ਸਰਦ ਰੁੱਤ ਦਾ ਸ਼੍ਰੋਮਣੀ ਤਿਉਹਾਰ ਲੋਹੜੀ
ਪੁਰਾਤਨ ਰੁੱਤ ਮਾਲਾ ਦੀ ਗਤੀ ਅਨੁਸਾਰ ਪੋਹ ਦੇ ਮਹੀਨੇ ਦਾ ਆਖਰੀ ਦਿਨ ਸਰਦ ਰੁੱਤ ਦਾ ਸਿਖਰ ਮੰਨਿਆ ਜਾਂਦਾ ਸੀ। ਦਿਨ ਛੋਟੇ ਅਤੇ ਅਤਿ ਦੇ ਠੰਢੇ ਹੋਣ ਕਾਰਨ ਪੋਹ ਦਾ ਮਹੀਨਾਂ ਨਹਿਸ਼ ਮੰਨਿਆ ਜਾਂਦਾ ਸੀ। ਫ਼ਸਲਾਂ ਅਤੇ ਮਾਨਵੀ ਜੀਵਨ ਦੀ ਗਤੀ...
ਪੁਰਾਤਨ ਰੁੱਤ ਮਾਲਾ ਦੀ ਗਤੀ ਅਨੁਸਾਰ ਪੋਹ ਦੇ ਮਹੀਨੇ ਦਾ ਆਖਰੀ ਦਿਨ ਸਰਦ ਰੁੱਤ ਦਾ ਸਿਖਰ ਮੰਨਿਆ ਜਾਂਦਾ ਸੀ। ਦਿਨ ਛੋਟੇ ਅਤੇ ਅਤਿ ਦੇ ਠੰਢੇ ਹੋਣ ਕਾਰਨ ਪੋਹ ਦਾ ਮਹੀਨਾਂ ਨਹਿਸ਼ ਮੰਨਿਆ ਜਾਂਦਾ ਸੀ। ਫ਼ਸਲਾਂ ਅਤੇ ਮਾਨਵੀ ਜੀਵਨ ਦੀ ਗਤੀ ਇੱਕ ਤਰ੍ਹਾਂ ਨਾਲ ਖੜੋਤ ਦੀ ਅਵਸਥਾ ਵਿੱਚ ਰਹਿੰਦੀ ਸੀ। ਵਿਆਹ ਸ਼ਾਦੀ ਅਤੇ ਸ਼ਗਨਾਂ ਦੇ ਸਾਰੇ ਕਾਰਜ ਜਾਂ ਤਾਂ ਮੱਘਰ ਦੇ ਮਹੀਨੇ ਭੁਗਤਾਏ ਜਾਂਦੇ ਸਨ ਜਾਂ ਫਿਰ ਮਾਘ ਦੇ ਮਹੀਨੇ ਕੀਤੇ ਜਾਂਦੇ ਹਨ। ਪੋਹ ਦਾ ਮਹੀਨਾ ਤਾਂ ‘ਦੜ ਵੱਟ ਜ਼ਮਾਨਾ ਕੱਟ, ਭਲੇ ਦਿਨ ਆਵਣਗੇ’ ਦੀ ਇੰਤਜ਼ਾਰ ਵਿੱਚ ਹੀ ਗੁਜ਼ਰਦਾ ਸੀ।
ਖਾਕੀ ਖੱਦਰ ਦੇ ਖੇਸ ਜਾਂ ਚਾਦਰਾਂ ਦੀ ਬੁੱਕਲ ਮਾਰ ਵਡੇਰੀ ਉਮਰ ਦੇ ਇਸਤਰੀ ਅਤੇ ਪੁਰਸ਼ ਅਕਸਰ ਮੰਜਿਆਂ ’ਤੇ ਬੈਠੇ ਠੁਰ ਠੁਰ ਕਰਦੇ ਰਹਿੰਦੇ ਸਨ। ਇਸ ਸਮੇਂ ਸਿਆਲ ਦੀਆਂ ਧੂਣੀਆਂ ਦੇ ਸਹਾਰੇ ਜਾਂ ਕੱਚੀਆਂ ਕੰਧਾਂ ਦੀ ਓਟ ਵਿੱਚ ਬੈਠ ਕੇ ਠੰਢੀ ਧੁੱਪ ਦਾ ਓਟ ਆਸਰਾ ਲੈ ਕੇ ਹੀ ਦਿਨ ਕੱਢਿਆ ਜਾਂਦਾ ਸੀ। ਨਹਾਉਣ ਧੋਣ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ ਪੋਹ ਦਾ ਮਹੀਨਾ ਬਿਨਾਂ ਇਸ਼ਨਾਨ ਕੀਤੇ ਹੀ ਗੁਜ਼ਰ ਜਾਂਦਾ ਸੀ। ਆਲਸ, ਦਲਿੱਦਰ ਅਤੇ ਨਿਰਾਸ਼ਾ ਚਾਰੇ ਪਾਸੇ ਫੈਲ ਜਾਂਦੀ ਸੀ। ਇਸ ਘੋਰ ਨਿਰਾਸ਼ਾ ਦੇ ਆਲਮ ਵਿੱਚ ਪੋਹ ਦਾ ਪੂਰਾ ਮਹੀਨਾ ਗੁਜ਼ਰ ਜਾਂਦਾ ਸੀ। ਇਸ ਘੋਰ ਨਿਰਾਸ਼ਾ ਤੋਂ ਮੁਕਤ ਹੋਣ ਲਈ ਇਸ ਮਹੀਨੇ ਦੀ ਆਖਰੀ ਰਾਤ ਨੂੰ ਮਨੁੱਖ ਅੱਗ ਦਾ ਓਟ ਆਸਰਾ ਲੈ ਕੇ ਇੱਕ ਤਰ੍ਹਾਂ ਜਿਉਂਦੇ ਰਹਿਣ ਦਾ ਅਤੇ ਪੋਹ ਦੇ ਮਹੀਨੇ ਦੀ ਸਮਾਪਤੀ ਦਾ ਹੀ ਜਸ਼ਨ ਮਨਾਉਂਦਾ ਹੈ।
‘ਲੋਹੜੀ’ ਸ਼ਬਦ ਦਾ ਜੇ ਸੰਦੀ ਛੇਦ ਕੀਤਾ ਜਾਵੇ ਤਾਂ ਲੋਹ ਦਾ ਅਰਥ ਹੈ ਅੱਗ ਅਤੇ ਹੜ੍ਹੀ (ਹੜ੍ਹ) ਦਾ ਅਰਥ ਹੈ ਤੇਜ਼ ਪ੍ਰਵਾਹ। ਸੋ ਲੋਹੜੀ ਇੱਕ ਤਰ੍ਹਾਂ ਨਾਲ ਅਗਨੀ ਦੇ ਬੇਤਹਾਸ਼ਾ ਪ੍ਰਵਾਹ ਨਾਲ ਸਬੰਧਿਤ ਤਿਉਹਾਰ ਹੈ। ਲੋਹੜੀ ਸਮੇਂ ਹਰ ਗਲੀ ਮਹੱਲੇ ਅੰਦਰ ਸਮੂਹਿਕ ਤੌਰ ’ਤੇ ਜਾਂ ਵਿਅਕਤੀਗਤ ਪੱਧਰ ’ਤੇ ਅੱਗ ਬਾਲੀ ਜਾਂਦੀ ਹੈ ਅਤੇ ਅਗਨੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦ੍ਰਿਸ਼ਟੀ ਤੋਂ ਲੋਹੜੀ ਅਗਨੀ ਦੀ ਪੂਜਾ ਦਾ ਤਿਉਹਾਰ ਹੈ। ਇਸ ਤਿਉਹਾਰ ਸਮੇਂ ਲੋਕ ਪ੍ਰਚੰਡ ਹੋਈ ਅਗਨੀ ਵਿੱਚ ਤਿਲ ਸੁੱਟਦੇ ਹੋਏ ਇਹ ਮੰਤਰ ਨੁਮਾਂ ਲੋਕ ਕਾਵਿ ਟੁਕੜਾ ਸਮੂਹਿਕ ਰੂਪ ਵਿੱਚ ਉਚਾਰਦੇ ਹਨ;
ਈਸ਼ਰ ਆਏ, ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ
ਇਹ ਅਗਨੀ ਦੇਵਤਾ ਦੀ ਸ਼ਕਤੀ ਹੁੰਦੀ ਹੈ ਜਾਂ ਲੋਕ ਮਾਨਸਿਕਤਾ ਦਾ ਪ੍ਰਤਾਪ ਕਿ ਲੋਕ ਅੱਧੀ ਰਾਤ ਤੱਕ ਅਗਨੀ ਦੇ ਨਜ਼ਦੀਕ ਨੱਚਦੇ ਟੱਪਦੇ ਗੁਜ਼ਾਰ ਦਿੰਦੇ ਹਨ। ਇਸ ਉਪਰੰਤ ਮਾਘ ਮਹੀਨੇ ਦੀ ਪਵਿੱਤਰ ਸੰਗਰਾਂਦ (ਮਕਰ ਸੰਕਰਾਂਤੀ) ਦਾ ਦਿਹਾੜਾ ਪ੍ਰਵੇਸ਼ ਕਰ ਜਾਂਦਾ ਹੈ। ਦਿਨ ਖੜ੍ਹਨੇ ਅਰੰਭ ਹੋ ਜਾਂਦੇ ਹਨ। ਬਨਸਪਤੀ ਪੁੰਗਰਨ ਲੱਗਦੀ ਹੈ। ਲੋਕ ਵਿਸ਼ਵਾਸ ਅਨੁਸਾਰ ਤਿਲ ਤਿੜਕਣ ਅਤੇ ਦਿਨ ਸਰਕਣ ਵਿਚਕਾਰ ਗਹਿਰਾ ਸਬੰਧ ਹੈ। ਇਸ ਲਈ ਲੋਕ ਜਸ਼ਨ ਮਨਾਉਂਦੇ ਹਨ। ਪੁਰਾਤਨ ਦਾਨਿਸ਼ਵਰ ਪੁਰਸ਼ਾਂ ਨੇ ਮਕਰ ਸੰਕਰਾਂਤੀ ਨਾਲ ਇਹ ਵਿਸ਼ਵਾਸ ਵੀ ਜੋੜ ਦਿੱਤਾ ਸੀ ਕਿ ਜਿਹੜਾ ਇਸਤਰੀ, ਪੁਰਸ਼ ਇਸ ਸ਼ੁਭ ਅਵਸਰ ’ਤੇ ਸਵੇਰੇ ਕੇਸੀਂ ਇਸ਼ਨਾਨ ਕਰੇਗਾ, ਉਸ ਦੇ ਕੇਸ ਸੋਨੇ ਦੇ ਹੋ ਜਾਣਗੇ। ਜਿਹੜੇ ਲੋਕ ਪਾਣੀ ਦੇਖ ਕੇ ਹੀ ਕੰਬਣ ਲੱਗ ਜਾਂਦੇ ਸੀ। ਉਹ ਸਭ ਤੋਂ ਪਹਿਲਾਂ ਇਸ਼ਨਾਨ ਕਰਨ ਲਈ ਕਾਹਲੇ ਹੋ ਜਾਂਦੇ ਸੀ। ਇਸ ਸਿਆਣੀ ਜੁਗਤ ਨਾਲ ਮਹੀਨੇ ਭਰ ਦੀ ਆਲਸ ਖ਼ਤਮ ਹੋ ਜਾਂਦੀ ਸੀ। ਇਸ਼ਨਾਨ ਕਰਨ ਉਪਰੰਤ ਸਚਮੁੱਚ ਮਨੁੱਖਾ ਦੇਹੀ ਕੁੰਦਨ ਵਰਗੀ ਹੋ ਜਾਂਦੀ ਹੈ। ਇਹੋ ਕਮਾਲ ਸੀ ਸਾਡੇ ਪੁਰਾਤਨ ਪੁਰਖਿਆਂ ਦੀ ਜੀਵਨ ਜਾਚ ਦਾ ਅਤੇ ਉਨ੍ਹਾਂ ਦੀ ਪ੍ਰਕਿਰਤੀ ਦੀਆਂ ਰਮਜ਼ਾਂ ਅਤੇ ਰਹੱਸਾਂ ਪ੍ਰਤੀ ਸੂਝ ਸਮਝ ਦਾ।
ਪੇਂਡੂ ਜੀਵਨ ਅੰਦਰ ਪੁਰਾਤਨ ਸਮੇਂ ਦੀ ਜੀਵਨ ਸ਼ੈਲੀ ਨਾਲ ਜੁੜਿਆ ਮਨੁੱਖ ਮੰਡੀ ਦਾ ਮਾਲ ਖਰੀਦਣ ਵਿੱਚ ਰੁਚੀ ਨਹੀਂ ਸੀ ਰੱਖਦਾ। ਸਗੋਂ, ਉਹ ਤਾਂ ਲੱਗਦੀ ਵਾਹ ਖੁਦ ਦੀ ਕਾਸ਼ਤਕਾਰੀ ਨਾਲ ਜੁੜਿਆ ਸਾਮਾਨ ਹੀ ਵਰਤਣ ਵਿੱਚ ਖੁਸ਼ੀ ਮਹਿਸੂਸ ਕਰਦਾ ਸੀ। ਲੋਹੜੀ ਦੇ ਤਿਉਹਾਰ ਸਮੇਂ ਗੁੜ ਅਤੇ ਭੁੱਜੇ ਅਨਾਜ ਦਾ ਪ੍ਰਯੋਗ ਕਰਨ ਦਾ ਰੁਝਾਨ ਰਿਹਾ ਸੀ। ਮੱਕੀ, ਬਾਜਰਾ ਅਤੇ ਜਵਾਰ ਇੱਥੋਂ ਤੱਕ ਕਿ ਕਣਕ ਵੀ ਭੱਠੀ ’ਤੇ ਭੰਨਾਅ ਲਈ ਜਾਂਦੀ ਸੀ। ਗੁੜ ਦੀ ਚਾਸ਼ਨੀ ਵਿੱਚ ਜਦੋਂ ਭੁੱਜੀ ਮੱਕੀ, ਜਵਾਰ ਅਤੇ ਬਾਜਰੇ ਦੀਆਂ ਖਿਲਾਂ ਦੇ ਭੂਤ ਪਿੰਨੇ, ਮੁਰੂੰਡੇ ਜਾਂ ਤਿਲਾਂ ਦੇ ਤਲੋਏ ਕੋਈ ਸਿਆਣੀ ਸੁਆਣੀ ਬਣਾਉਂਦੀ ਸੀ ਤਾਂ ਇਸ ਖਾਧ ਪਦਾਰਥ ਦਾ ਇਹ ਅਨੋਖਾ ਜ਼ਾਇਕਾ ਸਾਧਾਰਨ ਸ਼ਬਦਾਂ ਵਿੱਚ ਬਿਆਨ ਨਹੀਂ ਸੀ ਕੀਤਾ ਜਾ ਸਕਦਾ। ਸਰਦੇ ਪੁੱਜਦੇ ਘਰਾਂ ਵਿੱਚ ਸ਼ੱਕਰ ਦੇ ਲੱਡੂ ਅਤੇ ਘਰੇ ਕੱਢੇ ਖੋਏ ਦੀਆਂ ਪਿੰਨੀਆਂ ਵੀ ਇਸ ਤਿਉਹਾਰ ਦੇ ਖਾਧ ਪਦਾਰਥਾਂ ਵਿੱਚ ਸ਼ਾਮਲ ਰਹੀਆਂ ਹਨ। ਰਿਊੜੀਆਂ, ਗੱਚਕ ਅਤੇ ਮੂੰਗਫਲੀ ਤਾਂ ਬਹੁਤ ਦੇਰ ਬਾਅਦ ਸ਼ਾਮਲ ਹੋਏ ਹਨ। ਬਾਕੀ ਲਿਸ਼ਕ ਪੁਸ਼ਕ ਵਾਲੀ ਮਠਿਆਈ ਦਾ ਨਾਮੋ ਨਿਸ਼ਾਨ ਨਹੀਂ ਸੀ ਹੁੰਦਾ, ਪ੍ਰੰਤੂ ਪੁਰਾਤਨ ਸਮੇਂ ਤੋਂ ਅੱਜ ਤੱਕ ਇਸ ਤਿਉਹਾਰ ਸਮੇਂ ਗੁੜ ਅਤੇ ਤਿਲਾਂ ਦੀ ਸਰਦਾਰੀ ਨਿਰੰਤਰ ਬਰਕਰਾਰ ਰਹੀ ਹੈ।
ਭਾਵੇਂ ਲੋਹੜੀ ਮੂਲ ਰੂਪ ਵਿੱਚ ਸਰਦ ਰੁੱਤ ਦਾ ਤਿਉਹਾਰ ਹੈ ਅਤੇ ਇਸ ਸਮੇਂ ਨਿਭਾਏ ਜਾਂਦੇ ਅਨੁਸ਼ਠਾਨ ਵੀ ਸਰਦੀ ਤੋਂ ਬਚਣ ਨਾਲ ਹੀ ਸਬੰਧਿਤ ਰਹੇ ਹਨ, ਪ੍ਰੰਤੂ ਇਸ ਤਿਉਹਾਰ ਦੇ ਨਾਲ ਪੰਜਾਬ ਦੇ ਅਣਖੀਲੇ ਲੋਕਾਂ ਵੱਲੋਂ ਪੰਜਾਬ ਦੇ ਸੂਰਬੀਰ ਲੋਕ ਨਾਇਕ ਦੁੱਲੇ ਭੱਟੀ ਦਾ ਪ੍ਰਸੰਗ ਵੀ ਸ਼ਾਮਲ ਕਰ ਲਿਆ ਗਿਆ ਹੈ, ਜਿਸ ਵਿੱਚ ਦੁੱਲਾ ਭੱਟੀ ਇੱਕ ਗਰੀਬ ਕੁੜੀ ਦੀ ਸ਼ਾਦੀ ਕਰਵਾਉਂਦਾ ਹੈ। ਭਾਵੇਂ ਸਿੱਧੇ ਤੌਰ ’ਤੇ ਇਸ ਦੰਤ ਕਥਾ ਨਾਲ ਕੋਈ ਸਬੰਧ ਨਹੀਂ ਹੈ, ਪਰ ਇਹ ਪ੍ਰਸੰਗ ਕਿਉਂਕਿ ਪੰਜਾਬੀ ਲੋਕ ਮਾਨਸਿਕਤਾ ਦੇ ਅਨੁਕੂਲ ਹੈ, ਇਸ ਲਈ ਇਸ ਦਾ ਜ਼ਿਕਰ ਕਿਸੇ ਨਾ ਕਿਸੇ ਰੂਪ ਵਿੱਚ ਲੋਹੜੀ ਦੇ ਗੀਤਾਂ ਸਮੇਂ ਅਕਸਰ ਕਰ ਲਿਆ ਜਾਂਦਾ ਹੈ। ਉਂਜ ਵੀ ਤਿੱਥ ਤਿਉਹਾਰ ਵਗਦੇ ਦਰਿਆ ਵਾਂਗ ਹੁੰਦੇ ਹਨ, ਜਿਸ ਵਿੱਚ ਸਮੇਂ ਸਮੇਂ ਲੋਕ ਮਾਨਸਿਕਤਾ ਕੁਝ ਨਾ ਕੁਝ ਜੋੜਦੀ ਰਹਿੰਦੀ ਹੈ।
ਦੇਸੀ ਮਹੀਨੇ ਦੀ ਪਹਿਲੀ ਤਰੀਕ ਸੰਗਰਾਂਦ, ਅਸਲ ਵਿੱਚ ਸੰਸਕ੍ਰਿਤ ਭਾਸ਼ਾ ਦੇ ਸ਼ੰਕਰਾਂਤ ਸ਼ਬਦ ਦਾ ਹੀ ਪੰਜਾਬੀ ਰੂਪ ਹੈ, ਜਿਸ ਦਾ ਅਰਥ ਹੈ ਸੂਰਜ ਦਾ ਇੱਕ ਰਾਸ਼ੀ ਵਿੱਚੋਂ, ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਨਾ। ਜਿਵੇਂ ਵਿਸਾਖ ਮਹੀਨੇ ਸੂਰਜ ਮੇਖ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਇਸ ਲਈ ਵਿਸਾਖੀ ਤੇ ਮੇਖ ਸਮਾਰਥੀ ਸ਼ਬਦ ਹਨ। ਵਿਸਾਖੀ ਸਮੇਂ ਅਕਸਰ ਕਿਹਾ ਜਾਂਦਾ ਹੈ।
ਆਈ ਮੇਖ, ਜੱਟਾ ਕੱਚੀ ਪੱਕੀ ਨਾ ਦੇਖ।
ਪੁਰਾਤਨ ਸਮੇਂ ਦੇ ਲੋਕ ਵਿਸ਼ਵਾਸ ਅਨੁਸਾਰ ਲੋਹੜੀ ਸੂਰਜ ਦੀ ਪੂਜਾ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ। ਪੁਰਾਤਨ ਲੋਕ ਨਿਸ਼ਚੇ ਅਨੁਸਾਰ ਕੱਤਕ ਮਹੀਨੇ ਵਿੱਚ ਸੂਰਜ ਧਰਤੀ ਤੋਂ ਬਹੁਤ ਦੂਰ ਚਲਾ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਦੀ ਤਪਸ਼ ਘੱਟ ਜਾਂਦੀ ਹੈ। ਸੂਰਜ ਦੇ ਚਾਨਣ ਦੀ ਤਪਸ਼ ਸੁਰਜੀਤ ਕਰਨ ਲਈ ਲੋਹੜੀ ਦੀ ਅਗਨੀ ਬਾਲੀ ਜਾਂਦੀ ਹੈ। ਇਹ ਵਿਸ਼ਵਾਸ ਇਸ ਤਰਕ ਉਤੇ ਆਧਾਰਿਤ ਹੈ ਕਿ ਇਸ ਦਿਨ ਸੂਰਜ ਦਖਸ਼ਨਾਇਣ ਤੋਂ ਉਤਰਾਇਣ ਵਿੱਚ ਦਾਖਲ ਹੁੰਦਾ ਹੈ। ਇਸ ਦਿਨ ਸੁੱਤੇ ਦੇਵਤੇ ਜਾਗ ਪੈਂਦੇ ਹਨ। ਇੱਕ ਹੋਰ ਪੁਰਾਤਨ ਰਵਾਇਤ ਅਨੁਸਾਰ ਲੋਹੜੀ ਵਾਲੇ ਦਿਨ ਹਰ ਘਰ ਵੱਲੋਂ ਅੱਗ ਅਤੇ ਬਾਲਣ ਦਿੱਤਾ ਜਾਂਦਾ ਸੀ। ਲੋਹੜੀ ਦੀ ਸਾਂਝੀ ਅੱਗ ਵਿੱਚੋਂ ਨਵੀਂ ਅੱਗ ਲੈ ਕੇ ਘਰ ਦੀਆਂ ਸੁਆਣੀਆਂ ਚੁੱਲ੍ਹੇ ਵਿੱਚ ਦੱਬ ਦਿੰਦੀਆਂ ਸਨ। ਸਾਲ ਭਰ ਇਹੋ ਅੱਗ ਸੰਭਾਲ ਕੇ ਲੋੜ ਅਨੁਸਾਰ ਅੱਗ ਵਰਤ ਲੈਂਦੀਆਂ ਸਨ। ਬਹੁਤ ਸਾਰੇ ਕਬੀਲਿਆਂ ਵਿੱਚ ਲੋਹੜੀ ਵਿਆਹੁਣ ਦੀ ਰਵਾਇਤ ਵੀ ਪ੍ਰਚੱਲਿਤ ਰਹੀ ਹੈ।
ਲੋਹੜੀ ਸਮੇਂ ਦੀ ਸਭ ਤੋਂ ਖੂਬਸੂਰਤ ਅਤੇ ਪੁਰਾਤਨ ਰਵਾਇਤ ਲੋਹੜੀ ਮੰਗਣ ਦੀ ਰਵਾਇਤ ਹੈ। ਉਂਜ ਤਾਂ ਪੰਜਾਬੀ ਮਾਨਸਿਕਤਾ ‘ਮੰਗਣ ਗਿਆ ਸੋ ਮਰ ਗਿਆ’ ਦੀ ਉਕਤੀ ਅਨੁਸਾਰ ਮੰਗਣ ਨੂੰ ਲਾਹਨਤ ਮੰਨਦੀ ਰਹੀ ਹੈ, ਪਰ ਲੋਹੜੀ ਮੰਗਣਾ ਪੰਜਾਬੀ ਜੀਵਨ ਵਿੱਚ ਪ੍ਰਵਾਨ ਰਿਹਾ ਹੈ। ਲੋਕ ਵਿਸ਼ਵਾਸ ਅਨੁਸਾਰ ਲੋਹੜੀ ਮੰਗਣਾ, ਖੈਰ ਮੰਗਣਾ ਨਹੀਂ, ਸਗੋਂ ਲਾਗ ਹੁੰਦਾ ਹੈ। ਲਾਗ ਸ਼ਗਨ ਦੀ ਵੰਨਗੀ ਵਿੱਚ ਸ਼ਾਮਲ ਰਿਹਾ ਹੈ। ਇਹੋ ਕਾਰਨ ਹੈ ਕਿ ਲੋਹੜੀ ਮੰਗਣ ਆਈ ਢਾਣੀ ਨੂੰ ਖਾਲੀ ਹੱਥ ਮੋੜਨਾ ਘਰ ਪਰਿਵਾਰ ਲਈ ਨਮੋਸ਼ੀ ਵਾਲੀ ਗੱਲ ਹੁੰਦੀ ਹੈ। ਇਸ ਨੂੰ ਬਦਸ਼ਗਨੀ ਮੰਨਿਆ ਜਾਂਦਾ ਹੈ। ਲੋਹੜੀ ਲਈ ਬਾਲਣ ਦੇ ਰੂਪ ਵਿੱਚ ਲੱਕੜ ਜਾਂ ਪਾਥੀਆਂ ਦੀ ਮੰਗ ਕੀਤੀ ਜਾਂਦੀ ਹੈ। ਜਦੋਂ ਕਿ ਖਾਧ ਪਦਾਰਥਾਂ ਦੇ ਰੂਪ ਵਿੱਚ ਵਧੇਰੇ ਗੁੜ ਮੰਗਿਆ ਜਾਂਦਾ ਹੈ। ਜਿਵੇਂ;
ਤਿਲ ਛੰਡੇ, ਛੰਡ ਕਲਾਏ
ਗੁੜ ਦੇ ਮੁੰਡੇ ਦੀਏ ਮਾਏ।
ਅਸੀਂ ਗੁੜ ਨਹੀਂ ਲੈਣਾ ਥੋੜ੍ਹਾ।
ਅਸੀਂ ਲੈਣਾ, ਗੁੜ ਦਾ ਰੋੜਾ।
ਲੋਹੜੀ ਮੰਗਣ ਵਾਲੀ ਟੋਲੀ ਘਰ ਪਰਿਵਾਰ ਨੂੰ ਬਾਲਣ ਜਾਂ ਖਾਧ ਪਦਾਰਥ ਮੰਗਣ ਬਦਲੇ ਅਸੀਸ ਵੀ ਦਿੰਦੀ ਸੀ;
ਜਿਹੜਾ ਦੇਸੀ ਗੋਹਿਆ, ਗੋਹਿਆ
ਉਹ ਖਾਸੀ ਖੋਇਆ ਖੋਇਆ
ਜਿਹੜਾ ਦੇਸੀ ਲੱਕੜ, ਲੱਕੜ
ਉਹ ਖਾਸੀ, ਸ਼ੱਕਰ ਸ਼ੱਕਰ।
ਜਦੋਂ ਨੌਜਵਾਨ ਮੁੰਡੇ ਕੁੜੀਆਂ ਦੀ ਟੋਲੀ ਪਰੰਪਰਾਗਤ ਲਹਿਜੇ ਦੀ ਸੁਰ ਵਿੱਚ ਲੋਹੜੀ ਦੇ ਗੀਤ ਗਾਉਂਦੀ ਸੀ ਤਾਂ ਰਾਹਗੀਰ ਰਾਹਾਂ ਵਿੱਚ ਰੁਕ ਜਾਂਦੇ ਸਨ ਅਤੇ ਬਹੁਤ ਹੀ ਦਿਲਚਸਪੀ ਨਾਲ ਉਨ੍ਹਾਂ ਦੇ ਬੋਲ ਸੁਣਦੇ ਸਨ। ਇਨ੍ਹਾਂ ਗੀਤਾਂ ਵਿੱਚ ਪੇਂਡੂ ਮਿੱਟੀ ਦੀ ਰਸੀਲੀ ਖ਼ੁਸ਼ਬੂ ਹੁੰਦੀ ਸੀ। ਬੱਚਿਆਂ ਦੇ ਬਚਪਨ ਦੇ ਚੋਚਲੇ ਹੁੰਦੇ ਸਨ। ਸਰਬੱਤ ਦੇ ਭਲੇ ਦੀ ਕਾਮਨਾ ਹੁੰਦੀ ਸੀ। ਹਾਸਾ, ਠੱਠਾ, ਮਸ਼ਕਰੀ ਤੇ ਚੋਭ ਰਲੇ ਮਿਲੇ ਹੁੰਦੇ ਸਨ। ਇੱਕ ਦੂਜੇ ਦੇ ਭਲੇ ਦੀ ਅਸੀਸ ਹੁੰਦੀ ਸੀ। ਲੋਹੜੀ ਦੇ ਗੀਤਾਂ ਦੀ ਅਨੋਖੀ ਧੁਨੀ ਹੁਣ ਗੁਆਚ ਗਈ ਹੈ। ਲੋਹੜੀ ਦੇ ਤਿਉਹਾਰ ਨਾਲ ਦੂਜੇ ਤਿਉਹਾਰਾਂ ਦੇ ਮੁਕਾਬਲੇ ਵਧੇਰੇ ਗੀਤ ਜੁੜੇ ਹਨ। ਇਨ੍ਹਾਂ ਗੀਤਾਂ ਵਿੱਚ ਪੁਰਾਤਨ ਪੇਂਡੂ ਭਾਈਚਾਰਕ ਸਾਂਝ, ਪਰਸਪਰ ਪਿਆਰ, ਮੁਹੱਬਤ ਭਰਿਆ ਮਿਲਦਾ ਹੈ। ਲੋਹੜੀ ਦੇ ਗੀਤ ਪੰਜਾਬੀ ਲੋਕ ਸਾਹਿਤ ਦਾ ਅਨਮੋਲ ਸਰਮਾਇਆ ਹਨ।
ਵਰਤਮਾਨ ਸਮੇਂ ਵਿੱਚ ਤਿਉਹਾਰਾਂ ਨੂੰ ਮਨਾਉਣ ਦੇ ਢੰਗ ਬਦਲ ਚੁੱਕੇ ਹਨ। ਹੁਣ ਤਿਉਹਾਰ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਉਣ ਦੀ ਥਾਂ ਇਸ ਨੂੰ ਤਜਾਰਤੀ ਰੰਗਤ ਦੇਣਾ ਜਾਂ ਤਿਉਹਾਰ ਨੂੰ ਫਿਰਕੂ ਨਜ਼ਰੀਏ ਨਾਲ ਦੇਖਣ ਤੇ ਅਪਣਾਉਣ ਦਾ ਰੁਝਾਨ ਭਾਰੂ ਹੁੰਦਾ ਜਾ ਰਿਹਾ ਹੈ। ਤਿਉਹਾਰ ਵਿੱਚ ਕੁਝ ਵੀ ਨਿਰਾਰਥਕ ਨਹੀਂ ਹੁੰਦਾ। ਲੋੜ ਇਸ ਦੀ ਸਾਰਥਿਕਤਾ ਨੂੰ ਪਛਾਣਨ ਦੀ ਹੁੰਦੀ ਹੈ। ਲੋਹੜੀ ਦੀ ਵੱਡੀ ਅਸੀਸ ਇਹੋ ਹੁੰਦੀ ਹੈ ਕਿ ਚੁੱਲ੍ਹੇ ਅੱਗ ਬਲਦੀ ਰਹੇ। ਚੁੱਲ੍ਹੇ ਅੱਗ ਬਲਦੀ ਰਹੇਗੀ ਤਾਂ ਕੁਝ ਰਿੱਝਦਾ ਪੱਕਦਾ ਰਹੇਗਾ, ਜਿਸ ਨੂੰ ਖਾਣ ਵਾਲੇ ਸਲਾਮਤ ਰਹਿਣਗੇ। ਇਨ੍ਹਾਂ ਅਰਥਾਂ ਵਿੱਚ ਲੋਹੜੀ ਦਾ ਤਿਉਹਾਰ ਜ਼ਿੰਦਗੀ ਜਿਉਣ ਦਾ ਚਿੰਨ੍ਹ ਮੰਨਿਆ ਜਾ ਸਕਦਾ ਹੈ।

