DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਜ਼ਾਕ

ਬਾਲ ਕਹਾਣੀ ਪਹਿਲੀ ਅਪਰੈਲ ਤੋਂ ਕੁਝ ਦਿਨ ਪਹਿਲਾਂ ਹੀ ਚਿੰਟੂ ਨੇ ਸੋਚ ਲਿਆ ਸੀ ਕਿ ਉਹ ਆਪਣੇ ਦੋਸਤਾਂ ਦਾ ਹੀ ਨਹੀਂ ਅਧਿਆਪਕ ਵਰਮਾ ਜੀ ਦਾ ਵੀ ਅਪਰੈਲ ਫੂਲ ਬਣਾਵੇਗਾ। ਇਸ ਨਾਲ ਉਸ ਨੂੰ ਖੂਬ ਮਜ਼ਾ ਆਵੇਗਾ। ਉਸ ਦਿਨ ਕੋਈ ਬੁਰਾ...

  • fb
  • twitter
  • whatsapp
  • whatsapp
Advertisement

ਬਾਲ ਕਹਾਣੀ

ਪਹਿਲੀ ਅਪਰੈਲ ਤੋਂ ਕੁਝ ਦਿਨ ਪਹਿਲਾਂ ਹੀ ਚਿੰਟੂ ਨੇ ਸੋਚ ਲਿਆ ਸੀ ਕਿ ਉਹ ਆਪਣੇ ਦੋਸਤਾਂ ਦਾ ਹੀ ਨਹੀਂ ਅਧਿਆਪਕ ਵਰਮਾ ਜੀ ਦਾ ਵੀ ਅਪਰੈਲ ਫੂਲ ਬਣਾਵੇਗਾ। ਇਸ ਨਾਲ ਉਸ ਨੂੰ ਖੂਬ ਮਜ਼ਾ ਆਵੇਗਾ। ਉਸ ਦਿਨ ਕੋਈ ਬੁਰਾ ਵੀ ਨਹੀਂ ਮਨਾਉਂਦਾ। ਇਸ ਲਈ ਉਹ ਬੇ-ਡਰ ਹੋ ਕੇ ਇੱਕ ਅਪਰੈਲ ਦੇ ਦਿਨ ਦਾ ਇੰਤਜ਼ਾਰ ਕਰ ਰਿਹਾ ਸੀ।

Advertisement

ਯੋਜਨਾ ਅਨੁਸਾਰ ਅਪਰੈਲ ਫੂਲ ਦੇ ਦਿਨ ਚਿੰਟੂ ਆਪਣੇ ਦੋਸਤਾਂ ਤੋਂ ਪਹਿਲਾਂ ਹੀ ਸਕੂਲ ਪੁੱਜ ਗਿਆ ਸੀ। ਫਿਰ ਉਹ ਆਪਣੀ ਜਮਾਤ ਵਿੱਚ ਆਪਣੇ ਬੈਂਚ ’ਤੇ ਜਾ ਬੈਠਾ ਤੇ ਫਿਰ ਉਸ ਨੇ ਦੇਖਿਆ ਕਿ ਉਸ ਦੇ ਦੋਸਤ ਵਿੰਨੀ, ਨਕੁਲ ਵੀ ਆ ਗਏ ਹਨ। ਵਿੰਨੀ ਤੇ ਨਕੁਲ, ਚਿੰਟੂ ਨੂੰ ਵੇਖ ਕੇ ਹੈਰਾਨ ਸਨ ਕਿ ਅੱਜ ਉਹ ਉਨ੍ਹਾਂ ਤੋਂ ਪਹਿਲਾਂ ਕਿਵੇਂ ਆ ਗਿਆ? ਉਹ ਤਾਂ ਸਭ ਤੋਂ ਲੇਟ ਆਉਂਦਾ ਸੀ।

Advertisement

‘‘ਚਿੰਟੂ...ਤੂੰ ਤਾਂ ਬੜਾ ਸਿਆਣਾ ਹੋ ਗਿਆ ਏਂ। ਅੱਜ ਤਾਂ ਸਾਡੇ ਤੋਂ ਵੀ ਪਹਿਲਾਂ ਆ ਗਿਆ।’’ ਵਿੰਨੀ ਨੇ ਆਪਣਾ ਬਸਤਾ ਬੈਂਚ ’ਤੇ ਰੱਖਦਿਆਂ ਕਿਹਾ ਤੇ ਔਖਾ ਜਿਹਾ ਸਾਹ ਲਿਆ।

‘‘ਲੱਗਦੈ ਇਹ ਕੱਲ੍ਹ ਘਰ ਹੀ ਨਹੀਂ ਗਿਆ...ਇੱਥੇ ਈ ਸੌਂ ਗਿਆ ਹੋਣਾ।’’ ਨਕੁਲ ਨੇ ਵੀ ਚੁਟਕੀ ਲੈਂਦਿਆਂ ਮੁਸਕਰਾ ਕੇ ਕਿਹਾ।

‘‘ਕਰ ਲਓ ਯਾਰ ਮਜ਼ਾਕ...ਤੁਹਾਨੂੰ ਮਜ਼ਾਕ ਕਰਨ ਲਈ ਮੈਂ ਹੀ ਲੱਭਿਆ ਹਾਂ।’’ ਚਿੰਟੂ ਨੇ ਸਾਊ ਜਿਹਾ ਬਣਦੇ ਕਿਹਾ। ਉਹ ਮਨ ਵਿੱਚ ਹੱਸ ਰਿਹਾ ਸੀ ਕਿ ਮਜ਼ਾਕ ਤਾਂ ਉਹ ਕਰੇਗਾ ਕਿ ਦੋਵੇਂ ਯਾਦ ਰੱਖਣਗੇ।

ਆਪਸ ਵਿੱਚ ਗੱਲਾਂ ਕਰਦੇ ਕਰਦੇ ਚਿੰਟੂ ਨੇ ਅਚਾਨਕ ਨਕੁਲ ਨੂੰ ਕਿਹਾ, ‘‘ਯਾਰ ਤੈਨੂੰ ਸ਼ਾਇਦ ਕੋਈ ਬਾਹਰ ਬੁਲਾ ਰਿਹੈ।’’ ਨਕੁਲ ਨੂੰ ਕੁਝ ਹੈਰਾਨੀ ਹੋਈ। ਉਹ ਜਮਾਤ ਤੋਂ ਬਾਹਰ ਜਾਣ ਲਈ ਜਿਵੇਂ ਹੀ ਉੱਠਿਆ ਤਾਂ ਸਾਰੇ ਵਿਦਿਆਰਥੀ ਠਹਾਕਾ ਲਗਾ ਕੇ ਹੱਸਣ ਲੱਗੇ। ਨਕੁਲ ਨੂੰ ਇਹ ਵੇਖ ਤੇ ਸੁਣ ਕੇ ਹੋਰ ਵੀ ਹੈਰਾਨੀ ਹੋਈ ਕਿ ਸਭ ਉਸ ਵੱਲ ਵੇਖ ਕੇ ਕਿਉਂ ਹੱਸ ਰਹੇ ਹਨ?

ਤਦੇ ਰੂਬੀਨੀਆ ਨੇ ਉਸ ਦੀ ਪਿੱਠ ਤੋਂ ਇੱਕ ਚਿਪਕਿਆ ਕਾਗਜ਼ ਲਾਹ ਕੇ ਉਸ ਨੂੰ ਵਿਖਾਇਆ ਤਾਂ ਉਹ ਵੀ ਸ਼ਰਮਿੰਦਾ ਜਿਹਾ ਹੋ ਗਿਆ ਤੇ ਬਣਾਉਟੀ ਮੁਸਕਾਨ ਬਿਖੇਰਨ ਲੱਗਾ। ਅਸਲ ਵਿੱਚ ਨਕੁਲ ਜਦੋਂ ਜਮਾਤ ਵਿੱਚ ਆ ਕੇ ਬੈਠਾ ਸੀ ਤਾਂ ਪਹਿਲਾਂ ਹੀ ਸ਼ਰਾਰਤ ਸੋਚੀਂ ਬੈਠੇ ਚਿੰਟੂ ਨੇ ਉਸ ਦੀ ਪਿੱਠ ’ਤੇ ਇੱਕ ਕਾਗਜ਼ ਚਿਪਕਾ ਦਿੱਤਾ ਸੀ ਜਿਸ ’ਤੇ ਲਿਖਿਆ ਸੀ, ‘ਮੈਂ ਬੇਵਕੂਫ਼ ਹਾਂ।’

ਤਦੇ ਅਧਿਆਪਕ ਜਮਾਤ ਵਿੱਚ ਦਾਖਲ ਹੋਏ ਤਾਂ ਸੰਨਾਟਾ ਛਾ ਗਿਆ। ਚਿੰਟੂ ਨੇ ਅਧਿਆਪਕ ਲਈ ਵੀ ਕੁਝ ਸੋਚ ਰੱਖਿਆ ਸੀ ਜਿਸ ਨਾਲ ਉਹ ਉਨ੍ਹਾਂ ਦਾ ਵੀ ਮਜ਼ਾਕ ਉਡਾ ਸਕੇ।

‘‘ਚਿੰਟੂ ਇੱਧਰ ਆ ਤਾਂ...।’’ ਅਚਾਨਕ ਅਧਿਆਪਕ ਨੇ ਗੁੱਸੇ ਨਾਲ ਚਿੰਟੂ ਵੱਲ ਦੇਖਦਿਆਂ ਕਿਹਾ।

ਸਾਰੀ ਜਮਾਤ ਵਿੱਚ ਘੁਸਰ ਮੁਸਰ ਹੋਣ ਲੱਗੀ ਕਿ ਹੁਣ ਚਿੰਟੂ ਦੀ ਖ਼ੈਰ ਨਹੀਂ। ਖੁਦ ਚਿੰਟੂ ਵੀ ਹੈਰਾਨ ਜਿਹਾ ਅਧਿਆਪਕ ਕੋਲ ਆਇਆ। ਉਸ ਨੂੰ ਲੱਗਾ ਕਿ ਉਸ ਨੇ ਜੋ ਹਰਕਤ ਨਕੁਲ ਨਾਲ ਕੀਤੀ ਹੈ, ਉਹ ਅਧਿਆਪਕ ਨੂੰ ਪਤਾ ਲੱਗ ਗਈ ਹੈ। ਇਸ ਲਈ ਹੀ ਉਨ੍ਹਾਂ ਨੇ ਉਸ ਨੂੰ ਡਾਂਟਣ ਲਈ ਕੋਲ ਬੁਲਾਇਆ ਹੈ।

‘‘ਚਿੰਟੂ...ਸੱਚ ਸੱਚ ਦੱਸ...। ਤੂੰ ਸਾਰੇ ਮੋਤੀ ਕਿਉਂ ਛੁਪਾ ਲਏ?’’ ਅਧਿਆਪਕ ਨੇ ਚਿੰਟੂ ਨੂੰ ਪੁੱਛਿਆ।

‘‘ਜੀ ਮੋਤੀ...ਕਿਹੜੇ ਮੋਤੀ...ਮੈਂ ਕੋਈ ਮੋਤੀ ਨਹੀਂ ਛੁਪਾਏ।’’ ਚਿੰਟੂ ਥਰ-ਥਰ ਕੰਬ ਰਿਹਾ ਸੀ।

‘‘ਲੱਗਦੈ ਤੂੰ ਇਸ ਤਰ੍ਹਾਂ ਨਹੀਂ ਮੰਨਣਾ। ਤੇਰਾ ਮੂੰਹ ਖੁੱਲ੍ਹਵਾਉਣਾ ਹੀ ਪਏਗਾ।’’ ਅਧਿਆਪਕ ਨੇ ਚਿੰਟੂ ਨੂੰ ਘੂਰਦਿਆਂ ਕਿਹਾ।

‘‘ਸਰ...ਤੁਹਾਨੂੰ ਕੋਈ ਗ਼ਲਤਫਹਿਮੀ ਹੋਈ ਐ। ਮੈਂ ਕੋਈ ਮੋਤੀ ਨਹੀਂ ਛੁਪਾਏ, ਨਾ ਮੇਰੇ ਕੋਲ ਕੋਈ ਮੋਤੀ ਨੇ। ਕਿਸੇ ਨੇ ਤੁਹਾਨੂੰ ਮੇਰੇ ਬਾਰੇ ਝੂਠ ਕਿਹਾ ਹੈ।’’ ਚਿੰਟੂ ਰੋਣ ਲੱਗ ਪਿਆ।

ਤਦੇ ਅਧਿਆਪਕ ਜ਼ੋਰ ਨਾਲ ਹੱਸਣ ਲੱਗ ਪਏ। ਇਹ ਵੇਖ ਕੇ ਸਭ ਬੱਚੇ ਵੀ ਸਹਿਜ ਹੋ ਗਏ ਤੇ ਉਹ ਵੀ ਹੱਸਣ ਲੱਗ ਪਏ। ਚਿੰਟੂ ਡੌਰ ਭੌਰ ਜਿਹਾ ਖੜ੍ਹਾ ਕਦੇ ਅਧਿਆਪਕ ਤੇ ਕਦੇ ਬੱਚਿਆਂ ਵੱਲ ਵੇਖ ਰਿਹਾ ਸੀ।

‘‘ਬੇਟਾ...ਤੂੰ ਮੈਨੂੰ ਅਪਰੈਲ ਫੂਲ ਬਣਾਉਣ ਚੱਲਿਆ ਸੀ ਤੇ ਮੈਂ ਤੈਨੂੰ ਹੀ ਅਪਰੈਲ ਫੂਲ ਬਣਾ ਦਿੱਤਾ। ਤੂੰ ਜਦੋਂ ਕੱਲ੍ਹ ਮੰਟੂ ਨੂੰ ਇਹ ਗੱਲ ਦੱਸ ਰਿਹਾ ਸੀ ਤਾਂ ਮੈਂ ਤੁਹਾਡੀਆਂ ਗੱਲਾਂ ਸੁਣ ਲਈਆਂ ਸਨ ਤੇ ਇਸ ਤੋਂ ਪਹਿਲਾਂ ਕਿ ਤੂੰ ਕੁਝ ਕਰੇਂ, ਮੈਂ ਤੈਨੂੰ ਹੀ ਮੂਰਖ ਬਣਾ ਦਿੱਤਾ। ਅਸਲ ਵਿੱਚ ਜਦੋਂ ਮੈਂ ਜਮਾਤ ਵਿੱਚ ਆਇਆ ਤਾਂ ਤੂੰ ਨਕੁਲ ’ਤੇ ਖੂਬ ਖਿੜਖਿੜਾ ਕੇ ਹੱਸ ਰਿਹਾ ਸੀ ਤੇ ਤੇਰੇ ਦੰਦ ਮੋਤੀਆਂ ਵਾਂਗ ਚਮਕ ਰਹੇ ਸਨ। ਬਸ ਮੈਂ ਇਸੇ ਭੇਤ ਨਾਲ ਤੈਨੂੰ ਪੁੱਛ ਲਿਆ ਕਿ ਤੂੰ ਮੈਨੂੰ ਵੇਖ ਕੇ ਅਚਾਨਕ ਆਪਣਾ ਮੂੰਹ ਬੰਦ ਕਰ ਲਿਆ ਤੇ ਚਮਕਦਾਰ ਮੋਤੀ ਮਤਲਬ ਦੰਦ ਛੁਪਾ ਲਏ।’’ ਅਧਿਆਪਕ ਇੱਕ ਵਾਰ ਫਿਰ ਖੂਬ ਜ਼ੋਰ ਨਾਲ ਹੱਸਦੇ ਹੋਏ ਬੋਲੇ।

ਚਿੰਟੂ ਦਾ ਲਟਕਿਆ ਮੂੰਹ ਵੇਖਣ ਵਾਲਾ ਸੀ। ਉਹ ਵੀ ਹੁਣ ਸਹਿਜ ਹੋ ਗਿਆ ਸੀ ਤੇ ਹਲਕਾ ਜਿਹਾ ਹੱਸ ਰਿਹਾ ਸੀ।

‘‘ਬੱਚਿਓ...ਜੋ ਚਿੰਟੂ ਨੇ ਕੀਤਾ ਉਹ ਗ਼ਲਤ ਹੈ। ਸਾਨੂੰ ਮਜ਼ਾਕ ਅਜਿਹਾ ਕਰਨਾ ਚਾਹੀਦਾ ਹੈ ਜਿਸ ਨਾਲ ਕਿਸੇ ਦਾ ਅਪਮਾਨ ਨਾ ਹੋਵੇ। ਕਿਸੇ ਦੀ ਭਾਵਨਾ ਨੂੰ ਠੇਸ ਨਾ ਪੁੱਜੇ। ਮਜ਼ਾਕ ਅਜਿਹਾ ਹੋਵੇ ਜਿਵੇਂ ਕਿ ਮੈਂ ਹੁਣ ਚਿੰਟੂ ਨੂੰ ਕੀਤਾ ਤੇ ਅਗਲੇ ਹੀ ਪਲ ਉਸ ਦੀ ਪ੍ਰਸ਼ੰਸਾ ਕਰ ਕੇ ਉਸ ਦੇ ਮੁਰਝਾਏ ਚਿਹਰੇ ’ਤੇ ਮੁਸਕਾਨ ਵੀ ਲਿਆ ਦਿੱਤੀ। ਮਜ਼ਾਕ ਹਮੇਸ਼ਾਂ ਤੰਦਰੁਸਤ ਤੇ ਖੁਸ਼ੀ ਦੇਣ ਵਾਲਾ ਹੋਵੇ। ਕਿਉਂ ਚਿੰਟੂ...?’’ ਅਧਿਆਪਕ ਨੇ ਆਪਣੀ ਗੱਲ ਕਹਿੰਦਿਆਂ ਚਿੰਟੂ ਨੂੰ ਪਿਆਰ ਕਰਦਿਆਂ ਕਿਹਾ।

‘‘ਜੀ ਸਰ...।’’ ਚਿੰਟੂ ਨੇ ਸਿਰ ਝੁਕਾਉਂਦੇ ਹੋਏ ਕਿਹਾ ਤੇ ਫਿਰ ਆਪਣੀ ਜਗ੍ਹਾ ’ਤੇ ਬੈਠ ਗਿਆ।

ਸੰਪਰਕ: 98723-25960

Advertisement
×