ਸੁਪਨਿਆਂ ਨੂੰ ਸਾਕਾਰ ਕਰਨਾ ਸਿੱਖੋ
ਹਰ ਇਨਸਾਨ ਦੇ ਮਨ ’ਚ ਜ਼ਿੰਦਗੀ ਪ੍ਰਤੀ ਅਨੇਕਾਂ ਸੁਪਨੇ ਹੁੰਦੇ ਹਨ। ਇਹ ਸੁਪਨਿਆਂ ਦਾ ਸਹਾਰਾ ਹੀ ਹੁੰਦਾ ਹੈ ਕਿ ਇਨਸਾਨ, ਇਨ੍ਹਾਂ ਸੁਪਨਿਆਂ ਦੇ ਸੁਨਹਿਰੀ ਖੰਭ ਵੇਖ ਕੇ ਪਰਚਿਆ ਰਹਿੰਦਾ ਹੈ ਤੇ ਕਈ ਸੁਪਨੇ ਤਾਂ ਇਨਸਾਨ ਦੀਆਂ ਅੱਖਾਂ ’ਚ ਰੰਗੀਨੀਆਂ ਬੀਜੀ...
ਹਰ ਇਨਸਾਨ ਦੇ ਮਨ ’ਚ ਜ਼ਿੰਦਗੀ ਪ੍ਰਤੀ ਅਨੇਕਾਂ ਸੁਪਨੇ ਹੁੰਦੇ ਹਨ। ਇਹ ਸੁਪਨਿਆਂ ਦਾ ਸਹਾਰਾ ਹੀ ਹੁੰਦਾ ਹੈ ਕਿ ਇਨਸਾਨ, ਇਨ੍ਹਾਂ ਸੁਪਨਿਆਂ ਦੇ ਸੁਨਹਿਰੀ ਖੰਭ ਵੇਖ ਕੇ ਪਰਚਿਆ ਰਹਿੰਦਾ ਹੈ ਤੇ ਕਈ ਸੁਪਨੇ ਤਾਂ ਇਨਸਾਨ ਦੀਆਂ ਅੱਖਾਂ ’ਚ ਰੰਗੀਨੀਆਂ ਬੀਜੀ ਰੱਖਦੇ ਹਨ। ਸੱਚ ਹੀ ਕਿਸੇ ਸਿਆਣੇ ਨੇ ਕਿਹਾ ਹੈ ਕਿ ਬਿਨਾਂ ਸੁਪਨਿਆਂ ਦੇ ਜ਼ਿੰਦਗੀ ਦਾ ਕੋਈ ਆਧਾਰ ਨਹੀਂ ਹੈ। ਜੇ ਸੁਪਨੇ ਨਾ ਹੋਣ ਤਾਂ ਇਨਸਾਨ ਦੀ ਜ਼ਿੰਦਗੀ ਰਸਹੀਣ, ਬਕਬਕੀ ਤੇ ਪਥਰੀਲੀ ਹੋ ਜਾਵੇ। ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਤੇ ਯਥਾਰਥ ਉਸ ਨੂੰ ਸਾਹ ਲੈਣਾ ਵੀ ਔਖਾ ਕਰ ਦਿੰਦੇ ਹਨ, ਪਰ ਸੁਪਨਿਆਂ ਦੀ ਰੰਗੀਨੀ ਤੇ ਤਾਜਪੋਸ਼ੀ ਕਰਦਾ-ਕਰਦਾ ਇਨਸਾਨ ਕਈ ਵਾਰ ਜ਼ਿੰਦਗੀ ਦੇ ਬਹੁਤ ਸਾਰੇ ਸਾਲ, ਇਨ੍ਹਾਂ ਰੰਗੀਨੀਆਂ ਵਿੱਚ ਹੀ ਕੱਟੀ ਜਾਂਦਾ ਹੈ।
ਸੁਪਨਿਆਂ ਦੇ ਖੰਭਾਂ ਨਾਲ ਪਰੀਆਂ ਦੇ ਦੇਸ਼ ਦੇ ਚੱਕਰ ਕੱਟਦਾ ਹੈ ਤੇ ਇਹ ਦੁਨੀਆ ਉਸ ਨੂੰ ਜਿਉਣ ਯੋਗ ਤੇ ਰੰਗੀਨ ਲੱਗਦੀ ਹੈ। ਕਈ ਵਾਰ ਇਨਸਾਨ ਸਾਰੀ ਜ਼ਿੰਦਗੀ ਹੀ ਇਨ੍ਹਾਂ ਸੁਪਨਿਆਂ ਦੇ ਸਹਾਰੇ ਜੀਵਨ ਜੀਅ ਲੈਂਦਾ ਹੈ, ਪਰ ਇਨਸਾਨ ਨੂੰ ਜਿੰਨੇ ਕੁ ਸੁਪਨੇ ਆਉਂਦੇ ਹਨ, ਉਨ੍ਹਾਂ ਨੂੰ ਇੱਕ-ਇੱਕ ਕਰਕੇ ਸਾਕਾਰ ਵੀ ਕਰਨਾ ਚਾਹੀਦਾ ਹੈ। ਇਹ ਸੁਪਨੇ ਸਾਕਾਰ ਤਦ ਹੀ ਹੋ ਸਕਦੇ ਹਨ ਜੇ ਇਨਸਾਨ ਉਨ੍ਹਾਂ ਨੂੰ ਸਾਕਾਰ ਕਰਨ ਲਈ ਤਹੱਈਆ ਕਰੇ, ਯਤਨਸ਼ੀਲ ਹੋਵੇ ਤੇ ਜ਼ਿੰਦਗੀ ਦੇ ਸੰਘਰਸ਼ ਵਿੱਚ ਮਿਹਨਤ ਕਰਦਾ-ਕਰਦਾ ਇੱਕ ਦਿਨ ਆਪਣੀ ਮੰਜ਼ਿਲ ’ਤੇ ਪਹੁੰਚ ਜਾਵੇ।
ਵੇਖਿਆ ਗਿਆ ਹੈ ਕਿ ਕਈ ਧੁਨ ਦੇ ਪੱਕੇ ਇਨਸਾਨ ਸਾਰੀਆਂ ਮੁਸ਼ਕਿਲਾਂ ਹੱਲ ਕਰਕੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਵੀ ਕਰ ਵਿਖਾਉਂਦੇ ਹਨ। ਉਹ ਕੇਵਲ ਫੜਾਂ ਹੀ ਨਹੀਂ ਮਾਰਦੇ, ਸਗੋਂ ਜ਼ਿੰਦਗੀ ’ਚ ਅਜਿਹਾ ਚਾਨਣ ਪੈਦਾ ਕਰਦੇ ਹਨ, ਜਿਸ ਨਾਲ ਮੰਜ਼ਿਲ ਦੂਰ ਨਹੀਂ ਰਹਿੰਦੀ। ਯਥਾਰਥ ਦੀਆਂ ਸੂਲਾਂ ਜੇ ਉਨ੍ਹਾਂ ਦੇ ਪੈਰਾਂ ਵਿੱਚ ਚੁੱਭ ਵੀ ਜਾਣ ਤਾਂ ਉਹ ਘਬਰਾਉਂਦੇ ਨਹੀਂ ਤੇ ਨਾ ਹੀ ਆਪਣੇ ਹੌਸਲੇ ਨੂੰ ਪਸਤ ਹੋਣ ਦਿੰਦੇ ਹਨ। ਅੱਜ ਸਾਡੇ ਦੇਸ਼ ਦੇ ਬਹੁਤੇ ਨੌਜਵਾਨ ਚੌਰਾਹੇ ’ਤੇ ਖਲੋਤੇ ਨਜ਼ਰ ਆਉਂਦੇ ਹਨ। ਕੋਈ ਰਾਹ ਉਨ੍ਹਾਂ ਨੂੰ ਨਹੀਂ ਲੱਭ ਰਿਹਾ ਜਿਸ ’ਤੇ ਤੁਰ ਕੇ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ ਤੇ ਕਈ ਨੌਜਵਾਨ ਹਿੰਮਤਾਂ ਹਾਰ ਕੇ ਨਸ਼ੇ ਕਰਨ ਲੱਗਦੇ ਹਨ ਤੇ ਕਈ ਹੋਰ ਸਵੇਰ ਤੋਂ ਸ਼ਾਮ ਤੱਕ ਘੁੰਮ-ਫਿਰ ਕੇ ਹੀ ਵਕਤ ਟਪਾਈ ਜਾ ਰਹੇ ਹਨ।
ਸਿਆਣਿਆਂ ਨੇ ਕਿਹਾ ਹੈ ਕਿ ਵਕਤ ਸੋਨਾ ਹੈ, ਵਕਤ ਦਾ ਉਪਯੋਗ ਕਰੋ। ਵਕਤ ਨੂੰ ਬੈਠ ਕੇ ਵਿਹਲੇ ਰਹਿ ਕੇ ਬਰਬਾਦ ਨਾ ਕਰੋ। ਇਹ ਇੱਕ ਅਟੱਲ ਸੱਚਾਈ ਹੈ ਕਿ ਬਹੁਤ-ਚਿਰ ਕਿਸੇ ਵੀ ਚੀਜ਼ ਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ। ਕੋਈ ਨਾ ਕੋਈ ਫ਼ੈਸਲਾ ਕਰਕੇ ਮਨ ਬਣਾ ਕੇ, ਕੰਮ ਵਿੱਢ ਲੈਣਾ ਚਾਹੀਦਾ ਹੈ। ਪਹਿਲਾਂ ਭਾਵੇਂ ਇਹ ਕੰਮ ਛੋਟਾ ਹੀ ਹੋਵੇ, ਫਿਰ ਹੌਲੀ-ਹੌਲੀ ਵਧ ਕੇ ਇਹ ਇੱਕ ਦਿਨ ਵਪਾਰ ਦਾ ਰੂਪ ਵੀ ਧਾਰ ਸਕਦਾ ਹੈ। ਕਈ ਛਾਬੜੀ ਲਾਉਣ ਵਾਲੇ ਤੇ ਕੁਲਚੇ-ਛੋਲੇ ਵੇਚਣ ਵਾਲੇ ਅੱਜ ਹੋਟਲ ਖੋਲ੍ਹੀਂ ਬੈਠੇ ਹਨ। ਇੱਥੇ ਮੈਂ ਇੱਕ ਹੋਰ ਮਿਸਾਲ ਵੀ ਦੇਣੀ ਚਾਹਾਂਗਾ। ਕਿਸੇ ਪੁਰਾਣੇ ਵਕਤ ਇੱਕ ਸਾਧਾਰਨ ਇਨਸਾਨ ਜਗਰਾਉਂ ਦੇ ਪਿੰਡ ਸ਼ੇਰਪੁਰ ਤੋਂ ਉੱਠ ਕੇ ਸ਼ਹਿਰ ਲੁਧਿਆਣਾ ਆ ਵਸਿਆ। ਉਸ ਨੇ ਪਹਿਲਾਂ ਕੇਵਲ ਸਿਲਾਈ ਮਸ਼ੀਨ ਦੀ ਫਿਰਕੀ ਬਣਾਉਣੀ ਸ਼ੁਰੂ ਕੀਤੀ ਤੇ ਹੌਲੀ-ਹੌਲੀ ਪੂਰੀ ਸਿਲਾਈ ਮਸ਼ੀਨ ਹੀ ਬਣਾਉਣੀ ਆਰੰਭ ਕਰ ਦਿੱਤੀ। ਅੱਜ ਉਹ ਢਿੱਲੋਂ ਗਰੁੱਪ ਆਫ ਇੰਡਸਟਰੀਜ਼ ਨਾਂ ਨਾਲ ਮਸ਼ਹੂਰ ਹੈ। ਸੋ ਜਿੰਨਾ ਚਿਰ ਇਨਸਾਨ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਕੰਮ ਨਹੀਂ ਕਰਦਾ, ਇਹ ਇੱਛਾਵਾਂ ਕੇਵਲ ਸੁਪਨਿਆਂ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ।
ਗ਼ਰੀਬੀ, ਪਰਿਵਾਰ ਦੀ ਮਾੜੀ ਦਸ਼ਾ ਜਾਂ ਕਈ ਵਾਰ ਕਿਸੇ ਝੁੱਗੀ ਝੌਂਪੜੀ ਵਿੱਚ ਪੈਦਾ ਹੋ ਕੇ ਵੀ ਕਈ ਸੂਰਜ, ਅੱਜ ਆਕਾਸ਼ ਵਿੱਚ ਚਮਕ ਰਹੇ ਹਨ। ਪ੍ਰਸਿੱਧ ਲਿਖਾਰੀ ਮੈਕਸਿਮ ਗੋਰਕੀ ਨੂੰ ਕੌਣ ਨਹੀਂ ਜਾਣਦਾ। ਉਹ ਕਦੇ ਏਨੀ ਗ਼ਰੀਬੀ ’ਚ ਬਚਪਨ ਗੁਜ਼ਾਰ ਰਿਹਾ ਸੀ ਕਿ ਕੋਈ ਉਸ ਦੇ ਨੇੜੇ ਖਲੋਣ ਲਈ ਤਿਆਰ ਨਹੀਂ ਸੀ। ਇੱਕ ਟੁੱਟੇ-ਭੱਜੇ ਘਰ ਦੇ ਹਨੇਰੇ ਵਿੱਚ ਜਨਮ ਲੈ ਕੇ ਇਸ ਬਾਲਕ ਨੇ ਆਪਣੀ ਲਗਨ ਤੇ ਮਿਹਨਤ ਨਾਲ ਸਾਹਿਤ ਦੇ ਖੇਤਰ ਵਿੱਚ ਏਨੀ ਮਸ਼ਹੂਰੀ ਖੱਟੀ ਕਿ ਅੱਜ ਉਸ ਦੇ ਨਾਂ ’ਤੇ ਇੱਕ ਯੂਨੀਵਰਸਿਟੀ ਦਾ ਨਾਂ ਵੀ ਰੱਖਿਆ ਗਿਆ ਹੈ।
ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੌਸਲਾ ਤੇ ਦ੍ਰਿੜ੍ਹਤਾ ਦੀ ਲੋੜ ਹੈ। ਔਕੜਾਂ ਤਾਂ ਹਰ ਇਨਸਾਨ ਦੇ ਰਸਤੇ ਵਿੱਚ ਆਉਂਦੀਆਂ ਹਨ। ਇਨ੍ਹਾਂ ਔਕੜਾਂ ਨੂੰ ਧੀਰਜ ਨਾਲ ਸਹਿਣ ਕਰਨ ਦੀ ਜਾਚ ਆਉਣੀ ਚਾਹੀਦੀ ਹੈ। ਅੱਗ ਵਿੱਚ ਪੈਣ ਤੋਂ ਬਾਅਦ ਹੀ ਸੋਨੇ ’ਤੇ ਨਿਖਾਰ ਆਉਂਦਾ ਹੈ। ਪੰਛੀਆਂ ਦੀ ਲੰਬੀ ਉਡਾਰੀ ਉਨ੍ਹਾਂ ਦੇ ਖੰਭਾਂ ਵਿੱਚ ਤਾਕਤ ਭਰਦੀ ਹੈ। ਵਗਦੇ ਦਰਿਆ ਤੇ ਨਹਿਰਾਂ, ਚਸ਼ਮਿਆਂ ਦਾ ਪਾਣੀ ਪੱਥਰਾਂ ਨਾਲ ਠੋਕਰਾਂ ਖਾ-ਖਾ ਕੇ ਹੀ ਅਗਾਂਹ ਵਧਦਾ ਹੈ। ਖਿੜੇ, ਖੁਸ਼ ਰਹਿਣ ਤੇ ਸਾਫ਼ ਮਨ ਵਿੱਚ ਅਨੇਕਾਂ ਫੁਰਨੇ ਫੁਰਦੇ ਹਨ। ਕਈ ਵਾਰ ਇਨ੍ਹਾਂ ਫੁਰਨਿਆਂ ਕਾਰਨ ਹੀ ਇਨਸਾਨ ਨਵੀਆਂ ਕਾਢਾਂ ਕੱਢ ਲੈਂਦਾ ਹੈ। ਨਿਊਟਨ ਵਾਂਗ ਰੁੱਖ ਤੋਂ ਡਿੱਗਿਆ ਸੇਬ ਸੋਚਣ ਲਈ ਮਜਬੂਰ ਕਰਦਾ ਹੈ। ਗਰੂਤਾ ਸ਼ਕਤੀ ਦੀ ਕਾਢ ਜਨਮ ਲੈਂਦੀ ਹੈ। ਸਿਆਣਿਆਂ ਨੇ ਕਿਹਾ ਹੈ ਕਿ ਜਿੱਥੇ ਚਾਹ ਉੱਥੇ ਰਾਹ। ਭਾਵ ਜਿੱਥੇ ਚਾਹਵਾਨ ਹੋਵੇ ਉੱਥੇ ਰਾਹ ਵੀ ਪੈਦਾ ਹੋ ਜਾਂਦੇ ਹਨ, ਪਰ ਬਿਨਾਂ ਚਾਹਨਾ ਦੇ ਤਾਂ ਕੋਈ ਪਾਣੀ ਦਾ ਗਲਾਸ ਭਰ ਕੇ ਵੀ ਨਹੀਂ ਪੀ ਸਕਦਾ। ਜਿਨ੍ਹਾਂ ਦੀ ਪਿਆਸ ਜ਼ਿਆਦਾ ਹੈ, ਉਹ ਖੂਹ ਪੁੱਟਣ ਲੱਗਿਆਂ ਵੀ ਦੇਰ ਨਹੀਂ ਲਗਾਉਂਦੇ। ਹਿਊਨ ਸਾਂਗ ਤੇ ਕੋਲੰਬਸ ਵਰਗੇ ਯਾਤਰੀ ਨਵੇਂ ਦੇਸ਼ ਲੱਭ ਲੈਂਦੇ ਹਨ। ਨਵੀਆਂ ਬੰਦਰਗਾਹਾਂ ਈਜਾਦ ਕਰ ਲੈਂਦੇ ਹਨ। ਪਰਬਤ-ਰੋਹੀ ਆਪਣੀ ਜਾਨ ਖ਼ਤਰਿਆਂ ਵਿੱਚ ਪਾ ਕੇ ਵੀ ਪਰਬਤ ਦੀ ਟੀਸੀ ’ਤੇ ਪਹੁੰਚ ਜਾਂਦੇ ਹਨ। ਵੇਖਿਆ ਗਿਆ ਹੈ ਕਿ ਪੰਛੀ ਵੀ ਭੋਜਨ ਦੀ ਖਾਤਰ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਦੇ ਹਨ। ਕਈ ਪੰਛੀ ਦਿਨ-ਰਾਤ ਵੀ ਉਡਾਰੀ ਭਰਦੇ ਹਨ। ਪੇਟ ਦੀ ਖਾਤਰ ਇਨਸਾਨ ਕੀ ਨਹੀਂ ਕਰਦਾ, ਕੋਈ ਜ਼ਮੀਨ ਪੁੱਟਦਾ ਹੈ, ਬੀਜ ਬੀਜਦਾ ਹੈ ਤੇ ਕੋਈ ਹੋਰ, ਲੋਹੇ ਨੂੰ ਲਾਲ ਕਰਕੇ ਅਹਿਰਨ ’ਤੇ ਸੱਟ ਮਾਰਦਾ ਹੈ। ਲੋਹੇ ਦੇ ਤਰ੍ਹਾਂ-ਤਰ੍ਹਾਂ ਦੇ ਔਜ਼ਾਰ ਬਣਾ ਲੈਂਦਾ ਹੈ। ਆਕਾਸ਼ ਵਿੱਚ ਉਡਾਣਾਂ ਭਰਦੇ ਜਹਾਜ਼ ਵੀ ਮਨੁੱਖੀ ਦਿਮਾਗ਼ ਦੀ ਕਾਢ ਹਨ। ਕਿਵੇਂ ਪੰਛੀਆਂ ਤੋਂ ਵੀ ਲੰਬੀਆਂ ਉਡਾਣਾਂ ਭਰ ਕੇ ਇਹ ਜਹਾਜ਼ ਸਣੇ ਯਾਤਰੀ ਤੇ ਟਨਾਂ ਦੇ ਹਿਸਾਬ ਨਾਲ ਭਾਰ ਚੁੱਕ ਕੇ 15-15 ਘੰਟੇ ਉੱਡਦੇ ਰਹਿੰਦੇ ਹਨ। ਅੱਜ ਇਨਸਾਨ ਨੇ ਸਾਇੰਸ ਦੇ ਨਵੇਂ-ਨਵੇਂ ਉਪਕਰਨਾਂ ਨਾਲ ਮਨੁੱਖੀ ਸੋਚ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।
ਤੁਸੀਂ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਕੇ ਵਿਖਾਵੋ। ਡੂੰਘੀਆਂ ਨੀਂਦਰਾਂ ਵਿੱਚੋਂ ਜਾਗ ਕੇ ਨਵੀਂ ਸ਼ਕਤੀ ਬਟੋਰ ਕੇ ਆਪਣੀ ਕਿਸਮਤ ਘੜ ਲਵੋ। ਹੱਥਾਂ ਦੀਆਂ ਲਕੀਰਾਂ ਨੇ ਤੁਹਾਡਾ ਕੁਝ ਨਹੀਂ ਸੰਵਾਰਨਾ। ਸਗੋਂ ਤੁਹਾਨੂੰ ਖੁਦ ਤਾਨਸੈਨ ਵਾਂਗ ਆਪਣੇ ਹੱਥਾਂ ਦੀਆਂ ਲਕੀਰਾਂ ਨੂੰ ਉਘਾੜ ਕੇ ਦੁਨੀਆ ਵਿੱਚ ਆਪਣਾ ਨਾਂ ਪੈਦਾ ਕਰਨਾ ਪਵੇਗਾ। ਤਦ ਹੀ ਦੁਨੀਆ ਤੁਹਾਡੇ ਸੁਪਨਿਆਂ ਵਰਗੀ ਹੁਸੀਨ ਤੇ ਜਿਉਣਯੋਗ ਬਣ ਸਕੇਗੀ।
ਸੰਪਰਕ: 9781805861

