DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜ਼ਿੰਦਗੀ ਬਦਲਣ ਵਾਲੇ ਲਫ਼ਜ਼

ਕਿਸੇ ਨੇ ਪੁੱਛਿਆ, ਸ਼ਬਦਾਂ ਦੀ ਦੁਨੀਆਂ ’ਚ ਕਿਹੜਾ ਲਫ਼ਜ਼ ਵੱਡਾ ਹੈ। ਮੇਰਾ ਜਵਾਬ ਸੀ ‘ਫ਼ਿਕਰ ਨਾ ਕਰ, ਮੈਂ ਹੈਗਾ’। ਇਹ ਸ਼ਬਦ ਜਦ ਮਾਪੇ ਬੱਚੇ ਨੂੰ ਆਖਦੇ ਹਨ ਤਾਂ ਉਸ ਨੂੰ ਜਾਪਦਾ ਹੈ, ਜਿਵੇਂ ਉਹ ਕੋਈ ਰਾਜਕੁਮਾਰ/ਰਾਜਕੁਮਾਰੀ ਹੋਵੇ ਤੇ ਸਾਰੀ ਦੁਨੀਆ...

  • fb
  • twitter
  • whatsapp
  • whatsapp
Advertisement

ਕਿਸੇ ਨੇ ਪੁੱਛਿਆ, ਸ਼ਬਦਾਂ ਦੀ ਦੁਨੀਆਂ ’ਚ ਕਿਹੜਾ ਲਫ਼ਜ਼ ਵੱਡਾ ਹੈ। ਮੇਰਾ ਜਵਾਬ ਸੀ ‘ਫ਼ਿਕਰ ਨਾ ਕਰ, ਮੈਂ ਹੈਗਾ’। ਇਹ ਸ਼ਬਦ ਜਦ ਮਾਪੇ ਬੱਚੇ ਨੂੰ ਆਖਦੇ ਹਨ ਤਾਂ ਉਸ ਨੂੰ ਜਾਪਦਾ ਹੈ, ਜਿਵੇਂ ਉਹ ਕੋਈ ਰਾਜਕੁਮਾਰ/ਰਾਜਕੁਮਾਰੀ ਹੋਵੇ ਤੇ ਸਾਰੀ ਦੁਨੀਆ ਉਸ ਦੀ ਹੀ ਸਲਤਨਤ ਹੈ। ਰਾਤ ਨੂੰ ਬੁਖਾਰ ਚੜ੍ਹੇ ਤੇ ਮਾਂ ਦਾ ਹੱਥ ਸਿਰ ’ਤੇ ਆ ਜਾਵੇ, ਨਾਲੇ ਕੰਨ ’ਚ ਆਵਾਜ਼ ਪਵੇ ‘ਪੁੱਤ ਫ਼ਿਕਰ ਨਾ ਕਰ, ਮੈਂ ਹੈਗੀ’। ਉਸ ਇੱਕ ਲਫ਼ਜ਼ ’ਚ ਦਵਾਈ ਤੋਂ ਵੀ ਵੱਧ ਅਸਰ ਹੁੰਦਾ ਹੈ। ਬੱਚਾ ਜਿਸ ਮੁਸ਼ਕਿਲ, ਬਿਮਾਰੀ ਤੋਂ ਡਰਦਾ ਹੈ, ਉਹੀ ਇਕਦਮ ਛੋਟੀ ਲੱਗਣ ਲੱਗ ਪੈਂਦੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਦੀ ਪਿੱਠ ’ਤੇ ਕਿਸੇ ਦਾ ਹੱਥ ਹੈ।

ਸਕੂਲ ’ਚ ਪਹਿਲੇ ਦਿਨ ਜਦ ਬੱਚਾ ਰੋਂਦਾ ਹੋਇਆ ਗੇਟ ’ਤੇ ਖੜ੍ਹਾ ਹੋਵੇ, ਪਿਤਾ ਝੁਕ ਕੇ ਕਹੇ ‘ਬੇਟਾ ਜਾ, ਫ਼ਿਕਰ ਨਾ ਕਰ, ਮੈਂ ਹੈਗਾ’। ਉਸ ਦਿਨ ਤੋਂ ਬਾਅਦ ਉਹ ਬੱਚਾ ਦੁਨੀਆ ਦਾ ਹਰ ਇਮਤਿਹਾਨ ਹਿੰਮਤ ਨਾਲ ਦੇਣ ਦੇ ਕਾਬਲ ਬਣਨ ਦੀ ਸਮਰੱਥਾ ਪੈਦਾ ਕਰਦਾ ਹੈ ਜਾਂ ਇੰਝ ਕਹਿ ਲਉ ਉਕਤ ਸ਼ਬਦ ਉਸ ਅੰਦਰ ਨਵੀਂ ਊਰਜਾ ਭਰ ਦਿੰਦੇ ਹਨ। ਉਸ ਨੂੰ ਪਤਾ ਹੁੰਦਾ ਹੈ ਕਿ ਜੇਕਰ ਸਾਰਥਿਕ ਕੋਸ਼ਿਸ਼ਾਂ ਦੇ ਬਾਅਦ ਹਾਰ ਵੀ ਜਾਵਾਂ ਤਾਂ ਪਿਤਾ ਦੇ ਹੌਸਲੇ ਵਾਲੇ ਸ਼ਬਦ ਉਸ ਨੂੰ ਦੁਬਾਰਾ ਉੱਠਣ ਦੀ ਪ੍ਰੇਰਨਾ ਦਾ ਸਰੋਤ ਹੋ ਨਿੱਬੜਨਗੇ।

Advertisement

ਬੁੱਢੇ ਮਾਪੇ ਜਦ ਔਲਾਦ ਮੂੰਹੋਂ ਇਹ ਸ਼ਬਦ ਸੁਣਦੇ ਹਨ, ਉਦੋਂ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਕੀਤੀ ਘਾਲਣਾ ਸਫਲ ਹੋ ਗਈ ਹੈ। ਉਹੀ ਹੱਥ ਜਿਨ੍ਹਾਂ ਨੇ ਸਾਨੂੰ ਤੋਰਨਾ ਸਿਖਾਇਆ ਸੀ, ਅੱਜ ਕੰਬਦੇ ਹਨ। ਉਹੀ ਅੱਖਾਂ ਜਿਨ੍ਹਾਂ ਨੇ ਸਾਨੂੰ ਰਾਹ ਦਿਖਾਇਆ ਸੀ, ਅੱਜ ਧੁੰਦਲੀਆਂ ਹਨ। ਅਜਿਹੇ ਵੇਲੇ ਜੇ ਬੇਟਾ ਜਾਂ ਬੇਟੀ ਕਹਿ ਦੇਣ ‘ਮਾਂ/ਬਾਪੂ ਤੁਸੀਂ ਫ਼ਿਕਰ ਨਾ ਕਰੋ, ਮੈਂ ਹੈਗਾ/ਹੈਗੀ’। ਉਸੇ ਵੇਲੇ ਮਾਪਿਆਂ ਦੇ ਚਿਹਰੇ ’ਤੇ ਉਹ ਸਕੂਨ ਆ ਜਾਂਦਾ ਹੈ ਜੋ ਕਿਸੇ ਪੈਮਾਨੇ ਵਿੱਚ ਮਾਪਿਆ ਨਹੀਂ ਜਾ ਸਕਦਾ।

Advertisement

ਦਿਲ ਦੇ ਕਰੀਬੀ ਮੂੰਹੋਂ ਸੁਣੇ ਇਹ ਲਫ਼ਜ਼ ਖ਼ੁਦ ਨੂੰ ਦੁਨੀਆ ਤੋਂ ਅਲੱਗ ਸ਼ੈਅ ਸਮਝਣ ਤੇ ਕੁਝ ਵੱਖਰਾ ਕਰਨ ਦਾ ਜਜ਼ਬਾ ਦੇ ਜਾਂਦੇ ਹਨ ਕਿ ਹੁਣ ਕਿਸ ਗੱਲ ਦੀ ਪਰਵਾਹ, ਜਦ ਤੂੰ ਹੈਗਾ ਮੇਰੇ ਨਾਲ।

ਦੋਸਤੀ ’ਚ ਵੀ ਇਹ ਲਫ਼ਜ਼ ਸਭ ਤੋਂ ਵੱਡਾ ਪ੍ਰਮਾਣ ਪੱਤਰ ਹੈ। ਜਦ ਨੌਕਰੀ ਚਲੀ ਜਾਵੇ, ਕਾਰੋਬਾਰ ਡੁੱਬ ਜਾਵੇ, ਲੋਕ ਮੂੰਹ ਮੋੜ ਲੈਣ। ਉਸ ਹਨੇਰੇ ’ਚ ਕੋਈ ਇੱਕ ਦੋਸਤ ਮੋਢੇ ’ਤੇ ਹੱਥ ਰੱਖ ਕੇ ਕਹੇ ‘ਯਾਰ ਫ਼ਿਕਰ ਨਾ ਕਰ, ਮੈਂ ਹੈਗਾ’। ਉਸ ਵੇਲੇ ਤਾਂ ਲੱਗਦਾ ਹੈ ਬੈਂਕ ਬੈਲੇਂਸ ਸਿਫ਼ਰ ਵੀ ਹੋਵੇ ਤਾਂ ਕੀ, ਅਸਲ ਪੂੰਜੀ ਤਾਂ ਨਾਲ ਖੜ੍ਹੀ ਹੈ। ਇਹ ਲਫ਼ਜ਼ ਰਿਸ਼ਤਿਆਂ ਦੀ ਗਾਰੰਟੀ ਬਣ ਜਾਂਦੇ ਹਨ। ਇਹ ਕਾਗਜ਼ਾਂ ’ਤੇ ਨਹੀਂ, ਦਿਲ ’ਤੇ ਦਸਤਖ਼ਤ ਕਰ ਦਿੰਦੇ ਹਨ।

ਜੇਠਾ ਲਾਲ (ਲੜੀਵਾਰ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’) ਦੇ ਰੋਜ਼ਾਨਾ ਜੀਵਨ ਵਾਂਗ ਸਾਡੀ ਜ਼ਿੰਦਗੀ ਵਿੱਚ ਵੀ ਤਾਂ ਸਮੱਸਿਆਵਾਂ ਆਉਣਗੀਆਂ ਹੀ। ਬਸ! ਉਨ੍ਹਾਂ ਦੇ ਨਿਵਾਰਨ ਹਿੱਤ ਤਾਰਕ ਮਹਿਤਾ ਵਰਗਾ ਇੱਕ ਪਰਮ ਮਿੱਤਰ ਜ਼ਰੂਰੀ ਹੈ ਜੋ ਹਰ ਤਰ੍ਹਾਂ ਦੇ ਹਾਲਾਤ ਵਿੱਚ ਸਹੀ ਸਲਾਹ ਦੇ ਕੇ ਮਾਰਗ ਦਰਸ਼ਨ ਕਰਨ ਦੇ ਨਾਲ ਇਹ ਕਹੇ ‘ਫ਼ਿਕਰ ਨਾ ਕਰ ਮੇਰੇ ਦੋਸਤ ਮੈਂ ਹੈਗਾ ਤੇਰੇ ਨਾਲ’।

ਹਰ ਸੁਦਾਮੇ ਕੋਲ ਜੇਕਰ ਸ੍ਰੀ ਕ੍ਰਿਸ਼ਨ ਵਰਗਾ ਦੋਸਤ ਹੈ ਤਾਂ ਉਸ ਨੂੰ ਦੁਨੀਆ ਦੀ ਕਿਸੇ ਸ਼ੈਅ ਅੱਗੇ ਹੱਥ ਅੱਡਣ ਦੀ ਕਦੇ ਜ਼ਰੂਰਤ ਨਹੀਂ ਪਵੇਗੀ। ਅਰਜੁਨ ਦਾ ਉਹ ਹਰ ਵੇਲੇ ਮਾਰਗ ਦਰਸ਼ਨ ਕਰਦੇ ਹਨ। ਪਿਆਰ ’ਚ ਇਹ ਸ਼ਬਦ ਹਜ਼ਾਰ ਵਾਅਦਿਆਂ ਤੋਂ ਭਾਰੀ ਹੈ। ‘ਮੈਂ ਤੇਰੇ ਨਾਲ ਹਾਂ’ ਕਹਿਣਾ ਸੌਖਾ ਹੈ, ਪਰ ‘ਫ਼ਿਕਰ ਨਾ ਕਰ, ਮੈਂ ਹੈਗਾ’ ਕਹਿਣ ਦਾ ਮਤਲਬ ਹੈ ਤੇਰੇ ਹੰਝੂ ਮੇਰੇ ਹੋਣਗੇ, ਤੇਰਾ ਕੱਲ੍ਹ ਮੇਰੀ ਜ਼ਿੰਮੇਵਾਰੀ ਹੈ। ਜਦ ਕੋਈ ਲੜਕੀ ਦੁਲਹਨ ਬਣ ਕੇ ਨਵਾਂ ਘਰ ਵਸਾਉਂਦੀ ਹੈ। ਉਸ ਦੇ ਸੰਸਿਆਂ ਨੂੰ ਉਸ ਦੇ ਹਮਸਫ਼ਰ ਦੇ ਇਹ ਬੋਲ ‘ਫਿਕਰ ਨਾ ਕਰ’ ਛੂਮੰਤਰ ਕਰ ਦਿੰਦੇ ਹਨ ਤੇ ਉਸ ਨੂੰ ਨਵਾਂ ਘਰ ਵੀ ਆਪਣਾ ਲੱਗਣ ਲੱਗ ਜਾਂਦਾ ਹੈ।

ਮੈਂ ਡਾਕਟਰ ਹਾਂ, ਆਪਣੀ ਮੈਡੀਕਲ ਟੀਮ ਨਾਲ ਮਿਲ ਕੇ ਰੋਜ਼ਾਨਾ ਹਸਪਤਾਲ ’ਚ ਸੈਂਕੜੇ ਚਿਹਰੇ ਦੇਖਦਾ ਹਾਂ। ਮਰੀਜ਼ਾਂ ਦੀਆਂ ਤਕਲੀਫ਼ਾਂ ਸੁਣਦਾ ਹਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਚਿੰਤਾਵਾਂ। ਜਦ ਕਿਸੇ ਦੀ ਕੋਈ ਰਿਪੋਰਟ ਖ਼ਰਾਬ ਆਵੇ ਜਾਂ ਮਰੀਜ਼ ਦੀ ਹਾਲਤ ਵਿਗੜੇ ਤਾਂ ਟੀਮ ਦੇੇ ਸੰਭਾਲਣਯੋਗ ਬਿਮਾਰੀ ਤੇ ਅਲਾਮਤਾਂ ਨੂੰ ਧਿਆਨ ਵਿੱਚ ਰੱਖ ਅਸੀਂ ਕਹਿੰਦੇ ਹਾਂ ‘ਫ਼ਿਕਰ ਨਾ ਕਰੋ, ਅਸੀਂ ਹੈਗੇ’। ਉਸ ਇੱਕ ਲਫ਼ਜ਼ ਨਾਲ ਮਰੀਜ਼ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਦਿਮਾਗ਼ ਵਿੱਚ ਜੋ ਸਹਿਮ ਦਾ ਮਾਹੌਲ ਹੁੰਦਾ ਹੈ ਉਹ ਕਾਫ਼ੀ ਹੱਦ ਤੱਕ ਘਟ ਜਾਂਦਾ ਹੈ। ਡਰ ਨੂੰ ਸਿਰਫ਼ ਭਰੋਸਾ ਹੀ ਮਾਰ ਸਕਦਾ ਹੈ।

ਇਹ ਲਫ਼ਜ਼ ਛੋਟਾ ਹੈ, ਪਰ ਇਸ ਦਾ ਕੱਦ ਬਹੁਤ ਵੱਡਾ ਹੈ। ਇਸ ’ਚ ਜ਼ਿੰਮੇਵਾਰੀ ਹੈ, ਪਿਆਰ ਹੈ, ਵਫ਼ਾਦਾਰੀ ਹੈ ਤੇ ਸਭ ਤੋਂ ਵੱਡੀ ਗੱਲ ਸਵਾਰਥ ਨਹੀਂ ਹੈ। ‘ਮੈਂ ਹੈਗਾ’ ਕਹਿਣ ਵਾਲਾ ਇਹ ਨਹੀਂ ਪੁੱਛਦਾ ਕਿ ਬਦਲੇ ’ਚ ਮੈਨੂੰ ਕੀ ਮਿਲੇਗਾ। ਉਹ ਬਸ ਨਾਲ ਖੜ੍ਹਾ ਹੋ ਜਾਂਦਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਗਿਆਨ ਕੋਸ਼ ਦੇ ਅਨੇਕਾਂ ਸ਼ਬਦਾਂ ’ਤੇ ਇਹ ਪੰਜ ਸ਼ਬਦਾਂ ਦਾ ਵਾਕ ਭਾਰੀ ਹੈ। ਇਹ ਵਾਕ ਨਹੀਂ, ਇਹ ਇੱਕ ਵਾਅਦਾ ਹੈ ਕਿ ਤੂੰ ਇਕੱਲਾ ਨਹੀਂ ਹੈ। ਮੇਰਾ ਤਾਂ ਮਨਣਾ ਹੈ ਕਿ ਹੋਰਾਂ ਨੂੰ ਕਿਸੇ ਮੁਸ਼ਕਿਲ ’ਚੋਂ ਕੱਢਣ ਲਈ ਜਦੋਂ ਵੀ ਮਦਦ ਵਾਲਾ ਹੱਥ ਵਧਾਉਗੇ, ਭਵਿੱਖ ’ਚ ਇਸੇ ਤਜਰਬੇ ਨਾਲ ਤੁਹਾਨੂੰ ਆਪਣੀਆਂ ਸਮੱਸਿਆਵਾਂ ਦੇ ਬਿਹਤਰ ਹੱਲ ਸੁੱਝ ਜਾਣਗੇ।

ਸੰਪਰਕ: 95173-96001

Advertisement
×