DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤੀ ਟੈਨਿਸ ਦੀ ਪਛਾਣ ਲੀਏਂਡਰ ਪੇਸ

ਲੀਏਂਡਰ ਐਂਡਰੀਅਨ ਪੇਸ ਭਾਰਤ ਦਾ ਵਿਸ਼ਵ ਪ੍ਰਸਿੱਧ ਟੈਨਿਸ ਖਿਡਾਰੀ ਰਿਹਾ ਹੈ। ਉਹ 30 ਵਰ੍ਹੇ ਸਿਰੇ ਦੀ ਟੈਨਿਸ ਖੇਡਿਆ। ਉਸ ਨੂੰ ਟੈਨਿਸ ਦਾ ਗਲੋਬਲ ਆਈਕੋਨ ਕਿਹਾ ਜਾਂਦਾ ਸੀ। 1991 ’ਚ ਪੇਸ਼ਾਵਰ ਖਿਡਾਰੀ ਬਣ ਕੇ ਉਹ 2020 ਵਿੱਚ ਰਿਟਾਇਰ ਹੋਇਆ। ਇੰਜ ਉਹ...

  • fb
  • twitter
  • whatsapp
  • whatsapp
Advertisement

ਲੀਏਂਡਰ ਐਂਡਰੀਅਨ ਪੇਸ ਭਾਰਤ ਦਾ ਵਿਸ਼ਵ ਪ੍ਰਸਿੱਧ ਟੈਨਿਸ ਖਿਡਾਰੀ ਰਿਹਾ ਹੈ। ਉਹ 30 ਵਰ੍ਹੇ ਸਿਰੇ ਦੀ ਟੈਨਿਸ ਖੇਡਿਆ। ਉਸ ਨੂੰ ਟੈਨਿਸ ਦਾ ਗਲੋਬਲ ਆਈਕੋਨ ਕਿਹਾ ਜਾਂਦਾ ਸੀ। 1991 ’ਚ ਪੇਸ਼ਾਵਰ ਖਿਡਾਰੀ ਬਣ ਕੇ ਉਹ 2020 ਵਿੱਚ ਰਿਟਾਇਰ ਹੋਇਆ। ਇੰਜ ਉਹ 30 ਸਾਲ ਟੈਨਿਸ ਦਾ ਸਟਾਰ ਖਿਡਾਰੀ ਬਣਿਆ ਰਿਹਾ। ਉਹਦੀ ਜੈ ਜੈ ਕਾਰ ਕੁਲ ਦੁਨੀਆ ’ਚ ਹੋਈ। ਉਸ ਨੇ 20 ਸਲੈਮ ਟਾਈਟਲ ਜਿੱਤੇ। ਉਹ ਬਾਰਸੀਲੋਨਾ-1992 ਦੀਆਂ ਓਲੰਪਿਕ ਖੇਡਾਂ ਤੋਂ ਰੀਓ-2016 ਦੀਆਂ ਓਲੰਪਿਕ ਖੇਡਾਂ ਤੱਕ 7 ਵਾਰ ਟੈਨਿਸ ਮੁਕਾਬਲਿਆਂ ਦਾ ਭਾਗੀਦਾਰ ਬਣਿਆ। ਟੋਕੀਓ-2020 ਦੀਆਂ ਓਲੰਪਿਕ ਖੇਡਾਂ ਵਿੱਚ ਉਹ ਅੱਠਵੀਂ ਵਾਰ ਭਾਗ ਲੈਣ ਲਈ ਵੀ ਤਿਆਰੀ ਕਰ ਰਿਹਾ ਸੀ, ਪਰ ਕੋਵਿਡ ਕਾਰਨ ਓਲੰਪਿਕ ਖੇਡਾਂ ਮੁਲਤਵੀ ਹੋ ਗਈਆਂ। ਉਸ ਨੇ ਓਲੰਪਿਕ ਖੇਡਾਂ, ਏਸ਼ਿਆਈ ਖੇਡਾਂ ਤੇ ਕਾਮਨਵੈਲਥ ਖੇਡਾਂ ਵਿੱਚ ਸਿਰਫ਼ ਭਾਗ ਹੀ ਨਹੀਂ ਲਿਆ ਬਲਕਿ ਉਨ੍ਹਾਂ ਵਿੱਚੋਂ 10 ਮੈਡਲ ਵੀ ਜਿੱਤੇ। 5 ਗੋਲਡ ਮੈਡਲ ਤੇ 5 ਕਾਂਸੀ ਦੇ ਮੈਡਲ! ਕੀ ਕਿਹਾ ਜਾਏ ਅਜਿਹੇ ਅਫਲਾਤੂਨ ਖਿਡਾਰੀ ਬਾਰੇ?

ਉਹ ਨਾ ਸਿਰਫ਼ ਭਾਰਤ ਜਾਂ ਏਸ਼ੀਆ ਦਾ ਟੈਨਿਸ ਸਟਾਰ ਸੀ ਬਲਕਿ ਪੂਰੇ ਵਿਸ਼ਵ ਦਾ ਟੈਨਿਸ ਸਟਾਰ ਮੰਨਿਆ ਜਾਂਦਾ ਸੀ। ਜਿਵੇਂ ਕ੍ਰਿਕਟ ਵਿੱਚ ਸਚਿਨ ਤੇਂਦੁਲਕਰ ਦੀ ਤੂਤੀ ਬੋਲਦੀ ਰਹੀ, ਉਵੇਂ ਟੈਨਿਸ ਵਿੱਚ ਲੀਏਂਡਰ ਪੇਸ ਦੀ ਗੁੱਡੀ ਚੜ੍ਹੀ ਰਹੀ। ਇਹ ਵੱਖਰੀ ਗੱਲ ਕਿ ਭਾਰਤ ਵਿੱਚ ਕ੍ਰਿਕਟ ਦਾ ਸ਼ੁਦਾਅ ਟੈਨਿਸ ਨਾਲੋਂ ਵਧੇਰੇ ਹੋਣ ਕਰਕੇ ਸਚਿਨ ਦੀ ਮਹਿਮਾ ਲੀਏਂਡਰ ਨਾਲੋਂ ਵਧੇਰੇ ਹੋਈ। ਸਚਿਨ ਨੂੰ ‘ਕ੍ਰਿਕਟ ਦਾ ਭਗਵਾਨ’ ਕਿਹਾ ਗਿਆ ਤੇ ਭਾਰਤ ਦਾ ਸਰਬਉੱਚ ਸਨਮਾਨ ‘ਭਾਰਤ ਰਤਨ’ ਭਾਰਤ ਦੇ ਖਿਡਾਰੀਆਂ ਵਿੱਚੋਂ ਕੇਵਲ ਸਚਿਨ ਤੇਂਦੁਲਕਰ ਨੂੰ ਹੀ ਦਿੱਤਾ ਗਿਆ। ਫ਼ਰਕ ਇਹੋ ਰਿਹਾ ਕਿ ਦੋਹਾਂ ਸਮਕਾਲੀ ਖਿਡਾਰੀਆਂ ’ਚੋਂ ਇੱਕ ਨੇ ਵਧੇਰੇ ਵੇਖੀ ਜਾਣ ਵਾਲੀ ਖੇਡ ਕ੍ਰਿਕਟ ਚੁਣ ਲਈ ਤੇ ਦੂਜੇ ਨੇ ਘੱਟ ਵੇਖੀ ਜਾਣ ਵਾਲੀ ਟੈਨਿਸ।

Advertisement

ਲੀਏਂਡਰ ਕੇਵਲ 17 ਸਾਲਾਂ ਦਾ ਸੀ ਜਦੋਂ ਵਿੰਬਲਡਨ ਜੂਨੀਅਰ ਦਾ ਖ਼ਿਤਾਬ ਜਿੱਤਿਆ। ਉਸ ਦੀ ਇਸ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ ਉਸ ਨੂੰ ਖੇਡਾਂ ਦਾ ਨਾਮੀ ਪੁਰਸਕਾਰ ‘ਅਰਜਨ ਐਵਾਰਡ’ ਦੇ ਦਿੱਤਾ। ਛੋਟੀ ਉਮਰ ਵਿੱਚ ਹੀ ਵੱਡਾ ਐਵਾਰਡ ਮਿਲਣ ਨਾਲ ਸੁਭਾਵਿਕ ਸੀ ਉਹਦਾ ਹੌਸਲਾ ਹੋਰ ਵਧ ਗਿਆ। 1992 ’ਚ ਉਹ ਬਾਰਸੀਲੋਨਾ ਦੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ ’ਚ ਚੁਣਿਆ ਗਿਆ। ਓਲੰਪਿਕ ਖੇਡਾਂ ਵਿੱਚ ਉਸ ਨੇ ਕਾਫ਼ੀ ਚੰਗੀ ਕਾਰਗੁਜ਼ਾਰੀ ਵਿਖਾਈ। ਐਟਲਾਂਟਾ-1996 ਦੀਆਂ ਓਲੰਪਿਕ ਖੇਡਾਂ ਵਿੱਚ ਉਹ ਦੂਜੀ ਵਾਰ ਗਿਆ ਤਾਂ ਵਿਕਟਰੀ ਸਟੈਂਡ ਉਤੇ ਚੜ੍ਹਨ ਵਿੱਚ ਕਾਮਯਾਬ ਹੋ ਗਿਆ। ਉੱਥੇ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਤੋਂ ਪਹਿਲਾਂ ਭਾਰਤ ਦਾ ਕੇਵਲ ਇੱਕੋ ਖਿਡਾਰੀ ਕੇ.ਡੀ. ਯਾਦਵ ਸੀ ਜੋ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਹੈਲਸਿੰਕੀ-1952 ਦੀਆਂ ਖੇਡਾਂ ਵਿੱਚੋਂ ਕਿਸੇ ਵਿਅਕਤੀਗਤ ਖੇਡ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਸਰਕਾਰ ਵੱਲੋਂ ਉਸ ਨੂੰ 1996-97 ਦਾ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਦਿੱਤਾ ਗਿਆ।

Advertisement

ਫਿਰ ਉਸ ਨੇ ਵਿਸ਼ਵ ਪੱਧਰ ’ਤੇ ਏਨੀਆਂ ਜਿੱਤਾਂ ਦਰਜ ਕੀਤੀਆਂ ਕਿ ਚਾਰੇ ਗ੍ਰੈਂਡ ਸਲੈਮ ਟੂਰਨਾਮੈਂਟਾਂ ਵਿੱਚ ‘ਬਹਿਜਾ ਬਹਿਜਾ’ ਕਰਵਾ ਦਿੱਤੀ। 2001 ਵਿੱਚ ਭਾਰਤ ਸਰਕਾਰ ਵੱਲੋਂ ਉਸ ਨੂੰ ‘ਪਦਮ ਸ੍ਰੀ’ ਪੁਰਸਕਾਰ ਨਾਲ ਨਿਵਾਜਿਆ ਗਿਆ। ਹੋਰ ਜਿੱਤਾਂ ਹਾਸਲ ਕੀਤੀਆਂ ਤਾਂ 2014 ਵਿੱਚ ਲੀਏਂਡਰ ਪੇਸ ਨੂੰ ‘ਪਦਮ ਭੂਸ਼ਨ’ ਪੁਰਸਕਾਰ ਭੇਟ ਕੀਤਾ ਗਿਆ। ਉਸ ਨੇ ਟੈਨਿਸ ਦੇ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ, ਲਗਭਗ ਸਾਰੀ ਦੁਨੀਆ ਗਾਹੀ ਤੇ ਵਿਸ਼ਵ ਨਾਗਰਿਕ ਬਣਿਆ। 2020 ਵਿੱਚ ਉਸ ਨੂੰ ਨੈਲਸਨ ਮੰਡੇਲਾ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਲੀਏਂਡਰ ਪੇਸ ਦਾ ਜਨਮ 17 ਜੂਨ 1973 ਨੂੰ ਪੱਛਮੀ ਬੰਗਾਲ ਦੇ ਸ਼ਹਿਰ ਕੋਲਕਾਤਾ ਵਿੱਚ ਹੋਇਆ। ਉਸ ਦਾ ਪਿਤਾ ਵੇਸ ਪੇਸ ਹਾਕੀ ਦਾ ਅੰਤਰਰਾਸ਼ਟਰੀ ਖਿਡਾਰੀ ਸੀ। ਉਸ ਨੇ ਮਿਊਨਿਖ ਦੀਆਂ ਓਲੰਪਿਕ ਖੇਡਾਂ ’ਚ ਭਾਰਤੀ ਹਾਕੀ ਟੀਮ ਵੱਲੋਂ ਭਾਗ ਲਿਆ ਸੀ ਜਿੱਥੇ ਭਾਰਤੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਲੀਏਂਡਰ ਦੀ ਮਾਤਾ ਜੈਨੀਫਰ ਪੇਸ ਭਾਰਤੀ ਬਾਸਕਟਬਾਲ ਟੀਮ ਵੱਲੋਂ ਖੇਡਦੀ ਸੀ। 1980 ਵਿੱਚ ਉਹ ਏਸ਼ੀਆ ਬਾਸਕਿਟਬਾਲ ਚੈਂਪੀਅਨਸ਼ਿਪ ਵਿੱਚ ਭਾਰਤੀ ਬਾਸਕਿਟਬਾਲ ਟੀਮ ਦੀ ਕਪਤਾਨ ਸੀ। ਜੈਨੀਫਰ ਦਾ ਬਾਪ ਮਾਈਕਲ ਮਧੂਸੂਦਨ ਦੱਤਾ ਬੰਗਾਲੀ ਦਾ ਪ੍ਰਸਿੱਧ ਕਵੀ ਸੀ। ਉਨ੍ਹਾਂ ਦਾ ਪਰਿਵਾਰ ਧਰਮਾਂ ਦਾ ਮਿਲਗੋਭਾ ਪਰਿਵਾਰ ਹੈ।

ਖਿਡਾਰੀ ਪਰਿਵਾਰ ਦਾ ਜੰਮਪਲ ਹੋਣਾ ਲੀਏਂਡਰ ਪੇਸ ਦੇ ਏਨਾ ਰਾਸ ਆਇਆ ਕਿ ਉਸ ਨੇ ਨਾ ਸਿਰਫ਼ ਭਾਰਤ ਤੇ ਏਸ਼ੀਆ ਵਿੱਚ ਹੀ ਨਾਮਣਾ ਖੱਟਿਆ ਬਲਕਿ ਵਿਸ਼ਵ ਪੱਧਰ ’ਤੇ ਵੀ ਬੜਾ ਮਾਣ ਸਨਮਾਨ ਹਾਸਲ ਕੀਤਾ। ਉਸ ਦੀਆਂ ਡਬਲਜ਼ ਤੇ ਮਿਕਸਡ ਡਬਲਜ਼ ਦੀਆਂ ਏਨੀਆਂ ਜਿੱਤਾਂ ਹਨ ਕਿ ਉਹ ਵਿਸ਼ਵ ਦਾ ਪਹਿਲੀ ਕਤਾਰ ਦਾ ਟੈਨਿਸ ਖਿਡਾਰੀ ਮੰਨਿਆ ਜਾਂਦਾ ਰਿਹਾ। 2024 ਵਿੱਚ ਉਸ ਦਾ ਨਾਮ ਇੰਟਰਨੈਸ਼ਨਲ ਟੈਨਿਸ ਦੇ ਹਾਲ ਆਫ ਫੇਮ ਵਿੱਚ ਸਥਾਪਿਤ ਕੀਤਾ ਗਿਆ।

ਉਸ ਨੂੰ ਟੈਨਿਸ ਦੀ ਗੁੜ੍ਹਤੀ ਮਿਲੀ ਸੀ। ਜਦੋਂ ਪੰਜ ਸਾਲਾਂ ਦਾ ਹੋਇਆ ਤਾਂ ਰੈਕੇਟ ਫੜ ਕੇ ਟੈਨਿਸ ਖੇਡਣ ਵੀ ਲੱਗ ਪਿਆ। ਸ਼ੌਕੀਆ ਟੈਨਿਸ ਖੇਡਣੀ ਭਾਵੇਂ ਉਸ ਨੇ ਕਲਕੱਤੇ ਤੋਂ ਸ਼ੁਰੂ ਕੀਤੀ ਸੀ, ਪਰ ਵਧੀਆ ਕੋਚਿੰਗ ਲੈਣ ਲਈ ਉਸ ਨੂੰ ਕੋਲਕਾਤਾ ਛੱਡਣਾ ਪਿਆ। 1985 ਵਿੱਚ ਉਸ ਨੂੰ ਗੋਆ ਦੀ ਬਰਤਾਨੀਆ ਅੰਮ੍ਰਿਤਰਾਜ ਟੈਨਿਸ ਅਕੈਡਮੀ ਵਿੱਚ ਦਾਖਲ ਕਰਾ ਦਿੱਤਾ ਗਿਆ। ਉੱਥੇ ਉਸ ਦੇ ਕੋਚ ਡੇਵ ਓ ਮੀਰਾ ਨੇ ਉਹਦਾ ਖੇਡ ਕਰੀਅਰ ਬਣਾਉਣ ਵਿੱਚ ਵਿਸ਼ੇਸ਼ ਰੋਲ ਨਿਭਾਇਆ। ਬੇਸ਼ੱਕ ਟੈਨਿਸ ਦੀ ਖੇਡ ਉਸ ਦਾ ਕਾਫ਼ੀ ਸਮਾਂ ਲੈ ਲੈਂਦੀ ਸੀ, ਪਰ ਲੀਏਂਡਰ ਪੜ੍ਹਨ ਵਿੱਚ ਵੀ ਪੂਰਾ ਹੁਸ਼ਿਆਰ ਰਿਹਾ। ਮੁੱਢਲੀ ਪੜ੍ਹਾਈ ਉਸ ਨੇ ਕੋਲਕਾਤਾ ਦੇ ਮਾਰਟੀਨੀਅਰ ਸਕੂਲ ਤੋਂ ਹਾਸਲ ਕੀਤੀ ਸੀ, ਪਰ ਅਗਲੀ ਪੜ੍ਹਾਈ ਮਦਰਾਸ ਦੇ ਕ੍ਰਿਸ਼ਚੀਅਨ ਹਾਇਰ ਸੈਕੰਡਰੀ ਸਕੂਲ ਤੋਂ ਕੀਤੀ। ਫਿਰ ਉਚੇਰੀ ਪੜ੍ਹਾਈ ਲਈ ਉਹ ਕਲਕੱਤਾ ਯੂਨੀਵਰਸਿਟੀ ਦੇ ਸੇਂਟ ਜ਼ੇਵੀਅਰ ਕਾਲਜ ਵਿੱਚ ਦਾਖਲ ਹੋਇਆ। ਉਚੇਰੀ ਪੜ੍ਹਾਈ ਕਰਨ ਦੇ ਨਾਲ ਨਾਲ ਉਸ ਨੇ ਟੈਨਿਸ ਖੇਡਣੀ ਵੀ ਜਾਰੀ ਰੱਖੀ।

ਲੀਏਂਡਰ ਤੇ ਸਚਿਨ ਨੇ 1989-90 ਵਿੱਚ ਹੀ ਆਪੋ ਆਪਣੀ ਖੇਡ ’ਚ ਨਾਮਣਾ ਖੱਟਣਾ ਸ਼ੁਰੂ ਕਰ ਲਿਆ ਸੀ। ਫਿਰ ਭਾਰਤ ਦੇ ਇਹ ਦੋਵੇਂ ਮਹਾਨ ਖਿਡਾਰੀ ਆਪੋ ਆਪਣੀ ਖੇਡ ਦੀਆਂ ਲੰਮੀਆਂ ਪਾਰੀਆਂ ਖੇਡੇ। ਲੀਏਂਡਰ ਨੇ ਲਗਭਗ 30 ਸਾਲ ਅੰਤਰਰਾਸ਼ਟਰੀ ਟੈਨਿਸ ਮੁਕਾਬਲਿਆਂ ਵਿੱਚ ਭਾਗ ਲਿਆ। ਉਹ ਟੈਨਿਸ ਦੀ ਮੈਰਾਥਨ ਦੌੜ ਦਾ ਮਹਾਰਥੀ ਹੋ ਨਿੱਬੜਿਆ। 1990 ਵਿੱਚ ਉਹ ਟੈਨਿਸ ਦਾ ਪੇਸ਼ੇਵਰ ਖਿਡਾਰੀ ਬਣਿਆ ਸੀ। ਉਸ ਦੀ ਪਹਿਲੀ ਵੱਡੀ ਛਾਲ 17 ਸਾਲ ਦੀ ਉਮਰੇ ਵਿੰਬਲਡਨ ਦਾ ਜੂਨੀਅਰ ਖ਼ਿਤਾਬ ਜਿੱਤਣਾ ਸੀ। 1990 ਵਿੱਚ ਉਹ ਇੰਡੀਅਨ ਡੇਵਿਸ ਕੱਪ ਟੀਮ ਵਿੱਚ ਸ਼ਾਮਲ ਹੋਇਆ ਤੇ ਫਿਰ ਚੱਲ ਸੋ ਚੱਲ ਹੋ ਗਈ। ਉਹ ਸਿੰਗਲ ਵੀ ਖੇਡਦਾ ਰਿਹਾ ਤੇ ਡਬਲਜ਼ ਵੀ। ਦੁਨੀਆ ਦਾ ਸ਼ਾਇਦ ਹੀ ਕੋਈ ਵੱਡਾ ਵੱਕਾਰੀ ਟੈਨਿਸ ਟੂਰਨਾਮੈਂਟ ਹੋਵੇ ਜੋ ਉਹ ਖੇਡਿਆ ਨਾ ਹੋਵੇ। ਮਸਲਨ ਗ੍ਰੈਂਡ ਸਲੈਮ, ਵਰਲਡ ਟੂਰ ਫਾਈਨਲਜ਼, ਵਰਲਡ ਟੂਰ ਮਾਸਟਰਜ਼, ਏਟੀਪੀ ਚੈਲੇਂਜਰਜ਼, ਵਰਲਡ ਟੂਰ ਸੀਰੀਜ਼, ਡੇਵਿਸ ਕੱਪ, ਏਸ਼ਿਆਈ ਖੇਡਾਂ, ਕਾਮਨਵੈਲਥ ਖੇਡਾਂ ਤੇ ਓਲੰਪਿਕ ਖੇਡਾਂ। ਉਸ ਨੇ ਡੇਵਿਸ ਕੱਪ ਵਿੱਚ ਭਾਰਤੀ ਟੀਮਾਂ ਦੀ ਕਪਤਾਨੀ ਕੀਤੀ ਜਿਨ੍ਹਾਂ ’ਚ ਡੇਵਿਸ ਕੱਪ ਡਬਲਜ਼ ਦੇ 43 ਮੈਚ ਜਿੱਤੇ ਜੋ ਸਭ ਤੋਂ ਵੱਧ ਸਨ।

ਲੀਏਂਡਰ ਨੇ ਚਾਰੇ ਗ੍ਰੈਂਡ ਸਲੈਮ ਖੇਡਦਿਆਂ ਬੇਸ਼ੱਕ ਮਰਦਾਂ ਦੇ ਸਿੰਗਲਜ਼ ਮੁਕਾਬਲਿਆਂ ’ਚੋਂ ਕੋਈ ਖ਼ਿਤਾਬ ਨਹੀਂ ਜਿੱਤਿਆ, ਪਰ ਭਾਰਤੀ ਟੈਨਿਸ ਨੂੰ ਵਿਸ਼ਵ ਪੱਧਰ ਤੱਕ ਪਹੁੰਚਾ ਦਿੱਤਾ। ਮਰਦਾਂ ਦੇ ਸਿੰਗਲਜ਼ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਉਹ ਆਸਟਰੇਲੀਅਨ ਓਪਨ ਵਿੱਚ 1997 ਤੇ 2000 ਦੇ ਦੂਜੇ ਗੇੜ ਵਿੱਚ ਪਹੁੰਚ ਗਿਆ ਸੀ। ਫ੍ਰੈਂਚ ਓਪਨ ਦੇ 1997 ਅਤੇ ਵਿੰਬਲਡਨ 2001 ਦੇ ਦੂਜੇ ਰਾਊਂਡ ਵਿੱਚ ਪਹੁੰਚ ਗਿਆ ਸੀ ਤੇ 2001 ਵਿੱਚ ਯੂਐੱਸ ਓਪਨ ਟੂਰਨਾਮੈਂਟ ਦੌਰਾਨ ਤੀਜੇ ਗੇੜ ਵਿੱਚ ਆਪਣੀ ਥਾਂ ਬਣਾ ਲਈ ਸੀ। ਉਸ ਦੇ ਸਿੰਗਲਜ਼ ਟੈਨਿਸ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਅਗਸਤ 1998 ਵਿੱਚ ਨਿਊ ਪੋਟ ਅਮਰੀਕਾ ਵਿਖੇ ਆਪਣਾ ਏਟੀਪੀ ਸਿੰਗਲਜ਼ ਖ਼ਿਤਾਬ ਜਿੱਤਣ ਨਾਲ ਹੋਈ ਸੀ। ਉਸ ਦੀ ਦੂਜੀ ਵੱਡੀ ਪ੍ਰਾਪਤੀ ਨਿਊ ਹੈਵਨ ਏਟੀਪੀ ਟੂਰਨਾਮੈਂਟ, ਪੇਨ ਪਾਈਲਟ ਇੰਟਰਨੈਸ਼ਨਲ ਸਿੰਗਲਜ਼ ਮੁਕਾਬਲੇ ਦੇ ਤੀਜੇ ਗੇੜ ਵਿੱਚ ਹੋਈ ਜੋ ਵਿੰਬਲਡਨ ਚੈਂਪੀਅਨ ਪੀਟ ਸੈਂਪਰਾਸ ਨੂੰ 6-3 ਤੇ 6-4 ਨਾਲ ਮਾਤ ਦੇ ਕੇ ਹਾਸਲ ਕੀਤੀ। ਇਸੇ ਤਰ੍ਹਾਂ 2000 ਵਿੱਚ ਇੰਡੀਅਨ ਵੇਲਜ਼ ਮਾਸਟਰਜ਼ ਸਿੰਗਲਜ਼ ਟੈਨਿਸ ਟੂਰਨਾਮੈਂਟ ਦੌਰਾਨ ਉਹ ਵਿਸ਼ਵ ਪ੍ਰਸਿੱਧ ਟੈਨਿਸ ਖਿਡਾਰੀ ਰੌਜਰ ਫੈਡਰਰ ਨੂੰ ਹਰਾ ਕੇ ਲੋਹੜਾ ਮਾਰ ਚੁੱਕਾ ਸੀ।

ਡਬਲਜ਼ ਤੇ ਮਿਕਸਡ ਡਬਲਜ਼ ਮੁਕਾਬਲਿਆਂ ਵਿੱਚ ਲੀਏਂਡਰ ਪੇਸ ਨੇ ਜੋ ਜਿੱਤਾਂ ਹਾਸਲ ਕੀਤੀਆਂ ਉਹ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਦਿਵਾਉਣ ਵਾਲੀਆਂ ਸਨ। ਉਸ ਦੀ ਤੇਜ਼ੀ, ਫੁਰਤੀ ਤੇ ‘ਵਾਲੀ-ਪਲੇਅ’ ਨੇ ਉਸ ਨੂੰ ਡਬਲਜ਼ ਟੈਨਿਸ ਦਾ ਬੇਮਿਸਾਲ ਖਿਡਾਰੀ ਬਣਾ ਦਿੱਤਾ ਸੀ। ਉਸ ਦੀ ਖੇਡ ਸ਼ੈਲੀ ਨਿਆਰੀ ਸੀ। ਲੀਏਂਡਰ ਨੂੰ ‘ਨੈੱਟ ਪਲੇਅ’ ਦਾ ਮਾਹਿਰ ਮੰਨਿਆ ਜਾਂਦਾ ਸੀ। ਉਸ ਦਾ ਜੋਸ਼, ਤੇਜ਼ ਰਫ਼ਤਾਰੀ, ਸ਼ਾਰਪ ਵੌਲੀ ’ਤੇ ਚੜ੍ਹ ਕੇ ਖੇਡਣਾ ਬੜੇ ਰੁਮਾਂਚਕ ਤੇ ਦਿਲਚਸਪ ਲੱਗਦੇ ਸਨ।

ਗ੍ਰੈਂਡ ਸਲੈਮ ਡਬਲਜ਼ ਮੁਕਾਬਲਿਆਂ ਦਾ ਉਹ ਸਭ ਤੋਂ ਸਫਲ ਖਿਡਾਰੀ ਰਿਹਾ। ਉਸ ਨੇ ਫਰੈਂਚ ਓਪਨ ਵਿੱਚ 1999, 2001 ਤੇ 2009 ਦੇ ਖ਼ਿਤਾਬ ਆਪਣੇ ਨਾਂ ਕਰ ਕੇ ਭਾਰਤ ਦਾ ਨਾਂ ਟੈਨਿਸ ਜਗਤ ਵਿੱਚ ਹੋਰ ਰੋਸ਼ਨ ਕੀਤਾ। ਉਸ ਨੇ ਯੂਐੱਸ ਓਪਨ ਖੇਡਦਿਆਂ 2006, 2009 ਤੇ 2013 ਵਿੱਚ ਵੀ ਜਿੱਤਾਂ ਹਾਸਲ ਕੀਤੀਆਂ। 2012 ਵਿੱਚ ਆਸਟਰੇਲੀਆ ਓਪਨ ਦਾ ਚੈਂਪੀਅਨ ਬਣਿਆ। ਟੈਨਿਸ ਦਾ ਸਭ ਤੋਂ ਵੱਕਾਰੀ ਟੂਰਨਾਮੈਂਟ ਵਿੰਬਲਡਨ ਜਿੱਤਣਾ ਵੀ ਉਹਦੇ ਹਿੱਸੇ ਆਇਆ। ਡਬਲਜ਼ ਵਿੱਚ ਉਸ ਦੀ ਦਰਜਾਬੰਦੀ ਕਈ ਵਾਰ ਅੱਵਲ ਨੰਬਰ ਰਹੀ।

ਉਸ ਦਾ ਗ੍ਰੈਂਡ ਸਲੈਮ ਮਿਕਸਡ ਡਬਲਜ਼ ਦਾ ਸਫ਼ਰ ਵੀ ਰੌਚਿਕ ਰਿਹਾ। ਉਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਮਿਕਸਡ ਡਬਲਜ਼ ਦੀ ਸ਼ੁਰੂਆਤ 2000 ਵਿੱਚ ਕੀਤੀ। 2003 ਵਿੱਚ ਵਿਸ਼ਵ ਦੀ ਤਜਰਬੇਕਾਰ ਟੈਨਿਸ ਖਿਡਾਰਨ ਮਾਰਟੀਨਾ ਨਵਰਾਤੀਲੋਵਾ ਨਾਲ ਆਸਟਰੇਲੀਅਨ ਓਪਨ ਅਤੇ ਵਿੰਬਲਡਨ ਜਿੱਤਿਆ। ਇੱਧਰ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਨਾਮਵਰ ਖਿਡਾਰਨ ਸਾਨੀਆ ਮਿਰਜ਼ਾ ਨਾਲ ਜੋੜੀ ਬਣਾ ਕੇ ਸੋਨ ਮੈਡਲ ਭਾਰਤ ਦੀ ਝੋਲੀ ਪਾਇਆ। ਫਿਰ ਉਸ ਨੇ 2009 ਵਿੱਚ ਲੁਕਾਸ ਡਲੋਹੀ ਨਾਲ ਮਿਲ ਕੇ ਖੇਡਦਿਆਂ ਫ੍ਰੈਂਚ ਤੇ ਯੂਐੱਸ ਓਪਨ ਦੇ ਖ਼ਿਤਾਬ ਆਪਣੇ ਨਾਂ ਕੀਤੇ। 2010 ਵੀ ਉਹਦੇ ਲਈ ਕਰਮਾਂ ਵਾਲਾ ਰਿਹਾ। ਉਸ ਨੇ ਕਾਰਾ ਬਲੈਕ ਨਾਲ ਮਿਲ ਕੇ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦਾ ਖ਼ਿਤਾਬ ਜਿੱਤਿਆ। ਫਿਰ ਉਸ ਨੇ ਰਾਡੇਕ ਸਟੇਪਨੇਕ ਨਾਲ ਭਾਈਵਾਲੀ ਕੀਤੀ ਤੇ ਉਸ ਜੋੜੀ ਨੇ 2013 ਵਿੱਚ ਯੂਐੱਸ ਓਪਨ ਟੂਰਨਾਮੈਂਟ ਜਿੱਤਿਆ। 2016 ਵਿੱਚ ਉਸ ਨੇ ਕਰੀਅਰ ਸਲੈਮ ਹਾਸਲ ਕੀਤਾ। ਉਦੋਂ ਉਸ ਨੇ ਵਿਸ਼ਵ ਦੀ ਪ੍ਰਸਿੱਧ ਟੈਨਿਸ ਖਿਡਾਰਨ ਮਾਰਟੀਨਾ ਹਿੰਗਜ਼ ਨਾਲ ਫ੍ਰੈਂਚ ਓਪਨ ਟੂਰਨਾਮੈਂਟ ਜਿੱਤਿਆ।

ਲੀਏਂਡਰ ਪੇਸ ਦੇ ਟੈਨਿਸ ਸਫ਼ਰ ਵਿੱਚ ਬੜੇ ਪਾਰਟਨਰ ਰਹੇ। ਜੇ ਸਾਰੇ ਗਿਣਨ ਲੱਗੀਏ ਤਾਂ ਗਿਣਤੀ 100 ਤੋਂ ਵੀ ਟੱਪ ਜਾਵੇਗੀ, ਪਰ ਜੋ ਜੋੜੀ ਮਹੇਸ਼ ਭੂਪਤੀ ਨਾਲ ਬਣੀ ਉਹ ਸਭ ਤੋਂ ਵੱਧ ਨਿਭੀ। ਉਸ ਜੋੜੀ ਨੇ ਭਾਰਤੀ ਟੈਨਿਸ ਨੂੰ ਤਕੜਾ ਹੁਲਾਰਾ ਦਿੱਤਾ। ਪੇਸ-ਭੂਪਤੀ ਜੋੜੀ ਦਾ ਨਾਂ ਡੇਵਿਸ ਕੱਪ ਮੈੱਨ ਡਬਲਜ਼ ਦੇ ਮੁਕਾਬਲਿਆਂ ’ਚ 24 ਸਾਲ ਗੂੰਜਦਾ ਰਿਹਾ। ਪੇਸ ਤੇ ਭੂਪਤੀ ਦੀ ਜੋੜੀ ਨੇ 1994 ਵਿੱਚ ਡਬਲਜ਼ ਦੀ ਸ਼ੁਰੂਆਤ ਕੀਤੀ ਸੀ ਤੇ ਜੋੜੀ ਦਾ ਨਾਂ ‘ਇੰਡੀਅਨ ਐਕਸਪ੍ਰੈੱਸ’ ਪੈ ਗਿਆ ਸੀ। 1997-1998 ਵਿੱਚ ‘ਇੰਡੀਅਨ ਐਕਸਪ੍ਰੈੱਸ’ ਨੇ ਏਟੀਪੀ ਪ੍ਰੋਫੈਸ਼ਨਲਜ਼ ਦੇ 6 ਟੂਰਨਾਮੈਂਟ ਜਿੱਤ ਕੇ ਟੈਨਿਸ ਜਗਤ ਵਿੱਚ ਸਨਸਨੀ ਫੈਲਾਅ ਦਿੱਤੀ ਸੀ। ਉਦੋਂ ਉਹ 8 ਟੂਰਨਾਮੈਂਟਾਂ ਦੇ ਫਾਈਨਲ ਖੇਡੇ ਸਨ। 1999 ਵਿੱਚ ਉਹੀ ਜੋੜੀ ਚਾਰੇ ਗ੍ਰੈਂਡ ਸਲੈਮ ਡਬਲਜ਼ ਟੂਰਨਾਮੈਂਟਾਂ ਦੇ ਫਾਈਨਲ ਵਿੱਚ ਜਾ ਪੁੱਜੀ ਸੀ। ਓਸੇ ਸਾਲ ਉਸ ਜੋੜੀ ਨੇ ਏਟੀਪੀ ਡਬਲਜ਼ ਰੈਕਿੰਗ ਦਾ ਪਹਿਲਾ ਸਥਾਨ ਹਾਸਲ ਕੀਤਾ ਸੀ।

ਸਾਲ 2001 ਵਿੱਚ ਵੀ ਪੇਸ-ਭੂਪਤੀ ਜੋੜੀ ਨੇ ਫ੍ਰੈਂਚ ਓਪਨ ਡਬਲਜ਼ ਦਾ ਟਾਈਟਲ ਵੀ ਆਪਣੇ ਨਾਂ ਕੀਤਾ ਤੇ 2002 ਦੀਆਂ ਏਸ਼ਿਆਈ ਖੇਡਾਂ ’ਚੋਂ ਗੋਲਡ ਮੈਡਲ ਜਿੱਤਿਆ। ਫਿਰ ਉਨ੍ਹਾਂ ਵਿਚਕਾਰ ਮੱਤ-ਭੇਦ ਪੈਦਾ ਹੋ ਗਏ ਤੇ ਜੋੜੀ ਭੰਗ ਹੋ ਗਈ। ਫਿਰ ਦੇਸ਼ ਹਿੱਤ 2008 ਵਿੱਚ ਉਹ ਬੀਜਿੰਗ ਦੀਆਂ ਓਲੰਪਿਕ ਖੇਡਾਂ ’ਚ ਮੁੜ ਜੋੜੀ ਬਣਾ ਕੇ ਖੇਡੇ, ਪਰ ਪਹਿਲਾਂ ਵਾਲੀ ਗੱਲ ਨਾ ਬਣੀ ਅਤੇ ਕੁਆਰਟਰ ਫਾਈਨਲ ਵਿੱਚ ਰੋਜ਼ਰ ਫੈਡਰਰ ਤੇ ਸਟੈਨਿਸਲਾਸ ਵਾਵਰਿੰਕਾ ਦੀ ਜੋੜੀ ਤੋਂ ਹਾਰ ਕੇ ਮੁਕਾਬਲੇ ’ਚੋਂ ਬਾਹਰ ਹੋ ਗਏ। ਖੇਤਰ ਕੋਈ ਹੋਵੇ ਮੱਤ-ਭੇਦ ਵੱਡਿਆਂ ਵੱਡਿਆਂ ਨੂੰ ਲੈ ਬਹਿੰਦੇ ਹਨ। ਫਿਰ ਵੀ ਲੰਮਾ ਸਮਾਂ ਖੇਡਣ ਵਾਲੇ ਲਿਏਂਡਰ ਤੇ ਭੂਪਤੀ ਜੋੜੀ ਨੂੰ ਸਲਾਮ ਹੈ।

ਲੀਏਂਡਰ ਪੇਸ ਅੱਜਕੱਲ੍ਹ ਮੁੰਬਈ ਦਾ ਵਾਸੀ ਹੈ ਤੇ ਬੰਗਾਲ ਟੈਨਿਸ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਮਹੇਸ਼ ਭੂਪਤੀ, ਰੋਹਨ ਬੋਪੰਨਾ ਤੇ ਸਾਈਨਾ ਮਿਰਜ਼ਾ ਉਹਦੇ ਸਮਕਾਲੀ ਖਿਡਾਰੀ ਰਹੇ ਹਨ। ਉਸ ਦਾ ਕੱਦ 5 ਫੁੱਟ 10 ਇੰਚ ਹੈ ਅਤੇ ਵਜ਼ਨ ਸਰਗਰਮ ਖੇਡ ਵੇਲੇ ਵੀ ਸਾਵਾਂ ਸੀ ਤੇ ਹੁਣ ਵੀ ਸਾਵਾਂ ਹੈ। ਨੈਣ ਨਕਸ਼ ਤਿੱਖੇ ਤੇ ਰੰਗ ਮੇਘਲਾ ਹੈ। ਉਸ ਦੀ ਪ੍ਰਾਈਜ਼ ਮਨੀ 8,587,586 ਡਾਲਰ ਹੈ। ਜਿੱਥੋਂ ਤੱਕ ਮੰਗਣਿਆਂ ਤੇ ਵਿਆਹ-ਮੁਕਲਾਵਿਆਂ ਦੀ ਗੱਲ ਹੈ ਉਹ ਵੀ ਕਈ ਹੋਰਨਾਂ ਖਿਡਾਰੀਆਂ ਵਰਗਾ ਹੀ ਹੈ। ਵਿਆਹਿਆ ਵੀ ਗਿਆ ਤੇ ਸਮੇਂ ਸਮੇਂ ਪਾਰਟਨਰਾਂ ਵੀ ਬਣਦੀਆਂ ਗਈਆਂ। 2021 ਵਿੱਚ ਜ਼ੀ5 ਨੇ ਪੇਸ ਤੇ ਭੂਪਤੀ ਦੇ ਬਣਦੇ ਵਿਗੜਦੇ ਸਬੰਧਾਂ ਬਾਰੇ ਡਾਕੂਮੈਂਟਰੀ ਬਣਾਈ। ਲੀਏਂਡਰ ਪੇਸ ਨੇ ਅਸ਼ੋਕ ਕੋਹਲੀ ਨਾਲ ਮਿਲ ਕੇ ‘ਸੋਸ਼ਿਓ-ਪੁਲੀਟੀਕਲ’ ਫਿਲਮ ‘ਰਾਜਧਾਨੀ ਐਕਸਪ੍ਰੈੱਸ’ ਵੀ ਬਣਾਈ ਜਿਸ ਵਿੱਚ ਉਸ ਨੇ ਕੇਸ਼ਵ ਦਾ ਰੋਲ ਅਦਾ ਕੀਤਾ। ਗੀਤਾ ਸੇਠੀ ਤੇ ਪ੍ਰਕਾਸ਼ ਪਾਡੂਕੋਨ ਵੱਲੋਂ ਸਥਾਪਿਤ ‘ਓਲੰਪਿਕ ਗੋਲਡ ਕੁਇਸਟ’ ਨਾਂ ਦੀ ਫਾਊਂਡੇਸ਼ਨ, ਜੋ ਭਾਰਤ ਦੇ ਹੋਣਹਾਰ ਖਿਡਾਰੀਆਂ ਨੂੰ ਸਪੋਰਟ ਕਰਦੀ ਹੈ, 2010 ਤੋਂ ਲੀਏਂਡਰ ਵੀ ਉਹਦਾ ਡਾਇਰੈਕਟਰ ਹੈ। ਹਾਲੇ ਉਹ 52 ਸਾਲਾਂ ਦਾ ਹੋਇਐ ਤੇ ਉਸ ਤੋਂ ਹੋਰ ਵੀ ਵੱਡੀਆਂ ਆਸਾਂ ਹਨ। ਜੁਗ ਜੁਗ ਜੀਵੇ ਟੈਨਿਸ ਦਾ ਉੱਘਾ ਖਿਡਾਰੀ ਲੀਏਂਡਰ ਪੇਸ।

ਈ-ਮੇਲ: principalsarwansingh@gmail.com

Advertisement
×