DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੁਫ਼ਨਿਆਂ ਨੂੰ ਜਿਊਂਦੇ ਰੱਖੋ

ਜੇਕਰ ਇਸ ਸਮੇਂ ਤੁਸੀਂ ਅੱਲ੍ਹੜ ਅਵਸਥਾ ਲੰਘ ਕੇ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖ ਚੁੱਕੇ ਹੋ ਤਾਂ ਤੁਹਾਡੇ ਜੀਵਨ ਦੇ ਅਗਲੇਰੇ ਛੇ ਸਾਲ ਤੁਹਾਡੇ ਭਵਿੱਖ ਨੂੰ ਸੁਨਹਿਰੀ, ਰੌਸ਼ਨ, ਉੱਜਵਲ ਅਤੇ ਖ਼ੁਸ਼ਹਾਲ ਬਣਾਉਣ ਲਈ ਕਾਰਗਰ ਸਿੱਧ ਹੋਣ ਵਾਲੇ ਹਨ। ਤੁਹਾਡੇ ਲਈ...

  • fb
  • twitter
  • whatsapp
  • whatsapp
Advertisement

ਜੇਕਰ ਇਸ ਸਮੇਂ ਤੁਸੀਂ ਅੱਲ੍ਹੜ ਅਵਸਥਾ ਲੰਘ ਕੇ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖ ਚੁੱਕੇ ਹੋ ਤਾਂ ਤੁਹਾਡੇ ਜੀਵਨ ਦੇ ਅਗਲੇਰੇ ਛੇ ਸਾਲ ਤੁਹਾਡੇ ਭਵਿੱਖ ਨੂੰ ਸੁਨਹਿਰੀ, ਰੌਸ਼ਨ, ਉੱਜਵਲ ਅਤੇ ਖ਼ੁਸ਼ਹਾਲ ਬਣਾਉਣ ਲਈ ਕਾਰਗਰ ਸਿੱਧ ਹੋਣ ਵਾਲੇ ਹਨ। ਤੁਹਾਡੇ ਲਈ ਇਹੋ ਉਹ ਅਨਮੋਲ ਸਮਾਂ ਹੈ, ਜਿਸ ਦੀ ਸੁਚੱਜੀ ਵਰਤੋਂ ਕਰਕੇ ਤੁਸੀਂ ਕੋਈ ਕਲਾਕਾਰ ਬਣ ਸਕਦੇ ਹੋ। ਵਿਗਿਆਨੀ ਬਣ ਸਕਦੇ ਹੋ। ਖਿਡਾਰੀ ਬਣ ਸਕਦੇ ਹੋ। ਲੀਡਰ ਬਣ ਸਕਦੇ ਹੋ। ਅਧਿਆਪਕ, ਪ੍ਰੋਫ਼ੈਸਰ, ਡਾਕਟਰ, ਇੰਜਨੀਅਰ ਜਾਂ ਸਮਾਜ ਸੇਵੀ ਕੁਝ ਵੀ ਬਣ ਸਕਦੇ ਹੋ, ਪ੍ਰੰਤੂ ਕਿਸੇ ਵੀ ਖੇਤਰ ਵਿੱਚ ਟੀਸੀ ’ਤੇ ਪਹੁੰਚਣ ਲਈ ਤੁਹਾਨੂੰ ਆਪਣਾ ਸਾਰਾ ਧਿਆਨ, ਆਪਣੀ ਸਾਰੀ ਸਰੀਰਕ ਸ਼ਕਤੀ, ਮਾਨਸਿਕ ਅਤੇ ਬੌਧਿਕ ਸਮਰੱਥਾ ਨੂੰ ਕੇਵਲ ਇੱਕੋ ਬਿੰਦੂ ’ਤੇ ਕੇਂਦਰਿਤ ਕਰਨਾ ਹੋਵੇਗਾ।

ਇਸ ਸਮੇਂ ਤੁਹਾਡੇ ਹੱਥ ਵਿੱਚ ਆਏ ਮੋਬਾਈਲ ਫੋਨ ਦੀ ਸੁਚੱਜੀ ਵਰਤੋਂ ਜਾਂ ਕੁਵਰਤੋਂ ਹੀ ਤੁਹਾਡੇ ਭਵਿੱਖ ਨੂੰ ਸੰਵਾਰੇਗੀ ਜਾਂ ਤਬਾਹ ਕਰੇਗੀ। ਇਸੇ ਮੋਬਾਈਲ ਫੋਨ ਦੀ ਸੁਚੱਜੀ ਵਰਤੋਂ ਕਰਕੇ ਤੁਸੀਂ ਕਾਮਯਾਬ ਇਨਸਾਨਾਂ ਦੀਆਂ ਜੀਵਨੀਆਂ ਅਤੇ ਸਵੈਜੀਵਨੀਆਂ ਪੜ੍ਹ ਕੇ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਦੇ ਹੋ। ਤੁਸੀਂ ਅਧਿਆਪਕਾਂ ਵੱਲੋਂ ਮਿਲੀ ਅਸਾਈਨਮੈਂਟ ਤਿਆਰ ਕਰ ਸਕਦੇ ਹੋ। ਸੰਸਾਰ ਦੀ ਕਿਸੇ ਵੀ ਲਾਇਬ੍ਰੇਰੀ ਵਿੱਚ ਪਈ ਪੁਸਤਕ ਦੀ ਪੀ.ਡੀ.ਐੱਫ. ਪੜ੍ਹ ਸਕਦੇ ਹੋ ਜਾਂ ਫਿਰ ਇਸੇ ਮੋਬਾਈਲ ਫੋਨ ’ਤੇ ਤੁਸੀਂ ਵੱਟਸਐਪ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਯੂ ਟਿਊਬ ਆਦਿ ਚਲਾ ਕੇ ਆਪਣਾ ਸਭ ਤੋਂ ਮਹਿੰਗਾ ਅਤੇ ਕੀਮਤੀ ਸਮਾਂ ਨਸ਼ਟ ਵੀ ਕਰ ਸਕਦੇ ਹੋ, ਪ੍ਰੰਤੂ ਇੱਕ ਗੱਲ ਹਮੇਸ਼ਾਂ ਯਾਦ ਰੱਖੋ ਕਿ ਬਹੁ-ਰਾਸ਼ਟਰੀ ਕੰਪਨੀਆਂ ਦੇ ਮਾਲਕਾਂ, ਹੋਰ ਧਨ ਕੁਬੇਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ ਅਸੱਭਿਅਕ ਵੀਡੀਓਜ਼, ਰੀਲਾਂ, ਦੋਹਰੇ ਅਰਥਾਂ ਵਾਲੇ ਮਿਆਰ ਤੋਂ ਡਿੱਗੇ ਹੋਏ ਘਟੀਆ ਗੀਤ ਅੱਲੜ੍ਹਾਂ, ਨੌਜਵਾਨਾਂ, ਮੁਟਿਆਰਾਂ ਦੀ ਮਾਨਸਿਕਤਾ ਨੂੰ ਖੁੰਢਾ ਕਰਨ ਦੀ ਬੜੀ ਡੂੰਘੀ ਅਤੇ ਗਹਿਰੀ ਚਾਲ ਚੱਲੀ ਗਈ ਹੈ। ਇਸ ਤੋਂ ਤੁਹਾਨੂੰ ਪੂਰਾ ਸਾਵਧਾਨ ਅਤੇ ਸੁਚੇਤ ਰਹਿਣ ਦੀ ਲੋੜ ਹੈ।

Advertisement

ਰੂਸ ਦੇ ਮਹਾਨ ਲੇਖਕ ਰਸੂਲ ਹਮਜ਼ਾਤੋਵ ਨੇ ਆਪਣੀ ਰਚਨਾ ‘ਮੇਰਾ ਦਾਗਿਸਤਾਨ’ ਵਿੱਚ ਇੱਕ ਥਾਂ ਲਿਖਿਆ ਹੈ- ‘‘ਜੇ ਤੂੰ ਅੱਜ ਸਮੇਂ ਨੂੰ ਬਰਬਾਦ ਕਰੇਂਗਾ ਤਾਂ ਆਉਣ ਵਾਲੇ ਸਮੇਂ ਵਿੱਚ ਸਮਾਂ ਤੈਨੂੰ ਦੁੱਗਣੀ ਤੇ ਤਿੱਗਣੀ ਸ਼ਕਤੀ ਨਾਲ ਬਰਬਾਦ ਕਰੇਗਾ।’’ ਅਸੀਂ ਜਾਣਦੇ ਹਾਂ ਕਿ ਕੁਦਰਤ ਨੇ ਹਰ ਮਨੁੱਖ ਨੂੰ ਦਿਨ ਅਤੇ ਰਾਤ ਦੇ ਕੁੱਲ ਚੌਵੀ ਘੰਟੇ ਦਿੱਤੇ ਹਨ। ਜਿਹੜੇ ਨੌਜਵਾਨਾਂ ਅਤੇ ਮੁਟਿਆਰਾਂ ਨੇ ਇਨ੍ਹਾਂ ਚੌਵੀ ਘੰਟਿਆਂ ਦੀ ਸੁਚੱਜੀ ਵਿਉਂਤਬੰਦੀ ਕਰ ਲਈ, ਉਹ ਯਕੀਨਨ ਆਪਣੀ ਮੰਜ਼ਿਲ ’ਤੇ ਫ਼ਤਹਿ ਪਾ ਲੈਂਦੇ ਹਨ।

Advertisement

ਬੇਸ਼ੱਕ ਤੁਸੀਂ ਇੱਕ ਵਧੀਆ ਖਿਡਾਰੀ ਬਣਨਾ ਚਾਹੁੰਦੇ ਹੋ। ਤੁਸੀਂ ਮਹਾਨ ਸੰਗੀਤਕਾਰ ਬਣਨਾ ਚਾਹੁੰਦੇ ਹੋ। ਚਿੱਤਰਕਾਰ ਬਣਨਾ ਲੋਚਦੇ ਹੋ। ਪਰਮਾਤਮਾ ਦੀ ਭਗਤੀ ਕਰਨਾ ਚਾਹੁੰਦੇ ਹੋ। ਮੁਕਾਬਲੇ ਦੀ ਕਿਸੇ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਨੀ ਚਾਹੁੰਦੇ ਹੋ। ਆਪਣੀ ਸਿਹਤ ਵਧੀਆ ਬਣਾਉਣੀ ਚਾਹੁੰਦੇ ਹੋ। ਉਸ ਲਈ ਇੱਕੋ ਇੱਕ ਗੁਰਮੰਤਰ ਅਤੇ ਫਾਰਮੂਲਾ ਹੈ ਕਿ ਤੁਸੀਂ ਸਵੇਰੇ ਜਲਦੀ ਜਾਗ ਕੇ ਆਪਣੇ ਕਾਰਜ ਵਿੱਚ ਜੁੱਟ ਜਾਓ। ਲਾਜ਼ਮੀ ਤੌਰ ’ਤੇ ਤੁਹਾਡੀ ਜਿੱਤ ਹੋਵੇਗੀ।

ਇਹ ਵੀ ਇੱਕ ਸਚਾਈ ਹੈ ਕਿ ਅੱਲੜ੍ਹ ਉਮਰ ਵਿੱਚ ਪੈਰ ਧਰਨ ਨਾਲ ਹਰੇਕ ਪ੍ਰਾਣੀ ਦੀ ਵਿਰੋਧੀ ਲਿੰਗ ਵੱਲ ਖਿੱਚ ਵਧਦੀ ਹੈ, ਪ੍ਰੰਤੂ ਤੁਸੀਂ ਆਪਣੀ ਇਸ ਖਿੱਚ ਦੇ ਗ਼ੁਲਾਮ ਨਹੀਂ ਬਣਨਾ। ਸਗੋਂ ਇਸ ਨੂੰ ਆਪਣੀ ਤਾਕਤ ਬਣਾਉਣਾ ਹੈ। ਇਸ ਨੂੰ ਆਪਣੀ ਸ਼ਕਤੀ ਬਣਾਉਣਾ ਹੈ। ਵਿਰੋਧੀ ਲਿੰਗ ਦੇ ਆਪਣੇ ਦੋਸਤ ਜਾਂ ਸਹੇਲੀ ਦੀਆਂ ਚੰਗੀਆਂ ਆਦਤਾਂ ਨੂੰ, ਉਸ ਦੇ ਚੰਗੇ ਗੁਣਾਂ ਨੂੰ, ਉਸ ਦੇ ਅਨੁਸ਼ਾਸਨਬੱਧ ਜੀਵਨ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣ ਦੀ ਲੋੜ ਹੈ। ਇੱਥੇ ਇੱਕ ਗੱਲ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਛੇ ਸਾਲ ਦੀ ਸਖ਼ਤ ਮਿਹਨਤ ਉਪਰੰਤ ਜਦੋਂ ਤੁਸੀਂ ਆਪਣੇ ਟੀਚੇ ਨੂੰ ਹਾਸਲ ਕਰ ਲਵੋਗੇ, ਤਦ ਤੁਹਾਡਾ ਪਰਿਵਾਰ ਅਤੇ ਸਮਾਜ ਤੁਹਾਡੀ ਝੋਲ਼ੀ ਉਨ੍ਹਾਂ ਸਾਰੀਆਂ ਖ਼ੁਸ਼ੀਆਂ ਨਾਲ ਭਰ ਦੇਵੇਗਾ, ਜਿਹੜੀਆਂ ਖ਼ੁਸ਼ੀਆਂ ਲਈ ਤੁਸੀਂ ਬੜੀ ਸ਼ਿੱਦਤ ਨਾਲ ਤਾਂਘਦੇ ਰਹੇ ਸੀ।

ਜੇਕਰ ਤੁਸੀਂ ਹੁਣ ਤੱਕ ਆਪਣੀਆਂ ਕੀਤੀਆਂ ਗ਼ਲਤੀਆਂ ਕਾਰਨ ਆਪਣਾ ਕਾਫ਼ੀ ਸਮਾਂ, ਸਰੀਰਕ ਸ਼ਕਤੀ, ਸਿਹਤ, ਧਨ, ਦੌਲਤ ਆਦਿ ਗੁਆ ਚੁੱਕੇ ਹੋ। ਤਦ ਵੀ ਅਜੇ ਕੁਝ ਨਹੀਂ ਵਿਗੜਿਆ। ਪੰਜਾਬੀ ਦਾ ਅਖਾਣ ਹੈ- ‘ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਆਖਦੇ।’ ਤੁਸੀਂ ਅੱਜ ਤੋਂ ਹੀ ਨਹੀਂ, ਸਗੋਂ ਇਸੇ ਪਲ ਤੋਂ ਹੀ ਦ੍ਰਿੜ੍ਹ ਸੰਕਲਪ ਕਰੋ। ਆਪਣੇ ਟੀਚੇ ’ਤੇ ਆਪਣਾ ਧਿਆਨ ਕੇਂਦਰਿਤ ਕਰੋ। ਸਖ਼ਤ ਮਿਹਨਤ, ਲਗਨ, ਦ੍ਰਿੜ੍ਹਤਾ ਨਾਲ ਆਪਣਾ ਕਾਰਜ ਕਰਨਾ ਆਰੰਭ ਕਰ ਦਿਓ। ਜਿੱਤ ਤੁਹਾਡੀ ਯਕੀਨੀ ਹੋਵੇਗੀ। ਅਠਾਰ੍ਹਵੀਂ ਸਦੀ ਵਿੱਚ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਿੱਸਾਕਾਰ ਅਤੇ ਸੂਫ਼ੀ ਸ਼ਾਇਰ ਹਾਸ਼ਮ ਸ਼ਾਹ ਹੋਏ ਹਨ। ਉਹ ਆਪਣੀ ਇੱਕ ਰਚਨਾ ਵਿੱਚ ਦਰਜ ਕਰਦੇ ਹਨ- ‘ਹਾਸ਼ਮ ਫ਼ਤਹਿ ਨਸੀਬ ਤਿਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ।’

ਸੁਫ਼ਨੇ ਉਹ ਨਹੀਂ ਹੁੰਦੇ, ਜੋ ਅਸੀਂ ਸੁੱਤੇ ਪਿਆਂ ਲੈਂਦੇ ਹਾਂ। ਸਗੋਂ ਸੁਫ਼ਨੇ ਤਾਂ ਉਹ ਹੁੰਦੇ ਹਨ, ਜੋ ਸਾਨੂੰ ਸੌਣ ਨਾ ਦੇਣ। ਤੁਸੀਂ ਆਪਣੇ ਸੁਫ਼ਨਿਆਂ ਨੂੰ ਕਦੇ ਵੀ ਮਰਨ ਨਾ ਦਿਓ। ਪੰਜਾਬੀ ਦਾ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਆਪਣੀ ਇੱਕ ਕਵਿਤਾ ‘ਸਭ ਤੋਂ ਖ਼ਤਰਨਾਕ’ ਵਿੱਚ ਲਿਖਦਾ ਹੈ;

ਸਭ ਤੋਂ ਖ਼ਤਰਨਾਕ ਹੁੰਦਾ ਹੈ

ਮੁਰਦਾ ਸਾਂਤੀ ਨਾਲ ਭਰ ਜਾਣਾ,

ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ

ਘਰਾਂ ਤੋਂ ਨਿਕਲਣਾ ਕੰਮ ਤੇ

ਤੇ ਕੰਮ ਤੋਂ ਘਰ ਜਾਣਾ,

ਸਭ ਤੋਂ ਖ਼ਤਰਨਾਕ ਹੁੰਦਾ ਹੈ

ਸਾਡੇ ਸੁਪਨਿਆਂ ਦਾ ਮਰ ਜਾਣਾ।

ਆਪਣੇ ਸੁਫ਼ਨਿਆਂ ਨੂੰ ਹਮੇਸ਼ਾ ਬਰਕਰਾਰ ਰੱਖੋ। ਉਨ੍ਹਾਂ ਨੂੰ ਪੂਰਾ ਕਰਨ ਲਈ ਸਿਰਤੋੜ ਮਿਹਨਤ ਕਰੋ। ਕੋਸ਼ਿਸ਼, ਯਤਨ, ਜੱਦੋਜਹਿਦ ਲਗਾਤਾਰ ਕਰਦੇ ਰਹੋ। ਕਿਸੇ ਪੰਜਾਬੀ ਲਿਖਾਰੀ ਨੇ ਕਿਹਾ ਸੀ- ‘ਢਿੱਗੀ ਨਾ ਢਾਹੋ। ਸਖ਼ਤ ਮਿਹਨਤ ਕਰੋ। ਸਫਲਤਾ ਤੁਹਾਡੇ ਪੈਰ ਚੁੰਮੇਗੀ।’ ਤੁਹਾਡੀ ਕਾਮਯਾਬੀ ’ਤੇ ਤੁਹਾਡੇ ਮਾਂ-ਪਿਓ, ਭੈਣ-ਭਰਾ, ਗੁਆਂਢੀ, ਦੋਸਤ, ਅਧਿਆਪਕ ਪੂਰਾ ਸਮਾਜ ਤੁਹਾਡੇ ’ਤੇ ਮਾਣ ਕਰੇਗਾ।

ਸੰਪਰਕ: 84276-85020

Advertisement
×