DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿੰਦਗੀ ਨੂੰ ਖੁੱਲ੍ਹ ਕੇ ਜੀਓ

ਜ਼ਿੰਦਗੀ ਨੂੰ ਵੱਖ-ਵੱਖ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ। ਵਿਲੀਅਮ ਸ਼ੇਕਸਪੀਅਰ ਦਾ ਕਹਿਣਾ ਹੈ, ‘ਜ਼ਿੰਦਗੀ ਇੱਕ ਰੰਗਮੰਚ ਹੈ, ਜਿੱਥੇ ਹਰ ਕੋਈ ਆਪਣਾ ਰੋਲ ਨਿਭਾ ਕੇ ਚਲਾ ਜਾਂਦਾ ਹੈ।’ ਡਾ. ਰਾਧਾ ਕ੍ਰਿਸ਼ਨਨ ਅਨੁਸਾਰ, ‘ਜ਼ਿੰਦਗੀ ਤਾਸ਼ ਦੇ ਪੱਤਿਆਂ ਦੀ ਵੰਡ ਵਾਂਗ ਹੈ। ਕਿਸੇ...

  • fb
  • twitter
  • whatsapp
  • whatsapp
Advertisement

ਜ਼ਿੰਦਗੀ ਨੂੰ ਵੱਖ-ਵੱਖ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ। ਵਿਲੀਅਮ ਸ਼ੇਕਸਪੀਅਰ ਦਾ ਕਹਿਣਾ ਹੈ, ‘ਜ਼ਿੰਦਗੀ ਇੱਕ ਰੰਗਮੰਚ ਹੈ, ਜਿੱਥੇ ਹਰ ਕੋਈ ਆਪਣਾ ਰੋਲ ਨਿਭਾ ਕੇ ਚਲਾ ਜਾਂਦਾ ਹੈ।’ ਡਾ. ਰਾਧਾ ਕ੍ਰਿਸ਼ਨਨ ਅਨੁਸਾਰ, ‘ਜ਼ਿੰਦਗੀ ਤਾਸ਼ ਦੇ ਪੱਤਿਆਂ ਦੀ ਵੰਡ ਵਾਂਗ ਹੈ। ਕਿਸੇ ਨੂੰ ਯੱਕੇ, ਬੇਗੀਆਂ ਅਤੇ ਬਾਦਸ਼ਾਹ ਵਰਗੇ ਭਾਰੀ ਪੱਤੇ ਆ ਜਾਂਦੇ ਹਨ ਅਤੇ ਕਿਸੇ ਨੂੰ ਕੇਵਲ ਦੁੱਕੀਆਂ-ਤਿੱਕੀਆਂ ਆਉਂਦੀਆਂ ਹਨ। ਖੇਡਣ ਵਾਲੇ ਨੇ ਆਪਣੇ ਪੱਤਿਆਂ ਨਾਲ ਖੇਡਣਾ ਹੁੰਦਾ ਹੈ। ਵਧੀਆ ਖਿਡਾਰੀ ਉਹੋ ਗਿਣਿਆ ਜਾਂਦਾ ਹੈ, ਜੋ ਜਿਹੜੇ ਵੀ ਪੱਤੇ ਉਸ ਦੇ ਹਿੱਸੇ ਆਏ ਹਨ, ਉਨ੍ਹਾਂ ਨੂੰ ਸਿਆਣਪ ਨਾਲ ਖੇਡੇ। ਕਈ ਵਾਰ ਬਾਦਸ਼ਾਹ ਨੂੰ ਵੀ ਦੁੱਕੀਆਂ-ਤਿੱਕੀਆਂ ਦੀ ਈਨ ਮੰਨਣੀ ਪੈਂਦੀ ਹੈ।’ ਇਹਦੇ ਵਿੱਚ ਜ਼ਰਾ ਵੀ ਸ਼ੱਕ ਨਹੀਂ ਹੈ ਕਿ ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਸੁਮੇਲ ਹੈ। ਕਦੇ ਦੁੱਖ ਵੱਧ ਆ ਜਾਂਦੇ ਹਨ ਤੇ ਕਦੇ ਸੁੱਖ। ਜ਼ਿੰਦਗੀ ਇੱਕ ਜੱਦੋ-ਜਹਿਦ ਹੈ।

ਜ਼ਿੰਦਗੀ ਜਿਉਣਾ ਇਕ ਕਲਾ ਹੈ, ਤਪੱਸਿਆ ਹੈ। ਕੁਝ ਲੋਕ ਜ਼ਿੰਦਗੀ ਜਿਉਂਦੇ ਹਨ ਤੇ ਕੁਝ ਭੋਗਦੇ ਹਨ। ਜਿਹੜੇ ਮਨੁੱਖ ਦੁੱਖ ਜਾਂ ਮੁਸੀਬਤ ਵਿੱਚ ਘਬਰਾਉਂਦੇ ਨਹੀਂ, ਬਲਕਿ ਹਿੰਮਤ ਤੇ ਦਲੇਰੀ ਤੋਂ ਕੰਮ ਲੈਂਦੇ ਹਨ, ਉਹ ਜ਼ਿੰਦਗੀ ਜਿਉਂਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਫੁਰਮਾਉਂਦੇ ਹਨ ਕਿ ਜਿਹੜਾ ਮਨੁੱਖ ਦੁੱਖਾਂ ਵਿੱਚ ਘਬਰਾਉਂਦਾ ਨਹੀਂ, ਉਹ ਦੁਨਿਆਵੀ ਸੁੱਖਾਂ ਤੋਂ ਨਿਰਲੇਪ ਰਹਿੰਦਾ ਹੈ ਅਤੇ ਸੋਨੇ ਨੂੰ ਮਿੱਟੀ ਸਮਾਨ ਜਾਣਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਇੱਕ-ਮਿੱਕ ਹੋ ਜਾਂਦਾ ਹੈ। ਦੂਜੇ ਪਾਸੇ, ਉਹ ਮਨੁੱਖ ਹਨ, ਜਿਨ੍ਹਾਂ ਨੂੰ ਜ਼ਿੰਦਗੀ ਚਲਾਉਂਦੀ ਹੈ; ਉਹ ਮੁਸੀਬਤ ਵੇਲੇ ਢਹਿ-ਢੇਰੀ ਹੋ ਜਾਂਦੇ ਹਨ। ਕਈ ਤਾਂ ਖ਼ੁਦਕੁਸ਼ੀ ਕਰ ਲੈਂਦੇ ਹਨ। ਜਦੋਂਕਿ ਖ਼ੁਦਕੁਸ਼ੀ ਕਰਨਾ ਬੁਜ਼ਦਿਲੀ ਹੈ।

Advertisement

ਜੇ ਗੱਡੀਆਂ ਦੀ ਗਤੀਸ਼ੀਲਤਾ ਉਤੇ ਨਿਯੰਤਰਣ ਨਾ ਰੱਖਿਆ ਜਾਵੇ ਤਾਂ ਉਹ ਸੁੱਖ ਦੇਣ ਦੀ ਬਜਾਏ ਦੁੱਖ ਦਾ ਕਾਰਨ ਬਣਦੀਆਂ ਹਨ, ਭਾਵ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਜ਼ਿੰਦਗੀ ਵੀ ਇਸੇ ਤਰ੍ਹਾਂ ਚੱਲਦੀ ਹੈ। ਇਸ ਦੇ ਵੱਖੋ-ਵੱਖ ਪੱਖ ਹਨ। ਹਰੇਕ ਪੱਖ ਨੂੰ ਕਾਬੂ ਵਿੱਚ ਰੱਖਣ ’ਤੇ ਹੀ ਜ਼ਿੰਦਗੀ ਫੁੱਲਾਂ ਵਾਂਗ ਮਹਿਕਦੀ ਹੈ, ਟਹਿਕਦੀ ਹੈ ਤੇ ਖੁਸ਼ਬੋਈਆਂ ਵੰਡਦੀ ਹੈ। ਇਸ ਵਿੱਚ ਉਸ ਸ਼ਖ਼ਸ ਦੀ ਸੂਝ-ਬੂਝ ਪ੍ਰਤੱਖ ਦਿਖਾਈ ਦਿੰਦੀ ਹੈ।

Advertisement

ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸੱਭਿਆਚਾਰਕ ਵਿਰਸਾ ਸਹਾਇਕ ਸਿੱਧ ਹੁੰਦਾ ਹੈ। ਜਿਵੇਂ ਬੱਚਾ ਆਪਣੀ ਮਾਂ ਦਾ ਕਰਜ਼ ਨਹੀਂ ਉਤਾਰ ਸਕਦਾ, ਬਿਲਕੁਲ ਉਸੇ ਤਰ੍ਹਾਂ ਮਨੁੱਖ ਆਪਣੇ ਸੱਭਿਆਚਾਰਕ ਵਿਰਸੇ ਦਾ ਕਰਜ਼ਾਈ ਹੁੰਦਾ ਹੈ। ਬੱਚਾ ਜੋ ਕੁਝ ਸਿੱਖਦਾ ਹੈ, ਸਹਿਜ-ਸੁਭਾਅ ਸਿੱਖ ਜਾਂਦਾ ਹੈ; ਜਿਵੇਂ ਬੈਠਣਾ-ਉੱਠਣਾ, ਖਾਣਾ-ਪੀਣਾ, ਬੋਲਣਾ-ਚਾਲਣਾ ਆਦਿ। ਇਹ ਜ਼ਿੰਦਗੀ ਦੇ ਅਨਿੱਖੜਵੇਂ ਅੰਗ ਬਣ ਜਾਂਦੇ ਹਨ। ਭਾਵੇਂ ਕਿੰਨੀਆਂ ਹੀ ਭਾਸ਼ਾਵਾਂ ਸਿੱਖ ਲਈਏ, ਪਰ ਮਾਂ-ਬੋਲੀ ਨਾਲ ਹਮੇਸ਼ਾਂ ਜੁੜੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਪਹਿਰਾਵਾ, ਓਹੀ ਪਹਿਨੋ ਜੋ ਸਮਾਜ ਵਿੱਚ ਜਚਦਾ ਹੋਵੇ। ਸਮੇਂ ਦੇ ਹਾਣੀ ਬਣਨਾ ਚੰਗੀ ਗੱਲ ਹੈ, ਪ੍ਰੰਤੂ ਨਿਯੰਤਰਣ ਵਿੱਚ ਰਹਿ ਕੇ।

ਜ਼ਿੰਦਗੀ ਨੂੰ ਹਰਿਆ-ਭਰਿਆ ਬਣਾਉਣ ਲਈ ਖਾਣ-ਪੀਣ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਜੰਕ ਫੂਡ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿੱਚ ਤੇਲ ਤੇ ਮਸਾਲਿਆਂ ਦੀ ਮਿਕਦਾਰ ਜ਼ਿਆਦਾ ਹੁੰਦੀ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਖਾਸ ਕਰਕੇ ਬੱਚਿਆਂ ਵਿੱਚ ਪੀਜ਼ਾ, ਬਰਗਰ, ਮੋਮੋਜ਼, ਫਰੈਂਚ ਫਰਾਈਜ਼ ਆਦਿ ਖਾਣ ਦੀ ਆਦਤ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਘਰੇ ਬਣਾਏ ਪਕਵਾਨਾਂ ਦੀ ਰੀਸ ਨਹੀਂ। ਜੋ ਮਰਜ਼ੀ ਖਾਓ, ਪ੍ਰੰਤੂ ਮੈਦੇ ਵਾਲੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਫਲ, ਦਾਲਾਂ-ਸਬਜ਼ੀਆਂ, ਦੁੱਧ-ਦਹੀਂ ਸਿਹਤ ਲਈ ਬਹੁਤ ਵਧੀਆ ਹਨ। ਜਪਾਨੀਆਂ ਵਾਂਗ ਲੋੜ ਤੋਂ ਘੱਟ ਖਾਓ, ਲੰਮੇਰੀ ਉਮਰ ਪਾਓ। ਡਾਕਟਰਾਂ ਦੇ ਜਾਲ ਵਿੱਚ ਫਸਿਆ ਬੰਦਾ, ਬਸ ਡਾਕਟਰਾਂ ਜੋਗਾ ਹੀ ਰਹਿ ਜਾਂਦਾ ਹੈ। ਇੱਕ ਤਾਂ ਪੈਸੇ ਦੀ ਬਰਬਾਦੀ, ਦੂਜਾ ਖੱਜਲ-ਖੁਆਰੀ ਵਾਧੂ ਦੀ। ਇਲਾਜ ਨਾਲੋਂ ਪ੍ਰਹੇਜ਼ ਚੰਗਾ। ਫਿਰ ਦੇਖਣਾ ਚਾਰ-ਚਫੇਰੇ ਖੁਸ਼ੀਆਂ ਪੈਲਾਂ ਪਾਉਣਗੀਆਂ।

ਜੇ ਬੋਲ-ਬਾਣੀ ਚੰਗੀ ਹੈ ਤਾਂ ਸਾਰੀ ਦੁਨੀਆ ਇੱਕ ਗੁਲਦਸਤੇ ਵਾਂਗ ਹੱਸਦੀ, ਮਹਿਕਦੀ ਹੋਈ ਨਜ਼ਰ ਆਏਗੀ। ਸਿਆਣਿਆਂ ਦਾ ਕਹਿਣਾ ਹੈ, ਪਹਿਲਾਂ ਗੱਲ ਨੂੰ ਤੋਲੋ, ਫਿਰ ਬੋਲੋ। ਕਈ ਲੋਕ ਪਹਿਲਾਂ ਗੱਲ ਕਹਿ ਦਿੰਦੇ ਹਨ, ਫਿਰ ਪਛਤਾਉਂਦੇ ਹਨ। ਇਵੇਂ ਹੀ ਗੁੱਸੇ ’ਤੇ ਕਾਬੂ ਰੱਖਣਾ ਚਾਹੀਦਾ ਹੈ। ਇਹ ਸਰੀਰਕ ਦੁੱਖ ਹੀ ਨਹੀਂ ਦਿੰਦਾ, ਸਗੋਂ ਮਾਨਸਿਕ ਪਰੇਸ਼ਾਨੀ ਦਾ ਕਾਰਨ ਵੀ ਬਣਦਾ ਹੈ। ਦੂਜਾ ਤਾਂ ਦੁਖੀ ਹੁੰਦਾ ਹੀ ਹੈ, ਸਗੋਂ ਖੁਦ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਗੱਲ ਸੋਲਾਂ ਆਨੇ ਸੱਚ ਹੈ, ਤਲਵਾਰ ਦਾ ਫੱਟ ਮਿਟ ਜਾਂਦਾ ਹੈ, ਪਰ ਜ਼ੁਬਾਨ ਦਾ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ ਦਿੰਦੇ ਹਨ, ਨਿਮਰਤਾ ਅਤੇ ਮਿਠਾਸ ਸਭ ਚੰਗਿਆਈਆਂ ਦਾ ਖ਼ਜ਼ਾਨਾ ਹਨ।

ਇਹਦੇ ਵਿੱਚ ਜ਼ਰਾ ਵੀ ਸ਼ੱਕ ਨਹੀਂ ਹੈ ਕਿ ਮੋਬਾਈਲ, ਟੈਲੀਵਿਜ਼ਨ ਤੇ ਲੈਪਟਾਪ ਅੱਜ ਦੀ ਜ਼ਿੰਦਗੀ ਦੇ ਗਹਿਣੇ ਹਨ, ਪਰ ਲੋੜ ਤੋਂ ਜ਼ਿਆਦਾ ਵਰਤੋਂ ਕਰਨੀ ਸਿਹਤ ਲਈ ਨੁਕਸਾਨਦਾਇਕ ਹੈ। ਰਾਤ ਨੂੰ ਜਲਦੀ ਸੁੱਤਿਆਂ ਹੀ ਸਵੇਰੇ ਜਲਦੀ ਅੱਖ ਖੁੱਲ੍ਹਦੀ ਹੈ। ਹੋਰ ਤਾਂ ਹੋਰ ਅੰਮ੍ਰਿਤ ਵੇਲੇ ਮਨ-ਮਸਤਕ ਤਰੋਤਾਜ਼ਾ ਹੁੰਦਾ ਹੈ। ਪੜ੍ਹਾਈ ਕਰੋ ਜਾਂ ਤਪੱਸਿਆ, ਮਨ ਟਿਕ ਜਾਂਦਾ ਹੈ। ਜਦੋਂ ਨੂੰ ਲੇਟ-ਕਮਰ ਉੱਠਦੇ ਹਨ, ਓਦੋਂ ਤੀਕਰ ਉਹ ਸ਼ਖ਼ਸ ਅੱਧਿਓ-ਵੱਧ ਕੰਮ ਨਿਬੇੜ ਲੈਂਦੇ ਹਨ। ਸੈਰ-ਸਪਾਟਾ ਕਰੋ ਜਾਂ ਯੋਗ-ਆਸਣ, ਆਪਣੇ-ਆਪ ਨੂੰ ਦਿਨ ਭਰ ਦੇ ਕੰਮ-ਕਾਜ ਲਈ ਤਿਆਰ ਕਰ ਲੈਂਦੇ ਹਨ। ਸੁਡੌਲ ਸੂਰਤ ਤੇ ਸੀਰਤ ਸਭ ਨੂੰ ਚੰਗੀ ਲੱਗਦੀ ਹੈ।

ਸੰਤੁਸ਼ਟੀ ਭਰਿਆ ਜੀਵਨ ਸਭ ਤੋਂ ਵਧੀਆ ਹੈ। ਪੰਛੀਆਂ ਦੀ ਢਿੱਡੀ ਭਰ ਜਾਂਦੀ ਹੈ, ਉਡ ਜਾਂਦੇ ਹਨ। ਕੋਈ ਲਾਲਚ ਨਹੀਂ, ਕੋਈ ਫਿਕਰ ਨਹੀਂ। ਜਿੰਨੀ ਵੱਧ ਲਾਲਸਾ ਕਰੋਗੇ, ਓਨੀਆਂ ਵੱਧ ਚਿੰਤਾਵਾਂ ਘੇਰਨਗੀਆਂ। ਆਪਣੀ ਤਾਂ ਸਾਂਭੀ ਨਹੀਂ ਜਾਂਦੀ, ਦੂਜਿਆਂ ਦੀ ਹੜੱਪਣ ਨੂੰ ਫਿਰਦੇ ਹੋ। ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ। ਗੁਲਾਬ ਦੇ ਫੁੱਲ ਵਾਂਗ ਜ਼ਿੰਦਗੀ ਬਹੁਤ ਛੋਟੀ ਹੈ। ਤਰੇਲ ਦੇ ਤੁਪਕੇ ਘਾਹ ’ਤੇ ਕਿੰਨੇ ਸੋਹਣੇ ਲੱਗਦੇ ਹਨ, ਇਸ ਤਰ੍ਹਾਂ ਜ਼ਿੰਦਗੀ ਕੁਝ ਪਲ ਹੀ ਹੁੰਦੀ ਹੈ। ਇਸ ਨੂੰ ਖੂਬ ਮਾਣੋ।

ਜ਼ਿੰਦਗੀ ਨੂੰ ਨਿਯੰਤਰਣ ਵਿੱਚ ਰੱਖਿਆਂ ਹੀ ਸੁੱਖਾਂ ਦੀ ਪਟਾਰੀ ਖੁੱਲ੍ਹਦੀ ਹੈ। ਮਸਤ ਹੋ ਕੇ ਜੀਵੋ। ਦੂਜਿਆਂ ਦੀਆਂ ਗੱਲਾਂ ਵਿੱਚ ਨਾ ਆਓ। ਦੋਸਤ ਹੀ ਦੋਸਤ ਨੂੰ ਮਾਰਦਾ ਹੈ। ਰਿਸ਼ਤੇਦਾਰ, ਰਿਸ਼ਤੇਦਾਰ ਨੂੰ ਮਾਰਦਾ ਹੈ। ਦੁਸ਼ਮਣ ਤੋਂ ਤਾਂ ਹਰ ਕੋਈ ਸੁਚੇਤ ਰਹਿੰਦਾ ਹੈ, ਪਰ ਭੇਤੀ ਵੱਧ ਨੁਕਸਾਨ ਪਹੁੰਚਾਉਂਦਾ ਹੈ। ਸੋ ਆਪਣੇ-ਆਪ ਨੂੰ ਅਨੁਸ਼ਾਸਨ ਵਿੱਚ ਰੱਖ ਕੇ ਹੀ ਜ਼ਿੰਦਗੀ ਵਧੀਆ ਲੰਘਦੀ ਹੈ, ਫੁੱਲਾਂ ਵਾਂਗ ਮਹਿਕਦੀ ਹੈ।

ਸੰਪਰਕ: 94170-01983

Advertisement
×