DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਛੰਦ ਪਰਾਗੇ ਆਈਏ ਜਾਈਏ...

ਸਮਾਜ ਇੱਕ ਅਜਿਹੀ ਸੰਸਥਾ ਹੈ, ਜਿਸ ਵਿੱਚ ਮਨੁੱਖ ਜ਼ਿੰਦਗੀ ਭਰ ਸਿੱਖਦਾ ਰਹਿੰਦਾ ਹੈ। ਮਨੁੱਖ ਦੇ ਚੰਗੇ ਅਤੇ ਮਾੜੇ ਆਚਰਣ ਦਾ ਜ਼ਿੰਮੇਵਾਰ ਵੀ ਸਮਾਜ ਹੀ ਹੈ। ਜੇਕਰ ਸਾਹਿਤ ਸਮਾਜ ਦਾ ਸ਼ੀਸ਼ਾ ਦਿਖਾਉਂਦਾ ਹੈ ਤਾਂ ਉਸ ਵਿੱਚ ਮਨੁੱਖ ਦੀ ਭਾਗੀਦਾਰੀ ਤੋਂ ਬਿਨਾਂ...

  • fb
  • twitter
  • whatsapp
  • whatsapp
Advertisement

ਸਮਾਜ ਇੱਕ ਅਜਿਹੀ ਸੰਸਥਾ ਹੈ, ਜਿਸ ਵਿੱਚ ਮਨੁੱਖ ਜ਼ਿੰਦਗੀ ਭਰ ਸਿੱਖਦਾ ਰਹਿੰਦਾ ਹੈ। ਮਨੁੱਖ ਦੇ ਚੰਗੇ ਅਤੇ ਮਾੜੇ ਆਚਰਣ ਦਾ ਜ਼ਿੰਮੇਵਾਰ ਵੀ ਸਮਾਜ ਹੀ ਹੈ। ਜੇਕਰ ਸਾਹਿਤ ਸਮਾਜ ਦਾ ਸ਼ੀਸ਼ਾ ਦਿਖਾਉਂਦਾ ਹੈ ਤਾਂ ਉਸ ਵਿੱਚ ਮਨੁੱਖ ਦੀ ਭਾਗੀਦਾਰੀ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ। ਸੱਭਿਆਚਾਰ ਤਾਂ ਹੀ ਪ੍ਰਫੁੱਲਤ ਹੋ ਸਕਦਾ ਹੈ, ਜੇਕਰ ਮਨੁੱਖ ਜਿਸ ਖਿੱਤੇ ਵਿੱਚ ਉਹ ਵਸਦਾ ਹੈ, ਉੱਥੇ ਉਸ ਦੀ ਆਪਣੀ ਪਛਾਣ ਹੋਵੇ, ਉਸ ਦੀ ਆਪਣੀ ਹੋਂਦ ਹੋਵੇ। ਇਹ ਰੂਪ ਤਾਂ ਹੀ ਦਿਖਾਈ ਦੇਵੇਗਾ, ਜੇਕਰ ਮਨੁੱਖ ਆਪਣੀ ਮਾਂ ਬੋਲੀ ਨੂੰ ਕਾਇਮ ਰੱਖੇਗਾ।

ਲਿਪੀ ਤੋਂ ਪਹਿਲਾਂ ਪੀੜ੍ਹੀ ਦਰ ਪੀੜ੍ਹੀ ਰਚਿਆ ਹੋਇਆ ਸਾਹਿਤ ਮੌਖਿਕ ਰੂਪ ਵਿੱਚ ਸਾਡੇ ਕੋਲ ਆ ਰਿਹਾ ਹੈ, ਇਹ ਇੱਕ ਅਜਿਹੀ ਧਰੋਹਰ ਹੈ ਜੋ ਸਾਡੇ ਜੀਵਨ ਵਿੱਚ ਨਵੇਂ ਤੋਂ ਨਵੇਂ ਰੰਗ ਭਰਨ ਵਿੱਚ ਕਾਮਯਾਬ ਰਹੀ ਹੈ। ਜੀਵਨ ਦੇ ਹਰ ਪੜਾਅ ’ਤੇ ਸਾਨੂੰ ਇਸ ਤੋਂ ਸੇਧ ਮਿਲਦੀ ਹੈ। ਦੁੱਖ ਦੇ ਸਮੇਂ ਪ੍ਰਚੱਲਤ ਕੀਰਨੇ ਵੀ ਇਸੇ ਦੀ ਹੀ ਦੇਣ ਹਨ। ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਲੋਰੀਆਂ ਵੀ ਸਾਨੂੰ ਆਪਣੇ ਵਡੇਰਿਆਂ ਤੋਂ ਹੀ ਪ੍ਰਾਪਤ ਹੋਈਆਂ ਹਨ। ਖੇਡਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਆਪਣੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਇਹ ਲੋਕ ਗੀਤ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਵਿਆਹ ਸ਼ਾਦੀਆਂ ਵੇਲੇ ਸੁਹਾਗ ਦੇ ਗੀਤ ਗਾਏ ਜਾਂਦੇ ਹਨ। ਸਮਾਜਿਕ ਵਰਤਾਰੇ ਅਤੇ ਘਰੇਲੂ ਝੰਜਟਾਂ ਦੇ ਗੀਤ ਵੀ ਗਾਏ ਜਾਂਦੇ ਹਨ। ਇੱਕ-ਦੂਜੇ ਨੂੰ ਮਖੌਲ ਕਰਨ ਲਈ ਗਾਏ ਗੀਤ ਸਿੱਠਣੀਆਂ ਅਖਵਾਉਂਦੇ ਹਨ।

Advertisement

ਸਿੱਠਣੀਆਂ ਦੇਣ ਵਿੱਚ ਅਤੇ ਗੀਤ ਗਾਉਣ ਵਿੱਚ ਔਰਤਾਂ ਹੀ ਮੋਹਰੀ ਹੁੰਦੀਆਂ ਹਨ। ਵਿਆਹ ਵਿੱਚ ਔਰਤਾਂ ਗੀਤ ਗਾ ਕੇ ਆਪਣੇ ਮਨਾਂ ਦੀਆਂ ਭੋਲਾਂ ਲਾਹ ਲੈਂਦੀਆਂ ਹਨ। ਨਾਨਕੀਆਂ ਬੰਬੀਹਾ ਬੋਲੇ ਵਿੱਚ ਸਾਰੇ ਪਿੰਡ ਨੂੰ, ਪਿੰਡ ਦੀਆਂ ਕੁੜੀਆਂ ਨੂੰ, ਨੰਬਰਦਾਰਾਂ ਨੂੰ, ਪੰਚਾਂ-ਸਰਪੰਚਾਂ ਨੂੰ, ਪਿੰਡ ਦੇ ਅਣਵਿਆਹੇ ਮੁੰਡਿਆਂ ਭਾਵ ਛੜਿਆਂ ਨੂੰ ਰੱਜ ਕੇ ਗੀਤ ਗਾਉਂਦੀਆਂ ਹਨ। ਉੱਧਰੋਂ ਦਾਦਕੀਆਂ ਵੀ ਨਾਨਕੀਆਂ ਦੀ ਰੜੇ ਭੰਬੀਰੀ ਬੁਲਾਉਂਦੀਆਂ ਹਨ। ਲਾਗੀਆਂ ਨੂੰ ਸਿੱਠਿਆ ਜਾਂਦਾ ਹੈ, ਵਿਚੋਲੇ ਨੂੰ ਖ਼ੂਬ ਸਿੱਠਿਆ ਜਾਂਦਾ ਹੈ। ਕੁੜੀ ਦੇ ਵਿਆਹ ਵਿੱਚ ਜਾਨੀਆਂ ਨੂੰ ਖ਼ੂਬ ਸਿੱਠਿਆ ਜਾਂਦਾ ਹੈ। ਲਾੜੇ ਦੀ ਭੈਣ, ਮਾਂ, ਭੂਆ ਤੇ ਪਿਤਾ ਨਾਲ ਤਾਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ ਭਾਵ ਇਹ ਸਾਰੇ ਅਧਿਕਾਰ ਸਮਾਜ ਨੇ ਔਰਤਾਂ ਨੂੰ ਹੀ ਦਿੱਤੇ ਹਨ।

Advertisement

ਫਿਰ ਵੀ ਇੱਕ ਅਧਿਕਾਰ ਲਾੜੇ ਨੂੰ ਵੀ ਦਿੱਤਾ ਗਿਆ ਹੈ। ਇਹ ਨਹੀਂ ਪਤਾ ਕਿ ਉਹ ਉਸ ਦਾ ਬੁੱਧੀ ਪ੍ਰੀਖਣ ਹੈ ਕਿ ਉਸ ਨੂੰ ਮਖੌਲ ਕਰਨ ਦਾ ਅਧਿਕਾਰ ਹੈ। ਲਾੜਾ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਨੀ ਵੀ ਜ਼ਰੂਰੀ ਸਮਝਦਾ ਹੈ ਕਿਉਂਕਿ ਉਸ ਦੇ ਵਿਆਹ ਵਿੱਚ ਉਸ ਦੀ ਮਾਂ, ਭੈਣ, ਭੂਆ, ਦਾਦੀ ਅਤੇ ਉਸ ਦੇ ਪਿਤਾ ਨੂੰ ਗੀਤਾਂ ਰਾਹੀਂ ਖ਼ੂਬ ਭੰਡਿਆ ਹੁੰਦਾ ਹੈ, ਸੋ ਉਹ ਵੀ ਇਸ ਮੌਕੇ ਭਾਜੀ ਮੋੜਨਾ ਚਾਹੁੰਦਾ ਹੈ। ਉਹ ਵੀ ਆਪਣੀ ਪੂਰੀ ਤਿਆਰੀ ਕਰ ਕੇ ਆਉਂਦਾ ਹੈ। ਲਾਵਾਂ ਤੋਂ ਬਾਅਦ ਲਾੜੇ ਨੂੰ ਅੰਦਰ ਲਿਜਾਣ ਵੇਲੇ ਵੀ ਉਸ ਦੀ ਮਦਦ ਸਰਵਾਲ੍ਹਾ ਕਰਦਾ ਹੈ। ਉਸ ਸਮੇਂ ਵਿਛਾਏ ਮੰਜੇ ਉੱਤੇ ਬੈਠਣ ਤੋਂ ਪਹਿਲਾਂ ਚੇਤਨ ਅਵਸਥਾ ਵਿੱਚ ਰਹਿਣਾ ਪੈਂਦਾ ਹੈ ਕਿਉਂਕਿ ਸਾਲੀਆਂ ਕਈ ਵਾਰ ਬਿਨਾਂ ਬੁਣੇ ਮੰਜੇ ਉੱਤੇ ਬਿਸਤਰਾ ਵਿਛਾ ਕੇ ਰੱਖ ਦਿੰਦੀਆਂ ਹਨ। ਕਈ ਸੁੱਘੜ ਸਰਵਾਲੇ ਪਹਿਲਾਂ ਹੀ ਮੰਜੇ ਉੱਤੇ ਵਿਛਾਏ ਬਿਸਤਰੇ ਨੂੰ ਚੁੱਕ ਕੇ ਦੇਖ ਲੈਂਦੇ ਹਨ। ਉਸ ਤੋਂ ਬਾਅਦ ਸਾਲੀਆਂ ਉਸ ਨੂੰ ਛੰਦ ਸੁਣਾਉਣ ਵਾਸਤੇ ਕਹਿੰਦੀਆਂ ਹਨ।

ਸਿਆਣੇ ਅਤੇ ਚੁਸਤ ਲਾੜੇ ਛੰਦ ਸੁਣਾਉਣ ਵੇਲੇ ਪਹਿਲਾ ਛੰਦ ਆਪਣੀ ਸੱਸ ਅਤੇ ਸਹੁਰੇ ਦੀ ਉਸਤਤੀ ਵਿੱਚ ਬੋਲਦੇ ਹਨ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਕੇਸਰ।

ਸੱਸ ਮੇਰੀ ਪਾਰਵਤੀ

ਸਹੁਰਾ ਮੇਰਾ ਪਰਮੇਸ਼ਰ।

ਉਸ ਤੋਂ ਬਾਅਦ ਫਿਰ ਸਾਲੀਆਂ ਨਾਲ ਮਖੌਲ ਦੀ ਘੜੀ ਆਰੰਭ ਹੋ ਜਾਂਦੀ ਹੈ। ਸਾਲੀਆਂ ਦੀ ਭਾਜੀ ਮੋੜਨ ਦਾ ਸਮਾਂ ਬੜੇ ਸਬੱਬ ਨਾਲ ਮਿਲਦਾ ਹੈ। ਇਸ ਸਮੇਂ ਲਾੜਾ ਪਹਿਲਾ ਛੰਦ ਇਸ ਤਰ੍ਹਾਂ ਬੋਲਦਾ ਹੈ ਜਾਂ ਸੁਣਾਉਂਦਾ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਤੁੰਮਾਂ।

ਸਭੇ ਸਾਲੀਆਂ ਸੋਹਣੀਆਂ

ਮੈਂ ਕਿਹਦਾ ਮੂੰਹ ਚੁੰਮਾਂ।

ਜੀਜੇ ਨਾਲ ਕੀਤੀਆਂ ਵਧੀਕੀਆਂ ਸਾਲੀਆਂ ਦੇ ਅੱਗੇ ਹੀ ਆਉਂਦੀਆਂ ਹਨ। ਪਹਿਲਾ ਛੰਦ ਸੁਣਦਿਆਂ ਹੀ ਸਾਰੀਆਂ ਕੱਚੀਆਂ ਜਿਹੀਆਂ ਹੋ ਜਾਂਦੀਆਂ ਹਨ, ਪਰ ਇਹ ਮੌਕਾ ਗੁੱਸਾ ਦਿਖਾਉਣ ਦਾ ਨਹੀਂ ਹੁੰਦਾ ਤੇ ਨਾ ਹੀ ਕਿਸੇ ਉਲਾਂਭੇ ਲਈ ਹੁੰਦਾ ਹੈ ਬਲਕਿ ਸਹਿਣਸ਼ੀਲਤਾ ਦਾ ਸਬੂਤ ਦੇਣਾ ਪੈਂਦਾ ਹੈ। ਸਾਲੀਆਂ ਵਾਸਤੇ ਨਵਾਂ ਛੰਦ ਇਸ ਤਰ੍ਹਾਂ ਪਰੋਸਿਆ ਜਾਂਦਾ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਡੋਈ।

ਸਭੇ ਸਾਲੀਆਂ ਕੋਲ ਬੈਠੀਆਂ

ਬਹੂ ਕਿੱਥੇ ਲਕੋਈ।

ਸਾਲੀਆਂ ਨਾਲ ਜੀਜੇ ਦਾ ਬਹੁਤ ਗੂੜ੍ਹਾ ਸਬੰਧ ਹੁੰਦਾ ਹੈ। ਸਾਲੀ ਨੂੰ ਅੱਧੀ ਘਰਵਾਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ਬਦ ਵੀ ਸਮਾਜ ਦੀ ਦੇਣ ਹਨ। ਇਸ ਦਾ ਮਤਲਬ ਹੈ ਕਿ ਘਰਵਾਲੀ ਦੀ ਅਣਹੋਂਦ ਵਿੱਚ ਬੱਚਿਆਂ ਦੀ ਮਾਸੀ ਭਾਵ ਵਿਅਕਤੀ ਦੀ ਸਾਲੀ ਉੱਤੇ ਕਾਫ਼ੀ ਜ਼ਿੰਮੇਵਾਰੀ ਆ ਜਾਂਦੀ ਹੈ। ਕਈ ਵਾਰ ਤਾਂ ਮਜਬੂਰੀ ਵਿੱਚ ਸਾਲੀ ਨਾਲ ਦੂਜਾ ਵਿਆਹ ਵੀ ਹੋ ਜਾਂਦਾ ਹੈ। ਜੇਕਰ ਬੱਚਿਆਂ ਦੀ ਮਾਂ ਨਾ ਹੋਵੇ ਤਾਂ ਮਾਸੀ ਉਨ੍ਹਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ। ਉਹ ਆਪਣਾ ਘਰ ਸੰਭਾਲਦੀ ਹੋਈ ਵੀ ਆਪਣੇ ਭਾਣਜੇ-ਭਾਣਜੀਆਂ ਦੇ ਕਾਰਜ ਵੀ ਸੰਵਾਰਦੀ ਹੈ। ਤਾਂ ਹੀ ਕਿਹਾ ਗਿਆ ਹੈ ਕਿ ਮਰੇ ਮਾਂ ਜੀਵੇ ਮਾਸੀ। ਇਸੇ ਕਰਕੇ ਹੀ ਜੀਜੇ ਸਾਲੀ ਦੀ ਮਖੌਲ ਕਰਨ ਦੀ ਆਪਸੀ ਖੁੱਲ੍ਹ ਨੂੰ ਸਮਾਜ ਦੀ ਪ੍ਰਵਾਨਗੀ ਹੈ। ਦੋਵਾਂ ਦਾ ਆਪਸੀ ਮਖੌਲ ਕਰਨਾ ਕੋਈ ਅਲੋਕਾਰੀ ਗੱਲ ਨਹੀਂ। ਜੀਜਾ ਵੀ ਆਪਣੀ ਸਾਲੀ ਨੂੰ ਮਨ ਆਈ ਗੱਲ ਕਹਿ ਸਕਦਾ ਹੈ। ਅਜਿਹੀ ਸਥਿਤੀ ਛੰਦ ਵਿੱਚ ਦੇਖੀ ਜਾ ਸਕਦੀ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਪਲੀ।

ਪਰ੍ਹੇ ਹੋ ਕੇ ਪੂੰਝ ਸਾਲੀਏ

ਨੱਕੋਂ ਡਿੱਗਦੀ ਨਲੀ।

ਕਈ ਵਾਰ ਸਾਲੀਆਂ ਵਿੱਚ ਬੈਠਾ ਜੀਜਾ ਗੁਸਤਾਖ਼ੀ ਕਰਨ ਤੋਂ ਵੀ ਵਾਜ ਨਹੀਂ ਆਉਂਦਾ। ਉਸ ਦੇ ਅੰਦਰ ਬਦਲੇ ਦੀ ਭਾਵਨਾ ਵੀ ਹੁੰਦੀ ਹੈ ਅਤੇ ਉਹ ਸ਼ਰਾਰਤ ਕਰਦਾ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਕੱਖ।

ਅਗਲਾ ਛੰਦ ਮੈਂ ਫੇਰ ਸੁਣਾਊ

ਜੇ ਸਾਲੀ ਮਾਰੇ ਅੱਖ।

ਛੰਦ ਸੁਣਨਾ ਅਤੇ ਸੁਣਾਉਣਾ ਦੋਵੇਂ ਹੀ ਬਹੁਤ ਔਖੇ ਹਨ। ਸੁਣਨ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਛੰਦ ਸੁਣਾਉਣ ਵਾਲਾ ਪਤਾ ਨਹੀਂ ਕੀ ਬੋਲੇ। ਉਸ ਨੂੰ ਠਰ੍ਹੰਮਾ ਰੱਖਣਾ ਪੈਂਦਾ ਹੈ। ਛੰਦ ਸੁਣਾਉਣ ਵਾਲੇ ਨੂੰ ਵੀ ਸ਼ਬਦਾਂ ਦੀ ਚੋਣ ਸੋਚ ਸਮਝ ਕੇ ਕਰਨੀ ਪੈਂਦੀ ਹੈ ਤਾਂ ਕਿ ਉਸ ਨੂੰ ਨਮੋਸ਼ੀ ਨਾ ਝੱਲਣੀ ਪਵੇ। ਉਹ ਸਾਲੀਆਂ ਨਾਲ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਹੁੰਦਾ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਥਾਲੀ।

ਸਾਢੂ ਮੇਰਾ ਭੋਲਾ ਭਾਲਾ

ਸਾਲੀ ਬਾਰਾਂ ਤਾਲੀ।

ਸਾਲੀਆਂ ਨਾਲ ਨਜਿੱਠਣ ਲਈ ਲਾੜੇ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਸੱਸ ਅਤੇ ਸਹੁਰੇ ਨੂੰ ਵੀ ਛੰਦ ਦੇਣੇ ਹੁੰਦੇ ਹਨ। ਜਦੋਂ ਸਾਲੀਆਂ ਜੀਜੇ ਦੇ ਮਾਂ-ਪਿਓ, ਭੈਣ-ਭੂਆ ਆਦਿ ਨੂੰ ਸਿੱਠਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀਆਂ, ਫਿਰ ਉਹ ਵੀ ਕਿਉਂ ਛੱਡੇ? ਜਦੋਂ ਕੁੜੀਆਂ ਬਦਲਵਾਂ ਛੰਦ ਸੁਣਾਉਣ ਲਈ ਕਹਿੰਦੀਆਂ ਹਨ ਤਾਂ ਉਹ ਝੱਟ ਨਵਾਂ ਛੰਦ ਸੁਣਾਉਣਾ ਸ਼ੁਰੂ ਕਰ ਦਿੰਦਾ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਡੌਰੂ।

ਸੱਸ ਮੇਰੀ ਗੁਹਾਰੇ ਚੜ੍ਹ ਗਈ

ਸਹੁਰਾ ਪੱਟੇ ਖੌਰੂ।

ਇਕੱਠੀਆਂ ਹੋਈਆਂ ਕੁੜੀਆਂ ਮਛਰੇਵੇਂ ਕਾਰਨ ਜੀਜੇ ਨੂੰ ਵੱਧ ਤੋਂ ਵੱਧ ਛੰਦ ਸੁਣਾਉਣ ਲਈ ਕਹਿੰਦੀਆਂ ਹਨ। ਕਈ ਵਾਰ ਤਾਂ ਛੰਦ ਸੁਣਾਉਣ ਵਾਲਾ ਉਨ੍ਹਾਂ ਦੀ ਆਰਥਿਕ ਤੰਗੀ ਵੱਲ ਵੀ ਸੰਕੇਤ ਕਰ ਦਿੰਦਾ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਦੁਆਨੀ।

ਤੁਹਾਡੇ ਵਰਗਿਆਂ ਦੇ ਵਿਆਹੁਣ ਢੁੱਕੇ

ਭੁੱਖੇ ਮਰ ਗਏ ਜਾਨੀ।

ਇਹੋ ਜਿਹੇ ਛੰਦ ਸੁਣਾਉਣ ਤੋਂ ਬਾਅਦ ਜੀਜਾ ਫਿਰ ਸਾਲੀਆਂ ਦੀ ਭਾਜੀ ਮੋੜਨ ਵੱਲ ਹੋ ਜਾਂਦਾ ਹੈ। ਉਹ ਨਵਾਂ ਛੰਦ ਸਾਲੀਆਂ ਨੂੰ ਇਸ ਤਰ੍ਹਾਂ ਸੁਣਾਉਂਦਾ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਪਾਨ।

ਨੱਕ ’ਤੇ ਮੱਖੀ ਬੈਠਣ ਨਾ ਦੇਵੇ

ਸਾਲੀ ਬੜੀ ਸ਼ੈਤਾਨ।

ਇਸ ਤਰ੍ਹਾਂ ਚੱਲਦੇ ਚੱਲਦੇ ਚੱਕੀ ਦੇ ਗੇੜ ਵਾਂਗ ਛੰਦ ਸੁਣਾਉਣ ਵਾਲਾ, ਫਿਰ ਸੱਸ ਸਹੁਰੇ ਨੂੰ ਸਿੱਠਦਾ ਹੈ ਭਾਵੇਂ ਸਾਲੀਆਂ ਦੀ ਮੰਗ ਵੀ ਹੋਵੇ, ਪਰ ਬਦਲਾਖੋਰੀ ਦੀ ਭਾਵਨਾ ਉਸ ਦੇ ਅੰਦਰ ਵੀ ਭਰੀ ਹੁੰਦੀ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਪੱਤੇ।

ਸਹੁਰਾ ਮੇਰਾ ਭੇਡਾਂ ਮੁੰਨੇ

ਸੱਸ ਮੇਰੀ ਉੱਨ ਕੱਤੇ।

ਲਾੜਾ ਵੀ ਆਪਣੀ ਹਾਰ ਮੰਨਣ ਵਾਲਾ ਨਹੀਂ ਹੁੰਦਾ, ਉਹ ਸਾਲੀਆਂ ਦੀ ਇੱਛਾ ਤੋਂ ਪਹਿਲਾਂ ਹੀ ਨਵਾਂ ਛੰਦ ਸੁਣਾਉਂਦਾ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਕਾਰ।

ਇੱਕ ਨੂੰ ਅਸੀਂ ਵਿਆਹ ਕੇ ਲੈ ਗਏ

ਦੂਜੀ ਰੱਖਿਓ ਤਿਆਰ।

ਅਜਿਹੇ ਮਾਹੌਲ ਵਿੱਚ ਸਭ ਦਾ ਕੰਨ ਰਸਦਾ ਹੈ, ਨਵੇਂ ਤੋਂ ਨਵੇਂ ਛੰਦ ਵੀ ਸੁਣਾਏ ਜਾਂਦੇ ਹਨ। ਛੰਦ ਸੁਣਾਉਣ ਵਾਲਾ ਵੀ ਕੋਈ ਮੌਕਾ ਹੱਥੋਂ ਖੁੰਝਣ ਨਹੀਂ ਦਿੰਦਾ ਅਤੇ ਤੁਰੰਤ ਨਵਾਂ ਛੰਦ ਸੁਣਾਉਂਦਾ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਝਾਵਾਂ।

ਜੇ ਤੁਹਾਡਾ ਕਿਤੇ ਵਿਆਹ ਨਹੀਂ ਹੁੰਦਾ

ਮੈਂ ਛੜਿਆਂ ਦੀ ਦੱਸ ਪਾਵਾਂ।

ਸਾਲੀਆਂ ਨਾਲ ਉੱਨੀ-ਇੱਕੀ ਕਰਨ ਵਿੱਚ ਲਾੜਾ ਕੋਈ ਕਸਰ ਨਹੀਂ ਰਹਿਣ ਦੇਣਾ ਚਾਹੁੰਦਾ। ਉਹ ਉਨ੍ਹਾਂ ਨੂੰ ਖਿਝਾਉਣ ਲਈ ਇਹ ਵੀ ਕਹਿ ਦਿੰਦਾ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਖੰਡ।

ਛੱਪੜੀ ਦੇ ਵਿੱਚ ਸੁੱਟ ਕੇ ਆਵਾਂ

ਬੰਨ੍ਹ ਕੇ ਸੋਡੀ ਪੰਡ।

ਕਈ ਵਾਰ ਆਰਥਿਕ ਮੰਦੀ ਕਾਰਨ ਲੋਕ ਕੁੜੀ ਦਾ ਵਿਆਹ ਕਰਨ ਲਈ ਉਸ ਦੇ ਸਹੁਰਿਆਂ ਕੋਲੋਂ ਪੈਸੇ ਵੀ ਲੈ ਲੈਂਦੇ ਸਨ। ਉਸ ਸਮੇਂ ਕਈ ਨਾਰਾਜ਼ ਲਾੜੇ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਵੀ ਕਰ ਦਿੰਦੇ ਹਨ। ਉਹ ਛੰਦ ਸੁਣਾਉਂਦੇ ਸਮੇਂ ਹੀ ਸ਼ਬਦਾਂ ਨੂੰ ਤੋੜ ਮਰੋੜ ਕੇ ਉਨ੍ਹਾਂ ਸਾਹਮਣੇ ਪੇਸ਼ ਕਰ ਦਿੰਦੇ ਸਨ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਗਰਨਾ।

ਪੈਸਾ ਟਕਾ ਵਿਆਹ ’ਤੇ ਲੱਗ ਗਿਆ

ਖੇਹ ਖਾ ਕੇ ਮਰਨਾ।

ਆਖਰ ਵਿੱਚ ਜਦੋਂ ਵਿਦਾਈ ਦਾ ਸਮਾਂ ਆ ਜਾਂਦਾ ਹੈ ਤਾਂ ਲਾੜਾ ਇਹ ਛੰਦ ਸੁਣਾ ਕੇ ਛੰਦ ਸੁਣਾਉਣਾ ਬੰਦ ਕਰ ਦਿੰਦਾ ਹੈ ਕਿ ਹੁਣ ਸਮਾਂ ਬਹੁਤ ਹੋ ਗਿਆ ਹੈ ਤੇ ਇਸ ਕੰਮ ਨੂੰ ਸਮਾਪਤ ਕਰਨਾ ਬਣਦਾ ਹੈ ਤਾਂ ਉਹ ਆਖਰੀ ਛੰਦ ਇਸ ਤਰ੍ਹਾਂ ਸੁਣਾਉਂਦਾ ਹੈ;

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਗਹਿਣਾ।

ਛੇਤੀ ਛੇਤੀ ਤੋਰੋ ਕੁੜੀ ਨੂੰ

ਮੈਂ ਨਹੀਂ ਹੁਣ ਬਹਿਣਾ ‌

ਇਸ ਤਰ੍ਹਾਂ ਛੰਦ ਵੀ ਸਿੱਠਣੀਆਂ ਦੀ ਹੀ ਇੱਕ ਸ਼ਾਖਾ ਹਨ, ਫ਼ਰਕ ਸਿਰਫ਼ ਇੰਨਾ ਹੀ ਹੈ ਕਿ ਇਸ ਨੂੰ ਲਾੜੇ ਵੱਲੋਂ ਬੋਲਿਆ ਜਾਂਦਾ ਹੈ ਅਤੇ ਸਿੱਠਣੀਆਂ ਸਾਲੀਆਂ ਕੁੜਮਣੀਆਂ ਆਦਿ ਵੱਲੋਂ ਦਿੱਤੀਆਂ ਜਾਂਦੀਆਂ ਹਨ। ਮਜ਼ਾਕ ਦੀ ਇਹ ਪਰੰਪਰਾ ਸਾਡੇ ਸੱਭਿਆਚਾਰ ਦੀ ਇੱਕ ਪੁਰਾਣੀ ਪਰੰਪਰਾ ਹੈ ਜੋ ਉਵੇਂ ਜਿਵੇਂ ਹੀ ਕਾਇਮ ਰਹਿਣੀ ਚਾਹੀਦੀ ਹੈ।

ਸੰਪਰਕ: 94178-40323

Advertisement
×