ਆਓ, ਥੋੜ੍ਹਾ ਹੋਰ ਸਿੱਖ ਲਈਏ

ਆਓ, ਥੋੜ੍ਹਾ ਹੋਰ ਸਿੱਖ ਲਈਏ

ਸਤਵਿੰਦਰ ਸਿੰਘ ਅਰਾਈਆਂਵਾਲਾ

ਤੁਰਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਹੈ, ਰੁਕਣ ਦਾ ਨਾਮ ਮੌਤ ਹੈ। ਗਤੀਸ਼ੀਲ ਹੋਣ ਕਰਕੇ ਹੀ ਪਾਣੀ ਦਾ ਨਾਮ ਦਰਿਆ ਹੈ, ਜਦੋਂ ਇਸ ਦੀ ਰਵਾਨਗੀ ਖ਼ਤਮ ਹੋ ਜਾਂਦੀ ਹੈ ਤਾਂ ਦਰਿਆ ਵੀ ਖ਼ਤਮ ਹੋ ਜਾਂਦਾ ਹੈ। ਤੁਰਨਾ ਅਤੇ ਤੁਰਦੇ ਰਹਿਣਾ ਹੀ ਜ਼ਿੰਦਗੀ ਦਾ ਆਧਾਰ ਹੈ। ਜੋ ਤੁਰਦਾ ਹੈ, ਉਹ ਡਿੱਗਦਾ ਵੀ ਹੈ, ਠੇਡੇ ਵੀ ਖਾਵੇਗਾ ਅਤੇ ਡਿੱਗ ਕੇ ਮੁੜ ਪੈਰਾਂ ਸਿਰ ਵੀ ਹੋਵੇਗਾ। ਤੁਰਦੇ ਰਹਿਣ ਨਾਲ ਵਿਅਕਤੀ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ ਅਤੇ ਨਿਰੰਤਰ ਗਤੀਸ਼ੀਲ ਰਹਿਣ ਲਈ ਸਿੱਖਣਾ ਅਤਿ ਜ਼ਰੂਰੀ ਹੈ। ਜ਼ਿੰਦਗੀ ਦਾ ਹਰ ਮੋੜ ਸਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ। ਅਸੀਂ ਕਦੇ ਹੱਸ ਕੇ ਸਿੱਖਦੇ ਹਾਂ ਅਤੇ ਕਦੇ ਦੁੱਖ ਝੱਲ ਕੇ। ਦੁੱਖ ਅਤੇ ਸੁੱਖ ਦੋਵੇਂ ਕੁਝ ਨਾ ਕੁਝ ਸਿਖਾਉਂਦੇ ਹਨ। ਸਿੱਖਣਾ ਜ਼ਿੰਦਗੀ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਅਤੇ ਜ਼ਿੰਦਗੀ ਦੇ ਨਾਲ ਹੀ ਖ਼ਤਮ ਹੋ ਜਾਂਦਾ ਹੈ। ਮਨੁੱਖ ਉੱਠਦੇ, ਬੈਠਦੇ, ਤੁਰਦੇ, ਫਿਰਦੇ, ਡਿੱਗਦੇ ਕੁਝ ਨਾ ਕੁਝ ਸਿੱਖਦਾ ਹੈ। ਜ਼ਿੰਦਗੀ ਦੇ ਸਬਕ ਅਭੁੱਲਣਯੋਗ ਅਤੇ ਦ੍ਰਿੜ ਹੁੰਦੇ ਹਨ, ਜੋ ਕਿਸੇ ਹੋਰ ਜਗ੍ਹਾ ਤੋਂ ਨਹੀਂ ਸਿੱਖੇ ਜਾ ਸਕਦੇ। ਇਨ੍ਹਾਂ ਸਬਕਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।

ਇਸ ਦੁਨੀਆਂ ਵਿਚ ਕੋਈ ਵੀ ਮਨੁੱਖ ਸੰਪੂਰਨ ਨਹੀਂ ਹੈ, ਹਰ ਕਿਸੇ ਵਿਚ ਕੋਈ ਨਾ ਕੋਈ ਘਾਟ ਜ਼ਰੂਰ ਹੈ, ਇਹ ਘਾਟ ਸਿੱਖਣ ਦੇ ਨਾਲ ਪੂਰੀ ਕੀਤੀ ਜਾ ਸਕਦੀ ਹੈ। ਜੋ ਵਿਅਕਤੀ ਕੁਝ ਨਹੀਂ ਕਰ ਰਿਹਾ, ਉਹ ਵੀ ਕੁਝ ਨਾ ਕੁਝ ਜ਼ਰੂਰ ਸਿੱਖ ਰਿਹਾ ਹੁੰਦਾ ਹੈ। ਜ਼ਿੰਦਗੀ ਅਤੇ ਸਿੱਖਣਾ ਦੋਵੇਂ ਇਕਸਾਰ ਚੱਲਦੇ ਰਹਿੰਦੇ ਹਨ। ਇਕ ਵਿਦਿਆਰਥੀ ਨੇ ਆਪਣੇ ਅਧਿਆਪਕ ਨੂੰ ਸਵਾਲ ਪੁੱਛਿਆ ਕਿ ਸਿੱਖਣ ਦੀ ਵਿਧੀ ਕੀ ਹੈ? ਅਧਿਆਪਕ ਨੇ ਜਵਾਬ ਦਿੰਦਿਆਂ ਕਿਹਾ ਕਿ ਸਿੱਖਣ ਵੇਲੇ ਅੱਖਾਂ ਅਤੇ ਕੰਨ ਖੁੱਲ੍ਹੇ ਹੋਣ, ਹੱਥ ਕੰਮ ਲਈ ਤਿਆਰ ਰਹਿਣ ਅਤੇ ਜ਼ੁਬਾਨ ਸਿਰਫ ਸ਼ੰਕੇ ਦੂਰ ਕਰਨ ਲਈ ਖੁੱਲ੍ਹਣੀ ਚਾਹੀਦੀ ਹੈ।

ਸਿੱਖਣ ਦਾ ਇਕ ਜ਼ਰੂਰੀ ਨਿਯਮ ਇਹ ਹੈ ਕਿ ਨਵਾਂ ਸਿੱਖਣ ਲਈ ਪੁਰਾਣੇ ਨੂੰ ਭੁੱਲ ਕੇ ਖ਼ੁਦ ਨੂੰ ਗੁਰੂ ਨੂੰ ਸਮਰਪਿਤ ਕਰਨਾ ਪੈਂਦਾ ਹੈ। ਇਕ ਵਾਰ ਕੋਈ ਵਿਦਵਾਨ ਸਾਧੂ ਕੋਲ ਸਿੱਖਿਆ ਲੈਣ ਗਿਆ। ਸਾਧੂ ਨੇ ਵਿਦਵਾਨ ਨੂੰ ਸਵਾਲ ਕੀਤਾ ਕਿ ਕੀ ਤੇਰੇ ਕੋਲ ਕੋਈ ਗਿਆਨ ਹੈ? ਤਾਂ ਜਵਾਬ ਵਿਚ ਵਿਦਵਾਨ ਆਪਣੇ ਗਿਆਨ ਦੇ ਚਰਚੇ ਗਿਣਾਉਣ ਲੱਗ ਪਿਆ। ਸਾਧੂ ਨੇ ਵਿਦਵਾਨ ਨੂੰ ਕਿਹਾ ਕਿ ਤੈਨੂੰ ਜੋ ਕੁਝ ਵੀ ਆਉਂਦਾ ਹੈ, ਉਹ ਲਿਖ ਕੇ ਲਿਆ। ਕੁਝ ਦਿਨਾਂ ਬਾਅਦ ਵਿਦਵਾਨ ਅਨੇਕਾਂ ਕਿਤਾਬਾਂ ਭਰ ਕੇ ਆਪਣੇ ਗਿਆਨ ਨੂੰ ਲਿਖ ਲਿਆਇਆ। ਕਿਤਾਬਾਂ ਨੂੰ ਦੇਖ ਕੇ ਸਾਧੂ ਨੇ ਕਿਹਾ ਕਿ ਇਸ ਗਿਆਨ ਨੂੰ ਇਕ ਕਿਤਾਬ ਵਿਚ ਲਿਖ ਕੇ ਲਿਆ। ਥੋੜ੍ਹਾ ਜਿਹਾ ਪਰੇਸ਼ਾਨ ਹੋਣ ਤੋਂ ਬਾਅਦ ਵਿਦਵਾਨ ਕੁਝ ਦਿਨਾਂ ਬਾਅਦ ਆਪਣੇ ਗਿਆਨ ਨੂੰ ਇਕ ਕਿਤਾਬ ਵਿਚ ਲਿਖ ਕੇ ਸਾਧੂ ਕੋਲ ਲੈ ਆਇਆ। ਉਸ ਕਿਤਾਬ ਨੂੰ ਦੇਖ ਕੇ ਸਾਧੂ ਨੇ ਕਿਹਾ ਕਿ ਆਪਣੇ ਇਸ ਗਿਆਨ ਨੂੰ ਇਕ ਸਫ਼ੇ ’ਤੇ ਲਿਖ ਕੇ ਲਿਆ, ਫਿਰ ਮੈਂ ਤੈਨੂੰ ਗਿਆਨ ਦੇਵਾਂਗਾ। ਕਾਫ਼ੀ ਮਿਹਨਤ ਕਰਨ ਤੋਂ ਬਾਅਦ ਵਿਦਵਾਨ ਆਪਣੇ ਗਿਆਨ ਨੂੰ ਇਕ ਸਫ਼ੇ ’ਤੇ ਸੰਖੇਪ ਰੂਪ ਵਿਚ ਲਿਖ ਕੇ ਲੈ ਆਇਆ। ਸਫ਼ੇ ਨੂੰ ਦੇਖ ਕੇ ਸਾਧੂ ਨੇ ਕਿਹਾ ਕਿ ਆਪਣੇ ਇਸ ਗਿਆਨ ਨੂੰ ਹੋਰ ਛੋਟਾ ਕਰਕੇ ਇਕ ਸਤਰ ਵਿਚ ਲਿਖ ਕੇ ਲਿਆ। ਵਿਦਵਾਨ ਨੇ ਬੇਬਸ ਹੋ ਕੇ ਕਾਗਜ਼ ਅਤੇ ਕਲਮ ਸਾਧੂ ਅੱਗੇ ਰੱਖ ਦਿੱਤੀ ਅਤੇ ਕਿਹਾ ਕਿ ਕਿਰਪਾ ਕਰਕੇ ਤੁਸੀਂ ਹੀ ਲਿਖ ਦਿਓ, ਮੈਂ ਹੁਣ ਅਸਮਰੱਥ ਹਾਂ। ਇਹ ਸੁਣਦੇ ਹੀ ਸਾਧੂ ਨੇ ਮੁਸਕਰਾ ਕੇ ਕਿਹਾ ਕਿ ਹਾਂ, ਹੁਣ ਤੈਨੂੰ ਗਿਆਨ ਦਿੱਤਾ ਜਾ ਸਕਦਾ ਹੈ ਕਿਉਂਕਿ ਹੁਣ ਤੂੰ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਹੈ। ਸਮਰਪਣ ’ਤੇ ਹੀ ਗਿਆਨ ਪ੍ਰਾਪਤੀ ਹੋ ਸਕਦੀ ਹੈ। ਖਾਲੀ ਅਤੇ ਝੁਕੇ ਹੋਏ ਭਾਂਡੇ ਵਿਚ ਹੀ ਕੁਝ ਪਾਇਆ ਜਾ ਸਕਦਾ ਹੈ। ਜਿਹੜਾ ਭਾਂਡਾ ਪੁੱਠਾ ਪਿਆ ਹੋਵੇ, ਉਹ ਮੀਂਹ ਦੇ ਬਾਵਜੂਦ ਖਾਲੀ ਰਹਿ ਜਾਂਦਾ ਹੈ।

ਸਿੱਖਣ ਲਈ ਕਦੇ ਸ਼ਰਮ ਨਹੀਂ ਕਰਨੀ ਚਾਹੀਦੀ। ਕਈ ਵਾਰ ਭਿਖਾਰੀ ਅਜਿਹਾ ਗਿਆਨ ਦੇ ਦਿੰਦਾ ਹੈ, ਜਿਹੜਾ ਗਿਆਨ ਵਿਦਵਾਨ ਦੇਣ ਤੋਂ ਅਸਮਰੱਥ ਹੁੰਦੇ ਹਨ। ਜਿੱਥੋਂ ਗਿਆਨ ਮਿਲਦਾ ਹੋਵੇ, ਉੱਥੇ ਚੁੱਪ ਚਾਪ ਚਲੇ ਜਾਣਾ ਚਾਹੀਦਾ ਹੈ। ਜੇ ਕੰਮ ਆਉਂਦਾ ਵੀ ਹੋਵੇ ਤਾਂ ਵੀ ਮਾਹਿਰ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ ਕਿਉਂਕਿ ਪੁੱਛਣ ਨਾਲ ਕੁਝ ਨੁਕਸਾਨ ਨਹੀਂ ਹੁੰਦਾ, ਸਗੋਂ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ।

ਘਰ ਉਦਾਸ ਹੋ ਕੇ ਬੈਠਣ ਨਾਲੋਂ ਘਰੋਂ ਬਾਹਰ ਘੁੰਮਣ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਬਾਹਰ ਦੀਆਂ ਸੜਕਾਂ ਵੀ ਕੁਝ ਨਾ ਕੁਝ ਸਿਖਾਉਂਦੀਆਂ ਹਨ। ਸਿੱਖਣ ਦੇ ਨਾਲ ਉਦਾਸੀ ਦੂਰ ਹੁੰਦੀ ਹੈ ਅਤੇ ਤਾਜ਼ਗੀ ਉਤਪੰਨ ਹੁੰਦੀ ਹੈ। ਕੁਝ ਨਾ ਕਰ ਰਹੇ ਵਿਅਕਤੀ ਨਾਲੋਂ ਕੁਝ ਕਰ ਰਿਹਾ ਵਿਅਕਤੀ ਜ਼ਿਆਦਾ ਨਰੋਆ, ਚਲਾਕ ਅਤੇ ਖ਼ੁਸ਼ ਹੋਵੇਗਾ। ਆਲਸ ਮਨੁੱਖ ਦੇ ਦੁੱਖਾਂ ਅਤੇ ਰੋਗਾਂ ਦਾ ਕਾਰਨ ਹੈ, ਕੰਮ ਕਰਨ ਨਾਲ ਆਲਸ ਦੂਰ ਹੁੰਦਾ ਹੈ।

ਸਿੱਖਣ ਦਾ ਨਾ ਤਾਂ ਕੋਈ ਸਮਾਂ ਹੁੰਦਾ ਹੈ ਨਾ ਹੀ ਉਮਰ। ਮੌਕਾ ਮਿਲਦੇ ਹੀ ਸਾਨੂੰ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ। ਜ਼ਿਆਦਾਤਰ ਭਾਰਤੀ ਲੋਕ ਸੇਵਾਮੁਕਤੀ ਤੋਂ ਬਾਅਦ ਨਵਾਂ ਸਿੱਖਣਾ ਬੰਦ ਕਰ ਦਿੰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਨਵਾਂ ਸਿੱਖਣ ਦੀ ਜ਼ਰੂਰਤ ਰੁਜ਼ਗਾਰ ਪ੍ਰਾਪਤੀ ਲਈ ਹੁੰਦੀ ਹੈ। ਅਮਰੀਕਾ ਅਤੇ ਯੂਰੋਪੀਅਨ ਦੇਸ਼ਾਂ ਵਿਚ ਸੇਵਾਮੁਕਤੀ ਤੋਂ ਬਾਅਦ ਲੋਕ ਕੁਝ ਨਵਾਂ ਸਿੱਖਦੇ ਹਨ। ਯੂਰੋਪ ਦੀ ਇਕ ਨੱਬੇ ਸਾਲਾ ਬਜ਼ੁਰਗ ਕੰਪਿਊਟਰ ਦਾ ਕੋਰਸ ਕਰ ਰਹੀ ਹੈ ਅਤੇ ਅਨੇਕਾਂ ਹੀ ਬਜ਼ੁਰਗ ਨਵੀਂ ਤਕਨਾਲੋਜੀ ਨੂੰ ਸਿੱਖਦੇ ਹਨ। ਕੁਝ ਸਿੱਖਣਾ ਜ਼ਿੰਦਗੀ ਜਿਉਣ ਦੀ ਚਾਹਤ ਨੂੰ ਨਰੋਆ ਰੱਖਦਾ ਹੈ।

ਜ਼ਿੰਦਗੀ ਵਿਚ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ। ਖ਼ੁਦ ਸਿੱਖੀ ਹੋਈ ਚੀਜ਼ ਨੂੰ ਹੋਰਾਂ ਨੂੰ ਸਿਖਾਉਣਾ ਵੀ ਸਿੱਖਣਾ ਹੀ ਹੁੰਦਾ ਹੈ ਕਿਉਂਕਿ ਗਿਆਨ ਕੋਲ ਰੱਖਣ ਨਾਲ ਘਟਦਾ ਹੈ ਅਤੇ ਵੰਡਣ ਨਾਲ ਵਧਦਾ ਹੈ।
ਸੰਪਰਕ : 87290-43571

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All