦੇ

ਸਿਰ ਉੱਤੇ ਹੱਥ ਧਰ‌ ਕੇ...

ਪਰ ਇੱਥੇ ਤਾਂ ਬਹੁਤ ਹੀ ਕਰੁਣਾਮਈ ਦ੍ਰਿਸ਼ ਸੀ। ਸਾਡੇ ਬੱਚੇ ਵਰਗੇ ਉਸ ਦੇ ਹਮਉਮਰ ਆਪਣੀਆਂ ਰੋਂਦੀਆਂ ਮਾਵਾਂ- ਭੈਣਾਂ ਤੇ ਦਾਦੀਆਂ-ਨਾਨੀਆਂ‌ਨੂੰ ਗਲ਼ ਲਾ ਕੇ ਵਰਾ ਰਹੇ ਸਨ... ਦਿਲਾਸੇ ‌ਦੇ‌ਰਹੇ ਸਨ।

ਪੰਜਾਬ ਖਾਲੀ ਹੋ ਰਿਹਾ ਹੈ, ਮਾਪੇ ਬੇਵਸ ਹਨ ਤੇ ਸਰਕਾਰਾਂ ਚੁੱਪ। ਇਹ ਚੁੱਪ ਕਿਸੇ ਡੂੰਘੀ ਸਾਜ਼ਿਸ਼ ਵਰਗੀ ਹੈ। ਸਾਡੇ ਦੇਸ਼ ਦੇ ਹਵਾਈ ਅੱਡੇ, ਬੰਦਰਗਾਹਾਂ, ਵੱਡੇ ਪ੍ਰਾਜੈਕਟ ਤੇ ਪੰਜਾਬ ਦੇ ਹਿੱਤਾਂ ਵਾਲੇ ਕਾਰੋਬਾਰਾਂ ’ਤੇ ਜਰਵਾਲ ਧਿਰ (ਕਾਰਪੋਰੇਟ ਘਰਾਣੇ) ਕਾਬਜ਼ ਹੋ ਰਹੇ ਹਨ। ਕੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਲੋਕਾਂ ‌ਦੇ ਖਾਲੀ ਹੋ ਰਹੇ ਘਰ- ਘਾਟ‌ਵੀ ਇਹ ਲੋਟੂ ਧਿਰ ਸਾਂਭ ਲਵੇ ? ਖਾਲੀ ਘਰਾਂ ਦੀ‌ਭਾਂ-ਭਾਂ ਦੀ ਆਵਾਜ਼ ਜਾਂ ਮਾਪਿਆਂ ਤੇ ਬਜ਼ੁਰਗਾਂ ‌ਦੇ ਅੰਦਰੋਂ ਉੱਠਦੀ ਵੈਰਾਗ ਭਰੀ ਹੂਕ, ਉਨ੍ਹਾਂ ਦੀ ਵੇਦਨਾ ਦੇ ਦਰਦ ਭਰੇ ਬੋਲ ਸਰਕਾਰ ‌ਦੇ ਕੰਨਾਂ ਵਿੱਚ ਕਿਉਂ ਨਹੀਂ ਪੈਂਦੇ? ਅਸੀਂ ਕਿਸ ਨੂੰ ਉਡੀਕ ਰਹੇ ਹਾਂ ? ਇਸ ਕਲਯੁੱਗ ਵਿੱਚ ਕੌਣ ਤੇ ਕਦੋਂ ਕੋਈ ਅਵਤਾਰ ਆਵੇਗਾ ਜਿਹੜਾ ਉੱਜੜਦੇ ਪੰਜਾਬ‌ਨੂੰ ਬਚਾਵੇਗਾ? ਅਫ਼ਸੋਸ! ਇਹ ਅਵਤਾਰਾਂ ਦਾ‌ ਨਹੀਂ ਸਰਕਾਰਾਂ ਦਾ ਯੁੱਗ ਹੈ... ਜਾਂ ਫਿਰ ‘ਆਪਣ‌ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।।’ ਵਾਲੀ ਤੁਕ ’ਤੇ‌ ਅਮਲ ਕਰਨ ਵਾਲਾ ਸਮਾਂ ਹੈ।
ਸੰਪਰਕ: 98728-98599

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All