DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਜਿਊਂਦੀ ਰਹਿ ਮਾਂ-ਬੋਲੀਏ...

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ। ਗੋਦੀ ਜਿਦ੍ਹੀ ਵਿੱਚ ਪਲ ਕੇ ਜਵਾਨ ਹੋਇਓਂ ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ। ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ ਜਿੱਥੇ ਖਲਾ ਖਲੋਤਾ ਉਹ ਥਾਂ ਛੱਡ...

  • fb
  • twitter
  • whatsapp
  • whatsapp
Advertisement

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ

ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।

Advertisement

ਗੋਦੀ ਜਿਦ੍ਹੀ ਵਿੱਚ ਪਲ ਕੇ ਜਵਾਨ ਹੋਇਓਂ

Advertisement

ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।

ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ

ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ।

ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ

ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।

-ਉਸਤਾਦ ਦਾਮਨ

ਕਿਸੇ ਸਮੇਂ ਦੇ ਬਹੁਤ ਵਿਸ਼ਾਲ ਇਲਾਕੇ ਪੰਜਾਬ ਦੀ ਖੇਤਰੀ ਬੋਲੀ ਨੂੰ ਮਾਂ-ਬੋਲੀ ਪੰਜਾਬੀ ਦੇ ਨਾਮ ਨਾਲ ਪੁਕਾਰਿਆ, ਵਡਿਆਇਆ ਅਤੇ ਸਤਿਕਾਰਿਆ ਜਾਂਦਾ ਹੈ। ਸਮੇਂ-ਸਮੇਂ ਸਿਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰਾਜਨੀਤਕ ਕੂਟਨੀਤੀ ਨਾਲ ਕਿਸੇ ਸਮੇਂ ਦੇ ਸੱਤ ਦਰਿਆਵਾਂ ਵਾਲੇ ਇਸ ਵੱਡੇ ਖੇਤਰ ਨੂੰ ਸੰਖੇਪ ਕਰ ਕੇ ਹੁਣ ਲਗਭਗ ਢਾਈ ਦਰਿਆਵਾਂ ਦਾ ਖਿੱਤਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਿੱਖਿਆ ਅਤੇ ਅਮੀਰ ਸੱਭਿਆਚਾਰਕ ਜੀਵਨ ਦਾ ਗੜ੍ਹ ਵੀ ਰਿਹਾ ਹੈ। ਉਪਜਾਊ ਜ਼ਮੀਨ ਅਤੇ ਖੇਤੀ ਅਨੁਕੂਲ ਵਾਤਾਵਰਨ ਕਾਰਨ ਖੇਤੀਬਾੜੀ ਪੰਜਾਬੀਆਂ ਦੀ ਮੁੱਖ ਉਪਜੀਵਕਾ ਰਹੀ ਹੈ। ਵਿਦੇਸ਼ੀ ਹਮਲਾਵਰਾਂ ਲਈ ਪੰਜਾਬ ਪ੍ਰਵੇਸ਼ ਦੁਆਰ ਅਤੇ ਠੱਲਣ ਵਾਲੀ ਸ਼ਮਸ਼ੀਰ ਭੁਜਾ ਵੀ ਸੀ। ਚਾਹੇ ਭੂਗੋਲਿਕ ਆਧਾਰ ’ਤੇ ਪੰਜਾਬ ਦੀਆਂ ਸੀਮਾਵਾਂ ਸੁੰਗੜ ਗਈਆਂ ਹਨ, ਪਰ ਪੰਜਾਬੀ ਬੋਲੀ ਅਤੇ ਸੱਭਿਆਚਾਰ ਇਨ੍ਹਾਂ ਬੰਧਨਾਂ ਤੋਂ ਆਜ਼ਾਦ ਹੈ। ਪੰਜਾਬੀ ਨੂੰ ਪਿਆਰਨ ਵਾਲੇ ਆਪਣੀ ਮਾਂ-ਬੋਲੀ ਦੀ ਉਂਗਲ ਨਹੀਂ ਛੱਡ ਸਕਦੇ। ਰੂਸੀ ਸਾਹਿਤਕਾਰ ਰਸੂਲ ਹਮਜ਼ਾਤੋਵ ਅਨੁਸਾਰ ਉਨ੍ਹਾਂ ਦੇ ਇਲਾਕੇ ਵਿੱਚ ਸਭ ਤੋਂ ਵੱਡੀ ਬਦ-ਅਸੀਸ ਇਹ ਮੰਨੀ ਜਾਂਦੀ ਹੈ ਜੇ ਕਿਸੇ ਨੂੰ ਕਹਿ ਦਿੱਤਾ ਜਾਵੇ, ‘ਜਾਹ, ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ।’’

ਇਸ ਧਰਤੀ ’ਤੇ ਵਸਣ ਵਾਲੇ ਲਗਭਗ ਹਰ ਪ੍ਰਾਣੀ ਨੂੰ ਕੁਦਰਤ ਨੇ ਬੋਲੀ ਬਖ਼ਸ਼ੀ ਹੈ। ਇਨਸਾਨ ਸਮਾਜਿਕ ਪ੍ਰਾਣੀ ਹੈ। ਭੂਗੋਲਿਕ ਅਤੇ ਸਮਾਜਿਕ ਕਾਰਨਾਂ ਕਰਕੇ ਮਨੁੱਖੀ ਬੋਲੀਆਂ ਭਾਵ ਭਾਸ਼ਾਵਾਂ ਵਿੱਚ ਵਿਭਿੰਨਤਾ ਪਾਈ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਸਾਨੂੰ ਮਾਂ ਦੇ ਦੁੱਧ ਨਾਲ ਹੀ ਗੁੜ੍ਹਤੀ ਵਿੱਚ ਮਾਂ-ਬੋਲੀ ਮਿਲ ਜਾਂਦੀ ਹੈ। ਛੋਟੀ ਉਮਰ ਤੋਂ ਹੀ ਬੱਚੇ ਆਪਣੇ ਮਾਪਿਆਂ, ਭੈਣ-ਭਰਾਵਾਂ, ਰਿਸ਼ਤੇਦਾਰਾਂ ਅਤੇ ਆਂਢੀਆਂ-ਗੁਆਂਢੀਆਂ ਤੋਂ ਮਾਂ-ਬੋਲੀ ਸੁਣ ਕੇ ਸਮਝਣਾ ਅਤੇ ਬੋਲਣਾ ਸਿੱਖ ਜਾਂਦੇ ਹਨ। ਵੈਦਿਕ ਕਾਲ ਵਿੱਚ ਪੰਜਾਬ ਦੀ ਧਰਤੀ ਸੱਤ ਦਰਿਆਵਾਂ ਦੀ ਧਰਤੀ ਸੀ ਜਿਸ ਨੂੰ ਸਪਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪੰਜਾਬੀ ਭਾਸ਼ਾ ਕਈ ਹਜ਼ਾਰ ਸਾਲ ਪੁਰਾਣੀ ਭਾਸ਼ਾ ਹੈ। ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਭਾਸ਼ਾਵਾਂ ਵਿੱਚੋਂ ਗੁਜ਼ਰਦਿਆਂ ਦਸਵੀਂ-ਗਿਆਰਵੀਂ ਸਦੀ ਵਿੱਚ ਆਧੁਨਿਕ ਭਾਸ਼ਾ ਬਣੀ ਹੈ। ਪਾਕਿਸਤਾਨ ਦੇ ਬਹੁਤ ਵੱਡੇ ਖੇਤਰ ਵਿੱਚ ਪੰਜਾਬੀ ਬੋਲੀ ਬੋਲੀ ਜਾਂਦੀ ਹੈ। ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਵਿਦਵਾਨਾਂ ਅਤੇ ਭਾਸ਼ਾ ਵਿਗਿਆਨੀਆਂ ਨੇ ਪੰਜਾਬੀ ਭਾਸ਼ਾ ਦੀ ਉਤਪਤੀ, ਭਾਸ਼ਾ ਸ਼੍ਰੇਣੀਆਂ, ਇਤਿਹਾਸ, ਵਰਤਮਾਨ ਅਤੇ ਭਵਿੱਖ ਬਾਰੇ ਬਹੁਤ ਖੋਜ-ਭਰਪੂਰ ਕਾਰਜ ਕੀਤੇ ਹਨ ਜੋ ਕਿ ਅਲੱਗ ਤੇ ਵਿਸ਼ੇਸ਼ ਤਵੱਜੋ ਦੇ ਵਿਸ਼ੇ ਹਨ।

ਆਮ ਤੌਰ ’ਤੇ ਤਰੱਕੀ ਲਈ ਪਰਵਾਜ਼ ਪੁਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਹੈ। ਕਿਸੇ ਇੱਕ ਇਲਾਕੇ ਦੇ ਲੋਕ ਕਿਸੇ ਨਵੀਂ ਉਮੀਦ ਲਈ ਨਵੇਂ ਮੌਕਿਆਂ ਦੀ ਤਲਾਸ਼ ਲਈ ਆਪਣੇ ਇਲਾਕੇ ਤੋਂ ਕਿਸੇ ਹੋਰ ਇਲਾਕੇ ਵੱਲ ਵਧਣੇ ਸ਼ੁਰੂ ਹੋ ਜਾਂਦੇ ਹਨ। ਨਤੀਜੇ ਵਜੋਂ ਜੇਕਰ ਲੜਾਈਆਂ ਅਤੇ ਯੁੱਧ ਹੁੰਦੇ ਹਨ ਤਾਂ ਨਾਲ ਦੀ ਨਾਲ ਸੱਭਿਆਚਾਰਕ ਪਰਿਵਰਤਨ ਵੀ ਹੁੰਦੇ ਰਹਿੰਦੇ ਹਨ। ਪੰਜਾਬ ਪਹਿਲਾਂ ਤੋਂ ਹੀ ਉਥਲ-ਪੁਥਲ ਵਿੱਚੋਂ ਗੁਜ਼ਰਦਾ ਰਿਹਾ ਹੈ। ਪੰਜਾਬੀ ਪਹਿਰਾਵੇ, ਰਸਮਾਂ-ਰਿਵਾਜਾਂ, ਖਾਣ-ਪੀਣ ਦੀਆਂ ਵਸਤੂਆਂ ਦੇ ਨਾਲ-ਨਾਲ ਹੋਰ ਸੱਭਿਆਚਾਰਾਂ ਦੇ ਸ਼ਬਦ ਵੀ ਪੰਜਾਬੀ ਭਾਸ਼ਾ ਵਿੱਚ ਰਚ-ਮਿਚ ਗਏ। ਕਈ ਅਜਿਹੇ ਸ਼ਬਦ ਹਨ ਜਿਹੜੇ ਕਿ ਪੂਰੀ ਤਰ੍ਹਾਂ ਪੰਜਾਬੀ ਬੋਲੀ ਦੇ ਹੀ ਲੱਗਦੇ ਹਨ, ਪਰ ਅਸਲ ਵਿੱਚ ਕਿਸੇ ਹੋਰ ਭਾਸ਼ਾ ਵਿੱਚੋਂ ਹਨ। ਜਿੱਥੇ ਤੱਕ ਸਾਡੀ ਮਾਂ-ਬੋਲੀ ਪੰਜਾਬੀ ਦੀ ਸਾਡੇ ਜੀਵਨ ਨਾਲ ਪੀਢੀ ਗੰਢ ਦਾ ਸਵਾਲ ਹੈ ਤਾਂ ਕਹਿ ਸਕਦੇ ਹਾਂ ਕਿ ਪੰਜਾਬੀ ਮਾਂ-ਬੋਲੀ ਵਿੱਚ ਲੋਰੀਆਂ ਰਾਹੀਂ ਬਣੀ ਹੋਈ ਸੰਗੀਤਕ ਸਾਂਝ ਕੁਝ ਖੇਡ-ਗੀਤਾਂ, ਨਿੱਤ-ਨੇਮ ਦੀ ਬਾਣੀ, ਲੋਕ-ਗੀਤਾਂ ਜਿਵੇਂ ਟੱਪੇ, ਬੋਲੀਆਂ, ਮਾਹੀਏ, ਘੋੜੀਆਂ, ਸੁਹਾਗਾਂ ਰਾਹੀਂ ਗੁਜ਼ਰਦਿਆਂ ਮੌਤ ਉਪਰੰਤ ਕੀਰਨਿਆਂ ਤੱਕ ਵੀ ਬਣੀ ਰਹਿੰਦੀ ਹੈ। ਰਾਜਨੀਤਕ ਸੀਮਾਵਾਂ ਬੋਲੀ ਨੂੰ ਬੰਨ੍ਹ ਕੇ ਨਹੀਂ ਰੱਖ ਸਕਦੀਆਂ। ਭਾਰਤੀ ਪੰਜਾਬ ਦੇ ਇਲਾਵਾ ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਪੰਜਾਬੀ ਬੋਲੀ ਦੀ ਵਰਤੋਂ ਆਮ ਬੋਲਚਾਲ ਵਿੱਚ ਹੁੰਦੀ ਹੈ। ਇਸ ਦੇ ਇਲਾਵਾ ਭਾਰਤ ਅਤੇ ਵਿਸ਼ਵ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਵਸੇ ਹੋਏ ਹਨ, ਮਾਂ-ਬੋਲੀ ਦੀ ਬੁੱਕਲ ਵਿੱਚ ਹਨ।

ਪੰਜਾਬ ਦੇ ਨਾਮਵਰ ਕਵੀ ਪ੍ਰੋ. ਪੂਰਨ ਸਿੰਘ ਅਨੁਸਾਰ; ਪੰਜਾਬ ਵਸਦਾ ਗੁਰਾਂ ਦੇ ਨਾਂ ’ਤੇ। ਪੰਜਾਬ ਅਜਿਹੀ ਭਾਗਾਂ ਵਾਲੀ ਧਰਤੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਨ ਨੇ ਲੋਕਾਈ ਨੂੰ ਪ੍ਰਤੱਖ ਰੂਪ ਵਿੱਚ ਸਚਿਆਰਾ ਜੀਵਨ ਜਿਊਣ ਦੀ ਸਿੱਖਿਆ ਦਿੱਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਵੀ ਵਧੀਆ ਅਧਿਆਤਮਕ ਅਤੇ ਸਮਾਜਿਕ ਜੀਵਨ ਦੇ ਮਾਰਗ ਦਰਸ਼ਕ ਹਨ। ਸ੍ਰੀ ਗੁਰੂ ਗੰਥ ਸਾਹਿਬ ਦੀ ਸੰਪਾਦਨਾ ਪੰਜਾਬੀ ਭਾਸ਼ਾ ਭਾਵ ਗੁਰਮੁਖੀ ਲਿਪੀ ਵਿੱਚ ਹੈ। ਪੂਰਵ ਮੱਧ ਕਾਲ, ਮੱਧ ਕਾਲ ਅਤੇ ਉੱਤਰ ਮੱਧ ਕਾਲ ਵਿੱਚ ਵੱਡੇ ਪੱਧਰ ’ਤੇ ਪੰਜਾਬੀ ਸਾਹਿਤ ਰਚਿਆ ਗਿਆ ਅਤੇ ਹੁਣ ਵੀ ਰਚਿਆ ਜਾ ਰਿਹਾ ਹੈ, ਪਰ ਪਿਛਲੇ ਕੁਝ ਦਹਾਕਿਆਂ ਤੋਂ ਵੇਖਣ ਵਿੱਚ ਆ ਰਿਹਾ ਹੈ ਕਿ ਪੰਜਾਬ ਵਿੱਚ ਜਿਵੇਂ ਪੰਜਾਬੀ ਭਾਸ਼ਾ ਪ੍ਰਤੀ ਕੁਝ ਲੋਕਾਂ ਦਾ ਲਗਾਅ ਘਟ ਰਿਹਾ ਹੈ। ਅਮੀਰ ਵਿਰਸੇ ਅਤੇ ਅਸੀਮ ਸੰਭਾਵਨਾਵਾਂ ਵਾਲੀ ਮਾਂ-ਬੋਲੀ ਪੰਜਾਬੀ ਬੋਲਣ ਵਿੱਚ ਝਿਜਕ ਮਹਿਸੂਸ ਕਰ ਰਹੇ ਹਨ।

ਇਸ ਵਿੱਚ ਕੋਈ ਦੋ-ਰਾਏ ਨਹੀਂ ਕਿ ਇਸ ਸਮੇਂ ਦੌਰਾਨ ਦੇਸ਼ ਦੇ ਪੂਰਬੀ ਪ੍ਰਾਤਾਂ ਤੇ ਹੋਰ ਇਲਾਕਿਆਂ ਵਿੱਚੋਂ ਤੇਜ਼ੀ ਨਾਲ ਪਰਵਾਸੀਆਂ ਦੀ ਪੰਜਾਬ ਵਿੱਚ ਆਮਦ ਹੋਈ ਹੈ। ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਖ਼ ਹੈ। ਰਸਤਿਆਂ, ਬਾਜ਼ਾਰਾਂ, ਫੈਕਟਰੀਆਂ, ਉਸਾਰੀ ਦੇ ਕਾਰਜਾਂ ਵਿੱਚ ਗ਼ੈਰ-ਪੰਜਾਬੀ ਵਧੀਆ ਮਿਹਨਤ ਕਰ ਰਹੇ ਹਨ। ਮਿਹਨਤ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ ਪੰਜਾਬੀ ਸੱਭਿਆਚਾਰ ਦਾ ਸੰਕਲਪ ਹੈ। ਇੱਥੇ ਹੈਰਾਨੀ ਇਹ ਹੈ ਕਿ ਗ਼ੈਰ-ਪੰਜਾਬੀਆਂ ਨਾਲ ਬੋਲ-ਚਾਲ ਦੌਰਾਨ ਕੁਝ ਪੰਜਾਬੀ ਲੋਕ ਵੀ ਆਪਣੀ ਮਾਂ-ਬੋਲੀ ਦੀ ਵਰਤੋਂ ਨਹੀਂ ਕਰਦੇ। ਉਸ ਸਮੇਂ ਹੋਰ ਵੀ ਨਿਰਾਸ਼ਤਾ ਹੁੰਦੀ ਹੈ ਜਦੋਂ ਪੰਜਾਬ ਦੇ ਮਾਪੇ ਆਪਣੇ ਬੱਚਿਆਂ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਪੰਜਾਬੀ ਦੀ ਜਗ੍ਹਾ ਹੋਰ ਭਾਸ਼ਾ ਵਿੱਚ ਗੱਲਬਾਤ ਨੂੰ ਪਹਿਲ ਦਿੰਦੇ ਹਨ। ਡਾ. ਸੁਰਜੀਤ ਪਾਤਰ ਦਾ ਕਥਨ ਹੈ;

ਚੀਂ ਚੀਂ ਕਰਦੀਆਂ ਚਿੜੀਆਂ ਦਾ

ਕਲ ਕਲ ਕਰਦੀਆਂ ਨਦੀਆਂ ਦਾ

ਸਾਂ ਸਾਂ ਕਰਦੇ ਬਿਰਖਾਂ ਦਾ

ਆਪਣਾ ਹੀ ਤਰਾਨਾ ਹੁੰਦਾ ਹੈ

ਮੈਂ ਸੁਣਿਆ ਹੈ ਇਸ ਧਰਤੀ ’ਤੇ

ਇੱਕ ਅਜਿਹਾ ਦੇਸ਼ ਵੀ ਹੈ

ਜਿੱਥੇ ਬੱਚਿਆਂ ਨੂੰ ਆਪਣੀ ਹੀ

ਮਾਂ-ਬੋਲੀ ਬੋਲਣ ’ਤੇ ਜੁਰਮਾਨਾ ਹੁੰਦਾ ਹੈ

ਪੰਜਾਬ ਵਿੱਚ ਪੰਜਾਬ ਭਾਸ਼ਾ ਐਕਟ 1967 ਰਾਹੀਂ ਪੰਜਾਬ ਦੀ ਰਾਜ-ਭਾਸ਼ਾ ਪੰਜਾਬੀ ਹੈ। ਇਸ ਦੇ ਬਾਵਜੂਦ ਕੁਝ ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਪੱਤਰ ਅੰਗਰੇਜ਼ੀ ਭਾਸ਼ਾ ਵਿੱਚ ਜਾਰੀ ਕੀਤੇ ਜਾ ਰਹੇ ਹਨ। ਦਰਜਾ ਚਾਰ ਕਰਮਚਾਰੀਆਂ ਦੇ ਇਲਾਵਾ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਸਮੇਂ ਦਸਵੀਂ ਪੱਧਰ ਤੱਕ ਪੰਜਾਬੀ ਵਿਸ਼ਾ ਪਹਿਲਾਂ ਹੀ ਪਾਸ ਹੋਣਾ ਲਾਜ਼ਮੀ ਹੈ। ਇਸ ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕਰਨਾ ਜ਼ਰੂਰੀ ਹੋਣਾ ਚਾਹੀਦਾ ਹੈ। ਕਿਸੇ ਵਿਭਾਗੀ ਮਦ ਅਨੁਸਾਰ ਗ਼ੈਰ-ਪੰਜਾਬੀ ਉਮੀਦਵਾਰ ਨੂੰ ਭਰਤੀ ਉਪਰੰਤ ਇਹ ਪ੍ਰੀਖਿਆ ਪਾਸ ਕਰਨ ਦਾ ਮੌਕਾ ਦੇ ਕੇ ਖਾਨਾ ਪੂਰਤੀ ਕਰਨਾ ਪੰਜਾਬੀਆਂ ਅਤੇ ਮਾਂ-ਬੋਲੀ ਨਾਲ ਧ੍ਰੋਹ ਹੈ। ਭਾਰਤ ਦੇ ਜਿਹੜੇ ਪ੍ਰਾਤਾਂ ਦੀ ਲੋਕ-ਭਾਸ਼ਾ ਦੀ ਲਿਪੀ ਮੌਜੂਦ ਹੈ, ਵਿੱਚ ਸਥਿਤ ਰੇਲਵੇ ਸਟੇਸ਼ਨਾਂ, ਡਾਕਖਾਨਿਆਂ, ਸੜਕਾਂ ਦੇ ਬੋਰਡਾਂ ਅਤੇ ਹੋਰ ਅਦਾਰਿਆਂ ਦੇ ਨਾਮ ਬੋਰਡਾਂ ਉੱਪਰ ਉਸ ਲੋਕ-ਭਾਸ਼ਾ ਦੇ ਨਾਲ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਲਿਖੇ ਹੋਣੇ ਚਾਹੀਦੇ ਹਨ ਜਿਵੇਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਵਿੱਚ। ਇਸੇ ਤਰ੍ਹਾਂ ਵੱਖ-ਵੱਖ ਸਰਕਾਰੀ ਸੇਵਾਵਾਂ ਅਤੇ ਕੰਪਨੀਆਂ ਦੇ ਟੋਲ-ਫਰੀ ਨੰਬਰਾਂ ’ਤੇ ਗੱਲਬਾਤ ਦੀ ਸਹੂਲਤ ਪੰਜਾਬੀ ਭਾਸ਼ਾ ਵਿੱਚ ਹੋਵੇ। ਜੇਕਰ ਅਜਿਹਾ ਨਹੀਂ ਹੈ ਤਾਂ ਵੀ ਪੰਜਾਬੀਆਂ ਨੂੰ ਮਾਂ-ਬੋਲੀ ਵਿੱਚ ਇਨ੍ਹਾਂ ਨਾਲ ਗੱਲ ਜਾਰੀ ਰੱਖਣੀ ਚਾਹੀਦੀ ਹੈ। ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਪੰਜਾਬੀਆਂ ਲਈ ਰੁਜ਼ਗਾਰ ਦੇ ਮੌਕੇ ਵੀ ਬਣੇ ਰਹਿਣਗੇ। ਪੰਜਾਬੀ ਆਪਣੀ ਮਾਂ-ਬੋਲੀ ਪ੍ਰਤੀ ਸੁਚੇਤ ਪੱਧਰ ’ਤੇ ਅੱਗੇ ਆਉਣ। ਸਰਕਾਰਾਂ ਜਨਤਾ ਦੀਆਂ ਵੋਟਾਂ ਨਾਲ ਹੀ ਸੱਤਾ ਵਿੱਚ ਆਉਂਦੀਆਂ ਹਨ। ਚੋਣ ਮਨੋਰਥ ਪੱਤਰ ਵਿੱਚ ਮਾਂ-ਬੋਲੀ ਪ੍ਰਤੀ ਪ੍ਰਪੱਕਤਾ ਬਾਰੇ ਵੀ ਬਿਆਨ ਹੋਣਾ ਚਾਹੀਦਾ ਹੈ ਅਤੇ ਪਾਲਣਾ ਵੀ ਹੋਵੇ।

ਜੋ ਵੀ ਸਥਿਤੀ ਹੋਵੇ ਪਰ ਮਾਂ ਬੋਲੀ ਦਾ ਦੀਵਾ ਲਟ-ਲਟ ਬਲ਼ ਰਿਹਾ ਹੈ। ਇਸ ਵਿੱਚ ਸਮਾਜ ਦੀ ਤੀਜੀ ਅੱਖ ਮੀਡੀਆ ਦਾ ਬਹੁਤ ਯੋਗਦਾਨ ਹੈ। ਵੱਡੀ ਪੱਧਰ ’ਤੇ ਪੰਜਾਬੀ ਦੀਆਂ ਅਖ਼ਬਾਰਾਂ ਪਾਠਕਾਂ ਤੱਕ ਪਹੁੰਚ ਰਹੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਹੋਰ ਜਾਣਕਾਰੀ, ਮਨੋਰੰਜਨ, ਖੇਤੀਬਾੜੀ, ਵਪਾਰ, ਸਮਾਜਿਕ ਜੀਵਨ ਦੇ ਹੋਰ ਪੱਖਾਂ ਬਾਰੇ ਵਿਸਤ੍ਰਿਤ ਵੇਰਵੇ ਉਪਲੱਬਧ ਹੁੰਦੇ ਹਨ। ਹਰ ਪਰਿਵਾਰ, ਸਕੂਲ ਤੇ ਵਿੱਦਿਅਕ ਸੰਸਥਾ ਵਿੱਚ ਪੰਜਾਬੀ ਅਖ਼ਬਾਰ ਅਤੇ ਰਸਾਲੇ ਜ਼ਰੂਰ ਹੋਣੇ ਚਾਹੀਦੇ ਹਨ। ਆਧੁਨਿਕਤਾ ਦੇ ਦੌਰ ਵਿੱਚ ਅਖ਼ਬਾਰਾਂ ਦੀ ਇੰਟਰਨੈੱਟ ਰਾਹੀਂ ਸੰਸਾਰ ਪੱਧਰ ’ਤੇ ਪਹੁੰਚ ਹੋ ਗਈ ਹੈ। ਬੇਸ਼ੱਕ ਕੁਝ ਆਧੁਨਿਕ ਗੀਤਾਂ ਵਿੱਚ ਅਨੈਤਿਕ ਅਤੇ ਗਨ-ਕਲਚਰ (ਹਥਿਆਰਾਂ, ਲੜਾਈ-ਝਗੜੇ ਜਾਂ ਇਸ ਪ੍ਰਤੀ ਉਤੇਜਿਤ ਕਰਨ ਵਾਲੇ) ਨੂੰ ਪੇਸ਼ ਕਰਨ ਵਾਲੇ ਗੀਤ ਲਿਖੇ, ਗਾਏ ਅਤੇ ਸੁਣੇ ਜਾ ਰਹੇ ਹਨ। ਇਨ੍ਹਾਂ ਦਾ ਫਿਲਮਾਂਕਣ ਵੀ ਲਗਭਗ ਗੁੰਡਾਗਰਦੀ ਵਾਲਾ ਹੁੰਦਾ ਹੈ। ਜੇਕਰ ਇਹ ਚੀਜ਼ਾਂ ਕਲਾਕਾਰਾਂ ਅਤੇ ਸੰਗੀਤ ਕੰਪਨੀਆਂ ਵੱਲੋਂ ਨੌਜਵਾਨਾਂ ਸਾਹਮਣੇ ਨਾ ਪਰੋਸੀਆਂ ਜਾਣ ਤਾਂ ਪੰਜਾਬੀ ਸੰਗੀਤ ਮੁੜ ਤੋਂ ਮਾਂ-ਬੋਲੀ ਪੰਜਾਬੀ ਦੇ ਪਸਾਰ ਤੇ ਪ੍ਰਚਾਰ ਵਿੱਚ ਸਰਵਣ ਪੁੱਤਰ ਬਣ ਸਕਦਾ ਹੈ।

ਸਕੂਲਾਂ ਵਿੱਚ ਅਧਿਆਪਕ ਖਾਸ ਕਰ ਕੇ ਭਾਸ਼ਾ ਅਧਿਆਪਕ ਅਧਿਆਪਨ ਦੇ ਇਖ਼ਲਾਕੀ ਫ਼ਰਜ਼ ਦੇ ਨਾਲ-ਨਾਲ ਮਾਂ-ਬੋਲੀ ਪੰਜਾਬੀ ਪ੍ਰਤੀ ਵੀ ਸੁਚੇਤ ਜ਼ਿੰਮੇਵਾਰੀ ਨਿਭਾਉਣ। ਸਿੱਖਿਆ ਮਾਹਰ ਵਿਦਿਆਰਥੀਆਂ ਦਾ ਪਾਠਕ੍ਰਮ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣ ਕਿ ਐਲੀਮੈਂਟਰੀ ਪੱਧਰ ਤੱਕ ਦੇ ਵਿਦਿਆਰਥੀਆਂ ਨੂੰ ਹਰੇਕ ਵਿਸ਼ੇ ਦੀ ਪੜ੍ਹਾਈ ਪੰਜਾਬੀ ਮਾਧਿਅਮ ਵਿੱਚ ਹੀ ਕਰਵਾਈ ਜਾਵੇ। ਇਸ ਦੀ ਪ੍ਰੋੜਤਾ ਮਨੋਵਿਗਿਆਨਕ ਪੱਧਰ ’ਤੇ ਵੀ ਕੀਤੀ ਗਈ ਹੈ ਕਿਉਂਕਿ ਬੱਚਾ ਆਪਣੇ ਆਲੇ ਦੁਆਲੇ ਦੇ ਸਮਾਜ ਅਤੇ ਬੋਲੀ ਤੋਂ ਸਹਿਜੇ ਹੀ ਅਨੁਕਰਨ ਅਤੇ ਅਨੁਸਰਨ ਕਰਦਾ ਹੈ। ਇਸ ਦੇ ਇਲਾਵਾ ਸਕੂਲਾਂ ਵਿੱਚ ਮਾਂ-ਬੋਲੀ ਦਿਵਸ ਅਤੇ ਹੋਰ ਸੱਭਿਆਚਾਰਕ ਜਾਂ ਇਤਿਹਾਸਕ ਦਿਨਾਂ ਦੇ ਮੌਕੇ ’ਤੇ ਡਰਾਇੰਗ, ਸਲੋਗਨ, ਮਾਡਲ ਬਣਾਉਣ ਦੇ ਮੁਕਾਬਲਿਆਂ ਦੇ ਨਾਲ-ਨਾਲ ਮਾਂ-ਬੋਲੀ ਪੰਜਾਬੀ ਵਿੱਚ ਲੇਖ, ਗੀਤ, ਕਵਿਤਾ, ਭਾਸ਼ਣ ਆਦਿ ਮੁਕਾਬਲੇ ਸਮੇਂ-ਸਮੇਂ ਸਿਰ ਹੁੰਦੇ ਰਹਿਣੇ ਚਾਹੀਦੇ ਹਨ। ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਪੰਜਾਬੀ ਸਾਹਿਤਕਾਰਾਂ ਨੂੰ ਵਿਦਿਆਰਥੀਆਂ ਦੇ ਰੁਬਰੂ ਕਰਵਾਇਆ ਜਾਵੇ। ਮਾਂ-ਬੋਲੀ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਅਤੇ ਸੰਭਾਵਨਾਵਾਂ ਬਾਰੇ ਮਾਹਿਰਾਂ ਦੇ ਭਾਸ਼ਣ ਹੋਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਮਾਂ-ਬੋਲੀ ਨਾਲ ਜੁੜੇ ਰਹਿਣ।

ਆਓ! ਅਸੀਂ ਸਾਰੇ ਆਪਣੇ ਜੀਵਨ ਦੌਰਾਨ ਮਾਂ-ਬੋਲੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੀਏ ਜਿਵੇਂ ਡਾ. ਸੁਰਜੀਤ ਪਾਤਰ ਆਸ ਰੱਖਦੇ ਸਨ;

ਸਤਿਗੁਰ ਇਸ ਦੇ ਸਹਾਈ ਹੋਣਗੇ

ਇਸ ਨੂੰ ਬਚਾਉਣਗੇ

ਸੂਫ਼ੀ, ਸੰਤ, ਫ਼ਕੀਰ

ਸ਼ਾਇਰ, ਨਾਬਰ, ਆਸ਼ਕ, ਯੋਧੇ

ਮੇਰੇ ਲੋਕ, ਅਸੀਂ, ਆਪਾਂ

ਸਾਡੇ ਸਭਨਾਂ ਦੇ ਮਰਨ ਬਾਅਦ ਹੀ

ਮਰੇਗੀ ਸਾਡੀ ਭਾਸ਼ਾ

ਇਹ ਵੀ ਹੋ ਸਕਦਾ ਕਿ

ਇਸ ਮਾਰਨਹਾਰ ਮਾਹੌਲ ਵਿੱਚ ਘਿਰ ਕੇ

ਮਾਰਨਹਾਰਾਂ ਦਾ ਟਾਕਰਾ ਕਰਨ ਲਈ

ਹੋਰ ਵੀ ਜਿਉਣਜੋਗੀ

ਹੋਰ ਵੀ ਜੀਵੰਤ ਹੋ ਉੱਠੇ ਮੇਰੀ ਭਾਸ਼ਾ

ਪੰਜਾਬ ਦੇ ਭਾਸ਼ਾ ਵਿਭਾਗ, ਸਕੂਲਾਂ, ਕਾਲਜਾਂ, ਸਿੱਖਿਆ ਸੰਸਥਾਵਾਂ, ਸਾਹਿਤ ਸਭਾਵਾਂ ਨੇ ਪੂਰੀ ਸ਼ਿੱਦਤ ਨਾਲ ਪੰਜਾਬੀ ਮਾਂ-ਬੋਲੀ ਦਿਵਸ ਮਨਾਇਆ ਜਾਂਦਾ ਹੈ। ਮਾਂ-ਬੋਲੀ ਨਾਲ ਸਬੰਧਤ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਨਾਲ ਪੰਜਾਬੀ ਨੂੰ ਪਿਆਰਨ ਵਾਲੇ ਹੋਰ ਲੋਕਾਂ ਨੂੰ ਪ੍ਰੇਰਨਾ ਮਿਲਦੀ ਹੈ ਅਤੇ ਉੱਦਮ ਕਰਨ ਵਾਲਿਆਂ ਨੂੰ ਹੌਸਲਾ। ਇਸ ਦੇ ਨਾਲ ਨਾਲ ਰੇਡੀਓ, ਟੈਲੀਵਿਜ਼ਨ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਸਮਾਜ ਦੇ ਬਾਕੀ ਵਰਗਾਂ ਤੱਕ ਪੰਜਾਬੀ ਮਾਂ-ਬੋਲੀ ਦੀ ਪਹੁੰਚ ਹੋਈ ਹੈ।

ਹੇ ਮੇਰੀ ਮਾਤ-ਬੋਲੀ! ਹੇ ਅਖੰਡ ਦੀਪਮਾਲਾ

ਖਿੰਡਿਆ ਹੈ ਦੂਰ ਤੀਕਰ, ਤੇਰੀ ਹੋਂਦ ਦਾ ਉਜਾਲਾ

ਤੇਰੇ ਹਰਫ਼ ਹੀਰੇ ਮੋਤੀ, ਤੇਰੇ ਸ਼ਬਦ ਨੇ ਸ਼ੁਆਵਾਂ

ਤੇਰੇ ਵਾਕ ਨੇ ਅਸੀਸਾਂ, ਤੇਰੇ ਬੋਲ ਨੇ ਦੁਆਵਾਂ

ਤੂੰ ਸਦੀਵਤਾ ਦਾ ਸੋਮਾ, ਤੂੰ ਹੈਂ ਪ੍ਰੇਮ ਦਾ ਉਛਾਲਾ

ਮਿੱਠੇ ਨੇ ਗੀਤ ਤੇਰੇ, ਪਾਵਨ ਹੈ ਤੇਰੀ ਬਾਣੀ

ਧੋਂਦੇ ਨੇ ਪੈਰ ਤੇਰੇ ਸੁਬ੍ਹਾ-ਸ਼ਾਮ ਪੰਜ ਪਾਣੀ

ਸਭ ਤੀਰਥਾਂ ਤੋਂ ਸੁੱਚੀ ਹੈ ਤੇਰੀ ਪਾਠਸ਼ਾਲਾ

ਹੇ ਮੇਰੀ ਮਾਤ-ਬੋਲੀ! ਹੇ ਅਖੰਡ ਦੀਪਮਾਲਾ

ਖਿੰਡਿਆ ਹੈ ਦੂਰ ਤੀਕਰ, ਤੇਰੀ ਹੋਂਦ ਦਾ ਉਜਾਲਾ

(ਸੁਖਵਿੰਦਰ ਅੰਮ੍ਰਿਤ)

ਮਾਵਾਂ ਸਦਾ ਹੀ ਅਸੀਸਾਂ ਨਾਲ ਆਪਣੇ ਬੱਚਿਆਂ ਨੂੰ ਖੁਸ਼ਹਾਲੀ ਤੇ ਲੰਬੀ ਉਮਰ ਵਾਲੇ ਬਣਾਉਣਾ ਲੋਚਦੀਆਂ ਹਨ ਅਤੇ ਬੱਚਿਆਂ ਦਾ ਫ਼ਰਜ਼ ਮਾਪਿਆਂ ਦਾ ਮਾਨ-ਸਨਮਾਨ ਕਾਇਮ ਰੱਖਣਾ ਹੁੰਦਾ ਹੈ। ਵੱਡਿਆਂ ਅਤੇ ਮਾਂ-ਬੋਲੀ ਤੋਂ ਅਸੀਸਾਂ ਮਿਲਦੀਆਂ ਰਹਿਣ, ਪਰ ਇੱਧਰ ਮਾਂ-ਬੋਲੀ ਪੰਜਾਬੀ ਨੂੰ ਅਸੀਸ ਦੇਣ ਦੀ ਗੁਸਤਾਖ਼ੀ ਵੀ ਕਰ ਰਿਹਾ ਹਾਂ, ‘ਜਿਊਂਦੀ ਰਹਿ ਮਾਂ-ਬੋਲੀਏ।’

ਸੰਪਰਕ: 94176-35053

Advertisement
×