ਆਓ ਜ਼ਿੰਦਗੀ ਨੂੰ ਮਾਣੀਏ
ਜ਼ਿੰਦਗੀ ਪਰਮਾਤਮਾ ਵੱਲੋਂ ਮਨੁੱਖ ਨੂੰ ਮਿਲਿਆ ਸਭ ਤੋਂ ਅਨਮੋਲ ਤੋਹਫ਼ਾ ਹੈ। ਜ਼ਿੰਦਗੀ ਤੋਂ ਭਾਵ ਕੇਵਲ ਮਨੁੱਖੀ ਸਰੀਰ ਅੰਦਰ ਚੱਲਦੇ ਸਾਹਾਂ ਤੋਂ ਨਹੀਂ ਹੈ ਸਗੋਂ ਸੰਸਾਰ ਵਿੱਚ ਆ ਕੇ ਮਿਲੇ ਹਰ ਪਲ ਨੂੰ ਮਹਿਸੂਸ ਕਰਨਾ, ਸਿੱਖਦੇ ਰਹਿਣਾ, ਅੱਗੇ ਵਧਣਾ ਅਤੇ ਖੁਸ਼ੀਆਂ...
ਜ਼ਿੰਦਗੀ ਪਰਮਾਤਮਾ ਵੱਲੋਂ ਮਨੁੱਖ ਨੂੰ ਮਿਲਿਆ ਸਭ ਤੋਂ ਅਨਮੋਲ ਤੋਹਫ਼ਾ ਹੈ। ਜ਼ਿੰਦਗੀ ਤੋਂ ਭਾਵ ਕੇਵਲ ਮਨੁੱਖੀ ਸਰੀਰ ਅੰਦਰ ਚੱਲਦੇ ਸਾਹਾਂ ਤੋਂ ਨਹੀਂ ਹੈ ਸਗੋਂ ਸੰਸਾਰ ਵਿੱਚ ਆ ਕੇ ਮਿਲੇ ਹਰ ਪਲ ਨੂੰ ਮਹਿਸੂਸ ਕਰਨਾ, ਸਿੱਖਦੇ ਰਹਿਣਾ, ਅੱਗੇ ਵਧਣਾ ਅਤੇ ਖੁਸ਼ੀਆਂ ਵੰਡਣ ਦਾ ਕੁਦਰਤ ਵੱਲੋਂ ਮਿਲਿਆ ਇੱਕ ਮੌਕਾ ਹੈ। ਇਸ ਦੀ ਤੁਲਨਾ ਕਿਸੇ ਸੂਰਤ ਵਿੱਚ ਕਿਸੇ ਸੰਸਾਰਕ ਵਸਤੂ ਨਾਲ ਨਹੀਂ ਕੀਤੀ ਜਾ ਸਕਦੀ। ਇਸ ਜੀਵਨ ਨੂੰ ਸਹੀ ਅਰਥਾਂ ਵਿੱਚ ਕਿਵੇਂ ਜਿਊਣਾ ਹੈ ਤੇ ਹਰ ਪਲ ਦਾ ਆਨੰਦ ਕਿਵੇਂ ਮਾਣਨਾ ਹੈ, ਇਹ ਇੱਕ ਗੁੱਝੀ ਕਲਾ ਹੈ। ਇਹ ਕਲਾ ਸਿਖਾਉਣ ਨਾਲ ਨਹੀਂ ਆਉਂਦੀ ਸਗੋਂ ਮਨੁੱਖ ਨੂੰ ਆਪਣੀ ਸਮਝ, ਤਜਰਬਿਆਂ ਅਤੇ ਸਵੈ-ਪੜਚੋਲ ਨਾਲ ਖੁਦ ਸਿੱਖਣੀ ਪੈਂਦੀ ਹੈ।
ਅਕਸਰ ਲੋਕ ਜ਼ਿੰਦਗੀ ਕੱਟਣ ਅਤੇ ਜ਼ਿੰਦਗੀ ਜਿਊਣ ਵਿਚਲੇ ਅੰਤਰ ਨੂੰ ਨਹੀਂ ਸਮਝ ਪਾਉਂਦੇ। ਇਸ ਨਾ-ਸਮਝੀ ਕਾਰਨ ਉਹ ਸਾਰੀ ਉਮਰ ਸਿਰਫ਼ ਜ਼ਿੰਮੇਵਾਰੀਆਂ ਦੇ ਬੋਝ ਹੇਠ ਦੱਬੇ ਰਹਿ ਕੇ ਪਦਾਰਥਵਾਦੀ ਸੰਸਾਰ ਦੀ ਅੰਨ੍ਹੀ ਦੌੜ ਵਿੱਚ ਗੁਜ਼ਾਰ ਦਿੰਦੇ ਹਨ। ਅਸਲ ਵਿੱਚ ਪਰਿਵਾਰਕ ਤੇ ਸਮਾਜਿਕ ਝਮੇਲਿਆਂ ਵਿੱਚ ਉਲਝੇ ਮਨੁੱਖ ਨੂੰ ਇਹ ਸਮਝਣ ਨੂੰ ਲੰਮਾਂ ਸਮਾਂ ਲੱਗ ਜਾਂਦਾ ਹੈ ਕਿ ਮਨ ਦੀ ਅੰਦਰੂਨੀ ਸ਼ਾਂਤੀ, ਸੰਤੋਖ ਅਤੇ ਹਰ ਹਾਲਤ ਨੂੰ ਕੁਦਰਤ ਦੀ ਰਜ਼ਾ ਮੰਨ ਕੇ ਖੁਸ਼ ਰਹਿਣਾ ਹੀ ਅਸਲ ਜੀਵਨ ਹੈ।
ਅਕਸਰ ਮਨੁੱਖ ਆਪਣੀ ਜ਼ਿੰਦਗੀ ਦੀ ਦੌੜ, ਚਿੰਤਾਵਾਂ ਅਤੇ ਇੱਛਾਵਾਂ ਵਿੱਚ ਇੰਨਾ ਰੁੱਝ ਜਾਂਦਾ ਹੈ ਕਿ ਉਹ ਜੀਵਨ ਦੇ ਅਸਲ ਮਨੋਰਥ ਤੇ ਇਸਦੇ ਸੁੰਦਰ ਰੰਗਾਂ ਨੂੰ ਮਾਣਨਾ ਹੀ ਭੁੱਲ ਜਾਂਦਾ ਹੈ। ਜ਼ਿੰਦਗੀ ਮਾਣਨ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਸਵੀਕਾਰ ਕਰਨਾ ਪਵੇਗਾ ਕਿ ਮਨੁੱਖੀ ਜੀਵਨ ਹਮੇਸ਼ਾਂ ਇੱਕੋ ਜਿਹਾ ਨਹੀਂ ਰਹਿੰਦਾ ਸਗੋਂ ਇਸ ਵਿੱਚ ਸੁੱਖ-ਦੁੱਖ, ਉਤਰਾਅ-ਚੜ੍ਹਾਅ, ਸਫਲਤਾਵਾਂ ਅਤੇ ਅਸਫਲਤਾਵਾਂ ਦਾ ਆਉਣਾ-ਜਾਣਾ ਕੁਦਰਤੀ ਨਿਯਮ ਹੈ। ਇਸ ਲਈ ਜੀਵਨ ਦੇ ਹਾਲਾਤ ਚਾਹੇ ਕਿੰਨੇ ਵੀ ਮੁਸ਼ਕਿਲ ਕਿਉਂ ਨਾ ਹੋਣ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ। ਅਜਿਹੇ ਹਾਲਾਤ ਵਿੱਚ ਵੀ ਹਰ ਚੁਣੌਤੀ ਨੂੰ ਇੱਕ ਮੌਕਾ ਮੰਨ ਕੇ ਉਸ ਦਾ ਦਲੇਰੀ ਨਾਲ ਸਾਹਮਣਾ ਕਰਨਾ ਚਾਹੀਦਾ ਹੈ। ਜੀਵਨ ਵਿੱਚ ਚੰਗੇ ਅਤੇ ਮਾੜੇ ਸਮੇਂ ਦਾ ਆਉਣਾ ਸੁਭਾਵਿਕ ਹੈ। ਜੋ ਮਨੁੱਖ ਹਰ ਹਾਲਤ ਨੂੰ ਸਵੀਕਾਰ ਕਰਨਾ ਸਿੱਖ ਲੈਂਦਾ ਹੈ ਉਹ ਜ਼ਿੰਦਗੀ ਦਾ ਅਸਲ ਆਨੰਦ ਮਾਣ ਸਕਦਾ ਹੈ। ਇਹ ਸਮਝਣਾ ਤੇ ਮੰਨ ਕੇ ਚੱਲਣਾ ਪਏਗਾ ਕਿ ਮੁਸ਼ਕਿਲਾਂ ਸਾਨੂੰ ਕਮਜ਼ੋਰ ਕਰਨ ਲਈ ਨਹੀਂ ਸਗੋਂ ਮਜ਼ਬੂਤ ਬਣਾਉਣ ਲਈ ਆਉਂਦੀਆਂ ਹਨ। ਇਹ ਮੁਸ਼ਕਿਲਾਂ ਤੇ ਚੁਣੌਤੀਆਂ ਹੀ ਮਨੁੱਖ ਨੂੰ ਨਵਾਂ ਤਜਰਬਾ ਦਿੰਦੀਆਂ ਹਨ ਅਤੇ ਜੀਵਨ ਦੀਆਂ ਅਸਲ ਕਦਰਾਂ ਕੀਮਤਾਂ ਸਿਖਾਉਂਦੀਆਂ ਹਨ।
ਅਜੋਕੇ ਯੁੱਗ ਵਿੱਚ ਮਨੁੱਖ ਨੇ ਭਾਵੇਂ ਬਹੁਤ ਤਰੱਕੀ ਕਰ ਲਈ ਹੈ, ਪਰ ਤਰੱਕੀ ਦੀ ਇਸ ਦੌੜ ਵਿੱਚ ਉਹ ਆਪਣੇ ਆਪ, ਪਰਿਵਾਰਕ ਅਤੇ ਆਪਣੇ ਦੁਆਲੇ ਜੁੜੇ ਸਮਾਜਿਕ ਰਿਸ਼ਤਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੋਬਾਈਲ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਮਨੁੱਖੀ ਜੀਵਨ ਨੂੰ ਸੌਖਾ ਤਾਂ ਬਣਾਇਆ ਹੈ, ਪਰ ਇਸ ਸਭ ਕੁਝ ਨੇ ਸਾਨੂੰ ਪਰਿਵਾਰਕ ਤੇ ਸਮਾਜਿਕ ਸਾਝਾਂ ਤੋਂ ਦੂਰ ਵੀ ਕਰ ਦਿੱਤਾ ਹੈ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਸਮੇਂ ਦੀ ਰਫ਼ਤਾਰ ਦੇ ਨਾਲ ਦੌੜਦਾ ਮਨੁੱਖ ਜ਼ਿੰਦਗੀ ਨੂੰ ਮਾਣਨਾ ਭੁਲਾ ਚੁੱਕਿਆ ਹੈ ਅਤੇ ਕੇਵਲ ਜ਼ਿੰਦਗੀ ਕੱਟਣ ਦੇ ਚੱਕਰ ਵਿੱਚ ਫਸਿਆ ਹੋਇਆ ਹੈ। ਜਦਕਿ ਇਸਦੇ ਉਲਟ ਕੁਦਰਤ ਸਾਨੂੰ ਜ਼ਿੰਦਗੀ ਨੂੰ ਮਾਣਨਾ ਸਿਖਾਉਂਦੀ ਹੈ। ਸਵੇਰ ਦੀ ਤਾਜ਼ੀ ਹਵਾ, ਪੰਛੀਆਂ ਦੀ ਚਹਿਚਹਾਟ, ਖਿੜੇ ਹੋਏ ਫੁੱਲ, ਤਰੇਲ ਦੇ ਤੁਪਕੇ, ਵਰਖਾ ਦੀਆਂ ਬੂੰਦਾਂ ਅਤੇ ਹਰੇ-ਭਰੇ ਖੇਤ ਮਨੁੱਖ ਦੇ ਮਨ ਨੂੰ ਸ਼ਾਂਤੀ ਅਤੇ ਤਾਜ਼ਗੀ ਦਿੰਦੇ ਹਨ। ਜਦੋਂ ਅਸੀਂ ਕੁਦਰਤ ਦੇ ਨੇੜੇ ਰਹਿੰਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਖੁਸ਼ੀ ਲਈ ਬਹੁਤ ਕੁਝ ਹਾਸਲ ਕਰਨਾ ਜ਼ਰੂਰੀ ਨਹੀਂ ਸਗੋਂ ਜੋ ਕੁਝ ਸਾਡੇ ਕੋਲ ਹੈ ਉਸ ਦੀ ਕਦਰ ਕਰਨੀ ਅਤੇ ਮਾਣਨ ਦਾ ਢੰਗ ਸਿੱਖਣਾ ਹੀ ਕਾਫ਼ੀ ਹੈ।
ਜ਼ਿੰਦਗੀ ਜਿਊਣ ਦਾ ਸਭ ਤੋਂ ਉੱਤਮ ਅਤੇ ਪਹਿਲਾ ਨਿਯਮ ਇਹ ਹੈ ਕਿ ਅਸੀਂ ਵਰਤਮਾਨ ਸਮੇਂ ਭਾਵ ਅੱਜ ਦੇ ਹਰ ਪਲ ਵਿੱਚ ਜਿਊਣਾ ਸਿੱਖੀਏ ਕਿਉਂਕਿ ਮਨੁੱਖ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਉਹ ਜਾਂ ਤਾਂ ਬੀਤੇ ਹੋਏ ਕੱਲ੍ਹ ਦੇ ਪਛਤਾਵਿਆਂ, ਦੁੱਖਾਂ ਅਤੇ ਗ਼ਲਤੀਆਂ ਵਿੱਚ ਗੁਆਚਿਆ ਰਹਿੰਦਾ ਹੈ ਜਾਂ ਫਿਰ ਆਉਣ ਵਾਲੇ ਭਵਿੱਖ ਦੀਆਂ ਚਿੰਤਾਵਾਂ, ਯੋਜਨਾਵਾਂ ਅਤੇ ਅਸੁਰੱਖਿਆ ਦੀ ਭਾਵਨਾ ਵਿੱਚ ਡੁੱਬਾ ਰਹਿੰਦਾ ਹੈ। ਇਸ ਕਾਰਨ ਉਸ ਦੇ ਹੱਥੋਂ ਉਹ ਖ਼ੂਬਸੂਰਤ ਪਲ ਵੀ ਨਿਕਲ ਜਾਂਦਾ ਹੈ ਜੋ ਇਸ ਸਮੇਂ ਉਸ ਦੇ ਕੋਲ ਮੌਜੂਦ ਹੈ। ਸਾਨੂੰ ਇਹ ਗੱਲ ਹਰ ਹਾਲਤ ਵਿੱਚ ਸਮਝਣੀ ਪਵੇਗੀ ਕਿ ਬੀਤ ਚੁੱਕਿਆ ਸਮਾਂ ਕਦੇ ਵਾਪਸ ਨਹੀਂ ਆ ਸਕਦਾ ਅਤੇ ਆਉਣ ਵਾਲਾ ਸਮਾਂ ਕਿਸੇ ਨੇ ਦੇਖਿਆ ਨਹੀਂ ਹੁੰਦਾ। ਇਸ ਲਈ ਜੋ ਕੁਝ ਵੀ ਸਾਡੇ ਕੋਲ ਹੈ ਉਹ ਸਿਰਫ਼ ਇਹ ਮੌਜੂਦਾ ਪਲ ਹੀ ਹਨ। ਇਨ੍ਹਾਂ ਪਲਾਂ ਨੂੰ ਜੇਕਰ ਅਸੀਂ ਪੂਰੀ ਸ਼ਿੱਦਤ, ਮੁਸਕਾਨ ਅਤੇ ਸਕਾਰਾਤਮਕ ਸੋਚ ਨਾਲ ਜਿਊਣਾ ਸ਼ੁਰੂ ਕਰ ਦੇਈਏ ਤਾਂ ਸਾਡੀ ਅੱਧੀ ਤੋਂ ਵੱਧ ਮਾਨਸਿਕ ਪਰੇਸ਼ਾਨੀ ਆਪਣੇ ਆਪ ਖ਼ਤਮ ਹੋ ਜਾਵੇਗੀ।
ਇਸ ਦੇ ਨਾਲ ਹੀ ਜੀਵਨ ਨੂੰ ਸਾਰਥਕ ਬਣਾਉਣ ਲਈ ਸਾਡੇ ਅੰਦਰ ਸਬਰ ਤੇ ਸੰਤੋਖ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੇ ਦੌਰ ਵਿੱਚ ਦੂਜਿਆਂ ਨਾਲ ਆਪਣੀ ਤੁਲਨਾ ਕਰਨੀ ਅਤੇ ਜੋ ਸਾਡੇ ਕੋਲ ਨਹੀਂ ਹੈ ਉਸ ਲਈ ਤੜਫ਼ਣਾ ਮਨੁੱਖੀ ਸੁਭਾਅ ਬਣ ਚੁੱਕਾ ਹੈ। ਜੀਵਨ ਜਿਊਣ ਦਾ ਸਹੀ ਢੰਗ ਇਹ ਹੈ ਕਿ ਅਸੀਂ ਆਪਣੀਆਂ ਅੱਖਾਂ ਖੋਲ੍ਹ ਕੇ ਉਨ੍ਹਾਂ ਅਣਗਿਣਤ ਨਿਆਮਤਾਂ ਵੱਲ ਦੇਖੀਏ ਜੋ ਕੁਦਰਤ ਨੇ ਸਾਨੂੰ ਬਿਨਾਂ ਮੰਗੇ ਦਿੱਤੀਆਂ ਹਨ। ਸਿਹਤਮੰਦ ਸਰੀਰ, ਸਾਹ ਲੈਂਦੀ ਜ਼ਿੰਦਗੀ, ਪਿਆਰ ਕਰਨ ਵਾਲਾ ਪਰਿਵਾਰ, ਰਹਿਣ ਲਈ ਘਰ ਦੇ ਰੂਪ ਵਿੱਚ ਸਿਰ ’ਤੇ ਮਿਲੀ ਛੱਤ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਇਨ੍ਹਾਂ ਕੁਦਰਤ ਵੱਲੋਂ ਮਿਲੀਆਂ ਨਿਆਮਤਾਂ ਵਿੱਚ ਸ਼ਾਮਿਲ ਹਨ। ਜਿਸ ਦਿਨ ਮਨੁੱਖ ਲਾਲਸਾ ਅਤੇ ਈਰਖਾ ਨੂੰ ਛੱਡ ਕੇ ਸ਼ੁਕਰਾਨੇ ਦੇ ਭਾਵ ਵਿੱਚ ਆ ਜਾਂਦਾ ਹੈ, ਉਸੇ ਪਲ ਤੋਂ ਉਹ ਜੀਵਨ ਦੀ ਅਸਲੀ ਅਮੀਰੀ ਅਤੇ ਅਧਿਆਤਮਕ ਸਕੂਨ ਪ੍ਰਾਪਤ ਕਰ ਲੈਂਦਾ ਹੈ।
ਜ਼ਿੰਦਗੀ ਨੂੰ ਮਾਣਨ ਦਾ ਇੱਕ ਹੋਰ ਸੁੰਦਰ ਤਰੀਕਾ ਹੈ ਦੂਜਿਆਂ ਦੀ ਮਦਦ ਕਰਨਾ। ਜਦੋਂ ਅਸੀਂ ਕਿਸੇ ਲੋੜਵੰਦ ਦੀ ਸਹਾਇਤਾ ਕਰਕੇ ਕਿਸੇ ਦੁਖੀ ਦੇ ਚਿਹਰੇ ’ਤੇ ਮੁਸਕਾਨ ਲਿਆਉਣ ਦਾ ਕਾਰਨ ਜਾਂ ਕਿਸੇ ਦੀ ਹਿੰਮਤ ਬਣਦੇ ਹਾਂ ਤਾਂ ਸਾਨੂੰ ਇੱਕ ਅਲੌਕਿਕ ਖੁਸ਼ੀ ਪ੍ਰਾਪਤ ਹੁੰਦੀ ਹੈ। ਇਹ ਖੁਸ਼ੀ ਕਿਸੇ ਵੀ ਧਨ-ਦੌਲਤ ਨਾਲ ਨਹੀਂ ਮਿਲ ਸਕਦੀ।
ਅਕਸਰ ਲੋਕ ਵੱਡੀਆਂ ਲਾਲਸਾਵਾਂ ਕਾਰਨ ਛੋਟੀਆਂ ਪ੍ਰਾਪਤੀਆਂ ਤੇ ਖੁਸ਼ੀਆਂ ਨੂੰ ਅਣਦੇਖਿਆ ਕਰਦੇ ਹਨ। ਵੱਡੇ ਬਣ ਕੇ ਰਹਿਣ ਅਤੇ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਲਾਲਸਾ ਵੀ ਮਨੁੱਖ ਨੂੰ ਚਿੰਤਾਵਾਂ ਦੇ ਸਮੁੰਦਰ ਵਿੱਚ ਡਬੋਈ ਰੱਖਦੀ ਹੈ। ਅਜਿਹੀ ਲਾਲਸਾ ਤੋਂ ਬਚ ਕੇ ਹੀ ਜ਼ਿੰਦਗੀ ਦਾ ਅਸਲ ਅਨੰਦ ਮਾਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਆਪਣੇ ਅੰਦਰ ਦੇ ਵਿਦਿਆਰਥੀ ਅਤੇ ਬਚਪਨ ਨੂੰ ਕਦੇ ਵੀ ਮਰਨ ਨਹੀਂ ਦੇਣਾ ਚਾਹੀਦਾ।
ਰਿਸ਼ਤਿਆਂ ਦੀ ਅਹਿਮੀਅਤ ਨੂੰ ਪਛਾਣਨਾ ਅਤੇ ਸਾਰਿਆਂ ਨਾਲ ਪਿਆਰ, ਨਿਮਰਤਾ ਤੇ ਹਮਦਰਦੀ ਵਾਲਾ ਵਿਹਾਰ ਕਰਨਾ ਜੀਵਨ ਦਾ ਇੱਕ ਹੋਰ ਅਹਿਮ ਪਹਿਲੂ ਹੈ। ਇਕੱਲਤਾ ਕਦੇ ਵੀ ਉਸ ਨੂੰ ਸੱਚੀ ਖੁਸ਼ੀ ਨਹੀਂ ਦੇ ਸਕਦੀ। ਦੂਜਿਆਂ ਦੇ ਦੁੱਖ-ਦਰਦ ਨੂੰ ਸਮਝਣਾ ਮਨੁੱਖਤਾ ਦਾ ਸਭ ਤੋਂ ਵੱਡਾ ਧਰਮ ਹੈ। ਇਹ ਸੋਚ ਤੇ ਰਵੱਈਆ ਸਾਡੀ ਆਤਮਾ ਨੂੰ ਇੱਕ ਅਜਿਹੀ ਸੰਤੁਸ਼ਟੀ ਦਿੰਦਾ ਹੈ ਜਿਸ ਦੀ ਕੋਈ ਕੀਮਤ ਨਹੀਂ। ਇਸ ਸੰਤੁਸ਼ਟੀ ਵਾਲੀ ਅਵਸਥਾ ਨੂੰ ਦੁਨੀਆ ਦੀ ਕਿਸੇ ਵੀ ਦੌਲਤ ਨਾਲ ਖ਼ਰੀਦਿਆ ਨਹੀਂ ਜਾ ਸਕਦਾ। ਲੋੜ ਹੈ ਕਿ ਅਸੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਈਏ, ਆਪਣੇ ਮਿੱਤਰਾਂ ਨਾਲ ਖੁਸ਼ੀਆਂ ਸਾਂਝੀਆਂ ਕਰੀਏ ਅਤੇ ਆਪਣੇ ਵੱਡਿਆਂ ਦੇ ਤਜਰਬਿਆਂ ਤੋਂ ਸਿੱਖੀਏ। ਅਸਲ ਖੁਸ਼ੀ ਮਹਿੰਗੀਆਂ ਚੀਜ਼ਾਂ ਵਿੱਚ ਨਹੀਂ, ਸਗੋਂ ਆਪਣੇ ਲੋਕਾਂ ਦੇ ਨਾਲ ਬਿਤਾਏ ਪਲਾਂ ਵਿੱਚ ਹੁੰਦੀ ਹੈ। ਜੇਕਰ ਘੋਖਿਆ ਜਾਵੇ ਤਾਂ ਜ਼ਿੰਦਗੀ ਇੱਕ ਅਨਮੋਲ ਤੋਹਫ਼ਾ ਹੈ ਜਿਸ ਨੂੰ ਗਿਲ੍ਹੇ-ਸ਼ਿਕਵਿਆਂ, ਨਫ਼ਰਤਾਂ ਅਤੇ ਚਿੰਤਾਵਾਂ ਵਿੱਚ ਗੁਜ਼ਾਰਨ ਦੀ ਬਜਾਏ ਪਿਆਰ, ਸਦਭਾਵਨਾ, ਮਿਹਨਤ ਅਤੇ ਖੁਸ਼ੀ ਨਾਲ ਜਿਊਣਾ ਚਾਹੀਦਾ ਹੈ। ਹਰ ਦਿਨ ਨੂੰ ਇੱਕ ਨਵੇਂ ਮੌਕੇ ਵਾਂਗ ਸਵੀਕਾਰ ਕਰਨਾ ਚਾਹੀਦਾ ਹੈ। ਆਪਣੇ ਆਪ ’ਤੇ ਭਰੋਸਾ ਰੱਖਣਾ, ਆਪਣੇ ਅੱਜ ਨੂੰ ਬੀਤੇ ਕੱਲ੍ਹ ਨਾਲੋਂ ਬਿਹਤਰ ਬਣਾਉਣ ਦੇ ਯਤਨ ਕਰਨੇ, ਕੁਦਰਤ ਦੇ ਨਿਯਮਾਂ ਦਾ ਸਤਿਕਾਰ ਕਰਨਾ ਅਤੇ ਹਰ ਤਰ੍ਹਾਂ ਦੇ ਔਖੇ ਤੇ ਸੌਖੇ ਹਾਲਾਤ ਵਿੱਚ ਮਾਨਸਿਕ ਸੰਤੁਲਨ ਬਣਾ ਕੇ ਰੱਖਣਾ ਹੀ ਅਸਲ ਵਿੱਚ ਜ਼ਿੰਦਗੀ ਨੂੰ ਖ਼ੂਬਸੂਰਤੀ ਤੇ ਸ਼ਾਨ ਨਾਲ ਮਾਣਨ ਦਾ ਅਸਲ ਤੇ ਸਾਰਥਕ ਢੰਗ ਹੈ। ਆਓ ਅਸੀਂ ਸਭ ਮਿਲ ਕੇ ਜ਼ਿੰਦਗੀ ਦੀ ਕਦਰ ਕਰੀਏ, ਆਪਣੇ ਰਿਸ਼ਤਿਆਂ ਨੂੰ ਸੰਭਾਲੀਏ, ਕੁਦਰਤ ਨਾਲ ਜੁੜੀਏ ਅਤੇ ਹਰ ਪਲ ਨੂੰ ਖੁੱਲ੍ਹੇ ਦਿਲ ਨਾਲ ਮਾਣੀਏ ਕਿਉਂਕਿ ਇੱਕ ਵਾਰ ਮਿਲੀ ਜ਼ਿੰਦਗੀ ਦੁਬਾਰਾ ਮਿਲਣੀ ਸੰਭਵ ਨਹੀਂ।
ਸੰਪਰਕ: 98140-44995

