ਮੁੰਬਈ, 6 ਜੁਲਾਈ
ਫ਼ਿਲਮਕਾਰ ਕਬੀਰ ਖ਼ਾਨ, ਇਮਤਿਆਜ਼ ਅਲੀ, ਰੀਮਾ ਦਾਸ ਤੇ ਓਨੀਰ ਨੇ ‘ਮਾਈ ਮੈਲਬਰਨ’ ਨਾਂ ਦੀ ਇੱਕ ਫ਼ਿਲਮ ਬਣਾਉਣ ਲਈ ਇਕੱਠਿਆਂ ਕੰਮ ਕਰਨਗੇ। ਇਹ ਚਾਰੋਂ ਜਣੇ ਸਲਾਹ ਲੈਣ ਲਈ ਵਿਕਟੋਰੀਆ ਦੀਆਂ ਚੋਣਵੀਆਂ ਵਿਕਟੋਰੀਅਨ ਟੀਮਾਂ ਨਾਲ ਮਿਲ ਕੇ ਕੰਮ ਕਰਨਗੇ ਅਤੇ ਫਿਰ ਜਾਤ, ਅਸਮਰੱਥਾ, ਜਿਨਸੀ ਵਿਸ਼ਿਆਂ ਅਤੇ ਲਿੰਗ ਭੇਦ ਸਬੰਧੀ ਵਿਸ਼ਿਆਂ ਬਾਰੇ ਲਘੂ ਫ਼ਿਲਮਾਂ ਬਣਾਉਣਗੇ।
ਇਨ੍ਹਾਂ ਲਘੂ ਫ਼ਿਲਮਾਂ ਨੂੰ ਮਿਲਾ ਕੇ ‘ਮਾਈ ਮੈਲਬਰਨ’ ਟਾਈਟਲ ਹੇਠ ਇੱਕ ਫ਼ਿਲਮ ਬਣਾਈ ਜਾਵੇਗੀ ਜੋ ਅਗਲੇ ਵਰ੍ਹੇ ‘ਮੈਲਬਰਨ ਭਾਰਤੀ ਫ਼ਿਲਮ ਉਤਸਵ’ (ਆਈ.ਐੱਫ.ਐੱਫ.ਐੱਮ.) ਦੇ ਪ੍ਰੀਮੀਅਰ ’ਚ ਸ਼ਾਮਲ ਹੋਵੇਗੀ।
ਆਈ.ਐੱਫ.ਐੱਫ.ਐੱਮ. ਫੈਸਟੀਵਲ ਡਾਇਰੈਕਟਰ ਮਿਟੂ ਭੌਮਿਕ ਲਾਂਜ ਨੇ ਕਿਹਾ, ‘ਉਹ ਖੁਸ਼ ਹਨ ਕਿ ਇਹ ਉਤਸ਼ਾਹਪੂਰਨ ਪਹਿਲ ਵਿਕਟੋਰੀਅਨ ਸਕੀਰਨ ਪ੍ਰੈਕਟੀਸ਼ਨਰਾਂ ਨੂੰ ਦੁਨੀਆਂ ਦੇ ਕੁਝ ਸਰਵੋਤਮ ਫ਼ਿਲਮਕਾਰਾਂ ਨੂੰ ਨਾਲ ਕੰਮ ਕਰਨ ਦਾ ਮੌਕਾ ਦੇ ਰਹੀ ਹੈ ਜੋ ਜ਼ਿੰਦਗੀ ਵਿੱਚ ਸਿਰਫ਼ ਇੱਕ ਵਾਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਆਈ.ਐੱਫ.ਐੱਫ.ਐੱਮ. ਵੱਲੋਂ ਭਾਰਤੀ ਆਜ਼ਾਦ ਸਿਨੇਮੇ ਦੀਆਂ ਚਾਰ ਸਭ ਤੋਂ ਵੱਧ ਮੁਖਤਲਿਫ਼ ਆਵਾਜ਼ਾਂ (ਡਾਇਰੈਕਟਰਾਂ) ਨੂੰ ਮਹੱਤਵਪੂਰਨ ਵਿਸ਼ਿਆਂ ’ਤੇ ਚਾਰ ਫ਼ਿਲਮਾਂ ਬਣਾਉਣ ਲਈ ਚੁਣਿਆ ਗਿਆ ਹੈ।’ ਇਮਤਿਆਜ਼ ਅਲੀ ਨੇ ਕਿਹਾ ਕਿ ਉਹ ਨਵੇਂ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੀ ਜ਼ਿੰਦਗੀ ਦੀਆਂ ਕਹਾਣੀਆਂ ਨੂੰ ਸਮਝਣ ਲਈ ਤਿਆਰ ਹੈ। ਰੀਮਾ ਅਲੀ ਨੇ ਇਸ ਸੱਦੇ ਨੂੰ ਇੱਕ ਸਨਮਾਨ ਵਾਲੀ ਗੱਲ ਦੱਸਿਆ ਹੈ। ਕਬੀਰ ਖਾਨ ਮੁਤਾਬਕ ‘ਸੰਵਾਦ’ ਸਾਡੀ ਭਿੰਨਤਾ ਹੈ ਜਿਸ ਨੂੰ ਮੌਜੂਦਾ ਸਮੇਂ ਵਿੱਚ ਉਤਸ਼ਾਹਿਤ ਕਰਨਾ ਚਾਹੀਦਾ ਹੈ। -ਆਈਏਐੱਨਐੱਸ