ਅੱਜ ਲਈ ਜਿਊਣਾ ਸਿੱਖੀਏ
ਸਾਡੇ ਦੇਸ਼ ਵਿੱਚ ਧਰਮ ਦਾ ਪ੍ਰਭਾਵ ਬਹੁਤ ਹੈ। ਸ਼ਾਇਦ ਕੋਈ ਅਜਿਹਾ ਪਰਿਵਾਰ ਹੋਵੇਗਾ ਜਿਹੜਾ ਧਾਰਮਿਕ ਰਸਮਾਂ ਨਾ ਕਰਦਾ ਹੋਵੇ, ਪਰ ਪੂਜਾ ਪਾਠ ਆਪਣੇ ਆਪ ਨੂੰ ਸੁਧਾਰ ਕੇ ਚੰਗਾ ਜੀਵਨ ਜਿਊਣ ਲਈ ਨਹੀਂ ਸਗੋਂ ਭਵਿੱਖ ਨੂੰ ਜਾਂ ਅਗਲੇ ਜੀਵਨ ਨੂੰ ਵਧੀਆ...
ਸਾਡੇ ਦੇਸ਼ ਵਿੱਚ ਧਰਮ ਦਾ ਪ੍ਰਭਾਵ ਬਹੁਤ ਹੈ। ਸ਼ਾਇਦ ਕੋਈ ਅਜਿਹਾ ਪਰਿਵਾਰ ਹੋਵੇਗਾ ਜਿਹੜਾ ਧਾਰਮਿਕ ਰਸਮਾਂ ਨਾ ਕਰਦਾ ਹੋਵੇ, ਪਰ ਪੂਜਾ ਪਾਠ ਆਪਣੇ ਆਪ ਨੂੰ ਸੁਧਾਰ ਕੇ ਚੰਗਾ ਜੀਵਨ ਜਿਊਣ ਲਈ ਨਹੀਂ ਸਗੋਂ ਭਵਿੱਖ ਨੂੰ ਜਾਂ ਅਗਲੇ ਜੀਵਨ ਨੂੰ ਵਧੀਆ ਬਣਾਉਣ ਲਈ ਕੀਤੇ ਜਾਂਦੇ ਹਨ। ਅਸੀਂ ‘ਹੁਣ’ ਵਿੱਚ ਬਹੁਤ ਘੱਟ ਜਿਊਂਦੇ ਹਾਂ। ਹਮੇਸ਼ਾ ਭੂਤ ਦੀਆਂ ਯਾਦਾਂ ਤੇ ਭਵਿੱਖ ਦੇ ਡਰ ਵਿੱਚ ਹੀ ਉਲਝੇ ਰਹਿੰਦੇ ਹਾਂ। ਅਜਿਹਾ ਕਰਮ ਸਾਥੋਂ ਮਨ ਕਰਵਾਉਂਦਾ ਹੈ। ਇਹ ਬੜਾ ਚੰਚਲ ਹੈ। ਇਹ ‘ਹੁਣ’ ਵਿੱਚ ਤਾਂ ਟਿਕਦਾ ਹੀ ਨਹੀਂ ਹੈ। ਤੁਸੀਂ ਕਿਸੇ ਸੈਮੀਮਾਰ ਵਿੱਚ ਬੈਠੇ ਹੋ ਤਾਂ ਭਾਸ਼ਣ ਨੂੰ ਸੁਣਨ ਦਾ ਯਤਨ ਕਰਦੇ ਹੋ, ਪਰ ਮਨ ਤੁਹਾਡੀ ਬਿਰਤੀ ਨੂੰ ਉੱਥੇ ਟਿਕਣ ਹੀ ਨਹੀਂ ਦਿੰਦਾ। ਉਹ ਹੋਰ ਦਾ ਹੋਰ ਕਿਤੇ ਲੈ ਜਾਂਦਾ ਹੈ। ਕਈ ਵਾਰ ਮਨ ਤੁਹਾਨੂੰ ਗ਼ਲਤ ਰਾਹਾਂ ਉਤੇ ਲੈ ਜਾਂਦਾ ਹੈ। ਤੁਹਾਨੂੰ ਪਤਾ ਹੈ ਕਿ ਗ਼ਲਤ ਹੋ ਰਿਹਾ ਹੈ, ਪਰ ਮਨ ਸਮਝਾਉਂਦਾ ਹੈ ਕਿ ਅਜਿਹਾ ਕੁਝ ਨਹੀਂ ਹੈ ਤੇ ਤੁਸੀਂ ਉਨ੍ਹਾਂ ਰਾਹਾਂ ਵਿੱਚ ਉਲਝ ਜਾਂਦੇ ਹੋ।
ਸਾਰੀ ਉਮਰ ਮਿਹਨਤ ਕਰਦੇ ਹਾਂ ਤਾਂ ਜੋ ਭਵਿੱਖ ਲਈ ਘਰ ਬਣ ਜਾਵੇ ਤੇ ਪੈਸੇ ਇਕੱਠੇ ਹੋ ਜਾਣ। ‘ਹੁਣ’ ਨੂੰ ਜਿਊਣ ਦਾ ਮੌਕਾ ਹੀ ਨਹੀਂ ਮਿਲਦਾ। ਜੇਕਰ ਕਦੇ ਅਜਿਹਾ ਕਰਨ ਦਾ ਯਤਨ ਕਰਦੇ ਹਾਂ ਤਾਂ ਮਨ ਭਾਰੂ ਹੋ ਜਾਂਦਾ ਹੈ। ਪੈਸੇ ਨੂੰ ਪਿਛਲੀ ਉਮਰ ਲਈ ਸੰਭਾਲ ਕੇ ਰੱਖੋ। ਹਾਲਾਂਕਿ ਮਨੁੱਖ ਨੂੰ ਪਤਾ ਨਹੀਂ ਹੁੰਦਾ ਕਿ ਪਿਛਲੀ ਉਮਰ ਨੇ ਆਉਣਾ ਵੀ ਹੈ ਕਿ ਨਹੀਂ। ਅਸੀਂ ਹਮੇਸ਼ਾ ਭਵਿੱਖ ਦੇ ਫ਼ਿਕਰ ਵਿੱਚ ਵੀ ਘਿਰੇ ਰਹਿੰਦੇ ਹਾਂ। ਹਾਲਾਂਕਿ ਅਸੀਂ ਜਾਣਦੇ ਹਾਂ ਕਿ ਕੱਲ੍ਹ ਨੇ ਕਦੇ ਨਹੀਂ ਆਉਣਾ। ਸਾਡੇ ਵਿੱਚੋਂ ਬਹੁਤੇ ਆਪਣੇ ਮਨ ਦੇ ਕਾਬੂ ਵਿੱਚ ਰਹਿੰਦੇ ਹਨ। ਜਦੋਂ ਤੱਕ ਤੁਸੀਂ ਮਨ ਦੇ ਕਾਬੂ ਵਿੱਚ ਹੋ ਉਦੋਂ ਤੱਕ ਹੁਣ ਭਾਵ ਅੱਜ ਨੂੰ ਮਾਣਿਆ ਨਹੀਂ ਜਾ ਸਕਦਾ।
ਇੱਕ ਵਾਰ ਮੈਂ ਪੁਲੀਸ ਅਫ਼ਸਰਾਂ ਨੂੰ ਸੇਵਾ ਅਤੇ ਸ਼ੁਭ ਕਰਮ ਕਰਨ ਬਾਰੇ ਲੈਕਚਰ ਦੇ ਰਿਹਾ ਸੀ। ਲੈਕਚਰ ਪਿੱਛੋਂ ਉਨ੍ਹਾਂ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ। ਇੱਕ ਅਫ਼ਸਰ ਨੇ ਸਵਾਲ ਪੁੱਛਿਆ, ‘‘ਸਰ ਗਿਆਨੀ, ਸੰਤ, ਬ੍ਰਹਮ ਗਿਆਨੀ, ਮਹਾਪੁਰਖ ਇਨ੍ਹਾਂ ਵਿੱਚ ਕੀ ਅੰਤਰ ਹੈ?’’ ਕੁਦਰਤੀ ਉਸ ਦਿਨ ਦਾ ਮੈਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਹੁਕਮਨਾਮਾ ਪੜ੍ਹਿਆ ਸੀ। ਉਸ ਵਿੱਚ ਇੱਕ ਤੁਕ ਸੀ- ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ।। ਭਾਵ ਇਸ ਸੰਸਾਰ ਦੇ ਕਾਰੋਬਾਰ ਨੇ ਸਭਨਾਂ ਨੂੰ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ। ਕੇਵਲ ਗਿਆਨੀ ਨੇ ਹੀ ਆਪਣੇ ਆਪ ਨੂੰ ਕਾਬੂ ਕੀਤਾ ਹੋਇਆ ਤੇ ਉਹ ਇਸ ਚਮਕ ਦਮਕ ਤੋਂ ਪ੍ਰਭਾਵਿਤ ਨਹੀਂ ਹੁੰਦਾ। ਇੰਝ ਉਸ ਨੇ ਜਗ ਨੂੰ ਜਿੱਤਿਆ ਹੈ। ਗੁਰੂ ਸਾਹਿਬ ਸਾਨੂੰ ਇਹ ਵੀ ਸੋਝੀ ਦਿੰਦੇ ਹਨ ਕਿ ਜਗਤ ਨੂੰ ਉਹ ਹੀ ਜਿੱਤ ਸਕਦਾ ਹੈ ਜਿਸ ਨੇ ਆਪਣੇ ਮਨ ਨੂੰ ਜਿੱਤਿਆ ਹੋਇਆ ਹੈ। ਭਾਵ ਜਿਸ ਦਾ ਮਨ ਉਸ ਦੇ ਕਾਬੂ ਵਿੱਚ ਹੈ। ਜਿਹੜਾ ਮਨੁੱਖ ਮਨ ਦੇ ਕਾਬੂ ਵਿੱਚ ਹੈ ਉਹ ਕਦੇ ਵੀ ਸੰਤ ਜਾਂ ਗਿਆਨੀ ਨਹੀਂ ਬਣ ਸਕਦਾ।
ਇਸ ਵਿਆਖਿਆ ਨਾਲ ਮੇਰੇ ਲੈਕਚਰ ਨੂੰ ਹੋਰ ਮਜ਼ਬੂਤੀ ਮਿਲ ਗਈ ਕਿਉਂਕਿ ਮਨੁੱਖ ਜਦੋਂ ਮਨ ਦੇ ਕਾਬੂ ਵਿੱਚ ਹੁੰਦਾ ਹੈ ਉਦੋਂ ਹੀ ਗ਼ਲਤ ਕੰਮ ਕਰਦਾ ਹੈ। ਰਿਸ਼ਵਤ ਲੈਂਦਾ ਹੈ। ਨਾਜਾਇਜ਼ ਕਿਸੇ ਨੂੰ ਤੰਗ ਕਰਦਾ ਹੈ। ਬਦਲੇ ਦੀ ਭਾਵਨਾ ਰੱਖਦਾ ਹੈ। ਮਨ ਉਤੇ ਕਾਬੂ ਪਾਉਣ ਲਈ ਮਨੁੱਖ ਅਨੇਕਾਂ ਯਤਨ ਕਰਦਾ ਹੈ। ਉਹ ਸਰੀਰ ਨੂੰ ਤਕਲੀਫ਼ ਦਿੰਦਾ ਹੈ। ਤੀਰਥ ਯਾਤਰਾਵਾਂ ਕਰਦਾ ਹੈ, ਸੰਸਾਰ ਤਿਆਗ ਦਿੰਦਾ ਹੈ, ਬ੍ਰਹਮਚਾਰੀ ਬਣ ਜਾਂਦਾ ਹੈ, ਪਰ ਆਮ ਤੌਰ ਉਤੇ ਉਹ ਮਨ ਉਤੇ ਕਾਬੂ ਪਾਉਣ ਦੀ ਥਾਂ ਸਗੋਂ ਹੋਰ ਉਸ ਦੇ ਕਾਬੂ ਵਿੱਚ ਆ ਜਾਂਦਾ ਹੈ। ਸਰੀਰ ਨੂੰ ਮਿਲਣ ਵਾਲੀ ਖ਼ੁਸ਼ੀ, ਗ਼ਮੀ, ਦੁਖ ਦਰਦ, ਤਕਲੀਫ਼ ਸਾਰੇ ਮਨ ਦੀ ਦੇਣ ਹਨ। ਜਿਹੜੇ ਮਹਾਪੁਰਖਾਂ ਨੇ ਦੁੱਖ ਤਕਲੀਫ਼ ਝੱਲ ਕੇ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਨੇ ਆਪਣੇ ਮਨ ਨੂੰ ਜਿੱਤਿਆ ਹੋਇਆ ਸੀ। ਜਦੋਂ ਸਰੀਰ ਦਾ ਮਨ ਨਾਲੋਂ ਨਾਤਾ ਟੁੱਟ ਜਾਂਦਾ ਹੈ, ਉਦੋਂ ਹੀ ਉਸ ਵਿੱਚ ਕੁਰਬਾਨੀ ਦੇਣ ਅਤੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਸ਼ਕਤੀ ਪ੍ਰਾਪਤ ਹੁੰਦੀ ਹੈ। ਡਾਕਟਰ ਨੇ ਜਦੋਂ ਕੋਈ ਅਪਰੇਸ਼ਨ ਕਰਨਾ ਹੁੰਦਾ ਹੈ ਤਾਂ ਉਹ ਸਰੀਰ ਨੂੰ ਬੇਹੋਸ਼ ਕਰਦਾ ਹੈ ਜਿਸ ਨਾਲ ਸਰੀਰ ਦਾ ਮਨ ਨਾਲੋਂ ਨਾਤਾ ਟੁੱਟ ਜਾਂਦਾ ਹੈ। ਡਾਕਟਰ ਕਿੰਨੀ ਵੀ ਚੀਰ ਫਾੜ ਕਰੇ ਸਰੀਰ ਨੂੰ ਦੁੱਖ ਮਹਿਸੂਸ ਨਹੀਂ ਹੁੰਦਾ। ਉਂਝ ਜੇਕਰ ਕਿਤੇ ਸੂਈ ਵੀ ਚੁੱਭ ਜਾਵੇ ਤਾਂ ਸਰੀਰ ਚੀਕਾਂ ਮਾਰਨ ਲੱਗ ਪੈਂਦਾ ਹੈ।
ਮਨ ਦੇ ਕਾਬੂ ਦੀ ਸ਼ਕਤੀ ਦਾ ਪ੍ਰਗਟਾਵਾ ਭਗਤ ਕਬੀਰ ਸਾਹਿਬ ਦੀ ਇੱਕ ਸਾਖੀ ਰਾਹੀਂ ਹੁੰਦਾ ਹੈ। ਭਗਤ ਜੀ ਨੂੰ ਇੱਕ ਪੈਰੋਕਾਰ ਮਿਲਣ ਆਇਆ ਤੇ ਆਖਣ ਲੱਗਾ, ‘‘ਭਗਤ ਜੀ ਮੈਨੂੰ ਦੱਸੋ ਮੈਂ ਗ੍ਰਹਿਸਥੀ ਬਣਾ ਜਾਂ ਸੰਨਿਆਸੀ ਬਣਾ?’’ ਭਗਤ ਜੀ ਨੇ ਆਖਿਆ, ‘‘ਬੈਠ ਮੈਂ ਇਹ ਕੱਪੜਾ ਪੂਰਾ ਕਰ ਲਵਾਂ ਫਿਰ ਗੱਲ ਕਰਾਂਗਾ।’’ ਥੋੜ੍ਹੀ ਦੇਰ ਪਿੱਛੋਂ ਉਨ੍ਹਾਂ ਨੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰੀ, ‘‘ਜ਼ਰਾ ਦੀਵਾ ਬਾਲ ਕੇ ਲਿਆਉਣਾ, ਇਹ ਤੰਦ ਟੁੱਟ ਗਈ ਹੈ।’’ ਉਨ੍ਹਾਂ ਦਾ ਚੇਲਾ ਹੈਰਾਨ ਸੀ, ਦੁਪਹਿਰ ਦਾ ਵੇਲਾ ਹੈ ਤੇ ਪੂਰਾ ਚਾਨਣ ਹੈ ਫਿਰ ਦੀਵਾ ਕਿਉਂ? ਘਰਵਾਲੀ ਬਿਨਾਂ ਕੁਝ ਬੋਲੇ ਦੀਵਾ ਬਾਲ ਕੇ ਲੈ ਆਈ ਅਤੇ ਕਬੀਰ ਸਾਹਿਬ ਦੇ ਕੋਲ ਰੱਖ ਦਿੱਤਾ। ਉਸ ਪਿੱਛੋਂ ਕਬੀਰ ਸਾਹਿਬ ਨੇ ਆਪਣੇ ਪੈਰੋਕਾਰ ਨੂੰ ਆਖਿਆ ਚਲੋ ਥੋੜ੍ਹਾ ਬਾਹਰ ਘੁੰਮ ਕੇ ਆਉਂਦੇ ਹਾਂ। ਉਸ ਵਸੋਂ ਤੋਂ ਬਾਹਰ ਇੱਕ ਪਹਾੜੀ ਉਤੇ ਚੜ੍ਹ ਗਏ। ਉੱਥੇ ਇੱਕ ਮਹਾਤਮਾ ਦੀ ਕੁਟੀਆ ਸੀ। ਉਨ੍ਹਾਂ ਮਹਾਤਮਾ ਜੀ ਨੂੰ ਨਮਸਕਾਰ ਕੀਤਾ ਤੇ ਗੱਲਾਂ ਕਰਨ ਲੱਗ ਪਏ। ਗੱਲਾਂ ਗੱਲਾਂ ਵਿੱਚ ਹੀ ਕਬੀਰ ਸਾਹਿਬ ਨੇ ਪੁੱਛ ਲਿਆ ਕਿ ਮਹਾਤਮਾ ਜੀ ਤੁਹਾਡੀ ਉਮਰ ਕਿੰਨੀ ਕੁ ਹੋਵੇਗੀ? ਮਹਾਤਮਾ ਜੀ ਦਾ ਉੱਤਰ ਸੀ, ‘‘ਅੱਸੀ ਸਾਲ ਦਾ ਹੋ ਗਿਆ ਹਾਂ।’’ ਕੁਝ ਦੇਰ ਹੋਰ ਬੈਠਣ ਪਿੱਛੋਂ ਜਦੋਂ ਤੁਰਨ ਲੱਗੇ ਤਾਂ ਕਬੀਰ ਸਾਹਿਬ ਨੇ ਮੁੜ ਪੁੱਛਿਆ। ਮਹਾਤਮਾ ਜੀ ਤੁਸੀਂ ਆਪਣੀ ਉਮਰ ਕਿੰਨੀ ਦੱਸੀ ਸੀ। ਮਹਾਤਮਾ ਜੀ ਨੇ ਖਿੜੇ ਮੱਥੇ ਉੱਤਰ ਦਿੱਤਾ, ‘‘ਅੱਸੀ ਸਾਲ।’’ ਥੋੜ੍ਹੀ ਦੇਰ ਤੁਰਨ ਪਿੱਛੋਂ ਕਬੀਰ ਜੀ ਫਿਰ ਵਾਪਸ ਮੁੜੇ ਅਤੇ ਮਹਾਤਮਾ ਨੂੰ ਪੁੱਛਣ ਲਗੇ, ‘‘ਮਹਾਤਮਾ ਜੀ ਮੈਂ ਭੁੱਲ ਗਿਆ। ਤੁਸੀਂ ਆਪਣੀ ਉਮਰ ਕਿੰਨੀ ਦੱਸੀ ਸੀ?’’ ਮਹਾਤਮਾ ਜੀ ਨੇ ਬਿਨਾਂ ਮੱਥੇ ਉਤੇ ਕੋਈ ਵੱਟ ਪਾਇਆਂ ਆਖਿਆ, ‘‘ਜੀ ਅੱਸੀ ਸਾਲ।’’ ਕਬੀਰ ਸਾਹਿਬ ਪਹਾੜੀ ਤੋਂ ਥੱਲੇ ਉਤਰ ਆਏ। ਥੱਲੇ ਖੜ੍ਹ ਕੇ ਮੁੜ ਮਹਾਤਮਾ ਜੀ ਨੂੰ ਆਵਾਜ਼ਾਂ ਮਾਰਨ ਲੱਗ ਪਏ। ਆਵਾਜ਼ ਸੁਣ ਕੇ ਮਹਾਤਮਾ ਜੀ ਆਪਣੀ ਕੁਟੀਆ ਵਿੱਚੋਂ ਨਿਕਲ ਬਾਹਰ ਆਏ ਤੇ ਕਬੀਰ ਨੂੰ ਆਖਣ ਲੱਗੇ, ‘‘ਕੀ ਗੱਲ ਹੋ ਗਈ?’’ ਕਬੀਰ ਸਾਹਿਬ ਨੇ ਆਖਿਆ, ‘‘ਮਹਾਤਮਾ ਜੀ ਜ਼ਰਾ ਥੱਲੇ ਆਇਉ।’’ ਮਹਾਤਮਾ ਜੀ ਥੱਲੇ ਆ ਗਏ। ਕਬੀਰ ਸਾਹਿਬ ਆਖਣ ਲੱਗੇ, ‘‘ਮਹਾਤਮਾ ਜੀ ਮੈਂ ਭੁੱਲ ਗਿਆ, ਤੁਸੀਂ ਆਪਣੀ ਉਮਰ ਕਿੰਨੀ ਦੱਸੀ ਸੀ?’’ ਮਹਾਤਮਾ ਜੀ ਨੇ ਬਿਨਾਂ ਮੱਥੇ ਵੱਟ ਪਾਇਆਂ ਆਖਿਆ, ‘‘ਅੱਸੀ ਸਾਲ।’’ ਕਬੀਰ ਸਾਹਿਬ ਦੀ ਘਰਵਾਲੀ ਅਤੇ ਮਹਾਤਮਾ ਜੀ ਨੇ ਆਪਣੇ ਮਨ ਉਤੇ ਕਾਬੂ ਪਾਇਆ ਸੀ, ਇਸੇ ਕਰਕੇ ਉਨ੍ਹਾਂ ਦੇ ਚਿਹਰਿਆਂ ਉਤੇ ਗੁੱਸਾ ਨਹੀਂ ਮੁਸਕਰਾਹਟ ਸੀ। ਸਿਖਰ ਦੁਪਹਿਰੇ ਦੀਵਾ ਬਾਲਣਾ ਪ੍ਰਸ਼ਨ ਕਰ ਸਕਦਾ ਸੀ। ਮੁੜ ਮੁੜ ਪੁੱਛਣ ’ਤੇ ਮਹਾਤਮਾ ਜੀ ਨੂੰ ਗੁੱਸਾ ਆ ਸਕਦਾ ਸੀ, ਪਰ ਉਨ੍ਹਾਂ ਨੇ ਆਪਣੇ ਮਨ ਨੂੰ ਕਾਬੂ ਕੀਤਾ ਹੋਇਆ ਸੀ। ਜਿਸ ਕਰਕੇ ਦੁਖੀ ਹੋਣ ਦੀ ਥਾਂ ਉਹ ਸਮੇਂ ਦਾ ਆਨੰਦ ਮਾਣ ਰਹੇ ਸਨ।
ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਹਨ ਜਾਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਉਨ੍ਹਾਂ ਨੇ ਆਪਣੇ ਮਨ ਉਤੇ ਕਾਬੂ ਪਾਇਆ ਹੋਇਆ ਸੀ। ਉਹ ਮਨ ਦੀ ਨਹੀਂ ਸੁਣਦੇ ਸਗੋਂ ਮਨ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ। ਮਨ ਤੁਹਾਨੂੰ ਖ਼ੁਸ਼ੀ ਦੇ ਸਕਦਾ ਹੈ, ਪਰ ਅਨੰਦ ਨਹੀਂ ਦੇ ਸਕਦਾ। ਖ਼ੁਸ਼ੀ ਕਦੇ ਸਥਾਈ ਨਹੀਂ ਹੁੰਦੀ ਜਦੋਂ ਇਹ ਜਾਂਦੀ ਹੈ ਤਾਂ ਦੁੱਖਾਂ ਨੂੰ ਪੱਲੇ ਪਾ ਕੇ ਝੂਰਨ ਲਈ ਛੱਡ ਜਾਂਦੀ ਹੈ। ਜਦੋਂਕਿ ਅਨੰਦ ਸਥਾਈ ਹੈ। ਇਹ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਦੋਂ ਮਨੁੱਖ ਮਨ ਦੀ ਮਤੜੀ ਤਿਆਗ ਦਿੰਦਾ ਹੈ। ਉਦੋਂ ਹੀ ਉਹ ‘ਹੁਣ’ ਨੂੰ ਮਾਣਦਾ ਹੈ। ਕੱਲ੍ਹ ਦਾ ਕਦੇ ਭਰੋਸਾ ਨਹੀਂ ਕੀਤਾ ਜਾ ਸਕਦਾ। ਪਿੱਛੇ ਵੇਖ ਝੂਰਿਆਂ ਦੁੱਖ ਹੀ ਮਿਲਦਾ ਹੈ। ਭਵਿੱਖ ਦਾ ਡਰ ‘ਹੁਣ’ ਭਾਵ ਵਰਤਮਾਨ ਨੂੰ ਮਾਣਨ ਵਿੱਚ ਅੜਿੱਕਾ ਬਣਦਾ ਹੈ। ਸੋਚੋ ਕੱਲ੍ਹ ਕਦੇ ਨਹੀਂ ਆਉਣੀ। ‘ਹੁਣ’ ਸੱਚ ਹੈ ਇਸ ਨੂੰ ਮਾਣੋ, ਪ੍ਰਾਪਤੀਆਂ ਕਰੋ। ਮਨ ਦੀ ਨਾ ਸੁਣੋ ਜੇਕਰ ਉਹ ਆਖਦਾ ਹੈ, ‘‘ਕੱਲ੍ਹ ਕਿਹੜਾ ਸੂਰਜ ਨਹੀਂ ਚੜ੍ਹਨਾ?’’ ਕੱਲ੍ਹ ਦੇ ਸੂਰਜ ਦੀ ਉਡੀਕ ਸਦੀਵੀ ਬਣ ਜਾਂਦੀ ਹੈ ਕਿਉਂਕਿ ਕੱਲ੍ਹ ਤਾਂ ਕਦੇ ਆਉਂਦੀ ਹੀ ਨਹੀਂ ਹੈ। ਮਨ ਉਤੇ ਕਾਬੂ ਮਨੁੱਖ ਨੂੰ ਬੇਪ੍ਰਵਾਹ ਬਣਾ ਦਿੰਦਾ ਹੈ। ਬੇਪ੍ਰਵਾਹੀ ਦੇ ਆਲਮ ਵਿੱਚ ਹੀ ਦੁੱਖ ਸੁੱਖ ਵੇਲੇ ‘ਹੁਣ’ ਦਾ ਅਨੰਦ ਮਾਣਿਆ ਜਾ ਸਕਦਾ ਹੈ।
ਤੁਸੀਂ ਰੌਕੀਫੈਲਰ ਫਾਊਂਡੇਸ਼ਨ ਦਾ ਨਾਮ ਸ਼ਾਇਦ ਸੁਣਿਆ ਹੋਵੇਗਾ। ਇਹ ਅਮਰੀਕਾ ਦੀ ਇੱਕ ਸੰਸਥਾ ਹੈ ਜਿਹੜੀ ਸੰਸਾਰ ਵਿੱਚੋਂ ਗ਼ਰੀਬੀ, ਭੁੱਖ, ਬਿਮਾਰੀ ਅਤੇ ਅਨਪੜ੍ਹਤਾ ਦੂਰ ਕਰਨ ਦਾ ਕਾਰਜ ਕਰ ਰਹੀ ਹੈ। ਸੰਸਾਰ ਦੇ ਵੱਡੇ ਦੇਸ਼ਾਂ ਵਿੱਚ ਇਸ ਦੇ ਦਫ਼ਤਰ ਹਨ। ਇਸ ਸੰਸਥਾ ਵੱਲੋਂ ਵਿਕਾਸਸ਼ੀਲ ਦੇਸ਼ਾਂ ਵਿੱਚ ਖੇਤੀ ਖੋਜ, ਵਿਦਿਆ ਅਤੇ ਸਿਹਤ ਸਹੂਲਤਾਂ ਲਈ ਖੁੱਲ੍ਹ ਕੇ ਦਾਨ ਦਿੱਤਾ ਜਾਂਦਾ ਹੈ। ਇਸ ਦਾ ਮਾਲਕ ਰੌਕੀਫੈਲਰ ਅਮਰੀਕਾ ਦਾ ਸਭ ਤੋਂ ਅਮੀਰ ਵਿਅਕਤੀ ਸੀ। ਆਪਣੇ ਮਨ ਦੇ ਪਿੱਛੇ ਲੱਗ ਕੇ ਹਮੇਸ਼ਾ ਕਮਾਈ ਕਰਨ ਬਾਰੇ ਹੀ ਸੋਚਦਾ ਰਹਿੰਦਾ ਸੀ। ਆਪਣੇ ਬਾਰੇ ਜਾਂ ਆਪਣੇ ਵੱਲ ਕੋਈ ਧਿਆਨ ਨਹੀਂ ਦਿੱਤਾ। ਉਸ ਮਸਾਂ ਪੰਜਾਹ ਸਾਲ ਦਾ ਸੀ ਕਿ ਬਿਮਾਰ ਰਹਿਣ ਲੱਗ ਪਿਆ। ਹਾਲਤ ਅਜਿਹੀ ਹੋ ਗਈ ਕਿ ਡਾਕਟਰਾਂ ਨੇ ਆਖਿਆ ਇਸ ਕੋਲ ਬਹੁਤ ਥੋੜ੍ਹਾ ਸਮਾਂ ਬਚਿਆ ਹੈ। ਇਸ ਨੂੰ ਵਪਾਰ ਦੇ ਝੰਜਟਾਂ ਤੋਂ ਦੂਰ ਕਿਸੇ ਰਮਣੀਕ ਥਾਂ ਭੇਜ ਦਿੱਤਾ ਜਾਵੇ ਅਤੇ ਸਾਰੇ ਬਾਹਰੀ ਸਬੰਧ ਤੋੜ ਦਿੱਤੇ ਜਾਣ ਤਾਂ ਜੋ ਇਹ ਆਪਣਾ ਆਖਰੀ ਸਮਾਂ ਸ਼ਾਂਤੀ ਨਾਲ ਗੁਜ਼ਾਰ ਸਕੇ। ਉਸ ਨੂੰ ਦੂਰ ਸਮੁੰਦਰ ਕੰਢੇ ਇੱਕ ਆਲੀਸ਼ਾਨ ਬੰਗਲੇ ਵਿੱਚ ਭੇਜਿਆ ਗਿਆ। ਉਹ ਦੋ ਦਿਨ ਆਪਣੇ ਕਮਰੇ ਵਿੱਚ ਪਿਆ ਰਿਹਾ। ਆਪਣੀ ਬੇਵਸੀ ਨੂੰ ਝੂਰਦਾ ਰਿਹਾ ਕਿਉਂਕਿ ਉਸ ਦਾ ਮਨ ਉਸ ਨੂੰ ਡਰਾ ਰਿਹਾ ਸੀ। ਤੀਸਰੇ ਦਿਨ ਉਹ ਸਵੇਰੇ ਉੱਠਿਆ। ਸਮੁੰਦਰ ਕੰਢੇ ਸੈਰ ਕਰਨ ਜਾਣ ਲਈ ਤਿਆਰ ਹੋਣ ਲੱਗਾ। ਮਨ ਨੇ ਡਰਾਇਆ ਬਾਹਰ ਨਾ ਜਾ ਹੋਰ ਬਿਮਾਰ ਹੋ ਜਾਏਂਗਾ, ਪਰ ਉਸ ਨੇ ਦ੍ਰਿੜ ਨਿਸ਼ਚਾ ਕੀਤਾ ਕਿ ਅੰਦਰ ਪੈ ਕੇ ਮਰਨ ਨਾਲੋਂ ਚੰਗਾ ਹੈ ਬਾਹਰ ਦੀ ਹਵਾ ਵੇਖੀ ਜਾਵੇ। ਉਹ ਸਮੁੰਦਰ ਕੰਢੇ ਪੁੱਜਿਆ। ਉਸ ਨੇ ਵੇਖਿਆ ਕਿ ਉੱਥੇ ਅਨੇਕਾਂ ਭਾਤਾਂ ਦੇ ਪੰਛੀ ਸਨ। ਕੁਝ ਅਸਮਾਨ ਵਿੱਚ ਉਡਾਰੀਆਂ ਮਾਰ ਰਹੇ ਸਨ, ਕੁਝ ਪਾਣੀ ਵਿੱਚ ਤੈਰ ਰਹੇ ਸਨ ਤੇ ਕੁਝ ਬਾਹਰ ਰੇਤ ਉਤੇ ਆਪਸ ਵਿੱਚ ਕਲੋਲਾਂ ਕਰ ਰਹੇ ਸਨ। ਉਸ ਦੇ ਦਿਮਾਗ਼ ਨੇ ਸੋਚਣਾ ਸ਼ੁਰੂ ਕੀਤਾ, ‘‘ਇਹ ਪੰਛੀ ਕਿੰਨੇ ਖ਼ੁਸ਼ ਹਨ। ਇਨ੍ਹਾਂ ਕੋਲ ਕੁਝ ਵੀ ਨਹੀਂ ਫਿਰ ਵੀ ਉਡਾਰੀਆਂ ਮਾਰ ਰਹੇ ਹਨ।’’ ਉਸ ਨੇ ਫ਼ੈਸਲਾ ਕੀਤਾ ਕਿ ਮੈਂ ਆਪਣਾ ਸਭ ਕੁਝ ਦਾਨ ਕਰਕੇ ਬੇਫ਼ਿਕਰੀ ਦੀਆਂ ਉਡਾਰੀਆਂ ਮਾਰਾਂਗਾ। ਵਾਪਸ ਆ ਕੇ ਉਸ ਨੇ ਆਪਣੇ ਸਾਰੇ ਪੈਸੇ ਨਾਲ ਦਾਨੀ ਸੰਸਥਾ ਰੌਕੀਫੈਲਰ ਫਾਉਂਡੇਸ਼ਨ ਬਣਾਈ। ਇਸ ਦਾ ਮੁੱਖ ਮੰਤਵ ਸੰਸਾਰ ਵਿੱਚੋਂ ਭੁੱਖ, ਗ਼ਰੀਬੀ, ਅਨਪੜ੍ਹਤਾ ਨੂੰ ਦੂਰ ਕਰਨਾ ਅਤੇ ਉਨ੍ਹਾਂ ਲਈ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨਾ ਹੈ। ਉਹ ਆਪਣੀ ਬਿਮਾਰੀ ਨੂੰ ਭੁੱਲ ਗਿਆ ਤੇ ਫ਼ੈਸਲਾ ਕੀਤਾ ਕਿ ਜਿੰਨਾ ਵੀ ਜੀਵਨ ਦਾ ਸਮਾਂ ਮਿਲੇਗਾ ਉਹ ਅੱਜ ਲਈ ਜੀਵੇਗਾ ਅਤੇ ਲੋੜਵੰਦਾਂ ਦੀ ਸਹਾਇਤਾ ਕਰੇਗਾ। ਜਦੋਂ ਉਹ ਕਿਸੇ ਗ਼ਰੀਬ ਨੂੰ ਆਪਣੇ ਪੈਰਾਂ ਉਤੇ ਖੜ੍ਹੇ ਹੋਣ ਵਿੱਚ ਸਹਾਇਤਾ ਕਰਦਾ, ਕਿਸੇ ਬੱਚੇ ਦੀ ਪੜ੍ਹਾਈ ਲਈ ਸਹਾਇਤਾ ਕਰਦਾ, ਕਿਸੇ ਗ਼ਰੀਬ ਦਾ ਇਲਾਜ ਕਰਵਾਉਂਦਾ, ਜਦੋਂ ਉਦੋਂ ਉਹ ਉਨ੍ਹਾਂ ਦੇ ਚਿਹਰਿਆਂ ਉਤੇ ਮੁਸਕਾਨ ਵੇਖਦਾ ਤਾਂ ਉਹ ਅਨੰਦ ਪ੍ਰਾਪਤ ਹੁੰਦਾ ਜਿਹੜਾ ਆਪਣੀ ਅਮੀਰੀ ਨਾਲ ਕਦੇ ਖ਼ਰੀਦ ਨਹੀਂ ਸਕਿਆ ਸੀ। ਉਸ ਦੀ ਬਿਮਾਰੀ ਦੂਰ ਹੋ ਗਈ ਤੇ ਉਹ ਲੰਬੀ ਉਮਰ ਭੋਗ ਕੇ ਦੁਨੀਆ ਤੋਂ ਵਿਦਾ ਹੋਇਆ। ਕਿਉਂਕਿ ਉਸ ਨੇ ਆਪਣੇ ਮਨ ਨੂੰ ਕਾਬੂ ਕਰਕੇ ‘ਹੁਣ’ ਨੂੰ ਰੱਜ ਕੇ ਜਿਊਣਾ ਸਿੱਖ ਲਿਆ ਸੀ। ਉਹ ਹਮੇਸ਼ਾ ਲਈ ਜਿੰਦਾ ਹੈ ਕਿਉਂਕਿ ਉਸ ਦੀ ਸੰਸਥਾ ਸੰਸਾਰ ਵਿੱਚ ਭੁੱਖ, ਅਨਪੜ੍ਹਤਾ ਤੇ ਗ਼ਰੀਬੀ ਨੂੰ ਦੂਰ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।
ਇਹ ਲਿਖਣ ਲਈ ਪਿਛਲੇ ਕੁਝ ਸਮੇਂ ਵਿੱਚ ਮੇਰੀ ਨਿੱਜੀ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਨੇ ਮੈਨੂੰ ਪ੍ਰੇਰਿਆ। ਕੁਝ ਦਿਨ ਪਹਿਲਾਂ ਐਤਵਾਰ ਅਗਲੇ ਹਫ਼ਤੇ ਕਰਨ ਵਾਲੇ ਕੰਮਾਂ ਦੀ ਸੂਚੀ ਤਿਆਰ ਕੀਤੀ। ਸਾਰਾ ਹਫ਼ਤਾ ਹੀ ਪੂਰੇ ਰੁਝੇਵਿਆਂ ਦਾ ਸੀ। ਸਵੇਰ ਜਲਦੀ ਉੱਠਣ ਦਾ ਸੋਚ ਕੇ ਮੈਂ ਸੌਂ ਗਿਆ। ਅੱਧੀ ਕੁ ਰਾਤ ਨੂੰ ਕੁਝ ਗੜਬੜ ਮਹਿਸੂਸ ਹੋਈ ਤੇ ਮਜਬੂਰ ਹੋ ਕੇ ਨੇੜੇ ਦੇ ਹਸਪਤਾਲ ਜਾਣਾ ਪਿਆ। ਉਨ੍ਹਾਂ ਨੇ ਮੈਨੂੰ ਮੰਜੇ ਉਤੇ ਪਾ ਇਲਾਜ ਸ਼ੁਰੂ ਕਰ ਦਿੱਤਾ। ਕਿੰਨੇ ਟੈਸਟ ਕਰਨ ਲੱਗ ਪਏ। ਜਿੱਥੇ ਜਾਣਾ ਸੀ ਫੋਨ ਆਉਣ ਲੱਗ ਪਏ, ਪਰ ਡਾਕਟਰਾਂ ਨੇ ਛੁੱਟੀ ਦੇਣ ਤੋਂ ਨਾਂਹ ਕਰ ਦਿੱਤੀ। ਪਹਿਲੀ ਵਾਰ ਅਜਿਹੀ ਬੇਵਸੀ ਦਾ ਅਹਿਸਾਸ ਹੋਇਆ। ਟੈਸਟਾਂ ਦੀ ਰਿਪੋਰਟ ਕੁਝ ਚੰਗੀ ਨਹੀਂ ਸੀ। ਹੋਰ ਘਬਰਾਹਟ ਵਧ ਗਈ। ਕਿਸੇ ਹੋਰ ਮਾਹਿਰ ਡਾਕਟਰ ਕੋਲ ਗਏ ਤਾਂ ਉਸ ਨੇ ਵੀ ਟੈਸਟ ਲਿਖੇ। ਜਿਸ ਦੀ ਰਿਪੋਰਟ ਆਉਣ ਵਿੱਚ ਕਈ ਦਿਨ ਲੱਗ ਗਏ। ਬੇਵਸੀ ਅਤੇ ਮਾਯੂਸੀ ਵਧ ਰਹੀ ਸੀ। ਇੰਝ ਜਾਪਦਾ ਸੀ ਜਿਵੇਂ ਸਮਾਂ ਰੁਕ ਗਿਆ ਹੋਵੇ ਅਤੇ ਮੇਰਾ ਸਾਰੇ ਪਾਸਿਓਂ ਸਬੰਧ ਟੁੱਟ ਗਿਆ ਹੋਵੇ। ਇਸੇ ਆਲਮ ਵਿੱਚ ਮੇਰਾ ਬੇਟਾ ਆ ਗਿਆ। ਉਹ ਗੁਰੂਗ੍ਰਾਮ ਰਹਿੰਦਾ ਸੀ। ਮੇਰੀ ਘਬਰਾਹਟ ਵੇਖ ਕੇ ਉਹ ਮੈਨੂੰ ਆਪਣੇ ਨਾਲ ਲੈ ਗਿਆ। ਦੂਜੇ ਦਿਨ ਸਭ ਤੋਂ ਵਧੀਆ ਹਸਪਤਾਲ ਵਿੱਚ ਦੇਸ਼ ਦੇ ਵਧੀਆ ਡਾਕਟਰ ਤੋਂ ਸਮਾਂ ਲੈ ਕੇ ਉਸ ਕੋਲ ਲੈ ਗਿਆ। ਉਸ ਨੇ ਮੇਰੀਆਂ ਸਾਰੀਆਂ ਰਿਪੋਰਟਾਂ ਨੂੰ ਵੇਖਿਆ ਤੇ ਹੌਸਲਾ ਦਿੱਤਾ। ਇੱਕ ਹੋਰ ਮਹਿੰਗਾ ਟੈਸਟ ਕਰਵਾਉਣ ਲਈ ਭੇਜਿਆ। ਬੇਟਾ ਆਖਣ ਲੱਗਾ, ‘‘ਇਹ ਕੁਝ ਘਬਰਾਏ ਹੋਏ ਹਨ।’’ ਡਾਕਟਰ ਆਖਣ ਲੱਗਾ, ‘‘ਘਬਰਾਹਟ ਕਿਉਂ ਹੋ ਰਹੀ ਹੈ?’’ ਮੈਂ ਆਖਿਆ, ‘‘ਦੂਨੀਆ ਤੋਂ ਜਾਣ ਦਾ ਕੋਈ ਡਰ ਨਹੀਂ, ਪਰ ਜੇਕਰ ਤਕਲੀਫ਼ ਝੱਲਣੀ ਪਈ ਉਸ ਦਾ ਡਰ ਹੈ।’’ ਡਾਕਟਰ ਆਖਣ ਲੱਗਾ, ‘‘ਇਸ ਸਮੇਂ ਤੁਹਾਨੂੰ ਕੋਈ ਤਕਲੀਫ਼ ਹੈ?’’ ਮੈਂ ਆਖਿਆ, ‘‘ਨਹੀਂ ਇਸ ਸਮੇਂ ਤਾਂ ਕੋਈ ਤਕਲੀਫ਼ ਨਹੀਂ ਹੈ।’’ ਉਸ ਨੇ ਆਖਿਆ, ‘‘ਅੱਜ ਨੂੰ ਮਾਣੋ, ਕੱਲ੍ਹ ਦਾ ਫ਼ਿਕਰ ਕਿਉਂ ਕਰਦੇ ਹੋ? ਕੱਲ੍ਹ ਤਾਂ ਕੁਝ ਵੀ ਹੋ ਸਕਦਾ ਹੈ, ਪਰ ਮੈਂ ਤੁਹਾਨੂੰ ਇਸ ਬਿਮਾਰੀ ਦੀ ਗਾਰੰਟੀ ਦਿੰਦਾ ਹਾਂ ਕਿ ਕੋਈ ਤਕਲੀਫ਼ ਨਹੀਂ ਹੋਵੇਗੀ।’’ ਮੇਰੀ ਸਾਰੀ ਘਬਰਾਹਟ ਦੂਰ ਹੋਣ ਲੱਗ ਪਈ। ਮੈਂ ਆਪਣੇ ਮਨ ਨੂੰ ਆਖਿਆ ਮੈਨੂੰ ਹੋਰ ਪਰੇਸ਼ਾਨ ਨਾ ਕਰ। ਮੈਨੂੰ ਅੱਜ ਦਾ ਅਨੰਦ ਮਾਣਨ ਦੇ। ਕੱਲ੍ਹ ਕਿਸ ਨੇ ਵੇਖਿਆ ਹੈ? ਮਨ ਆਮ ਕਰਕੇ ਬੀਤੇ ਉਤੇ ਝੂਰਨ ਲਈ ਮਜਬੂਰ ਕਰਦਾ ਹੈ ਅਤੇ ਭਵਿੱਖ ਨੂੰ ਡਰਾਉਣਾ ਬਣਾਉਂਦਾ ਹੈ। ਇਸ ਡਰ ਵਿੱਚ ਕਈ ਵਾਰ ਸੰਗੀ ਸਾਥੀ ਵੀ ਵਾਧਾ ਕਰ ਦਿੰਦੇ ਹਨ ਜਦੋਂ ਕਿ ਸਕਾਰਾਤਮਕ ਸੋਚਣ ਵਾਲੇ ਡਾਕਟਰ ਹੌਸਲਾ ਦਿੰਦੇ ਹਨ। ਜੋ ਬੀਤ ਗਿਆ ਉਹ ਮੁੜ ਨਹੀਂ ਆਉਣਾ ਉਸ ਬਾਰੇ ਪਛਤਾਉਣ ਦਾ ਲਾਭ ਤਾਂ ਕੋਈ ਹੋਵੇਗਾ ਨਹੀਂ ਸਗੋਂ ਮਾਯੂਸੀ ਵਧੇਗੀ। ਭਵਿੱਖ ਕਿਸੇ ਨੇ ਦੇਖਿਆ ਨਹੀਂ। ਜੇਕਰ ਡਰਦੇ ਰਹਾਂਗੇ ਤੇ ਫਿਰ ਤੋਂ ਕੁਝ ਨਵਾਂ ਕਰਨ ਤੋਂ ਝਿਜਕਦੇ ਰਹਾਂਗੇ ਤਾਂ ਕੁਝ ਨਹੀਂ ਬਣਨਾ। ਖ਼ਤਰੇ ਸਹੇੜ ਕੇ ਉਹ ਹੀ ਸਫਲਤਾ ਪ੍ਰਾਪਤ ਕਰਦੇ ਹਨ ਜਿਹੜੇ ਮਨ ਦੇ ਪਿੱਛੇ ਨਹੀਂ ਲੱਗਦੇ। ਮਨ ਨੂੰ ਸਮਝਾਵੋ ਕਿ ਜੋ ਵੀ ਹੋਣਾ ਹੈ ਉਹ ਹੁਣ ਵਿੱਚ ਹੀ ਹੋਣਾ ਹੈ। ਭੂਤ ਬੀਤ ਗਿਆ ਹੈ ਅਤੇ ਭਵਿੱਖ ਭਾਵ ਕੱਲ੍ਹ ਕਦੇ ਆਉਣਾ ਨਹੀਂ ਹੈ। ਇਸ ਕਰਕੇ ਬੀਤੇ ਬਾਰੇ ਸੋਚ ਕੇ ਝੂਰਨਾ ਛੱਡੀਏ ਅਤੇ ਭਵਿੱਖ ਦੇ ਡਰ ਨੂੰ ਜੜੋਂ ਪੁੱਟੀਏ। ਹੁਣ ਵਿੱਚ ਜੀਵੀਏ। ਜੋ ਹੋਣਾ ਹੈ ਉਹ ਹੁਣ ਭਾਵ ਅੱਜ ਹੀ ਹੋਣਾ ਹੈ ਕਿਉਂਕਿ ਕੱਲ੍ਹ ਕਦੇ ਨਹੀਂ ਆਉਂਦਾ। ਜੇਕਰ ਮਨ ਫਿਰ ਵੀ ਕਾਬੂ ਨਾ ਆਵੇ ਤਾਂ ਉਸ ਨੂੰ ਗੁਰੂ ਸਾਹਿਬ ਦਾ ਹੁਕਮ ਸੁਣਾਈਏ, ਮਨ ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ।।

