ਰੰਗਾਂ ਦਾ ਬਾਦਸ਼ਾਹ
ਭਾਰਤੀ ਚਿੱਤਰਕਲਾ ਦੇ ਇਤਿਹਾਸ ਵਿੱਚ ਐੱਮ. ਐੱਫ. ਹੁਸੈਨ ਦਾ ਨਾਮ ਇੱਕ ਅਜਿਹੇ ਕਲਾਕਾਰ ਵਜੋਂ ਦਰਜ ਹੈ ਜਿਸ ਨੇ ਆਪਣੇ ਰੰਗਾਂ ਅਤੇ ਰੇਖਾਵਾਂ ਨਾਲ ਕਲਾ ਨੂੰ ਨਵੀਂ ਪਛਾਣ ਦਿੱਤੀ। ਦੌੜਦੇ ਘੋੜਿਆਂ ਦੇ ਚਿੱਤਰ, ਭਾਰਤੀ ਮਿਥਿਹਾਸ, ਲੋਕ-ਸੱਭਿਆਚਾਰ ਅਤੇ ਆਧੁਨਿਕ ਜੀਵਨ ਦੇ ਵਿਸ਼ਿਆਂ...
ਭਾਰਤੀ ਚਿੱਤਰਕਲਾ ਦੇ ਇਤਿਹਾਸ ਵਿੱਚ ਐੱਮ. ਐੱਫ. ਹੁਸੈਨ ਦਾ ਨਾਮ ਇੱਕ ਅਜਿਹੇ ਕਲਾਕਾਰ ਵਜੋਂ ਦਰਜ ਹੈ ਜਿਸ ਨੇ ਆਪਣੇ ਰੰਗਾਂ ਅਤੇ ਰੇਖਾਵਾਂ ਨਾਲ ਕਲਾ ਨੂੰ ਨਵੀਂ ਪਛਾਣ ਦਿੱਤੀ। ਦੌੜਦੇ ਘੋੜਿਆਂ ਦੇ ਚਿੱਤਰ, ਭਾਰਤੀ ਮਿਥਿਹਾਸ, ਲੋਕ-ਸੱਭਿਆਚਾਰ ਅਤੇ ਆਧੁਨਿਕ ਜੀਵਨ ਦੇ ਵਿਸ਼ਿਆਂ ਨੂੰ ਆਪਣੇ ਵਿਲੱਖਣ ਅੰਦਾਜ਼ ਵਿੱਚ ਪੇਸ਼ ਕਰਨ ਵਾਲੇ ਹੁਸੈਨ ਨੂੰ ਅਕਸਰ ‘ਭਾਰਤ ਦਾ ਪਿਕਾਸੋ’ ਵੀ ਕਿਹਾ ਜਾਂਦਾ ਹੈ। ਉਸ ਦੀ ਕਲਾ ਜਿੱਥੇ ਇੱਕ ਪਾਸੇ ਦੁਨੀਆ ਭਰ ਦੀਆਂ ਗੈਲਰੀਆਂ ਵਿੱਚ ਸਰਾਹੀ ਗਈ, ਉੱਥੇ ਕਈ ਵਾਰ ਵਿਵਾਦਾਂ ਦਾ ਕਾਰਨ ਵੀ ਬਣੀ। ਫਿਰ ਵੀ, ਉਸ ਦੀ ਸਿਰਜਣਾਤਮਕਤਾ, ਨਿਡਰ ਸੋਚ ਅਤੇ ਕਲਾ ਪ੍ਰਤੀ ਸਮਰਪਣ ਨੇ ਉਸ ਨੂੰ ਵੀਹਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਚਿੱਤਰਕਾਰਾਂ ਵਿੱਚ ਸ਼ਾਮਲ ਕਰ ਦਿੱਤਾ। ਐੱਮ. ਐੱਫ. ਹੁਸੈਨ ਦੀ ਜੀਵਨ ਯਾਤਰਾ ਸਿਰਫ਼ ਇੱਕ ਕਲਾਕਾਰ ਦੀ ਕਹਾਣੀ ਨਹੀਂ, ਸਗੋਂ ਕਲਾ ਦੀ ਆਜ਼ਾਦੀ, ਪ੍ਰਯੋਗਸ਼ੀਲਤਾ ਅਤੇ ਪ੍ਰਗਟਾਵੇ ਦੇ ਅਧਿਕਾਰ ਦੀ ਵੀ ਦਾਸਤਾਨ ਹੈ।
ਹੁਸੈਨ ਨੂੰ ਅਕਸਰ ਇਹ ਤਿੰਨ ਸਵਾਲ ਪੁੱਛੇ ਜਾਂਦੇ ਰਹੇ ਹਨ ਕਿ ਤੁਹਾਡੀਆਂ ਪੇਂਟਿੰਗਾਂ ’ਚ ਜ਼ਿਆਦਾ ਘੋੜੇ ਕਿਉਂ ਦੌੜਦੇ ਹਨ? ਤੁਸੀਂ ਹਮੇਸ਼ਾਂ ਨੰਗੇ ਪੈਰ ਕਿਉਂ ਰਹਿੰਦੇ ਹੋ? ਅਤੇ ਤੁਸੀਂ ਇੰਨਾ ਵੱਡਾ ਸੋਟੀ ਨੁਮਾ ਬੁਰਸ਼ ਹਮੇਸ਼ਾਂ ਆਪਣੇ ਕੋਲ ਕਿਉਂ ਰੱਖਦੇ ਹੋ? ਤਾਂ ਹੁਸੈਨ ਦਾ ਜਵਾਬ ਹੁੰਦਾ ਸੀ ਕਿ ਮੇਰੀਆਂ ਪੇਂਟਿੰਗਾਂ ਦੇ ਦੌੜਦੇ ਘੋੜਿਆਂ ਨੂੰ ਤੁਸੀਂ ਮੇਰਾ ਪ੍ਰੋਮੋ ਸਮਝੋ। ਹਮੇਸ਼ਾਂ ਨੰਗੇ ਪੈਰੀਂ ਚੱਲਣ ਬਾਰੇ ਜਵਾਬ ਹੁੰਦਾ ਸੀ, ਮੈਨੂੰ ਛੋਟੇ ਰਸਤਿਆਂ ’ਤੇ ਚੱਲਣਾ ਤੇ ਝੁੱਗੀਆਂ ਝੌਂਪੜੀਆਂ ’ਚ ਜਾਣਾ ਚੰਗਾ ਲੱਗਦਾ ਹੈ। ਇਸ ਲਈ ਕਿ ਉਹ ਲੋਕ ਮੈਨੂੰ ਆਪਣਾ ਸਮਝਣ। ਮੇਰੇ ਪਿਤਾ ਜੀ ਅਕਸਰ ਕਹਿੰਦੇ ਸਨ ਕਿ ‘ਤੇਰੇ ਪੈਰ ਤੇਰੀ ਮਾਂ ਵਰਗੇ ਹਨ।’ ਫਿਰ ਮੈਂ ਉਨ੍ਹਾਂ ਵਿੱਚ ਜੁੱਤੇ ਕਿਵੇਂ ਪਹਿਨ ਸਕਦਾ ਹਾਂ। ਤੀਸਰੇ ਸਵਾਲ ਦਾ ਜਵਾਬ ਹੁੰਦਾ ਸੀ, ‘ਇਹ ਬੁਰਸ਼ ਨਹੀਂ ਛੜੀ ਹੈ। ਬਲਕਿ ਗੁੱਲਛੜੀ ਹੈ। ਇਸ ਨੇ ਬੜੇ-ਬੜੇ ਗੁੱਲ ਖਿਲਾਏ ਹਨ।’
ਐੱਮ. ਐੱਫ ਹੁਸੈਨ ਦਾ ਜਨਮ 17 ਸਤੰਬਰ 1915 ਨੂੰ ਮਹਾਰਾਸ਼ਟਰ ਦੇ ਪਿੰਡ ਪੰਡਰਪੁਰ ਵਿੱਚ ਪਿਤਾ ਫ਼ਿਦਾ ਹੁਸੈਨ ਤੇ ਮਾਤਾ ਜ਼ੁਨੈਬ ਹੁਸੈਨ ਦੇ ਘਰ ਹੋਇਆ। ਜਨਮ ਤੋਂ ਕੁਝ ਸਮੇਂ ਬਾਅਦ ਹੀ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ। ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਤੇ ਪਰਿਵਾਰ ਸਮੇਤ ਇੰਦੌਰ ਆ ਕੇ ਰਹਿਣ ਲੱਗ ਪਏ। ਇੱਕ ਬੱਚੇ ਲਈ ਬਚਪਨ ਵਿੱਚ ਹੀ ਮਾਂ ਦਾ ਤੁਰ ਜਾਣਾ ਬਹੁਤ ਕਠਿਨ ਹੁੰਦਾ ਹੈ। ਮਾਂ ਦੀ ਯਾਦ ਸਦਾ ਉਸ ਦੇ ਸੀਨੇ ਵਿੱਚ ਵੱਸੀ ਰਹੀ।
ਹੁਸੈਨ ਦੀ ਉਮਰ ਉਸ ਵਕਤ ਡੇਢ ਸਾਲ ਸੀ ਜਦ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਸਾਰੀ ਉਮਰ ਉਹ ਆਪਣੀ ਮਾਂ ਦੇ ਪਿਆਰ ਨੂੰ ਤਰਸਦਾ ਰਿਹਾ। ਉਸ ਨੇ ਆਪਣੀ ਮਾਂ ਨੂੰ ਕਈ ਪੇਂਟਿੰਗਾਂ ਜ਼ਰੀਏ ਹਮੇਸ਼ਾਂ ਯਾਦ ਰੱਖਿਆ।
ਪਿਤਾ ਦੀ ਮਰਜ਼ੀ ਦੇ ਮੁਤਾਬਿਕ ਹੁਸੈਨ ਲਈ ਦਰਜੀ ਦਾ ਕਿੱਤਾ ਚੁਣਿਆ ਗਿਆ, ਪਰ ਪਰਮਾਤਮਾ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਇੰਦੌਰ ਆ ਕੇ ਹੁਸੈਨ ਆਰਟ ਸਕੂਲ ਦੇ ਪ੍ਰੋ. ਦੇਵ ਲਾਲੀਕਰ ਕੋਲ ਚਲੇ ਗਏ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਤਕਰੀਬਨ ਵੀਹ ਸਾਲ ਦੀ ਉਮਰ ਵਿੱਚ ਉਸ ਨੇ ਮੁੰਬਈ ਦਾ ਰੁਖ਼ ਕੀਤਾ। ਉਸ ਨੂੰ ਵੀ ਕਈ ਕਲਾਕਾਰਾਂ ਵਾਂਗ ਮੁੰਬਈ ਦੀਆਂ ਸੜਕਾਂ ’ਤੇ ਫਾਕੇ ਕੱਟਣੇ ਪਏ। ਉੱਥੇ ਉਸ ਨੇ ਕੰਧਾਂ ਉੱਪਰ ਪੋਸਟਰ ਆਦਿ ਤੇ ਫਿਲਮਾਂ ਦੇ ਹੋਰਡਿੰਗ ਪੇਂਟ ਕਰਨੇ ਆਰੰਭ ਕੀਤੇ। ਉਦੋਂ ਫਿਲਮਾਂ ਦੇ ਹੋਰਡਿੰਗ ਹੱਥਾਂ ਨਾਲ ਲਿਖੇ ਜਾਂਦੇ ਸਨ। ਉੱਥੇ ਹੀ ਹੁਸੈਨ ਨੇ ਜੇ.ਜੇ. ਸਕੂਲ ਵਿੱਚ ਦਾਖਲਾ ਲਿਆ। ਵਿਹਲੇ ਸਮੇਂ ਵਿੱਚ ਉਸ ਨੇ ਖਿਡੌਣਿਆਂ ਦੀ ਫੈਕਟਰੀ ਵਿੱਚ ਮਜ਼ਦੂਰੀ ਵੀ ਕੀਤੀ। ਸਿਰ ਢਕਣ ਲਈ ਬੜੀ ਜਦੋ-ਜਹਿਦ ਤੋਂ ਬਾਅਦ ਇੱਕ ਕਮਰੇ ਦਾ ਜੁਗਾੜ ਕੀਤਾ।
ਸਾਲ 1941 ਵਿੱਚ 26 ਸਾਲ ਦੀ ਉਮਰ ਵਿੱਚ ਉਸ ਨੇ ਫ਼ਾਜ਼ੀਲਾ ਬੀਬੀ ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਪੰਜ ਬੱਚੇ ਸ਼ਮਸ਼ਾਦ ਹੁਸੈਨ, ਰਸੀਆ ਹੁਸੈਨ, ਮੁਸਤਫਾ ਹੁਸੈਨ, ਉਵੇਜ਼ ਹੁਸੈਨ ਤੇ ਸ਼ਾਫਤ ਹੁਸੈਨ ਹੋਏ। ਉਨ੍ਹਾਂ ਦਾ ਇੱਕ ਬੇਟਾ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲ ਰਿਹਾ ਹੈ। ਇੱਕ ਬੇਟਾ ਉਵੇਜ਼ ਹੁਸੈਨ ਫਿਲਮੀ ਖੇਤਰ ਨਾਲ ਜੁੜਿਆ ਹੋਇਆ ਹੈ। ਉਸ ਨੇ ਆਪਣੇ ਪਿਤਾ ਨਾਲ ਮਿਲ ਕੇ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।
ਜਦੋਂ ਮਕਬੂਲ ਫ਼ਿਦਾ ਹੁਸੈਨ ਫਿਲਮਾਂ ਦੇ ਹੋਰਡਿੰਗ ਲਿਖਦਾ ਸੀ ਤੇ ਆਰਟ ਸਕੂਲ ’ਚੋਂ ਚਿੱਤਰਕਾਰੀ ਸਿੱਖ ਕੇ ਚਿੱਤਰ ਬਣਾਉਣੇ ਆਰੰਭ ਕੀਤੇ ਤਾਂ ਉਹ ਚਿੱਤਰ ਬਣਾ ਕੇ ਸਾਈਕਲ ’ਤੇ ਤੁਰ ਫਿਰ ਕੇ ਜਾਂ ਸੜਕ ਕਿਨਾਰੇ ਉਨ੍ਹਾਂ ਨੂੰ ਵੇਚਦਾ ਸੀ। ਉਨ੍ਹਾਂ ਦਿਨਾਂ ਵਿੱਚ ਇੱਕ ਗਾਹਕ ਨੇ ਉਸ ਦਾ ਚਿੱਤਰ ਦਸ ਰੁਪਏ ਵਿੱਚ ਖਰੀਦਿਆ ਸੀ। ਮਕਬੂਲ ਫ਼ਿਦਾ ਹੁਸੈਨ ਕਹਿੰਦੇ ਹੁੰਦੇ ਸਨ ਕਿ ਭਾਵੇਂ ਅੱਜ ਉਸ ਦੀਆਂ ਪੇਟਿੰਗਾਂ ਲੱਖਾਂ ਕਰੋੜਾਂ ਦੀਆਂ ਵਿਕ ਰਹੀਆਂ ਹਨ, ਪਰ ਉਹ ਦਸ ਰੁਪਏ ’ਚ ਵਿਕੀ ਪੇਂਟਿੰਗ ਉਸ ਲਈ ਬਹੁਤ ਮਾਅਨੇ ਰੱਖਦੀ ਹੈ। ਉਹ ਉਸ ਲਈ ਦਸ ਲੱਖ ਦੇ ਬਰਾਬਰ ਹੈ। ‘ਸੁਨਹਿਰਾ ਸੰਸਾਰ’ ਨਾਂ ਦੀ ਪੇਂਟਿੰਗ ਨੇ ਹੁਸੈਨ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਇਸ ਪੇਂਟਿੰਗ ਸਦਕਾ ਉਸ ਦੀ ਗਿਣਤੀ ਵੱਡੇ ਕਲਾਕਾਰਾਂ ਵਿੱਚ ਹੋਣ ਲੱਗੀ ਸੀ। ਉਸ ਤੋਂ ਬਾਅਦ ਉਸ ਨੇ ਇੱਕ ਹੋਰ ਪੇਂਟਿੰਗ ‘ਮੱਕੜੀ ਦਾ ਜਾਲ ਤੇ ਲੈਂਪ’ ਬਣਾਈ। ਇਸ ਪੇਂਟਿੰਗ ਦੀ ਪਬਲਸਿਟੀ ਲਈ ਹੁਸੈਨ ਹੱਥ ਵਿੱਚ ਲੈਂਪ ਤੇ ਜੁੱਤੀ ਫੜ ਕੇ ਨੰਗੇ ਪੈਰੀਂ ਚੱਲਦਾ ਸੀ। ਉਹ ਬਚਪਨ ਤੋਂ ਹੀ ਘਰ ਵਿੱਚ ਗ਼ਰੀਬੀ ਕਾਰਨ ਨੰਗੇ ਪੈਰੀਂ ਰਿਹਾ ਸੀ। ਕਲਾਕਾਰ ਬਣ ਕੇ ਜਦੋਂ ਉਸ ਦੀਆਂ ਕਰੋੜਾਂ ਰੁਪਏ ਦੀਆਂ ਪੇਂਟਿੰਗਾਂ ਵਿਕਣ ਲੱਗ ਪਈਆਂ ਸਨ ਤਾਂ ਵੀ ਉਹ ਸਾਰੀ ਉਮਰ ਨੰਗੇ ਪੈਰੀਂ ਹੀ ਰਿਹਾ।
ਹੁਸੈਨ ਦੀਆਂ ਕਲਾਕ੍ਰਿਤੀਆਂ ਦੀਆਂ ਨੁਮਾਇਸ਼ਾਂ ਲੱਗਣੀਆਂ ਸ਼ੁਰੂ ਹੋਈਆਂ। 1952 ਵਿੱਚ ਪਹਿਲੀ ਨੁਮਾਇਸ਼ ਜਿਉਰਿਖ ਸ਼ਹਿਰ ਵਿੱਚ ਲੱਗੀ। ਉਸ ਦੀਆਂ ਪੇਂਟਿੰਗਾਂ ਵਿੱਚ ਜ਼ਿੰਦਗੀ ਦੇ ਰਹੱਸ ਛੁਪੇ ਹੋਏ ਸਨ। ਉਸ ਨੇ ਘੋੜੇ, ਔਰਤਾਂ, ਮਨੁੱਖ ਆਦਿ ਦੇ ਚਿੱਤਰਾਂ ਨੂੰ ਬਾਖੂਬੀ ਸਿਰਜਿਆ। ਮਹਾਭਾਰਤ ਦੇ 45 ਚਿੱਤਰ ਉਸ ਨੇ 50 ਦਿਨਾਂ ਵਿੱਚ ਬਣਾ ਕੇ ਰਿਕਾਰਡ ਕਾਇਮ ਕੀਤਾ। ਇੱਕ ਅਜਿਹਾ ਸਮਾਂ ਆਇਆ ਕਿ ਹੁਸੈਨ ਦੀਆਂ ਪੇਂਟਿੰਗਾਂ ਦੀ ਕੀਮਤ ਕਰੋੜਾਂ ਤੱਕ ਪਹੁੰਚ ਗਈ। ਜਦੋਂ ਉਸ ਨੇ ‘ਗੰਗਾ ਜਮੁਨਾ’ ਦੀ ਲੜਾਈ ਬਿਆਨ ਕਰਦੀ ਇੱਕ ਬਹੁਤ ਵੱਡੀ ਪੇਂਟਿੰਗ ਬਣਾਈ ਤਾਂ ਇਸ ਨੇ ਰਿਕਾਰਡ ਕਾਇਮ ਕੀਤਾ। ਇਹ ਪੇਂਟਿੰਗ ਤਕਰੀਬਨ ਸੱਤ ਕਰੋੜ ਰੁਪਏ ਵਿੱਚ ਵਿਕੀ। ਇੱਕ ਹੋਰ ਪੇਂਟਿੰਗ ਲੰਡਨ ਵਿੱਚ ਤਿੰਨ ਕਰੋੜ ਪਚੱਤਰ ਲੱਖ ਰੁਪਏ ਵਿੱਚ ਵਿਕੀ। ਇੱਕ ਪੇਂਟਿੰਗ ਅੱਸੀ ਲੱਖ ਅਮਰੀਕੀ ਡਾਲਰ ’ਚ ਵਿਕੀ। ਉਸ ਦੀ ਮੌਤ ਤੋਂ ਤੁਰੰਤ ਬਾਅਦ ਦੋ ਪੇਂਟਿੰਗਾਂ ਇੱਕ ਅੱਸੀ ਲੱਖ ਅਤੇ ਦੂਜੀ ਬਵੰਜਾਂ ਲੱਖ ਰੁਪਏ ਵਿੱਚ ਵਿਕੀ।
ਇੱਕ ਵਾਰ ਹੁਸੈਨ ਆਪਣੀ ਇੱਕ ਮਹਿਲਾ ਦੋਸਤ ਨਾਲ ਕਾਲੇ ਕੱਪੜੇ ਪਾ ਕੇ ਨੰਗੇ ਪੈਰੀਂ ਦਾਤਾ ਗੰਜ਼ ਬਖ਼ਸ਼ ਦੇ ਦਰਬਾਰ ’ਚ ਗਿਆ। ਉਸ ਨੇ ਆਪਣੀ ਮਹਿਲਾ ਦੋਸਤ ਨੂੰ ਕਿਹਾ, ‘ਤੁਮ ਦਰਬਾਰ ਮੇਂ ਹਾਜ਼ਰੀ ਦੇ ਆਓ। ਮੈਂ ਢਾਬੇ ਪੇ ਬੈਠ ਕਰ ਚਾਏ ਪੀ ਲੇਤਾ ਹੂੰ।’ ਉਹ ਮਹਿਲਾ ਦੋਸਤ ਜਦੋਂ ਦਰਬਾਰ ਤੋਂ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਇੱਕ ਬਜ਼ੁਰਗ ਔਰਤ ਹੁਸੈਨ ਦੇ ਹੱਥ ’ਚ ਦੋ ਰੁਪਏ ਦੇ ਕੇ ਕਹਿ ਰਹੀ ਸੀ, ‘‘ਬਾਬਾ ਹਮਾਰੇ ਲੀਏ ਦੂਆ ਕੀਜੀਏ।’’ ਹੁਸੈਨ ਚੁੱਪ-ਚਾਪ ਸੁਣਦਾ ਤੇ ਦੇਖਦਾ ਰਿਹਾ। ਅਸਲ ਵਿੱਚ ਉਸ ਔਰਤ ਦੀ ਵੀ ਕੋਈ ਗ਼ਲਤੀ ਨਹੀ ਸੀ ਕਿਉਂਕਿ ਇੱਕ ਤਾਂ ਹੁਸੈਨ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ ਤੇ ਦੂਜਾ ਨੰਗੇ ਪੈਰੀਂ ਸੀ। ਉਹ ਔਰਤ ਹੁਸੈਨ ਨੂੰ ਕੋਈ ਫ਼ਕੀਰ ਸਮਝ ਬੈਠੀ ਸੀ।
ਹੁਸੈਨ ਇੱਕ ਵਾਰ ਆਪਣੇ ਬਚਪਨ ਦੇ ਦੋਸਤ ਨੂੰ ਪੂਰੇ ਸੱਤਰ ਸਾਲ ਬਾਅਦ ਮਿਲਿਆ। ਜਦੋਂ ਉਹ ਉਸ ਦੇ ਘਰ ਗਿਆ ਤਾਂ ਉਸ ਦੇ ਘਰ ਦੀਆਂ ਖਾਲੀ ਦੀਵਾਰਾਂ ਦੇਖ ਕੇ ਉਹ ਰਹਿ ਨਾ ਸਕਿਆ ਤੇ ਕੋਲ ਜੋ ਬੁਰਸ਼ ਸੀ, ਉਸ ਨਾਲ ਕੰਧ ’ਤੇ ਮਿੰਟਾਂ-ਸਕਿੰਟਾਂ ’ਚ ਭੱਜਦੇ ਹੋਏ ਘੋੜਿਆਂ ਦੀਆਂ ਤਸਵੀਰਾਂ ਬਣਾ ਦਿੱਤੀਆਂ। ਉਸ ਦੋਸਤ ਦੀ ਘਰਵਾਲੀ ਦੇਖਦੀ ਰਹੀ ਤੇ ਆਪਣੇ ਪਤੀ ਨੂੰ ਦੂਜੇ ਕਮਰੇ ’ਚ ਬੁਲਾ ਕੇ ਕਹਿਣ ਲੱਗੀ ਕਿ ‘ਤੁਸੀਂ ਆਪਣੇ ਦੋਸਤ ਨੂੰ ਮਨ੍ਹਾ ਕਿਉਂ ਨਹੀਂ ਕੀਤਾ। ਉਸ ਨੇ ਸਾਰੀ ਦੀਵਾਰ ਖ਼ਰਾਬ ਕਰ ਦਿੱਤੀ ਹੈ।’
ਉਸ ਦੀਆਂ ਕਲਾਕ੍ਰਿਤੀਆਂ ਨੂੰ ਸਮੇਂ-ਸਮੇਂ ’ਤੇ ਕਈ ਮਾਨ-ਸਨਮਾਨ ਵੀ ਮਿਲੇ, ਜਿਸ ਵਿੱਚ 1955 ਵਿੱਚ ਨੈਸ਼ਨਲ ਐਵਾਰਡ, 1959 ਵਿੱਚ ਬੀਨਾਲੇ ਟੋਕੀਓ ਵਿੱਚ ਐਵਾਰਡ ਅਤੇ 1966 ਵਿੱਚ ਹੁਸੈਨ ਨੂੰ ‘ਪਦਮ ਸ਼੍ਰੀ’ ਨਾਲ ਨਿਵਾਜਿਆ ਗਿਆ। 1971 ਵਿੱਚ ਪਿਕਾਸੋ ਨਾਲ ਸਾਉ ਪਾਉਲੋ ਬੀਨਾਲੇ ਵਿੱਚ ਸੱਦਾ ਪੱਤਰ ਵੀ ਮਿਲਿਆ। ਰਾਜਨੀਤੀ ਭਾਵੇਂ ਉਸ ਦੇ ਵੱਸ ਦੀ ਗੱਲ ਨਹੀਂ ਸੀ, ਪਰ 1984 ਵਿੱਚ ਉਹ ਰਾਜ ਸਭਾ ਦਾ ਮੈਂਬਰ ਵੀ ਬਣਿਆ। 1991 ਵਿੱਚ ‘ਪਦਮ ਵਿਭੂਸ਼ਣ’ ਨਾਲ ਨਿਵਾਜਿਆ ਗਿਆ। 1982 ’ਚ ਉਸ ਦੇ ਨਾਂ ਵਾਲੀ ਡਾਕ ਟਿਕਟ ਜਾਰੀ ਕਰਕੇ ਭਾਰਤ ਸਰਕਾਰ ਨੇ ਉਸ ਨੂੰ ਮਾਨ-ਸਨਮਾਨ ਬਖ਼ਸ਼ਿਆ। ਹੁਸੈਨ ਨੂੰ ‘ਕਲਾਕਾਰ ਦੀ ਅੱਖ’ ਫਿਲਮ ਲਈ ਜਰਮਨ ਵਿੱਚ ‘ਗੋਲਡਨ ਬੀਅਰ’ ਐਵਾਰਡ ਮਿਲਿਆ।
ਹੁਸੈਨ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ। 1967 ਵਿੱਚ ‘ਥਰੂ ਦਿ ਆਈਜ਼ ਆਫ ਏ ਪੇਂਟਰ’ ਫਿਲਮ ਬਣਾਈ। ਇਸ ਫਿਲਮ ਨੂੰ ਨੈਸ਼ਨਲ ਫਿਲਮ ਐਵਾਰਡ ਵੀ ਮਿਲਿਆ। ਮਕਬੂਲ ਫਿਦਾ ਹੁਸੈਨ ਮਾਧੁਰੀ ਦੀਕਸ਼ਿਤ ਦਾ ਬਹੁਤ ਦੀਵਾਨਾ ਸੀ। ਉਸ ਨੇ ਮਾਧੁਰੀ ਦੀ ਇੱਕ ਫਿਲਮ ਸੱਠ ਵਾਰ ਦੇਖੀ ਸੀ। ਇਸੇ ਲਈ 2000 ਵਿੱਚ ਉਸ ਨੇ ਮਾਧੁਰੀ ਦੀਕਸ਼ਿਤ ਨੂੰ ਲੈ ਕੇ ‘ਗਜ਼ਗਾਮਿਨੀ’ ਨਾਂ ਦੀ ਫਿਲਮ ਦਾ ਨਿਰਮਾਣ ਕੀਤਾ। ਇਹ ਫਿਲਮ ਦਸੰਬਰ 2000 ’ਚ ਰਿਲੀਜ਼ ਹੋਈ ਸੀ। ਉਸ ਤੋਂ ਬਾਅਦ ਪ੍ਰਸਿੱਧ ਅਭਿਨੇਤਰੀ ਤੱਬੂ ਨੂੰ ਲੈ ਕੇ ‘ਮੀਨਾਕਸ਼ੀ’ ਨਾਂ ਦੀ ਫਿਲਮ ਬਣਾਈ। 2012 ’ਚ ‘ਪਹਿਲਾ ਸਿਤਾਰਾ’ ਦਾ ਨਿਰਮਾਣ ਕੀਤਾ।
ਇੱਕ ਵਾਰ ਮਕਬੂਲ ਫ਼ਿਦਾ ਹੁਸੈਨ ਬਿਮਾਰ ਸੀ, ਜਿਸ ’ਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਉਸ ਨਾਲ ਉਸ ਦੀ ਇੱਕ ਮਹਿਲਾ ਦੋਸਤ ਸੀ। ਉਨ੍ਹੀਂ ਦਿਨੀਂ ਉਸੇ ਹਸਪਤਾਲ ਵਿੱਚ ਮੀਨਾ ਕੁਮਾਰੀ ਵੀ ਜ਼ੇਰੇ ਇਲਾਜ ਸੀ। ਉਸ ਮਹਿਲਾ ਦੋਸਤ ਨੂੰ ਜਦੋਂ ਮੀਨਾ ਕੁਮਾਰੀ ਦੇ ਹਸਪਤਾਲ ਵਿੱਚ ਦਾਖਲ ਹੋਣ ਬਾਰੇ ਪਤਾ ਚੱਲਿਆ ਤਾਂ ਉਹ ਮੀਨਾ ਕੁਮਾਰੀ ਨੂੰ ਮਿਲਣ ਗਈ। ਮੀਨਾ ਕੁਮਾਰੀ ਨਾਲ ਗੱਲਬਾਤ ਹੋਈ, ਹਾਲਚਾਲ ਪੁੱਛਿਆ ਤੇ ਨਾਲ ਹੀ ਕਿਹਾ ਕਿ ਇਸੇ ਹਸਪਤਾਲ ਵਿੱਚ ਮਕਬੂਲ ਫ਼ਿਦਾ ਹੁਸੈਨ ਵੀ ਦਾਖਲ ਹਨ ਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ ਤਾਂ ਮੀਨਾ ਕੁਮਾਰੀ ਨੇ ਝੱਟ-ਪੱਟ ਹਾਂ ਕਹਿ ਦਿੱਤੀ ਤੇ ਕਿਹਾ ਕਿ ‘ਮੈਂ ਵੀ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹਾਂ।’ ਉਸ ਮਹਿਲਾ ਦੋਸਤ ਦੇ ਕਹਿਣ ’ਤੇ ਹੁਸੈਨ ਮੀਨਾ ਕੁਮਾਰੀ ਨੂੰ ਮਿਲਣ ਗਏ ਤੇ ਜਾ ਕੇ ਬੈਠ ਗਏ। ਹਾਲਚਾਲ ਪੁੱਛਿਆ। ਫਿਰ ਸਾਰੀ ਮੁਲਾਕਾਤ ਵਿੱਚ ਅੱਖਾਂ ਨੀਵੀਆਂ ਕਰਕੇ ਬੈਠੇ ਰਹੇ। ਸਿਰਫ਼ ਮੀਨਾ ਕੁਮਾਰੀ ਹੀ ਬੋਲਦੀ ਰਹੀ। ਜਦੋਂ ਉਹ ਆਪਣੀ ਮਹਿਲਾ ਦੋਸਤ ਨਾਲ ਉਸ ਕਮਰੇ ਵਿੱਚੋਂ ਬਾਹਰ ਆਏ ਤਾਂ ਉਸ ਮਹਿਲਾ ਦੋਸਤ ਨੇ ਕਿਹਾ ਕਿ ‘ਹੁਸੈਨ ਸਾਹਬ, ਕਮਾਲ ਹੈ ਆਪ ਨਜ਼ਰੇ ਝੁਕਾ ਕਰ ਬੈਠੇ ਰਹੇ ਔਰ ਏਕ ਲਫ਼ਜ ਭੀ ਨਹੀ ਬੋਲੇ’ ਤਾਂ ਹੁਸੈਨ ਨੇ ਸਿਰਫ਼ ਇਹੀ ਕਿਹਾ, ‘ਕਿਆ ਕਰੂ ਉੱਠੀ ਹੀ ਨਹੀਂ, ਕੰਮਬਖਤ ਨਜ਼ਰੇਂ ਹੀ ਕੱਟ ਗਈ।’
ਹੁਸੈਨ ਫੱਕਰ ਸੁਭਾਅ ਦਾ ਆਦਮੀ ਸੀ। ਇੱਕ ਵਾਰ ਉਹ ਆਪਣੇ ਕਿਸੇ ਦੋਸਤ ਨੂੰ ਮਿਲਣ ਗਿਆ ਅਤੇ ਉਸ ਦੇ ਘਰ ਹੀ ਠਹਿਰਿਆ। ਇੱਕ-ਦੋ ਦਿਨਾਂ ਬਾਅਦ ਵਾਪਸ ਜਾਣ ਲਈ ਘਰੋਂ ਨਿਕਲਿਆ, ਪਰ ਰਸਤੇ ਵਿੱਚੋਂ ਫਿਰ ਵਾਪਸ ਦੋਸਤ ਦੇ ਘਰ ਪਹੁੰਚ ਗਿਆ। ਇਸ ਤਰ੍ਹਾਂ ਦੋ-ਤਿੰਨ ਵਾਰੀ ਹੋਇਆ। ਉਨ੍ਹਾਂ ਦਾ ਨੌਕਰ ਵੀ ਕਹਿਣ ਲੱਗਿਆ, ‘‘ਯਹ ਕੈਸੇ ਸਾਹਬ ਹੈ। ਇਨ ਕੇ ਜਾਨੇ ਕੇ ਬਾਅਦ ਮੈਂ ਕਮਰਾ ਸਾਫ਼ ਕਰਤਾ ਹੂੰ। ਯਹ ਬੀਚ ਰਾਸਤੇ ਮੇਂ ਸੇ ਫਿਰ ਵਾਪਸ ਆ ਜਾਤੇ ਹੈ।’ ਫਿਰ ਚੌਥੇ-ਪੰਜਵੇਂ ਦਿਨ ਏਅਰਪੋਰਟ ਲਈ ਘਰੋਂ ਨਿਕਲੇ। ਮਰਸਡੀਜ਼ ਗੱਡੀ ’ਚ ਡਰਾਈਵਰ ਏਅਰਪੋਰਟ ਛੱਡਣ ਜਾ ਰਿਹਾ ਸੀ। ਰਸਤੇ ਵਿੱਚ ਡਰਾਈਵਰ ਨੂੰ ਕਹਿੰਦਾ ਕਿ ‘ਗਾੜੀ ਰੋਕ ਮੈਂਨੇ ਆਰਾਮ ਕਰਨਾ ਹੈ।’ ਡਰਾਈਵਰ ਨੇ ਗੱਡੀ ਰੋਕੀ। ਹੁਸੈਨ ਗੱਡੀ ’ਚੋਂ ਆਪਣਾ ਬੈਗ ਲੈ ਕੇ ਬਾਹਰ ਨਿਕਲਿਆ। ਬੈਗ ਸਿਰਹਾਣੇ ਰੱਖ ਕੇ ਸੜਕ ਦੇ ਕਿਨਾਰੇ ਲੇਟ ਗਿਆ। ਉਸ ਡਰਾਈਵਰ ਨੇ ਆਪਣੇ ਮਾਲਕਾਂ ਨੂੰ ਫੋਨ ’ਤੇ ਦੱਸਿਆ ‘ਯਹ ਕੈਸੇ ਸਾਹਬ ਹੈਂ। ਮਰਸਡੀਜ਼ ਸੜਕ ਪਰ ਖੜ੍ਹੀ ਹੈ ਔਰ ਇਹ ਉਤਰ ਕੇ ਆਰਾਮ ਕਰਨੇ ਕੇ ਲੀਏ ਸੜਕ ਪਰ ਲੇਟ ਗਏ ਹੈਂ।’
ਜਦੋਂ ਤੋਂ ਮਾਧੁਰੀ ਦੀਕਸ਼ਿਤ ਨੂੰ ‘ਹਮ ਆਪ ਕੇ ਹੈ ਕੌਨ’ ਲਈ ਐਵਾਰਡ ਮਿਲਿਆ। ਉਦੋਂ ਤੋਂ ਹੀ ਹੁਸੈਨ ਮਾਧੁਰੀ ਦਾ ਦੀਵਾਨਾ ਹੋ ਗਿਆ ਸੀ। ਮਾਧੁਰੀ ਦੀ ਇੱਕ ਫਿਲਮ ਉਸ ਨੇ ਸੱਠ ਵਾਰ ਦੇਖੀ ਸੀ। ਉਸ ਦਾ ਕਹਿਣਾ ਸੀ ਕਿ ਜਿੰਨੀ ਮੇਰੀ ਉਮਰ ਹੈ ਮੈਂ ਓਨੀ ਬਾਰ ਮਾਧੁਰੀ ਦੀ ਫਿਲਮ ਦੇਖੀ ਹੈ। ਮਾਧੁਰੀ ਨੂੰ ਲੈ ਕੇ ਉਸ ਨੇ ‘ਗਜ਼ਗਾਮਿਨੀ’ ਨਾਂ ਦੀ ਫਿਲਮ ਦਾ ਨਿਰਮਾਣ ਵੀ ਕੀਤਾ। ਇਸ ਫਿਲਮ ਬਾਰੇ ਮਾਧੁਰੀ ਦਾ ਕਹਿਣਾ ਸੀ ਕਿ ‘ਜਦ ਇਸ ਫਿਲਮ ਦੀ ਕਹਾਣੀ ਲੈ ਕੇ ਹੁਸੈਨ ਸਾਹਬ ਮੇਰੇ ਕੋਲ ਆਏ ਤਾਂ ਪਹਿਲਾਂ ਤਾਂ ਮੈਨੂੰ ਇਸ ਕਹਾਣੀ ਦੀ ਸਮਝ ਹੀ ਨਹੀਂ ਲੱਗੀ। ਫਿਰ ਇਨ੍ਹਾਂ ਨੇ ਸਾਰੀ ਫਿਲਮ ਦੇ ਕੈਨਵਸ ’ਤੇ ਚਿੱਤਰ ਬਣਾ ਕੇ ਜਦੋਂ ਉਹ ਦਿਖਾਏ ਤਾਂ ਮੈਂ ਬਹੁਤ ਪ੍ਰਭਾਵਿਤ ਹੋਈ। ਫਿਰ ਮੈਂ ਇਹ ਫਿਲਮ ਕੀਤੀ।’
ਸਾਲ 1996 ਵਿੱਚ ਉਸ ਨੇ ਇੱਕ ਵਿਵਾਦਮਈ ਪੇਂਟਿੰਗ ਬਣਾ ਕੇ ਆਪਣੇ ਲਈ ਮੁਸੀਬਤ ਸਹੇੜ ਲਈ। ਉਸ ਨੇ ਹਿੰਦੂ ਦੇਵੀ-ਦੇਵਤਿਆਂ ਉੱਪਰ ਵਿਅੰਗ ਕਰਦੀ ਪੇਂਟਿੰਗ ਬਣਾਈ। ਉਸ ਦੀ ਇਸ ਵਜ੍ਹਾ ਕਰਕੇ ਦੇਸ਼ ਭਰ ਵਿੱਚ ਹਿੰਦੂਆਂ ਵੱਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਲਈ ਹੁਸੈਨ ਨੂੰ ਆਪਣਾ ਦੇਸ਼ ਛੱਡਣਾ ਪਿਆ ਅਤੇ ਲੰਡਨ ਜਾ ਕੇ ਵਸ ਗਿਆ। ਲੰਡਨ ਵਿਖੇ ਹੀ ਉਸ ਨੇ 9 ਜੂਨ 2011 ਨੂੰ 95 ਸਾਲ 8 ਮਹੀਨੇ ਤੇ 23 ਦਿਨ ਦੀ ਜ਼ਿੰਦਗੀ ਗੁਜ਼ਾਰ ਕੇ ਅਲਵਿਦਾ ਆਖ ਦਿੱਤਾ।
ਈਮੇਲ:dharmindersinghchabba@gmail.com
