DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ

ਲਤਾ ਮੰਗੇਸ਼ਕਰ ਇੱਕ ਨਾਮ ਨਹੀਂ, ਸਗੋਂ ਭਾਰਤੀ ਸੰਗੀਤ ਦੀ ਆਤਮਾ ਹੈ। ਉਹ ਆਵਾਜ਼ ਜਿਸਨੇ ਦਹਾਕਿਆਂ ਤੱਕ ਦਰਦ ਨੂੰ ਸਹਾਰਾ, ਖ਼ੁਸ਼ੀ ਨੂੰ ਹੁਲਾਰਾ ਅਤੇ ਪਿਆਰ ਨੂੰ ਅਮਰਤਾ ਬਖ਼ਸ਼ੀ। ਭਾਰਤੀ ਸੰਗੀਤ ਜਗਤ ਵਿੱਚ ਲਤਾ ਮੰਗੇਸ਼ਕਰ ਦਾ ਨਾਮ ਇੱਕ ਅਜਿਹਾ ਅਧਿਆਇ ਹੈ, ਜਿਸਨੇ...

  • fb
  • twitter
  • whatsapp
  • whatsapp
Advertisement

ਲਤਾ ਮੰਗੇਸ਼ਕਰ ਇੱਕ ਨਾਮ ਨਹੀਂ, ਸਗੋਂ ਭਾਰਤੀ ਸੰਗੀਤ ਦੀ ਆਤਮਾ ਹੈ। ਉਹ ਆਵਾਜ਼ ਜਿਸਨੇ ਦਹਾਕਿਆਂ ਤੱਕ ਦਰਦ ਨੂੰ ਸਹਾਰਾ, ਖ਼ੁਸ਼ੀ ਨੂੰ ਹੁਲਾਰਾ ਅਤੇ ਪਿਆਰ ਨੂੰ ਅਮਰਤਾ ਬਖ਼ਸ਼ੀ। ਭਾਰਤੀ ਸੰਗੀਤ ਜਗਤ ਵਿੱਚ ਲਤਾ ਮੰਗੇਸ਼ਕਰ ਦਾ ਨਾਮ ਇੱਕ ਅਜਿਹਾ ਅਧਿਆਇ ਹੈ, ਜਿਸਨੇ ਸੁਰਾਂ ਦੀ ਪਰਿਭਾਸ਼ਾ ਹੀ ਬਦਲ ਦਿੱਤੀ। ਦਹਾਕਿਆਂ ਤੱਕ ਫਿਲਮੀ ਅਤੇ ਗੈਰ-ਫਿਲਮੀ ਗਾਇਕੀ ਵਿੱਚ ਸਰਗਰਮ ਰਹੀ ਲਤਾ ਦੀ ਆਵਾਜ਼ ਨੇ ਨਾ ਸਿਰਫ਼ ਹਿੰਦੁਸਤਾਨੀ ਸੰਗੀਤ ਨੂੰ ਨਵੀਂ ਪਛਾਣ ਦਿੱਤੀ, ਸਗੋਂ ਉਹ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦਾ ਅਟੁੱਟ ਹਿੱਸਾ ਬਣ ਗਈ। ਉਸ ਦੀ ਗਾਇਕੀ ਨੇ ਸਮੇਂ, ਰੁਝਾਨਾਂ ਅਤੇ ਪੀੜ੍ਹੀਆਂ ਦੀਆਂ ਹੱਦਾਂ ਨੂੰ ਪਾਰ ਕਰਕੇ ਆਪਣੇ ਅਸਰ ਨੂੰ ਸਥਾਈ ਬਣਾਇਆ।

ਇਸ ਤਰ੍ਹਾਂ ਤਕਰੀਬਨ ਸੱਤ ਦਹਾਕੇ ਦੱਖਣੀ ਏਸ਼ੀਆ ਖਿੱਤੇ ਦੇ ਸੰਗੀਤ ’ਤੇ ਛਾਈ ਰਹੀ ਲਤਾ ਮੰਗੇਸ਼ਕਰ ਜਿਸਮੀ ਤੌਰ ’ਤੇ ਭਾਵੇਂ ਸਾਡੇ ਦਰਮਿਆਨ ਨਹੀਂ ਹੈ, ਪਰ ਉਸ ਦੀ ਆਵਾਜ਼ ਹਮੇਸ਼ਾਂ ਕੰਨਾਂ ਵਿੱਚ ਰਸ ਘੋਲਦੀ ਰਹੇਗੀ। ‘ਮੇਰੀ ਆਵਾਜ਼ ਹੀ ਪਹਿਚਾਨ ਹੈ ਗ਼ਰ ਯਾਦ ਰਹੇ....’ ਬਿਲਕੁਲ...., ਉਹਦੀ ਮਿੱਠੀ ਆਵਾਜ਼ ਹੀ ਪਛਾਣ ਹੈ। ਪੰਡਤ ਦੀਨਾ ਨਾਥ ਮੰਗੇਸ਼ਕਰ ਤੇ ਬੀਬੀ ਸ਼ੇਵੰਤੀ ਦੇ ਘਰ 28 ਸਤੰਬਰ 1929 ਨੂੰ ਇੰਦੌਰ ਵਿੱਚ ਪੈਦਾ ਹੋਈ ਲਤਾ ਦਾ ਜਨਮ ਦਾ ਪੂਰਾ ਨਾਮ ਹੇਮਾ ਸੀ। ਦੀਨਾ ਨਾਥ ਇੱਕ ਗਾਇਕ, ਸੰਗੀਤਕਾਰ ਤੇ ਥੀਏਟਰ ਐਕਟਰ ਸੀ ਤੇ ਸ਼ੇਵੰਤੀ ਉਹਦੀ ਦੂਜੀ ਪਤਨੀ ਸੀ। ਪਹਿਲੀ ਪਤਨੀ ਨਰਮਦਾ ਦੀ ਮੌਤ ਤੋਂ ਬਾਅਦ ਉਸ ਨੇ ਆਪਣੀ ਛੋਟੀ ਸਾਲੀ (ਸ਼ੇਵੰਤੀ) ਨਾਲ ਵਿਆਹ ਕਰ ਲਿਆ ਸੀ।

Advertisement

ਦੀਨਾ ਨਾਥ ਦੇ ਗੋਆ ਵਾਲੇ ਪਿੰਡ ਦਾ ਨਾਮ ਮੰਗੇਸ਼ੀ ਸੀ, ਸੋ ਉਹਨੇ ਪਿੰਡ ਦੇ ਨਾਮ ਤੋਂ ਆਪਣਾ ਉਪਨਾਮ ‘ਮੰਗੇਸ਼ਕਰ’ ਰੱਖ ਲਿਆ। ਦੀਨਾ ਨਾਥ ਦੇ ਇੱਕ ਨਾਟਕ ‘ਭਾਵ ਬੰਧਨ’ ਦੇ ਮੁੱਖ ਚਰਿੱਤਰ ਦਾ ਨਾਂ ਲਤਿਕਾ ਹੋਣ ਕਰਕੇ ਉਹਨੇ ਆਪਣੀ ਧੀ ਦਾ ਨਾਂ, ਹੇਮਾ ਤੋਂ ਬਦਲ ਕੇ ‘ਲਤਾ’ ਮੰਗੇਸ਼ਕਰ ਰੱਖ ਦਿੱਤਾ ਸੀ। ਆਪਣੇ ਪੰਜ ਭੈਣ-ਭਰਾਵਾਂ (ਮੀਨਾ, ਆਸ਼ਾ, ਊਸ਼ਾ ਤੇ ਭਰਾ ਹਿਰਦੈਨਾਥ ਜੋ ਮੰਨੇ-ਪ੍ਰਮੰਨੇ ਗਾਇਕ ਤੇ ਸੰਗੀਤਕਾਰ ਹਨ) ਵਿੱਚੋਂ ਲਤਾ ਸਭ ਤੋਂ ਵੱਡੀ ਸੀ। ਜਦੋਂ ਉਹ ਅਜੇ ਪੰਜ ਸਾਲਾਂ ਦੀ ਹੀ ਸੀ ਤਾਂ ਉਹਨੇ ਆਪਣੇ ਪਿਤਾ ਦੇ ਸੰਗੀਤਕ ਨਾਟਕਾਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਸੀ।

Advertisement

ਲਤਾ ਨੇ ਸੰਗੀਤ ਦੇ ਮੁੱਢਲੇ ਪਾਠ ਆਪਣੇ ਪਿਤਾ ਕੋਲੋਂ ਹੀ ਸਿੱਖੇ ਸਨ। ਅਜੇ ਉਹ ਤੇਰ੍ਹਾਂ ਕੁ ਸਾਲਾਂ ਦੀ ਹੀ ਸੀ ਜਦ ਪਿਤਾ ਦੀ ਮੌਤ ਹੋ ਗਈ। ਨਵਯੁੱਗ ਚਿੱਤਰਪਟ ਫਿਲਮ ਕੰਪਨੀ ਦੇ ਮਾਲਕ ਮਾਸਟਰ ਵਿਨਾਇਕ ਦਮੋਦਰ ਨੇ ਆਪਣੇ ਮਿੱਤਰ ਦੀਨਾ ਨਾਥ ਦੇ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਤੇ ਪਾਲਣ ਪੋਸ਼ਣ ਕੀਤਾ। ਉਸ ਨੇ ਹੀ ਲਤਾ ਨੂੰ ਗਾਇਕ ਤੇ ਐਕਟਰ ਵਜੋਂ ਉਭਾਰਿਆ। 1942 ਵਿੱਚ ਲਤਾ ਨੇ ਮਰਾਠੀ ਫਿਲਮ ‘ਕਿਤੀ ਹਸਾਲ’ ਲਈ ਪਹਿਲਾ ਗੀਤ ਰਿਕਾਰਡ ਕਰਵਾਇਆ ਸੀ, ਪਰ ਐਡੀਟਿੰਗ ਵੇਲੇ ਇਹ ਫਿਲਮ ’ਚੋਂ ਕੱਢ ਦਿੱਤਾ ਗਿਆ। 1945 ਵਿੱਚ ਵਿਨਾਇਕ ਦੀ ਫਿਲਮ ਕੰਪਨੀ ਦੇ ਨਾਲ ਹੀ ਲਤਾ ਮੰਗੇਸ਼ਕਰ ਮੁੰਬਈ ਸ਼ਿਫਟ ਹੋ ਗਈ। ਇੱਥੇ ਉਸ ਨੇ ਭਿੰਡੀ ਬਾਜ਼ਾਰ ਘਰਾਣੇ ਦੇ ਉਸਤਾਦ ਅਮਾਨ ਅਲੀ ਖਾਨ ਕੋਲੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਤਾਲੀਮ ਹਾਸਲ ਕੀਤੀ। 1946 ਵਿੱਚ ਲਤਾ ਨੇ ਵਾਸੰਤ ਜੁਗਲੇਕਰ ਦੀ ਹਿੰਦੀ ਫਿਲਮ ‘ਆਪ ਕੀ ਸੇਵਾ ਮੇਂ’ ਲਈ ਦੱਤਾ ਦਵਜੇਕਰ ਦੇ ਸੰਗੀਤ ਵਿੱਚ ‘ਪਾ ਲਾਗੂੰ ਕਰ ਜੋੜ’ ਗੀਤ ਗਾਇਆ। ਵਿਨਾਇਕ ਦੀ ਇੱਕ ਹੋਰ ਹਿੰਦੀ ਫਿਲਮ ‘ਬੜੀ ਮਾਂ’ ਵਿੱਚ ਲਤਾ ਤੇ ਆਸ਼ਾ ਨੇ ਛੋਟਾ ਜਿਹਾ ਰੋਲ ਕੀਤਾ ਤੇ ਲਤਾ ਨੇ ਇੱਕ ਭਜਨ ‘ਮਾਤਾ ਤੇਰੇ ਚਰਨੋਂ ਮੇਂ’ ਗਾਇਆ ਸੀ। ਫਿਰ ਲਤਾ ਦੀ ਮੁਲਾਕਾਤ ਸੰਗੀਤਕਾਰ ਵਸੰਤ ਦੇਸਾਈ ਨਾਲ ਹੋਈ। ਵਿਨਾਇਕ ਦੀ ਮੌਤ ਤੋਂ ਬਾਅਦ ਸੰਗੀਤਕਾਰ ਗ਼ੁਲਾਮ ਹੈਦਰ ਦੀ ਦੇਖ-ਰੇਖ ਵਿੱਚ ਲਤਾ ਦੀ ਕਲਾ ਤੇ ਆਵਾਜ਼ ਦਾ ਜਾਦੂ ਹੋਰ ਵੀ ਚਮਕਿਆ। ਸੰਗੀਤਕਾਰ ਹੈਦਰ ਨੇ ਫਿਲਮ ‘ਮਜਬੂਰ’ (1948) ਲਈ ਨਾਜ਼ਿਮ ਪਾਨੀਪਤੀ ਦੇ ਬੋਲ ‘ਦਿਲ ਮੇਰਾ ਤੋੜਾ, ਮੁਝੇ ਕਹੀਂ ਕਾ ਨਾ ਛੋੜਾ’ ਗੀਤ ਲਤਾ ਕੋਲੋਂ ਗਵਾ ਕੇ ਇੱਕ ਵੱਡੀ ਸ਼ੁਰੂਆਤ ਕਰਵਾਈ। ਇਹ ਗੀਤ ਹਿੱਟ ਰਿਹਾ।

ਸਾਲ 2013 ’ਚ ਆਪਣੇ ਜਨਮ ਦਿਨ ਦੇ ਮੌਕੇ ’ਤੇ ਲਤਾ ਨੇ ਕਿਹਾ ਸੀ, ‘‘ਸੰਗੀਤਕਾਰ ਗ਼ੁਲਾਮ ਹੈਦਰ ਮੇਰਾ ਅਸਲ ਗੌਡ-ਫਾਦਰ ਹੈ। ਇਹੀ ਇੱਕ ਸੰਗੀਤਕਾਰ ਸੀ ਜਿਸ ਨੇ ਮੇਰੀ ਕਲਾ, ਗਾਇਕੀ ਤੇ ਆਵਾਜ਼ ਨੂੰ ਸਮਝਿਆ ਸੀ ਤੇ ਮਾਨਤਾ ਦਿੱਤੀ ਸੀ।’’ ਲਤਾ ਦੇ ਸ਼ੁਰੂਆਤੀ ਗੀਤਾਂ ’ਚੋਂ ਫਿਲਮ ‘ਮਹਿਲ’ (1949) ਦਾ ਅਦਾਕਾਰਾ ਮਧੂਬਾਲਾ ’ਤੇ ਫਿਲਮਾਇਆ ਗੀਤ ‘ਆਏਗਾ, ਆਨੇ ਵਾਲਾ, ਆਏਗਾ’ ਅੱਜ ਤੱਕ ਵੀ ਹਿੱਟ ਹੈ। ਲਤਾ ਮੰਗੇਸ਼ਕਰ ਨੇ ਅਨੇਕਾਂ ਸੰਗੀਤਕਾਰਾਂ ਜਿਵੇਂ ਅਨਿਲ ਬਿਸਵਾਸ, ਸ਼ੰਕਰ-ਜੈ ਕਿਸ਼ਨ, ਨੌਸ਼ਾਦ, ਸਚਿਨ ਦੇਵ ਬਰਮਨ, ਸਰਦੂਲ ਸਿੰਘ ਕਵਾਤਰਾ, ਅਮਰਨਾਥ, ਹੁਸਨਲਾਲ-ਭਗਤਰਾਮ, ਐੱਸ. ਮੋਹਿੰਦਰ, ਸੀ. ਰਾਮਚੰਦਰ, ਹੇਮੰਤ ਕੁਮਾਰ, ਸਲਿਲ ਚੌਧਰੀ, ਦੱਤਾ ਨਾਇਕ, ਖੱਯਾਮ, ਰਵੀ, ਸੱਜਾਦ ਹੁਸੈਨ, ਰੌਸ਼ਨ, ਕਲਿਆਣਜੀ-ਆਨੰਦਜੀ, ਵਸੰਤ ਦੇਸਾਈ, ਸੁਧੀਰ ਫਾਡਕੇ, ਹੰਸਰਾਜ ਬਹਿਲ, ਮਦਨ ਮੋਹਨ, ਜੈ ਦੇਵ, ਊਸ਼ਾ ਖੰਨਾ, ਆਰ.ਡੀ. ਬਰਮਨ ਆਦਿ ਦੇ ਨਿਰਦੇਸ਼ਨ ਅਧੀਨ ਅਨੇਕਾਂ ਹੀ ਗੀਤ ਗਾਏ।

ਲਤਾ ਨੇ ਰਾਗਾਂ ’ਤੇ ਆਧਾਰਿਤ ਕਈ ਗੀਤ ਗਾਏ ਜਿਵੇਂ ਨੌਸ਼ਾਦ ਦੀ ਮੌਸੀਕੀ ਵਿੱਚ ਫਿਲਮ ‘ਦੀਦਾਰ’, ‘ਬੈਜੂ ਬਾਵਰਾ’, ‘ਅਮਰ’, ‘ਨਾਗਿਨ’, ‘ਉੜਨ ਖਟੋਲਾ’, ‘ਮਦਰ ਇੰਡੀਆ’ ਆਦਿ ਵਿੱਚ। ਨੌਸ਼ਾਦ ਦੀ ਮੌਸੀਕੀ ਵਿੱਚ ਫਿਲਮ ‘ਮੁਗ਼ਲ-ਏ-ਆਜ਼ਮ’ ਦਾ ਮਧੂ ਬਾਲਾ ’ਤੇ ਫਿਲਮਾਇਆ ਗਿਆ ਗੀਤ ‘ਜਬ ਪਿਆਰ ਕੀਆ ਤੋੋ ਡਰਨਾ ਕਿਆ’ ਅੱਜ ਵੀ ਉਵੇਂ ਹੀ ਮਕਬੂਲ ਹੈ। ਧਾਰਮਿਕ ਗੀਤ ‘ਅੱਲਾ ਤੇਰੋ ਨਾਮ ਈਸ਼ਵਰ ਤੇਰੋ ਨਾਮ’ ਤੇ ‘ਪ੍ਰਭੂ ਤੇਰੋ ਨਾਮ ਜੋ ਧਿਆਏ ਫਲ ਪਾਏ’ ਜੈ ਦੇਵ ਦੇ ਸੰਗੀਤ ਵਿੱਚ ਹਨ। ਹੇਮੰਤ ਕੁਮਾਰ ਦੇ ਸੰਗੀਤ ਵਿੱਚ ਵਹੀਦਾ ਰਹਿਮਾਨ ’ਤੇ ਫਿਲਮਾਏ ਗਏ, ‘ਕਹੀਂ ਦੀਪ ਜਲੇ ਕਹੀਂ ਦਿਲ’ ਵਾਸਤੇ ਲਤਾ ਨੂੰ ਦੂਸਰੀ ਵਾਰ ਫਿਲਮਫੇਅਰ ਐਵਾਰਡ ਮਿਲਿਆ। ਭਾਰਤ-ਚੀਨ ਜੰਗ ਦੀ ਪਿੱਠ-ਭੂਮੀ ਵਿੱਚ ਲਤਾ ਮੰਗੇਸ਼ਕਰ ਨੇ ਬੇਹੱਦ ਸੰਵੇਦਨਾ ਨਾਲ ਭਰਿਆ ਕਵੀ ਪ੍ਰਦੀਪ ਦਾ ਲਿਖਿਆ ਤੇ ਸੀ. ਰਾਮਚੰਦਰ ਦੀ ਮੌਸੀਕੀ ਵਿੱਚ ਦੇਸ਼ ਭਗਤੀ ਦਾ ਗੀਤ ‘ਐ ਮੇਰੇ ਵਤਨ ਕੇ ਲੋਗੋ’ ਗਾਇਆ। ਇਸ ਸਭ ਦੇ ਨਾਲੋ ਨਾਲ ਸੰਗੀਤਕਾਰ ਸ਼ੰਕਰ-ਜੈ ਕਿਸ਼ਨ ਤੇ ਲਕਸ਼ਮੀ ਕਾਂਤ-ਪਿਆਰੇ ਲਾਲ ਦੇ ਨਾਲ ਵੀ ਵੱਖ ਵੱਖ ਫਿਲਮਾਂ ਦੇ ਗੀਤ ਰਿਕਾਰਡ ਹੁੰਦੇ ਰਹੇ। ਤਕਰੀਬਨ 35 ਸਾਲ ਦੇ ਅਰਸੇ ਦੌਰਾਨ ਲਤਾ ਨੇ ਲਕਸ਼ਮੀ-ਪਿਆਰੇ ਨਾਲ ਤਕਰੀਬਨ 700 ਹਿੱਟ ਗੀਤ ਰਿਕਾਰਡ ਕੀਤੇ।

ਇਹਦੇ ਨਾਲ ਹੀ ਲਤਾ ਨੇ ਮਰਾਠੀ ਤੇ ਪੰਜਾਬੀ ਫਿਲਮਾਂ ਵਿੱਚ ਵੀ ਗੀਤ ਗਾਏ। ਇਨ੍ਹਾਂ ਵਿੱਚ ਮਕਬੂਲ ਹਨ, ‘ਰੱਸੀ ਉਤੇ ਟੰਗਿਆ ਦੁਪੱਟਾ ਮੇਰਾ ਡੋਲਦਾ’ (ਮਦਾਰੀ), ‘ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ’ (ਗੁੱਡੀ), ‘ਨਾਲੇ ਲੰਮੀ ਤੇ ਨਾਲੇ ਕਾਲੀ ਹਾਏ ਵੇ ਚੰਨਾ ਰਾਤ ਜੁਦਾਈਆਂ ਵਾਲੀ’ (ਲੱਛੀ), ‘ਕਾਲੀ ਕੰਘੀ ਨਾਲ ਕਾਲੇ ਵਾਲ ਪਈ ਵਾਹਨੀਆਂ’ (ਲੱਛੀ), ‘ਜੇ ਮੈਂ ਦੁੱਧ ਚੋਵਾਂ ਤੇਰੀ ਯਾਦ ਆਵੇ ਛੰਮ ਛੰਮ ਰੋਵਾਂ’ (ਚਮਨ), ‘ਲਾਈ ਆ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ’ (ਪਿੰਡ ਦੀ ਕੁੜੀ), ‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ (ਨਸੀਬੋ), ‘ਮੇਰੀ ਗੁਰੂ ਪ੍ਰੀਤੀ’ (ਆਸਰਾ ਪਿਆਰ ਦਾ), ‘ਅੱੱਜ ਮੰਗਤੀ ਨੂੰ ਖਾਲੀ ਨਾ ਮੋੜੀਂ’ (ਆਸਰਾ ਪਿਆਰ ਦਾ), ‘ਅਸਾਂ ਕੀਤੀ ਏ ਤੇਰੇ ਨਾਲ ਥੂਹ’ (ਦੋ ਲੱਛੀਆਂ), ‘ਤੇ ਬਦਲੀਆਂ ਛਾ ਗਈਆਂ’ ਆਦਿ। ਉਸ ਨੇ ਕਈ ਗ਼ੈਰ ਫਿਲਮੀ ਪੰਜਾਬੀ ਗੀਤ ਵੀ ਗਾਏ ਅਤੇ ਲੰਡਨ ਦੇ ਅਲਬਰਟ ਹਾਲ ਵਿੱਚ ਗਾਈ ਗ਼ੈਰ ਫਿਲਮੀ ਲੋਕ ਗਾਥਾ ਹੀਰ ਵੀ ਕਾਫ਼ੀ ਮਕਬੂਲ ਹੈ। ਇਸ ਤੋਂ ਇਲਾਵਾ ਉਸ ਨੇ ਗੁਰਬਾਣੀ ਗਾਇਨ ਵੀ ਕੀਤਾ, ਜਿਸ ਵਿੱਚ ‘ਮਿਲ ਮੇਰੇ ਪੀਤਮਾ ਜੀਓ’, ‘ਦੇਹ ਸ਼ਿਵਾ ਵਰ ਮੋਹੇ ਇਹੈ’, ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ’, ‘ਹਰ ਜੁਗ ਜੁਗ ਭਗਤ ਉਪਾਇਆ’ ਆਦਿ।

ਜਦੋਂ ਲਤਾ ਤੇ ਮੁਹੰਮਦ ਰਫ਼ੀ ਦੀ ਪੂਰੀ ਗੁੱਡੀ ਚੜ੍ਹੀ ਹੋਈ ਸੀ, ਤਾਂ ਲਤਾ ਨੇ ਫਿਲਮ ਨਿਰਮਾਤਾਵਾਂ ਕੋਲੋਂ ਆਪਣੇ ਦੋਗਾਣਿਆਂ/ਗਾਣਿਆਂ ਦੀ ਰਾਇਲਟੀ ਲੈਣ ਦੀ ਮੰਗ ਕੀਤੀ, ਪਰ ਇਸ ਦੇ ਬਿਲਕੁਲ ਉਲਟ ਰਫ਼ੀ ਨੇ ਸਾਫ਼ ਨਾਂਹ ਕਰ ਦਿੱਤੀ। ਇਸ ਗੱਲ ਨਾਲ ਦੋਵਾਂ ਦਰਮਿਆਨ ਖਿੱਚੋਤਾਣ ਹੋ ਗਈ ਅਤੇ 1961 ’ਚ ਫਿਲਮ ‘ਮਾਇਆ’ ਦੇ ਗੀਤ ‘ਤਸਵੀਰ ਤੇਰੀ ਦਿਲ ਮੇਂ’ ਦੀ ਰਿਕਾਰਡਿੰਗ ਤੋਂ ਬਾਅਦ ਲਤਾ ਨੇ ਅੱਗੇ ਤੋਂ ਮੁਹੰਮਦ ਰਫ਼ੀ ਨਾਲ ਨਾ ਗਾਉਣ ਦਾ ਐਲਾਨ ਕਰ ਦਿੱਤਾ। ਚਾਰ ਸਾਲਾਂ ਦੇ ਵਕਫ਼ੇ ਬਾਅਦ ਐਕਟਰ ਨਰਗ਼ਿਸ ਦੀ ਕੋਸ਼ਿਸ਼ ਸਦਕਾ ਉਨ੍ਹਾਂ ਨੇ ਫਿਰ ਇੱਕਠਿਆਂ ਗਾਉਣਾ ਸ਼ੁਰੂ ਕਰ ਦਿੱਤਾ। ਫਿਰ ਇਸ ਗਾਇਕ ਜੋੜੀ ਨੇ ਫਿਲਮ ਜਗਤ ਨੂੰ ਕਈ ਮਕਬੂਲ ਗੀਤ ਦਿੱਤੇ।

ਸੰਪਰਕ: 98728-43491

Advertisement
×