DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿਲਕਸ਼ ਸ਼ਾਇਰ ਕੈਫ਼ੀ ਆਜ਼ਮੀ

ਦਿਲਕਸ਼ ਸ਼ਾਇਰੀ ਰਚਣ ਵਾਲੇ ਉਸਤਾਦ ਸ਼ਾਇਰ ਕੈਫ਼ੀ ਆਜ਼ਮੀ ਦਾ ਅਸਲ ਨਾਂ ਸਈਅਦ ਅਥਰ ਹੁਸੈਨ ਰਿਜ਼ਵੀ ਸੀ। ਉਸ ਦਾ ਜਨਮ 14 ਜਨਵਰੀ 1919 ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਆਜ਼ਮਗੜ੍ਹ ਦੇ ਪਿੰਡ ਮਿਜ਼ਵਾਂ ਵਿਖੇ ਹੋਇਆ ਸੀ। ਬਚਪਨ ਤੋਂ ਹੀ ਸ਼ਾਇਰੀ ਸੁਣਨ ਦੀ...

  • fb
  • twitter
  • whatsapp
  • whatsapp
Advertisement

ਦਿਲਕਸ਼ ਸ਼ਾਇਰੀ ਰਚਣ ਵਾਲੇ ਉਸਤਾਦ ਸ਼ਾਇਰ ਕੈਫ਼ੀ ਆਜ਼ਮੀ ਦਾ ਅਸਲ ਨਾਂ ਸਈਅਦ ਅਥਰ ਹੁਸੈਨ ਰਿਜ਼ਵੀ ਸੀ। ਉਸ ਦਾ ਜਨਮ 14 ਜਨਵਰੀ 1919 ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਆਜ਼ਮਗੜ੍ਹ ਦੇ ਪਿੰਡ ਮਿਜ਼ਵਾਂ ਵਿਖੇ ਹੋਇਆ ਸੀ। ਬਚਪਨ ਤੋਂ ਹੀ ਸ਼ਾਇਰੀ ਸੁਣਨ ਦੀ ਚੇਟਕ ਰੱਖਣ ਵਾਲੇ ਕੈਫ਼ੀ ਆਜ਼ਮੀ ਨੇ ਕੇਵਲ ਗਿਆਰ੍ਹਾਂ ਸਾਲ ਦੀ ਉਮਰ ਵਿੱਚ ਬਹੁਤ ਉਮਦਾ ਗ਼ਜ਼ਲ ਰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਐਨਾ ਹੀ ਨਹੀਂ ਉਸ ਨੇ ਆਪਣੀ ਇਹ ਗ਼ਜ਼ਲ ਮੰਚ ’ਤੇ ਪੇਸ਼ ਕਰਕੇ ਭਰਪੂਰ ਵਾਹ-ਵਾਹ ਵੀ ਲੁੱਟ ਲਈ ਸੀ।

ਕੈਫ਼ੀ ਦੇ ਪਿਤਾ ਨੂੰ ਤਾਂ ਯਕੀਨ ਨਹੀਂ ਸੀ ਕਿ ਉਹ ਇੰਨੀ ਨਿੱਕੀ ਉਮਰ ਵਿੱਚ ਇੰਨੀ ਪਾਏਦਾਰ ਗ਼ਜ਼ਲ ਰਚ ਸਕਦਾ ਹੈ। ਉਸ ਦਾ ਇਮਤਿਹਾਨ ਲੈਣ ਲਈ ਉਸ ਦੇ ਅੱਬਾ ਨੇ ਉਸ ਨੂੰ ਕਿਸੇ ਗ਼ਜ਼ਲ ਦੀ ਪਹਿਲੀ ਲਾਈਨ ਦਿੱਤੀ ਤੇ ਉਸੇ ਮੀਟਰ ’ਚ ਉਸ ਨੂੰ ਪੂਰਾ ਕਰਨ ਲਈ ਕਿਹਾ। ਕੇਵਲ ਗਿਆਰ੍ਹਾਂ ਵਰ੍ਹਿਆਂ ਦਾ ਬੱਚਾ ਰਤਾ ਵੀ ਨਹੀਂ ਘਬਰਾਇਆ ਤੇ ਚੰਦ ਮਿੰਟਾਂ ’ਚ ਹੀ ਉਸ ਨੇ ਗ਼ਜ਼ਲ ਪੂਰੀ ਕਰਕੇ ਆਪਣੇ ਅੱਬਾ ਦੇ ਸਪੁਰਦ ਕਰ ਦਿੱਤੀ। ਉਹ ਗ਼ਜ਼ਲ ਇੰਨੀ ਜਾਨਦਾਰ ਸੀ ਕਿ ਬਾਅਦ ਵਿੱਚ ਉਹ ਗ਼ਜ਼ਲ ਨਾਮਵਰ ਗਾਇਕਾ ਬੇਗ਼ਮ ਅਖ਼ਤਰ ਦੀ ਆਵਾਜ਼ ਵਿੱਚ ਰਿਕਾਰਡ ਹੋਈ ਸੀ।

Advertisement

ਸਾਲ 1942 ਵਿੱਚ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੇ ਗਏ ‘ਭਾਰਤ ਛੱਡੋ’ ਅੰਦੋਲਨ ਵਿੱਚ ਭਾਗ ਲੈਣ ਪਿੱਛੋਂ ਕੈਫ਼ੀ ਆਜ਼ਮੀ ਦਾ ਝੁਕਾਅ ਖੱਬੇ ਪੱਖੀ ਵਿਚਾਰਧਾਰਾ ਵੱਲ ਹੋ ਗਿਆ। ਉਸ ਨੇ ਇੱਕ ਖਾਂਦੇ-ਪੀਂਦੇ ਜ਼ਿਮੀਂਦਾਰ ਘਰਾਣੇ ਨਾਲ ਸਬੰਧਿਤ ਹੋਣ ਦੇ ਬਾਵਜੂਦ ਭਾਰਤੀ ਕਮਿਊਨਿਸਟ ਪਾਰਟੀ ਦਾ ਸਰਗਰਮ ਮੈਂਬਰ ਬਣ ਕੇ 1943 ਵਿੱਚ ਕਾਨਪੁਰ ਦੀਆਂ ਕੱਪੜਾ ਮਿੱਲਾਂ ਦੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਉਸੇ ਸਾਲ ਉਸ ਦਾ ਪਹਿਲਾ ਕਾਵਿ ਸੰਗ੍ਰਹਿ ‘ਝਨਕਾਰ’ ਛਪਿਆ ਸੀ ਜੋ ਕਾਫ਼ੀ ਮਕਬੂਲ ਹੋਇਆ ਸੀ। ਕਿਸੇ ਕਾਰਨ ਉਸ ਨੂੰ ਮੁੰਬਈ ਆਉਣਾ ਪਿਆ ਤੇ ਇਂੱਥੇ ਪੈਸਿਆਂ ਦੀ ਤੰਗੀ ਕਰਕੇ ਉਸ ਨੇ ਫਿਲਮਾਂ ਲਈ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਜੋ ਨਾ ਕੇਵਲ ਉਸ ਲਈ ਸਗੋਂ ਪੂਰੇ ਬੌਲੀਵੁੱਡ ਲਈ ਫਾਇਦੇਮੰਦ ਸਾਬਤ ਹੋਏ।

Advertisement

ਕੈਫ਼ੀ ਆਜ਼ਮੀ ਦੇ ਮਸ਼ਹੂਰ ਕਾਵਿ ਸੰਗ੍ਰਹਿ ‘ਆਖ਼ਿਰ-ਏ-ਸ਼ਬ’, ‘ਸਰਮਾਇਆ’, ‘ਸਜਦੇ’, ‘ਕੈਫ਼ੀਅਤ’, ‘ਨਈ ਗੁਲਿਸਤਾਂ’ ਅਤੇ ‘ਮੇਰੀ ਆਵਾਜ਼ ਸੁਨੋ’ ਆਦਿ ਰਹੇ ਤੇ ਉਸ ਦੀਆਂ ਰਚੀਆਂ ‘ਔਰਤ’, ‘ਮਕਾਨ’, ‘ਦਾਇਰਾ’ ਅਤੇ ‘ਬਹੂਰੂਪਨੀ’ ਆਦਿ ਰਚਨਾਵਾਂ ਬੇਹੱਦ ਪਸੰਦ ਕੀਤੀਆਂ ਗਈਆਂ। ਸ਼ਾਇਰੀ ਰਚਣ ਤੋਂ ਇਲਾਵਾ ਕੈਫ਼ੀ ਆਜ਼ਮੀ ਨੇ ਮਸ਼ਹੂਰ ਫਿਲਮਸਾਜ਼ ਚੇਤਨ ਅਨੰਦ ਦੁਆਰਾ ਨਿਰਦੇਸ਼ਿਤ ਫਿਲਮ ‘ਹੀਰ ਰਾਂਝਾ’ ਦੀ ਪਟਕਥਾ ਤੇ ਸੰਵਾਦ ਵੀ ਰਚੇ ਸਨ। ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਸਾਰੇ ਸੰਵਾਦ ਕਾਵਿਕ ਸਨ। ਇਸ ਤੋਂ ਇਲਾਵਾ ਉਸ ਨੇ ਸ਼ਿਆਮ ਬੈਨੇਗਲ ਦੀ ਫਿਲਮ ‘ਮੰਥਨ’ ਅਤੇ ਖ਼ਵਾਜ਼ਾ ਅਹਿਮਦ ਅੱਬਾਸ ਦੀ ਫਿਲਮ ‘ਗਰਮ ਹਵਾ’ ਲਈ ਪਟਕਥਾ ਰਚ ਕੇ ਭਰਪੂਰ ਪ੍ਰਸ਼ੰਸਾ ਹਾਸਲ ਕੀਤੀ ਸੀ। 1995 ਵਿੱਚ ਬਣੀ ਫਿਲਮ ‘ਨਸਰੀਨ’ ਵਿੱਚ ਉਸ ਨੇ ਨਸਰੀਨ ਦੇ ਦਾਦਾ ਜੀ ਦੀ ਭੂਮਿਕਾ ਵੀ ਬਾਖ਼ੂਬੀ ਅਦਾ ਕੀਤੀ ਸੀ।

ਉਸ ਦੀ ਪਤਨੀ ਸ਼ੌਕਤ ਆਜ਼ਮੀ ਰੰਗਮੰਚ ਅਦਾਕਾਰਾ ਸੀ। ਫਿਲਮ ਅਭਿਨੇਤਰੀ ਸ਼ਬਾਨਾ ਆਜ਼ਮੀ ਉਸ ਦੀ ਪੁੱਤਰੀ ਅਤੇ ਨਾਮਵਰ ਗੀਤਕਾਰ ਜਾਵੇਦ ਅਖ਼ਤਰ ਉਸ ਦਾ ਜਵਾਈ ਹੈ। ਅਜ਼ੀਮ ਸ਼ਾਇਰ ਕੈਫ਼ੀ ਆਜ਼ਮੀ ਨੂੰ ਉਸ ਦੀ ਕਾਵਿ ਘਾਲਣਾ ਲਈ ਪਦਮ ਸ੍ਰੀ, ਫਿਲਮਫੇਅਰ ਪੁਰਸਕਾਰ, ਸਰਬੋਤਮ ਗੀਤਕਾਰ ਦਾ ਕੌਮੀ ਪੁਰਸਕਾਰ ਅਤੇ ਸਾਹਿਤ ਅਕਾਦਮੀ ਪੁਰਸਕਾਰ ਸਮੇਤ ਕਈ ਵੱਡੇ ਇਨਾਮਾਂ ਨਾਲ ਨਿਵਾਜਿਆ ਗਿਆ ਸੀ। 10 ਮਈ, 2002 ਨੂੰ ਇਹ ਮਹਾਨ ਸ਼ਾਇਰ ਇਸ ਫਾਨੀ ਜਹਾਨ ਤੋਂ ਰੁਖ਼ਸਤ ਹੋ ਗਿਆ ਸੀ।

ਪਾਏਦਾਰ ਤੇ ਦਿਲਕਸ਼ ਸ਼ਾਇਰੀ ਦੇ ਰਚੇਤਾ ਕੈਫ਼ੀ ਆਜ਼ਮੀ ਦੀਆਂ ਅਮਰ ਰਚਨਾਵਾਂ ‘ਕਰ ਚਲੇ ਹਮ ਫ਼ਿਦਾ ਜਾਨੋ ਤਨ ਸਾਥੀਓ’, ‘ਆਜ ਸੋਚਾ ਤੋ ਆਂਸੂ ਭਰ ਆਏ’, ‘ਚਲਤੇ-ਚਲਤੇ ਯੂੰ ਹੀ ਕੋਈ ਮਿਲ ਗਿਆ ਥਾ’, ‘ਚਲੋ ਦਿਲਦਾਰ ਚਲੋ ਚਾਂਦ ਕੇ ਪਾਰ ਚਲੋ’, ‘ਤੁਮ ਜੋ ਮਿਲ ਗਏ ਹੋ ਤੋ ਯੇ ਲਗਤਾ ਹੈ ਕਿ ਜਹਾਂ ਮਿਲ ਗਿਆ’, ‘ਯੇ ਦੁਨੀਆ ਯੇ ਮਹਿਫ਼ਲ ਮੇਰੇ ਕਾਮ ਕੀ ਨਹੀ’, ‘ਤੁਮਹਾਰੀ ਜ਼ੁਲਫ਼ ਕੇ ਸਾਏ ਮੇਂ ਸ਼ਾਮ ਕਰ ਦੂੰਗਾ’ ਅਤੇ ‘ਦੇਖੀ ਜ਼ਮਾਨੇ ਕੀ ਯਾਰੀ’ ਨੂੰ ਭਲਾ ਕੌਣ ਭੁਲਾ ਸਕਦਾ ਹੈ? ਕੈਫ਼ੀ ਆਜ਼ਮੀ ਨੇ ਜੋ ਵੀ ਲਿਖਿਆ ਅਰਥ ਭਰਪੂਰ ਤੇ ਦਿਲ ਦੀਆਂ ਗਹਿਰਾਈਆਂ ’ਚ ਉਤਰ ਜਾਣ ਵਾਲਾ ਲਿਖਿਆ। ਉਸ ਜਿਹੇ ਸ਼ਾਇਰਾਂ ਦਾ ਬੌਲੀਵੁੱਡ ਸਦਾ ਕਰਜ਼ਦਾਰ ਰਹੇਗਾ।

ਸੰਪਰਕ: 97816-46008

Advertisement
×