DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੱਟਾ ਆਈ ਵਿਸਾਖੀ...

ਪੂਰੀ ਦੁਨੀਆ ਵਿੱਚ ਪੰਜਾਬੀ ਬਹਾਦਰ, ਨਿਡਰ ਅਤੇ ਅੜਬ ਸੁਭਾਅ ਦੇ ਖੁੱਲੇ ਦਿਲ ਵਾਲੇ ਅਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੀ ਕੌਮ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਦੀ ਹਰ ਅਦਾ ’ਤੇ ਫ਼ਿਦਾ ਹੋਣ ਨੂੰ ਦਿਲ ਕਰਦਾ ਹੈ। ਜਿੱਥੇ ਵੀ ਚਾਰ ਪੰਜਾਬੀ ਇਕੱਠੇ...

  • fb
  • twitter
  • whatsapp
  • whatsapp
Advertisement

ਪੂਰੀ ਦੁਨੀਆ ਵਿੱਚ ਪੰਜਾਬੀ ਬਹਾਦਰ, ਨਿਡਰ ਅਤੇ ਅੜਬ ਸੁਭਾਅ ਦੇ ਖੁੱਲੇ ਦਿਲ ਵਾਲੇ ਅਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੀ ਕੌਮ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਦੀ ਹਰ ਅਦਾ ’ਤੇ ਫ਼ਿਦਾ ਹੋਣ ਨੂੰ ਦਿਲ ਕਰਦਾ ਹੈ। ਜਿੱਥੇ ਵੀ ਚਾਰ ਪੰਜਾਬੀ ਇਕੱਠੇ ਮਿਲ ਬੈਠਦੇ ਹਨ, ਉੱਥੇ ਇੰਝ ਲੱਗਦਾ ਹੈ ਜਿਵੇਂ ਮੇਲੇ ਦਾ ਮਾਹੌਲ ਹੋਵੇ, ਪਰ ਜੇਕਰ ਪੰਜਾਬ ਵਿੱਚ ਸਚਮੁੱਚ ਹੀ ਕੋਈ ਮੇਲਾ ਹੋਵੇ ਤਾਂ ਜੋ ਰੌਣਕ ਤੇ ਖੁਸ਼ੀ ਪੰਜਾਬੀਆਂ ਦੇ ਚਿਹਰੇ ’ਤੇ ਨਜ਼ਰ ਪੈਂਦੀ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪੰਜਾਬ ਮੇਲਿਆਂ ਦੀ ਧਰਤੀ ਹੈ ਜਿੱਥੇ ਹਰ ਬਦਲਦੀ ਰੁੱਤ ਦੇ ਮੇਲੇ ਹਨ, ਧਾਰਮਿਕ ਮੇਲੇ ਹਨ ਅਤੇ ਸੱਭਿਆਚਾਰਕ ਮੇਲੇ ਵੀ ਹਨ। ਇਨ੍ਹਾਂ ਮੇਲਿਆਂ ਵਿੱਚੋਂ ਹੀ ਵਿਸਾਖੀ ਦਾ ਮੇਲਾ ਇੱਕ ਅਜਿਹਾ ਮੇਲਾ ਹੈ ਜਿਹੜਾ ਰੁੱਤਾਂ ਨਾਲ, ਕਿਸਾਨੀ ਨਾਲ, ਖਾਲਸਾ ਪੰਥ ਦੀ ਸਾਜਨਾ ਨਾਲ ਸਬੰਧ ਰੱਖਦਾ ਹੈ।

ਦੇਸ਼ ਲਈ ਕੁਰਬਾਨੀਆਂ ਵੀ ਸਭ ਤੋਂ ਵੱਧ ਪੰਜਾਬੀਆਂ ਦੇ ਹੀ ਹਿੱਸੇ ਆਈਆਂ ਹਨ ਤੇ ਵਿਸਾਖੀ ਵਾਲੇ ਦਿਨ ਵਾਪਰਿਆ ਜੱਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਵੀ ਇਸ ਤਿਉਹਾਰ ਨਾਲ ਸਦੀਵੀ ਤੌਰ ’ਤੇ ਜੁੜ ਗਿਆ ਹੈ। ਸਿੱਖ ਪੰਥ ਲਈ ਵਿਸਾਖੀ ਦਾ ਤਿਉਹਾਰ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਇਤਿਹਾਸਕ ਦਿਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਵਿਸਾਖੀ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਣ ਸਦਕਾ ਇਸ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਦਾ ਭਾਰੀ ਮੇਲਾ ਲੱਗਦਾ ਹੈ ਅਤੇ ਨਾਲ ਹੀ ਪੰਜਾਬ ਦੇ ਸਾਰੇ ਗੁਰਦੁਆਰਿਆਂ ਵਿੱਚ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਜਿੱਥੇ ਸੰਗਤ ਸ਼ਰਧਾ ਭਾਵਨਾ ਨਾਲ ਜੁੜ ਬੈਠਦੀ ਹੈ ਅਤੇ ਪੂਰਾ ਦਿਨ ਅੰਮ੍ਰਿਤ ਬਾਣੀ ਦਾ ਪਰਵਾਹ ਚੱਲਦਾ ਰਹਿੰਦਾ ਹੈ।

Advertisement

ਵਿਸਾਖੀ ਪੰਜਾਬ ਦਾ ਸਭ ਤੋਂ ਵੱਧ ਮਹੱਤਵ ਵਾਲਾ ਤਿਉਹਾਰ ਹੈ। ਪੰਜਾਬ ਦਾ ਕੌਮੀ ਤਿਉਹਾਰ ਵਿਸਾਖੀ ਪੰਜਾਬੀਆਂ ਦੀ ਆਰਥਿਕ ਖੁਸ਼ਹਾਲੀ ਦਾ ਪ੍ਰਤੀਕ ਹੈ। ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਪੱਖ ਦੇ ਨਾਲ ਨਾਲ ਕਿਸਾਨੀ ਜੀਵਨ ਵਿੱਚ ਇਹ ਤਿਉਹਾਰ ਖਾਸ ਮਹੱਤਵ ਰੱਖਦਾ ਹੈ। ਇਸ ਰੁੱਤੇ ਹਾੜੀ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੁੰਦੀ ਹੈ ਤੇ ਕਿਸਾਨ ਵਾਢੀ ਕਰਕੇ ਪੂਰੇ ਵਰ੍ਹੇ ਦੀ ਅਣਥੱਕ ਮਿਹਨਤ ਦਾ ਫ਼ਲ ਪ੍ਰਾਪਤ ਕਰ ਰਹੇ ਹੁੰਦੇ ਹਨ। ਪੰਜਾਬ ਦੇ ਬਹੁਤਿਆਂ ਪਿੰਡਾਂ ਵਿੱਚ ਲੱਗਣ ਵਾਲੇ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ। ਗੱਭਰੂ ਅਤੇ ਮੁਟਿਆਰਾ ਸੱਜ ਧੱਜ ਕੇ ਮੇਲੇ ਨੂੰ ਜਾਂਦੇ ਹਨ, ਜਿੱਥੇ ਉਹ ਆਪਣੇ ਮਨ ਦੇ ਚਾਅ ਅਤੇ ਸੱਧਰਾਂ ਨੂੰ ਹੱਸ ਗਾ ਕੇ ਭੰਗੜੇ ਪਾ ਕੇ ਪੂਰਾ ਕਰਦੇ ਹਨ। ਬੱਚੇ, ਬੁੱਢੇ, ਔਰਤਾਂ, ਗੱਭਰੂ ਅਤੇ ਮੁਟਿਆਰਾਂ ਮੇਲੇ ਵਿੱਚ ਲੱਗੇ ਚੰਡੋਲ ਝੂਟਦੇ ਪਕੌੜੇ, ਜਲੇਬੀਆਂ ਅਤੇ ਮਠਿਆਈਆਂ ਖਾਂਦੇ, ਮੇਲੇ ਵਿੱਚ ਲੱਗੀਆਂ ਦੁਕਾਨਾਂ ਤੋਂ ਆਪਣੀਆਂ ਮਨਪਸੰਦ ਚੀਜ਼ਾਂ ਖਰੀਦਦੇ ਅਤੇ ਮੇਲੇ ਦਾ ਪੂਰਾ ਲੁਤਫ਼ ਉਠਾਉਂਦੇ ਹਨ।

Advertisement

ਵਿਸਾਖੀ ਦੇ ਮੇਲੇ ਨੂੰ ਪੰਜਾਬੀ ਅਦਬ, ਪੰਜਾਬੀ ਸੰਗੀਤ ਵਿੱਚ ਬੇਹੱਦ ਖੂਬਸੂਰਤੀ ਨਾਲ ਵਰਣਨ ਕੀਤਾ ਗਿਆ ਹੈ। ਕਹਾਣੀਕਾਰਾਂ, ਨਾਟਕਕਾਰਾਂ, ਨਾਵਲਕਾਰਾਂ, ਕਵੀਆਂ ਅਤੇ ਗੀਤਕਾਰਾਂ ਨੇ ਵਿਸਾਖੀ ਦੇ ਮੇਲੇ ਨੂੰ ਬੇਹੱਦ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਜੇਕਰ ਗੱਲ ਕਰੀਏ ਕਵਿਤਾਵਾਂ ਵਿੱਚ ਵਿਸਾਖੀ ਦੇ ਮੇਲੇ ਦੇ ਜ਼ਿਕਰ ਦੀ ਤਾਂ ਸਭ ਤੋਂ ਪਹਿਲਾਂ ਜੋ ਕਵਿਤਾ ਪੰਜਾਬੀਆਂ ਵਿੱਚ ਵਿਸਾਖੀ ਦੇ ਮੇਲੇ ਦੀ ਬੇਹੱਦ ਮਕਬੂਲ ਹੈ, ਉਹ ਹੈ ਲਾਲਾ ਧਨੀ ਰਾਮ ਚਾਤ੍ਰਿਕ ਦੀ ਲਿਖੀ ਕਵਿਤਾ ‘ਵਿਸਾਖੀ ਦਾ ਮੇਲਾ’ ਜਿਸ ਦੇ ਬੋਲ ਹਨ;

ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ,

ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ।

ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ,

ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ।

ਪੁੰਗਰੀਆਂ ਵੱਲਾਂ, ਵੇਲਾਂ ਰੁੱਖੀਂ ਚੜ੍ਹੀਆਂ,

ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ।

ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ,

ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ।

ਧਨੀ ਰਾਮ ਚਾਤ੍ਰਿਕ ਦੀ ਦੂਸਰੀ ਸਭ ਤੋਂ ਵੱਧ ਮਕਬੂਲ ਕਵਿਤਾ ਜੋ ਅਕਸਰ ਵਿਸਾਖੀ ਦੇ ਮੇਲੇ ਦੌਰਾਨ ਗਾਈ ਜਾਂਦੀ ਹੈ ਉਹ ਹੈ ‘ਮੇਲੇ ਵਿੱਚ ਜੱਟ।’

ਤੂੜੀ ਤੰਦ ਸਾਂਭ, ਹਾੜੀ ਵੇਚ ਵੱਟ ਕੇ,

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।

ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,

ਮਾਲ ਢਾਂਡਾ ਸਾਂਭਣੇ ਨੂੰ ਕਾਮਾਂ ਛੱਡ ਕੇ।

ਪੱਗ ਝੱਗਾ ਚਾਦਰ ਨਵੇਂ ਸਿਵਾਇ ਕੇ,

ਸੰਮਾਂ ਵਾਲੀ ਡਾਂਗ ਉਤੇ ਤੇਲ ਲਾਇ ਕੇ।

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,

ਮਾਰਦਾ ਦਮਾਮੇ, ਜੱਟ ਮੇਲੇ ਆ ਗਿਆ।

ਵਿਸਾਖੀ ਦੇ ਮੇਲੇ ਤੇ ਇਹ ਕਵਿਤਾਵਾਂ ਸਭ ਤੋਂ ਵੱਧ ਢੁੱਕਵੀਆਂ ਤੇ ਮਕਬੂਲ ਹਨ। ਪੰਜਾਬੀ ਲੋਕ ਗਾਇਕੀ ਵਿੱਚ ਵੱਖ ਵੱਖ ਗਾਇਕਾਂ ਵੱਲੋਂ ਵਿਸਾਖੀ ਦੇ ਮੇਲੇ ’ਤੇ ਗਾਏ ਅਣਗਿਣਤ ਗੀਤ ਸੁਣਨ ਨੂੰ ਮਿਲਦੇ ਹਨ, ਜਿਨ੍ਹਾਂ ਵਿੱਚ ਸੰਖੇਪ ਰੂਪ ਵਿੱਚ ਕੁਝ ਚੋਣਵੇ ਗੀਤਾਂ ਦਾ ਇੱਥੇ ਜ਼ਿਕਰ ਕਰਾਂਗਾ। ਪੰਜਾਬੀ ਲੋਕ ਗਾਇਕੀ ਵਿੱਚ ਲਾਲ ਚੰਦ ਯਮਲਾ ਜੱਟ ਦਾ ਉੱਚਾ ਨਾਂ ਹੈ, ਉਸ ਵੱਲੋਂ ਗਾਇਆ ਵਿਸਾਖੀ ਦਾ ਗੀਤ ‘ਅੱਜ ਦਿਨ ਵਿਸਾਖੀ ਦਾ ਲੋਕੋ ਹਰ ਥਾਂ ਮਨਾਇਆ ਜਾ ਰਿਹਾ’ ਪੁਰਾਣੇ ਸਮੇਂ ਵਿੱਚ ਪੰਜਾਬ ਦੇ ਹਰ ਘਰ ਵਿੱਚ ਵੱਜਦਾ ਹੁੰਦਾ ਸੀ। ਲੋਕ ਗਾਇਕੀ ਵਿੱਚ ਨਰਿੰਦਰ ਬੀਬਾ ਦਾ ਨਾਂ ਬਹੁਤ ਅਦਬ ਨਾਲ ਲਿਆ ਜਾਂਦਾ ਹੈ। ਉਸ ਨੇ ਬਹੁਤ ਸਾਰੇ ਉਪੇਰੇ ਗਾਏ ਹਨ। ਵਿਸਾਖੀ ਦੇ ਮੇਲੇ ’ਤੇ ਗਾਇਆ ਉਸ ਦਾ ਉਪੇਰਾ ਸੁਣਨ ਲਾਇਕ ਹੈ ਜਿਸ ਵਿੱਚ ਉਸ ਨੇ ਵਿਸਾਖੀ ਦੇ ਮੇਲੇ ਦੇ ਪੂਰੇ ਦ੍ਰਿਸ਼ ਨੂੰ ਕਾਵਿਕ ਰੂਪ ਵਿੱਚ ਬਿਆਨ ਕੀਤਾ ਹੈ ਜਿਸ ਵਿੱਚ ਉਸ ਦਾ ਸਾਥ ਦਿੱਤਾ ਹੈ ਉਸ ਦੇ ਛੋਟੇ ਭਾਈ ਫ਼ਕੀਰ ਸਿੰਘ ਫ਼ਕੀਰ ਨੇ।

ਇਸ ਤੋਂ ਇਲਾਵਾ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜੋੜੀ ਵੱਲੋਂ ਗਾਏ ਦੋਗਾਣੇ ‘ਮੇਲਾ ਕੱਲ੍ਹ ਨੂੰ ਵਿਸਾਖੀ ਦਾ ਏ ਹਾਣੀਆ’ ਅਤੇ ‘ਹੋ ਜਾ ਬੱਲੀਏ ਤਿਆਰ ਆ ਗਈ ਏ ਵਿਸਾਖੀ ਸੁੱਖਾਂ ਸੁੱਖਦੇ ਨੂੰ’, ਜਗਤ ਸਿੰਘ ਜੱਗਾ ਦਾ ਗਾਇਆ ‘ਨਾਲੇ ਜੱਟ ਨੇ ਊਠਣੀ ਕੱਸ ਲੀ ਚੱਲਿਆ ਵਿਸਾਖੀ ਨੂੰ’, ਬਲਕਾਰ ਸਿੱਧੂ ਦਾ ‘ਵਿਸਾਖੀ ਵਾਲਾ ਮੇਲਾ ਲੱਗਿਆ, ਆਈ ਸਖੀਆ ਦੇ ਨਾਲ ਇੱਕ ਗੋਰੀ’, ਪੰਮਾ ਡੁੰਮੇਵਾਲੀਆ ਦਾ ਗੀਤ ‘ਵਿਸਾਖੀ ਵਾਲੇ ਦਿਨ ਸੰਗਤਾਂ ’ਚ ਖੜ੍ਹ ਕੇ’, ਦਲਵਿੰਦਰ ਦਿਆਲਪੁਰੀ ਦਾ ਗੀਤ ‘ਉੱਤੋ ਆ ਗਿਆ ਵਿਸਾਖ ਕਣਕਾਂ ਨੇ ਪੱਕੀਆਂ’ ਮਕਬੂਲ ਗੀਤ ਹਨ ਜੋ ਵਿਸਾਖੀ ਦੇ ਤਿਉਹਾਰ ਨੂੰ ਬਹੁਤ ਖੂਬਸੂਰਤੀ ਨਾਲ ਚਿਤਰਿਤ ਕਰਦੇ ਹਨ।

ਸੰਪਰਕ: 94646-28857

Advertisement
×