ਬੁੱਲ੍ਹ ਸੁੱਕ ਗਏ ਦੰਦਾਸੇ ਵਾਲੇ...
ਦੰਦਾਸਾ ਸੁਰਖੀ/ਲਿਪਸਟਿਕ ਦਾ ਅਗਰਦੂਤ ਹੈ। ਬੇਸ਼ੱਕ ਹੁਣ ਇਹ ਲੋਪ ਹੁੰਦਾ ਜਾ ਰਿਹੈ ਜਾਂ ਹੋ ਹੀ ਚੁੱਕੈ, ਕਿਸੇ ਵੇਲੇ ਇਹ ਔਰਤ ਦੇ ਸ਼ਿੰਗਾਰ ਦਾ ਅਨਿੱਖਵੜਾਂ ਅੰਗ ਰਿਹੈ। ਇਹ ਦੰਦਾਂ ਨੂੰ ਕੁਦਰਤੀ ਤੌਰ ’ਤੇ ਚਮਕਾਉਂਦਾ ਵੀ ਹੈ ਤੇ ਬੁੱਲ੍ਹਾਂ ਨੂੰ ਵਧੀਆ ਰੰਗਤ...
ਦੰਦਾਸਾ ਸੁਰਖੀ/ਲਿਪਸਟਿਕ ਦਾ ਅਗਰਦੂਤ ਹੈ। ਬੇਸ਼ੱਕ ਹੁਣ ਇਹ ਲੋਪ ਹੁੰਦਾ ਜਾ ਰਿਹੈ ਜਾਂ ਹੋ ਹੀ ਚੁੱਕੈ, ਕਿਸੇ ਵੇਲੇ ਇਹ ਔਰਤ ਦੇ ਸ਼ਿੰਗਾਰ ਦਾ ਅਨਿੱਖਵੜਾਂ ਅੰਗ ਰਿਹੈ। ਇਹ ਦੰਦਾਂ ਨੂੰ ਕੁਦਰਤੀ ਤੌਰ ’ਤੇ ਚਮਕਾਉਂਦਾ ਵੀ ਹੈ ਤੇ ਬੁੱਲ੍ਹਾਂ ਨੂੰ ਵਧੀਆ ਰੰਗਤ ਵੀ ਦਿੰਦਾ ਹੈ।
ਪ੍ਰੋ. ਕਿਰਪਾਲ ਕਜ਼ਾਕ ਦੁਆਰਾ ਲਿਖਿਆ ‘ਪੰਜਾਬੀ ਸੱਭਿਆਚਾਰ ਸ਼ਬਦਾਵਲੀ ਕੋਸ਼’ ਦੰਦਾਸਾ ਸ਼ਬਦ ਦੀ ਵਿਆਖਿਆ ‘ਦੰਦ ਸਾਫ਼ ਕਰਨ ਅਤੇ ਬੁੱਲ੍ਹ ਰੰਗਣ ਲਈ ਦੰਦਾਂ ’ਤੇ ਮਲੀ ਜਾਂਦੀ ਅਖਰੋਟ ਦੇ ਰੁੱਖ ਦੀ ਛਿੱਲੜ’ ਵਜੋਂ ਕਰਦਾ ਹੈ।
ਦੰਦਾਸਾ ਸੁਹਾਗਣਾਂ ਦੀ ਦਾਤਣ ਅਤੇ ਸੁੰਦਰੀਕਰਨ ਦਾ ਸਾਧਨ ਸੀ। ਉਂਝ ਦਾਤਣ ਤਾਂ ਸਾਡੀ ਉਮਰ ਦੇ ਸਭ ਕਰਦੇ ਰਹੇ ਹਨ, ਖ਼ਾਸ ਕਰਕੇ ਪਿੰਡਾਂ ਵਿੱਚ। ਅਸੀਂ ਖ਼ੁਦ ਨਿੰਮ, ਕਿੱਕਰ, ਫਲਾਹੀ, ਟਾਹਲੀ ਦੇ ਰੁੱਖਾਂ ਦੀਆਂ ਟਾਹਣੀਆਂ ਦੇ ਨਿੱਕੇ ਟੁਕੜਿਆਂ ਦੀ ਦਾਤਣ ਕਰਦੇ ਰਹੇ ਹਾਂ। ਉਨ੍ਹਾਂ ਵੇਲਿਆਂ ’ਚ ਦਾਤਣ ਹੀ ਆਮ ਤੌਰ ’ਤੇ ਦੰਦ ਸਾਫ਼ ਕਰਨ ਦਾ ਸਾਧਨ ਹੁੰਦੀ ਸੀ। ਭਾਈ ਕਾਨ੍ਹ ਸਿੰਘ ਨਾਭਾ ਦੇ ਗੁਰਸ਼ਬਦ ਰਤਨਾਕਾਰ ਮਹਾਨਕੋਸ਼ ਵਿੱਚ ਤਾਂ ਦਾਤਣ ਦਾ ਅਰਥ ਹੀ ‘ਦੰਦ ਸਾਫ਼ ਕਰਨ ਦੀ ਕੂਚੀ’ ਕੀਤਾ ਗਿਐ ਤੇ ਦੱਸਿਆ ਗਿਐ ਕਿ ਇਹ ਸ਼ਬਦ ਸੰਸਕ੍ਰਿਤ ਦੇ ‘ਦੰਤਧਾਵਨ’ ਤੋਂ ਆਇਐ। ‘ਦਾਤਨ ਨੀਤਿ ਕਰੇਇ, ਨਾ ਦੁਖ ਪਾਵੈ ਲਾਲ ਜੀ’ (ਤਨਾਮਾ)।
ਨਿੱਕੇ ਹੁੰਦਿਆਂ ਸਕੂਲਾਂ ’ਚ ਬੱਚਿਆਂ ਨੂੰ ਸਿਹਤ ਵਰਧਕ ਸਿੱਖਿਆ ਦਿੰਦਿਆਂ ਤਾਕੀਦ ਕੀਤੀ ਜਾਂਦੀ ਸੀ ਕਿ ‘ਨਾਕ ਮੇਂ ਉਂਗਲੀ, ਕਾਨ ਮੇਂ ਤਿਨਕਾ ਮੱਤ ਕਰ ਮੱਤ ਕਰ ਮੱਤ ਕਰ/ਆਂਖ ਮੇਂ ਸੁਰਮਾ, ਦਾਂਤ ਮੇਂ ਮੰਜਨ ਨਿੱਤ ਕਰ ਨਿੱਤ ਕਰ ਨਿੱਤ ਕਰ (ਮੰਜਨ ਵੀ ਦੰਦ ਸਾਫ਼ ਕਰਨ ਲਈ ਵਰਤਿਆ ਜਾਂਦਾ ਸੀ।)।
ਦੰਦਾਸਾ ਔਰਤਾਂ ਦੁਆਰਾ ਵਰਤਿਆ ਜਾਣ ਵਾਲਾ ਇੱਕ ਬਹੁੁਮੰਤਵੀ ਕੁਦਰਤੀ ਸ਼ਿੰਗਾਰ ਹੁੰਦਾ ਸੀ। ਅਖਰੋਟ ਦੇ ਰੁੱਖ ਦੇ ਛਿੱਲੜ (ਸੱਕ) ਨੂੰ ਚੱਬ ਕੇ ਔਰਤਾਂ ਆਪਣੇ ਬੁੱਲ੍ਹ ਲਾਲ ਕਰਦੀਆਂ ਸਨ। ਇਸ ਨੂੰ ਦੰਦਾਂ ਨੂੰ ਸਾਫ਼ ਕਰਨ, ਚਮਕਾਉਣ, ਮਜ਼ਬੂਤ ਕਰਨ ਲਈ ਅਤੇ ਕੁਦਰਤੀ ਸੁਰਖੀ/ਲਿਪਸਟਿਕ ਵਜੋਂ ਵਰਤਿਆ ਜਾਂਦਾ ਸੀ। ਇਸ ਨਾਲ ਬੁੱਲ੍ਹ, ਦੰਦ ਅਤੇ ਬੁੱਟ/ਮਸੂੜੇ ਹਲਕੇ ਲਾਲ ਰੰਗ ਦੇ ਹੋ ਜਾਂਦੇ ਸਨ। ਇਹ ਪੁਰਾਣੇ ਸਮੇਂ ਵਿੱਚ ਪੇਂਡੂ ਖੇਤਰਾਂ ਵਿੱਚ ਬਹੁਤ ਪ੍ਰਚੱਲਿਤ ਹੁੰਦਾ ਸੀ। ਇਸ ਦੀ ਵਰਤੋਂ ਬਹੁਤਾ ਵਿਆਹੁਤਾ ਔਰਤਾਂ ਕਰਦੀਆਂ ਸਨ। ਇਸ ਦੇ ਮਲਣ ਨਾਲ ਬੁੱਲ੍ਹਾਂ ਦੀ ਲਾਲੀ ਸ਼ੋਖ ਅਤੇ ਖੁਸ਼ਕੀ ਰਹਿਤ ਹੋ ਕੇ ਲੁਭਾਉਣੀ ਲੱਗਦੀ ਸੀ।
ਇਹ ਪੁਰਾਣੇ ਜ਼ਮਾਨੇ ਦੀ ਲਿਪਸਟਿਕ ਤਾਂ ਸੀ ਹੀ, ਪਰ ਨਾਲ ਹੀ ਇਹ ਪੁਰਾਣੇ ਵੇਲਿਆਂ ਦਾ ਕੋਲਗੇਟ/ਟੁੱਥ ਬਰੱਸ਼ ਵੀ ਸੀ। ਆਯੁਰਵੈਦਿਕ ਸੁਰਖੀ, ਰੰਗਲੀ ਦਾਤਨ। ਉਨ੍ਹੀਂ ਦਿਨੀਂ ਸੁਰਖੀ/ਲਿਪਸਟਿਕ ਆਮ ਨਹੀਂ ਸਨ ਮਿਲਦੀਆਂ। ਟੁੱਥਪੇਸਟ ਵਗੈਰਾ ਵੀ ਵਰਤੋਂ ’ਚ ਨਹੀਂ ਸਨ ਆਏ। ਸੋਹਣੇ ਲੱਗਣ ਲਈ ਵਿਆਹੁਤਾ ਔਰਤਾਂ ਨੇ ਦੰਦਾਸੇ ਨੂੰ ਦੇਸੀ ਸ਼ਿੰਗਾਰ ਸਾਧਨ ਵਜੋਂ ਅਪਣਾਇਆ। ਇਹ ਇੱਕ ਪੰਥ ਦੋ ਕਾਜ ਕਰਦਾ ਸੀ। ਦੰਦ ਵੀ ਸਾਫ਼ ਅਤੇ ਬੁੱਲ੍ਹਾਂ ਉੱਪਰ ਰੰਗਤ ਵੀ।
ਪਿੰਡਾਂ ਵਿੱਚ ਤਾਂ ਖ਼ਾਸ ਤੌਰ ’ਤੇ ਦੰਦਾਸਾ ਨਵ ਵਿਆਹੀਆਂ ਮੁਟਿਆਰਾਂ/ਸੁਹਾਗਣਾਂ ਦੇ ਸੋਲ੍ਹਾ ਸ਼ਿੰਗਾਰ ਦਾ ਇੱਕ ਅਨਿੱਖੜਵਾਂ ਅੰਗ ਹੁੰਦਾ ਸੀ। ਕੁਝ ਪ੍ਰਾਚੀਨ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਸੋਲ੍ਹਾ ਸ਼ਿੰਗਾਰ ਦੀ ਉਪਮਾ ਸ਼ਾਇਦ ਇਸ ਧਾਰਨਾਂ ਕਰਕੇ ਕੀਤੀ ਗਈ ਹੈ ਕਿਉਂਕਿ ਕਲਾ ਵੀ ਸੋਲ੍ਹਾਂ ਹੀ ਹੁੰਦੀਆਂ ਹਨ। ਭਾਈ ਗੁਰਦਾਸ ਜੀ ਵੀ ਇਸ ਦਾ ਜ਼ਿਕਰ ਕਰਦੇ ਹਨ, ‘ਨਾਰ ਸੋਲਹ ਸੀਗਾਰ ਕਰਿ ਸੇਜ ਭਤਾਰ ਪਿਰਮ ਰਸੁ ਮਾਣੀ।।
ਪਰ ਇਹ ਸੰਸਾਰੀ ਸ਼ਿੰਗਾਰ, ਸੰਸਾਰੀ ਮੋਹ ਪਿਆਰ (ਇਸ਼ਕ ਮਿਜ਼ਾਜੀ) ਲਈ ਖਿੱਚ ਦਾ ਬਿੰਦੂ ਬਣਦੈ; ਕਰਤਾਰੀ ਪਿਆਰ (ਇਸ਼ਕ ਹਕੀਕੀ) ਜਾਂ ਪਰਮ ਪਿਤਾ ਦੇ ਮਿਲਾਪ ਲਈ ਤਾਂ ਨਾਮ ਖੁਮਾਰ ਦਾ ਸ਼ਿੰਗਾਰ ਹੀ ਦਰਕਾਰ ਹੈ।
ਖੈਰ, ਆਪਾਂ ਇੱਥੇ ਦੁਨਿਆਵੀ ਦਿੱਖ ਅਤੇ ਸੁਹੱਪਣ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਨਿਖਾਰਨ ਅਤੇ ਸ਼ਿੰਗਾਰਨ ਵਿੱਚ ਦੰਦਾਸੇ ਦਾ ਬੜਾ ਰੋਲ ਰਿਹੈ। ਇਸ ਨੇ ਔਰਤਾਂ ਦੀ ਟਸ਼ਨ, ਟੌਹਰ ਅਤੇ ਮੜ੍ਹਕ-ਤੜਕ ਵਧਾਉਣ ਵਿੱਚ ਅਹਿਮ ਭੂੁਮਿਕਾ ਨਿਭਾਈ ਹੈ।
ਦੁੱਧ ਚਿੱਟੇ ਦੰਦ ਅਤੇ ਲਾਲ ਸੁਰਖ ਬੁੱਲ੍ਹ ਮੁਟਿਆਰ ਦੇ ਸੁਹੱਪਣ ਵਿੱਚ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਦੇ ਸਨ ਅਤੇ ਉਨ੍ਹਾਂ ਨੂੰ ਨਿਹਾਰਨ ਵਾਲੇ ਨੱਢੇ ਥਾਂ ਹੀ ਮਰਦੇ ਸਨ;
ਤੇਰਿਆਂ ਚਿੱਟਿਆਂ ਦੰਦਾਂ ਦਾ ਹਾਸਾ
ਚੋਬਰਾਂ ਦੀ ਜਾਨ ਲੈ ਗਿਆ।
ਉਤੋਂ ਭੜਥੂ ਪਾਉਂਦਾ ਦੰਦਾਸਾ
ਸਭ ਦਾ ਈਮਾਨ ਲੈ ਗਿਆ
ਦੰਦ ਮੋਤੀਆਂ ਵਰਗੇ ਹੋਣਗੇ ਤਾਂ ਨੱਢੀ ਭਲਾਂ ਖਿੜ ਖਿੜ ਕਿਉਂ ਨਾ ਹੱਸੂ? ਤੇ ਕਈ ਮੁਸ਼ਟੰਡੇ ਐਂਵੇ ਹੀ ਮਗਰ ਲੱਗੇ ਫਿਰਨਗੇ, ਕਿਉਂਕਿ ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ ਤੇ ਲੋਕੀਂ ਭੈੜੇ ਸ਼ੱਕ ਕਰਦੇ।
ਦੰਦਾਸਾ ਮਲ ਕੇ ਰੂਪਵੰਤ ਨੱਢੀਆਂ ਗੱਭਰੂਆਂ ਦੇ ਧੁਰ ਧੂਹਾਂ ਪਾਉਂਦੀਆਂ। ਐਂਵੇ ਤਾਂ ਨਹੀਂ 1950 ਦੀ ਇੱਕ ਫਿਲਮ ’ਚ ਮੁਹੰਮਦ ਰਫੀ ਨੇ ਗਾਇਆ ਸੀ;
ਅਜੀ ਓ ਮੁੰਡਾ ਮੋਹ ਲਿਆ ਤਵੀਤਾਂ ਵਾਲਾ
ਤੇ ਦਮੜੀ ਦਾ ਸੱਕ ਮਲ ਕੇ
ਪ੍ਰੋ. ਮੋਹਨ ਸਿੰਘ ਵਰਗਾ ਨਾਮਵਰ ਪੰਜਾਬੀ ਕਵੀ ਵੀ ਇਸ ਦਾ ਜ਼ਿਕਰ ਕਰਨੋਂ ਨਹੀਂ ਰਹਿ ਸਕਿਆ;
ਸੱਕ ਮਲਦੀਆਂ ਰਾਵੀ ਦੇ ਪੱਤਣਾਂ ਨੂੰ
ਅੱਗ ਲਾਉਣ ਲਾਹੌਰਨਾਂ ਚੱਲੀਆਂ ਨੇ
ਇੱਕ ਹੋਰ ਲੋਕ ਬੋਲੀ ਹੈ;
ਚੱਬ ਦੰਦਾਸਾ ਜੱਟੀਆਂ ਰੂਪ ਸਾਣ ’ਤੇ ਲਾਇਆ
ਮੁਹੰਮਦ ਸਦੀਕ-ਰਣਜੀਤ ਕੌਰ ਦਾ ਇੱਕ ਬੜਾ ਮਸ਼ਹੂਰ ਗੀਤ ਹੈ;
ਤਪੇ ਹਾੜ ਦਾ ਮਹੀਨਾਂ ਚੋਵੇ ਮੱਥੇ ਤੋਂ ਪਸੀਨਾ
ਕੀਤੇ ਤੱਤੀਆਂ ਲੋਆਂ ਨੇ ਰੰਗ ਕਾਲੇ
ਸ਼ਰਬਤ ਪਿਆ ਦੇ ਮਿੱਤਰਾ
ਬੁੱਲ੍ਹ ਸੁੱਕ ਗਏ ਦੰਦਾਸੇ ਵਾਲੇ
ਦੰਦਾਸਾ ਕਿਸੇ ਵੇਲੇ ਸੁਹਾਗਣ ਦੇ ਸ਼ਿੰਗਾਰ ਵਿੱਚ ਇੱਕ ਉੱਚ ਸੁਹਾਗ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਵਿਆਹ ਤੋਂ ਪਹਿਲਾਂ ਸਹੁਰੇ ਪਰਿਵਾਰ ਵੱਲੋਂ ਜੋ ਸ਼ਿੰਗਾਰਦਾਨ (ਰਾਂਗਲੀ ਪੋਟਲੀ/ਗੁਥਲੀ) ਨੂੰਹ ਲਈ ਭੇਜਿਆ ਜਾਂਦਾ ਸੀ, ਉਸ ਵਿੱਚ ਸੁਹਾਗ ਦੇ ਚਿੰਨ੍ਹ ਵਜੋਂ ਦੰਦਾਸਾ ਲਾਜ਼ਮੀ ਹੁੰਦਾ ਸੀ। ਹਾਂ, ਨਾਲ ਸੁਰਮੇਦਾਨੀ, ਕੱਜਲ ਦੀ ਡੱਬੀ, ਮਹਿੰਦੀ ਆਦਿ ਵੀ ਹੁੰਦੀਆਂ ਸਨ।
ਅੱਜਕੱਲ੍ਹ ਉਸ ਰਾਂਗਲੀ ਗੁਥਲੀ ਦੀ ਥਾਂ ਗੂੜ੍ਹੀ, ਉੱਭਰਵੀਂ ਸੱਜ ਫੱਬ ਦੇ ਬਹੁੁਤ ਮਹਿੰਗੇ ਸਾਜ਼ੋ ਸਾਮਾਨ ਦੀ ਸ਼ਿੰਗਾਰ ਸਮੱਗਰੀ (ਹਾਈਐਂਡ ਮੇਕਅੱਪ ਬਾਕਸ/ਮੇਕਅੱਪ ਵੈਨਿਟੀ) ਨੇ ਲੈ ਲਈ ਹੈ ਅਤੇ ਦੰਦਾਸੇ ਦੀ ਥਾਂ ਵੱਖ ਵੱਖ ਕਿਸਮ ਦੀਆਂ ਲਿਪਸਟਿਕਾਂ ਨੇ। ਮਹਿੰਦੀ, ਸੁਰਮਾਂ, ਕੱਜਲ ਤਾਂ ਅਜੇ ਮਾੜੇ ਮੋਟੇ ਅੜੇ ਬੈਠੇ ਹਨ, ਪਰ ਵਿਚਾਰੇ ਦੰਦਾਸੇ ਦਾ ਤਾਂ ਭੋਗ ਹੀ ਪੈ ਗਿਐ।
ਹੁਣ ‘ਤਵੀਤਾਂ’ ਵਾਲੇ ਮੁੰਡਿਆਂ ਨੂੰ ‘ਦਮੜੀ ਦਾ ਸੱਕ ਮਲ’ ਕੇ ਮੋਹਣ ਵਾਲੀਆਂ ਮੁਟਿਆਰਾਂ ਹੋਰ ਰੂਪ ਵਿੱਚ ਮੋਹਦੀਆਂ ਹਨ। ਉਂਝ ਵੀ ਜੇ ਨੱਢੀਆਂ ਦਾ ਦੰਦਾਸਾ ਨਹੀਂ ਰਿਹਾ ਤਾਂ ਚੋਬਰਾਂ ਦੇ ਤਵੀਤ ਵੀ ਕਿੰੰਨੇ ਕੁ ਰਹੇ ਹਨ।
ਸੰਪਰਕ: 98766-55055

