ਸੁਖਰਾਜ ਕੌਰ ਸੰਧੂ
ਪੰਛੀ ਵਕਤ ਸਿਰ ਸੌਂਦੇ ਹਨ ਤੇ ਵਕਤ ਸਿਰ ਉੱਠਦੇ ਹਨ। ਪੰਛੀ ਪਰਮਾਤਮਾ ਦੇ ਹੁਕਮ ਵਿਚ ਜੀਵਨ ਬਸਰ ਕਰਦੇ ਹਨ। ਇਹ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਦੀ ਜਾਇਜ਼ ਵਰਤੋਂ ਕਰਦੇ ਹਨ। ਪੰਛੀਆਂ ਦਾ ਜੀਵਨ ਨਿਯਮਬੱਧ ਤੇ ਸੰਤੋਖੀ ਬਿਰਤੀ ਵਾਲਾ ਹੋਣ ਕਰਕੇ ਇਹ ਤੰਦਰੁਸਤ ਰਹਿੰਦੇ ਹਨ। ਇਹ ਰੱਬ ਦੇ ਭਾਣੇ ਵਿਚ ਜਿਊਣ ਕਰਕੇ ਮਾਨਸਿਕ ਰੋਗੀ ਨਹੀਂ ਹੁੰਦੇ। ਇਹ ਲੰਮੀਆਂ ਉਡਾਰੀਆਂ ਭਰ ਕੇ ਆਪਣਾ ਹਵਾ, ਪਾਣੀ ਬਦਲ ਲੈਂਦੇ ਹਨ, ਜਿਸ ਕਰਕੇ ਖੇੇੜੇ ਵਿਚ ਰਹਿੰਦੇ ਹਨ। ਪੰਛੀ ਬੱਚੇ ਪੈਦਾ ਕਰਕੇ ਇਕ ਫਰਜ਼ ਨਿਭਾਉਂਦੇ ਹਨ, ਪਰ ਮੋਹ ਦੇ ਜਾਲ ਵਿਚ ਨਹੀਂ ਫਸਦੇ। ਜਦੋਂ ਬੱਚੇ ਆਪਣਾ ਨਿਰਵਾਹ ਕਰਨਾ ਸਿੱਖ ਜਾਂਦੇ ਹਨ ਤਾਂ ਊਨ੍ਹਾਂ ਨੂੰ ਆਜ਼ਾਦ ਕਰ ਦਿੰਦੇ ਹਨ। ਉਨ੍ਹਾਂ ਨੂੰ ਆਪਣੇ ਪੰਜੇ ਹੇਠ ਰੱਖ ਕੇ ਆਪਣੇ ਕੀਤੇ ਦਾ ਇਵਜ਼ਾਨਾ ਨਹੀਂ ਮੰਗਦੇ। ਹਰੇਕ ਪੰਛੀ ਆਪਣੇ ਹੀ ਖੰਭਾਂ ਨਾਲ ਉੱਡ ਕੇ ਆਪਣਾ ਜੀਵਨ ਜਿਉਂਦਾ ਹੈ। ਪੰਛੀ ਕਿਸੇ ਦੇ ਖੰਭਾਂ ’ਤੇ ਨਾ ਬੈਠਦਾ ਹੈ ਨਾ ਬੈਠਣ ਦਿੰਦਾ ਹੈ। ਇਹ ਆਪਣੇ ਕੋਲ ਲੋੜ ਤੋਂ ਵੱਧ ਕੁਝ ਨਹੀਂ ਰੱਖਦੇ। ਪੰਛੀ ਕੁਦਰਤ ਦੇ ਨਜ਼ਦੀਕ ਰਹਿੰਦੇ ਕੁਦਰਤੀ ਜੀਵਨ ਬਸਰ ਕਰਦੇ ਹਨ। ਇਨ੍ਹਾਂ ਦੇ ਰੈਣ-ਬਸੇਰੇ ਵਿਚ ਇਕੋ ਹੀ ਪਰਿਵਾਰ ਰਹਿੰਦਾ ਹੈ। ਪੰਛੀਆਂ ਦਾ ਜ਼ਿਹਨ ਬਹੁਤ ਸਾਰੇ ਔਗੁਣਾਂ ਤੋਂ ਸੁਰਖ਼ਰੂ ਹੁੰਦਾ ਹੈ ਜਿਵੇਂ ਨਿੰਦਾ, ਚੁਗਲੀ, ਬੇਈਮਾਨੀ, ਨਫ਼ਰਤ, ਚੋਰੀ ਆਦਿ।
ਪੰਛੀ ਮੰਦੇ ਬੋਲਾਂ ਨਾਲ ਕਿਸੇ ਦਾ ਦਿਲ ਨਹੀਂ ਦੁਖਾ ਸਕਦੇ ਭਾਵੇਂ ਬੋਲਣ ਸ਼ਕਤੀ ਦਾ ਨਾ ਮਿਲਣਾ ਵੀ ਇਕ ਵਰਦਾਨ ਹੈ। ਇਹ ਫ਼ਕੀਰਾਂ ਵਾਂਗ ਆਜ਼ਾਦ ਤਬੀਅਤ ਦੇ ਮਾਲਕ ਹੁੰਦੇ ਹਨ। ਇਹ ਵਰਤਮਾਨ ਵਿਚ ਜਿਉਂਦੇ ਹਨ, ਭੂਤ ਤੇ ਭਵਿੱਖ ਦੀਆਂ ਬੇਲੋੜੀਆਂ ਪੰਡਾਂ ਨਹੀਂ ਚੁੱਕੀ ਫਿਰਦੇ। ਇਹ ਰੋਜ਼ੀ ਲਈ ਤਾਂ ਮਿਹਨਤ ਕਰਦੇ ਹਨ, ਪਰ ਜਮ੍ਹਾਂਖੋਰੀ ਦੀ ਆਦਤ ਨਹੀਂ ਰੱਖਦੇ।
ਇਹ ਚੰਗੀ ਸਿਹਤ ਦੇ ਅਸੂਲਾਂ ਮੁਤਾਬਿਕ ਥੋੜ੍ਹਾ ਖਾਂਦੇ, ਥੋੜ੍ਹਾ ਸੌਂਦੇ, ਅੰਮ੍ਰਿਤ ਵੇਲੇ ਉੱਠ ਜਾਂਦੇ ਹਨ ਤੇ ਉਡਾਰੀਆਂ ਮਾਰਨ ਦੀ ਕਸਰਤ ਕਰਦੇ ਹਨ, ਇਸ ਲਈ ਮਨੁੱਖਾਂ ਵਾਂਗ ਅਣਗਿਣਤ ਸਰੀਰਿਕ ਤੇ ਮਾਨਸਿਕ ਰੋਗਾਂ ਤੋਂ ਰਹਿਤ ਜੀਵਨ ਜਿਉਂਦੇ ਹਨ। ਅੱਲ੍ਹਾ ਦੇ ਦਰਵੇਸ਼ਾਂ ਵਾਂਗ ਬੇਪਰਵਾਹ ‘‘ਸਦਾ ਹਰ ਰੰਗੇ,’’ ਧਰਤੀ ਤੇ ਧਰਮਸ਼ਾਲਾ ਵਰਗਾ ਰੈਣ ਬਸੇਰਾ ਕਰਦੇ ਹਨ। ਜਿਸ ਵਿਚ ਨਾ ਜੰਮਣ ਦੀ ਖੁਸ਼ੀ, ਨਾ ਮਰਨ ਦਾ ਦੁੱਖ, ਨਾ ਵਿਆਹ-ਸ਼ਾਦੀਆਂ ਦੀ ਧੂਮ ਧੜੱਕ ਦਾ ਮੂਰਖਪੁਣਾ, ਨਾ ਬਾਜ਼ਾਰਾਂ ਦੀ ਫਜ਼ੂਲ ਖ਼ਰਚੀ, ਨਾ ਨਸ਼ਿਆਂ ਦੀ ਬਰਬਾਦੀ, ਨਾ ਰਸਮਾਂ ਰਿਵਾਜਾਂ ਦੀ ਮਜਬੂਰੀ।
ਪੰਛੀ ਆਪਣੀ ਸੁੰਦਰਤਾ ਕੁਦਰਤ ਅਨੁਸਾਰ ਰੱਖਦੇ ਹਨ, ਖ਼ੁਦ ਤਰਾਸ਼ ਕੇ ਆਪਣੀ ਮਰਜ਼ੀ ਦੀ ਨਹੀਂ ਬਣਾਉਂਦੇ। ਜੇਕਰ ਅਸੀਂ ਪੰਛੀਆਂ ਤੋਂ ਬਹੁਤਾ ਨਹੀਂ ਤਾਂ ਥੋੜ੍ਹਾ ਜਿਹਾ ਹੀ ਸਿੱਖ ਲਈਏ ਤਾਂ ਸਾਡੀ ਜ਼ਿੰਦਗੀ ਵੀ ਇਨ੍ਹਾਂ ਵਾਂਗ ਸਵਰਗ ਬਣ ਸਕਦੀ ਹੈ।