DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੱਟੀ ਪੰਦਰਾਂ ਮੁਰੱਬਿਆਂ ਵਾਲੀ ਭੱਤਾ ਲੈ ਕੇ ਖੇਤ ਨੂੰ ਚੱਲੀ...

ਖੇਤੀ ਤੇ ਸਾਡੇ ਸੱਭਿਆਚਾਰ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਹੈ। ਸਾਡੇ ਸੱਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਵਿੱਚ ਖੇਤੀ ਦਾ ਜ਼ਿਕਰ ਮਿਲਦਾ ਹੈ। ਪੁਰਾਤਨ ਖੇਤੀਬਾੜੀ ਸਾਦ ਮੁਰਾਦੀ ਤੇ ਕੁਦਰਤ ਉੱਤੇ ਜ਼ਿਆਦਾ ਨਿਰਭਰ ਹੁੰਦੀ ਸੀ। ਮਨੁੱਖੀ ਸ਼ਕਤੀ ਦੇ ਨਾਲ ਉਸ ਵਿੱਚ ਪਸ਼ੂਆਂ ਦਾ...

  • fb
  • twitter
  • whatsapp
  • whatsapp
Advertisement

ਖੇਤੀ ਤੇ ਸਾਡੇ ਸੱਭਿਆਚਾਰ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਹੈ। ਸਾਡੇ ਸੱਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਵਿੱਚ ਖੇਤੀ ਦਾ ਜ਼ਿਕਰ ਮਿਲਦਾ ਹੈ। ਪੁਰਾਤਨ ਖੇਤੀਬਾੜੀ ਸਾਦ ਮੁਰਾਦੀ ਤੇ ਕੁਦਰਤ ਉੱਤੇ ਜ਼ਿਆਦਾ ਨਿਰਭਰ ਹੁੰਦੀ ਸੀ। ਮਨੁੱਖੀ ਸ਼ਕਤੀ ਦੇ ਨਾਲ ਉਸ ਵਿੱਚ ਪਸ਼ੂਆਂ ਦਾ ਵੀ ਅਹਿਮ ਯੋਗਦਾਨ ਹੁੰਦਾ ਸੀ, ਪਰ ਫਿਰ ਮਨੁੱਖੀ ਸੱਭਿਅਤਾ ਦੇ ਵਿਕਾਸ ਕਰਨ ਤੇ ਮਸ਼ੀਨੀਕਰਨ ਨਾਲ ਪੁਰਾਤਨ ਖੇਤੀ ਦੇ ਤਰੀਕਿਆਂ ਵਿੱਚ ਇਤਿਹਾਸਕ ਤਬਦੀਲੀ ਆਈ। ਇਸ ਤਬਦੀਲੀ ਨੇ ਖੇਤੀ ਨੂੰ ਸੁਖਾਲਾ ਤਾਂ ਬਣਾਇਆ, ਪਰ ਇਸ ਨੇ ਸਾਡੀ ਪਰੰਪਰਾਗਤ ਖੇਤੀ ਵਿੱਚੋਂ ਬੜਾ ਕੁਝ ਲੋਪ ਵੀ ਕਰ ਦਿੱਤਾ। ਪੁਰਾਤਨ ਬਲਦਾਂ ਵਾਲੀ ਖੇਤੀ ਨਾਲ ਜੁੜਿਆ ਬੜਾ ਕੁਝ ਭਾਵੇਂ ਅਜੋਕੇ ਸਮੇਂ ਵਿੱਚ ਵਿਸਰ ਗਿਆ ਹੈ, ਪਰ ਉਸ ਸਭ ਦੇ ਚਿੰਨ੍ਹ ਅੱਜ ਵੀ ਸਾਡੇ ਸੱਭਿਆਚਾਰ ਵਿੱਚ ਪਏ ਹਨ।

ਅਜਿਹਾ ਹੀ ਆਪਸੀ ਮੋਹ ਮੁਹੱਬਤ ਤੇ ਆਪਸੀ ਸਾਂਝ ਦਾ ਪ੍ਰਤੀਕ ਇੱਕ ਚਿੰਨ੍ਹ ‘ਭੱਤਾ’ ਹੈ ਜੋ ਅਜੋਕੇ ਸਮੇਂ ਵਿੱਚ ਸਾਡੀ ਖੇਤੀ ਦੇ ਕਿੱਤੇ ਵਿੱਚ ਲੋਪ ਹੋ ਗਿਆ ਹੈ। ਭੱਤਾ ਅਜੋਕੀ ਖੇਤੀ ਵਿੱਚੋਂ ਗੁਆਚ ਜਾਣ ਦੇ ਬਾਵਜੂਦ ਸਾਡੇ ਸੱਭਿਆਚਾਰ, ਸਾਡੀ ਬੋਲਬਾਣੀ ਤੇ ਸਾਡੇ ਮੁਹਾਵਰਿਆਂ ਵਿੱਚ ਮੌਜੂਦ ਹੈ। ਅਸੀਂ ਆਮ ਕਹਿੰਦੇ ਹਾਂ ਫਲਾਣੇ ਨੇ ਤਾਂ ਭੱਤਾ ਭੰਨਾ ਲਿਆ ਹੈ, ਹੁਣ ਕਿਸੇ ਵੱਟ ਮਰਜ਼ੀ ਤੁਰਿਆ ਫਿਰੇ।

Advertisement

ਅਜੋਕੀ ਨਵੀਂ ਪੀੜ੍ਹੀ ਨੂੰ ਭੱਤੇ ਬਾਰੇ ਬਹੁਤਾ ਪਤਾ ਨਹੀਂ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਸੀ ਤਾਂ ਉਨ੍ਹਾਂ ਵੇਲਿਆਂ ਵਿੱਚ ਕਿਸਾਨ ਸਵੇਰੇ ਚਿੜੀ ਚੂਕਦੀ ਨਾਲ ਖੇਤ ਚਲੇ ਜਾਂਦੇ ਸਨ। ਉਨ੍ਹਾਂ ਨੂੰ ਪਿੱਛੋਂ ਘਰ ਦੀਆਂ ਸੁਆਣੀਆਂ (ਪਤਨੀ, ਮਾਂ ਜਾਂ ਧੀ) ਦੁਪਹਿਰ ਵੇਲੇ ਖੇਤਾਂ ਵਿੱਚ ਭੋਜਨ ਲੈ ਕੇ ਜਾਂਦੀਆਂ ਸਨ, ਜਿਸ ਨੂੰ ‘ਭੱਤਾ’ ਕਿਹਾ ਜਾਂਦਾ ਸੀ। ਇੱਕ ਛਿੱਕੂ (ਛਾਬੇ) ਵਿੱਚ ਰੋਟੀਆਂ, ਸਬਜ਼ੀ, ਅਚਾਰ, ਗੰਢਾ ਤੇ ਕੁੱਜੇ ਵਿੱਚ ਦਹੀਂ, ਲੱਸੀ ਨੂੰ ਇਸ ਢੰਗ ਨਾਲ ਟਿਕਾਇਆ ਜਾਂਦਾ ਸੀ ਤਾਂ ਕਿ ਉਹ ਡੁੱਲ੍ਹ ਨਾ ਸਕੇ। ਕਿਸੇ ਸੁਆਣੀ ਦੇ ਸਚਿਆਰੀ ਹੋਣ ਦਾ ਪਤਾ ਉਸ ਦੇ ਭੱਤਾ ਸਿਰ ’ਤੇ ਟਿਕਾਉਣ ਤੋਂ ਲੈ ਕੇ ਖੇਤ ਲਿਜਾਣ ਤੋਂ ਵੀ ਲੱਗਦਾ ਸੀ। ਇਸ ਕਰਕੇ ਹੀ ਜਦੋਂ ਕੋਈ ਸੁਆਣੀ ਠੁਮਕ ਠੁਮਕ ਤੁਰਦੀ ਆਪਣੇ ਖੇਤ ਕੰਮ ਕਰਦੇ ਕੰਤ ਲਈ ਭੱਤਾ ਲੈ ਕੇ ਜਾਂਦੀ ਤਾਂ ਉਸ ਦ੍ਰਿਸ਼ ਨੂੰ ਪੇਸ਼ ਕਰਦੀ ਇਹ ਬੋਲੀ ਅਕਸਰ ਗਿੱਧੇ ਵਿੱਚ ਪਾਈ ਜਾਂਦੀ;

Advertisement

ਜੱਟੀ ਪੱਚੀਆਂ ਮੁਰੱਬਿਆਂ ਵਾਲੀ

ਭੱਤਾ ਲੈ ਕੇ ਖੇਤ ਨੂੰ ਚੱਲੀ

ਭੱਤਾ ਸਿਰਫ਼ ਭੁੱਖ ਮਿਟਾਉਣ ਦਾ ਸਾਧਨ ਨਹੀਂ ਸੀ, ਸਗੋਂ ਇਹ ਪਰਿਵਾਰਕ ਸਾਂਝ ਤੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਦਾ ਸੀ। ਖੇਤ ਵਿੱਚ ਕਿਸੇ ਰੁੱਖ (ਟਾਹਲੀ, ਨਿੰਮ) ਦੀ ਛਾਂ ਹੇਠ ਸਾਰਾ ਪਰਿਵਾਰ ਇਕੱਠੇ ਬੈਠ ਕੇ ਭੱਤੇ ਵਿੱਚ ਲਿਆਂਦੀ ਰੋਟੀ ਖਾਂਦਾ ਸੀ ਤਾਂ ਉਹ ਨਾਲ ਆਪਣਾ ਸੁੱਖ ਦੁੱਖ ਵੀ ਸਾਂਝਾ ਕਰਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਵੇਲਿਆਂ ਵਿੱਚ ਸਾਂਝੇ ਪਰਿਵਾਰ ਹੋਣ ਕਰਕੇ ਕਈ ਵਾਰ ਪਤੀ-ਪਤਨੀ ਨੂੰ ਇਕੱਠਿਆਂ ਬੈਠ ਕੇ ਗੱਲਾਂ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ ਸੀ। ਇਸ ਲਈ ਭੱਤਾ ਲੈ ਕੇ ਗਈ ਪਤਨੀ ਆਪਣੇ ਪਤੀ ਨਾਲ ਖੁੱਲ੍ਹ ਕੇ ਗੱਲਾਂ ਕਰਨ ਦੇ ਨਾਲ ਹਾਸਾ ਮਖੌਲ ਵੀ ਕਰ ਲੈਂਦੀ ਸੀ। ਕਈ ਵਾਰ ਉਹ ਮਸ਼ਕਰੀ ਕਰਦੀ ਹੋਈ ਆਪਣੇ ਪਤੀ ਨੂੰ ਕਹਿੰਦੀ;

ਹਾਕਾਂ ਮਾਰਦੀ ਸਰ੍ਹੋਂ ਦੇ ਫੁੱਲ ਵਰਗੀ

ਵੇ ਰੋਟੀ ਖਾ ਲੈ ਚੱਪਣਾ ਜਿਹਾ

ਉਸ ਦਾ ਘਰਵਾਲਾ ਵੀ ਅੱਗੋਂ ਮਾਖੌਲ ਜਿਹੇ ਵਿੱਚ ਜਵਾਬ ਦਿੰਦਾ ਆਖਦਾ;

ਮੈਨੂੰ ਹੋਰ ਵੀ ਪਿਆਰੀ ਲੱਗਦੀ

ਨੀਂ ਜਦੋਂ ਆਖੇਂ ਚੱਪਣਾ ਜਿਹਾ

ਭੱਤੇ ਕਰਕੇ ਪਿੰਡਾਂ ਵਿੱਚ ਦੁਪਹਿਰ ਵੇਲੇ ਖੇਤਾਂ ਦੇ ਰਾਹਾਂ ਵਿੱਚ ਇੱਕ ਅਲੱਗ ਹੀ ਰੌਣਕ ਵੇਖਣ ਨੂੰ ਮਿਲਦੀ ਹੁੰਦੀ ਸੀ। ਜਦੋਂ ਕਿਸੇ ਘਰ ਦੀ ਸੁਆਣੀ ਭੱਤਾ ਲੈ ਕੇ ਜਾ ਰਹੀ ਹੁੰਦੀ ਤਾਂ ਕੋਈ ਖੇਤਾਂ ਵੱਲੋਂ ਵਾਪਸ ਆ ਰਹੀ ਹੁੰਦੀ। ਕਿਤੇ ਕਿਸੇ ਪਹੇ (ਕੱਚੇ ਰਾਹ) ਵਿੱਚ ਚਾਰ ਸੁਆਣੀਆਂ ’ਕੱਠੀਆਂ ਹੋ ਕੇ ਗੱਲਾਂ ਕਰਦੀਆਂ ਆਉਂਦੀਆਂ। ਪੰਜਾਬੀ ਸੱਭਿਆਚਾਰ ਤੇ ਸਾਹਿਤ ਵਿੱਚ ਅਜਿਹੇ ਦ੍ਰਿਸ਼ਾਂ ਦਾ ਬਹੁਤ ਵਰਣਨ ਮਿਲਦਾ ਹੈ ਜਿਵੇਂ;

ਸਿਖਰ ਦੁਪਹਿਰੇ ਭੱਤਾ ਲੈ ਕੇ ਚੱਲੀ

ਪੈਰਾਂ ਦੀ ਜੁੱਤੀ ਪਾਵੇ ਧਮਕਾਂ

ਇਸ ਦੇ ਨਾਲ ਹੀ ਭੱਤੇ ਵਿੱਚ ਪਤਨੀ ਜਾਂ ਮਾਂ ਦੇ ਹੱਥੋਂ ਮਿਲੀ ਰੋਟੀ ਕਿਸਾਨ ਦੀ ਥਕਾਵਟ ਦੂਰ ਕਰਨ ਵਿੱਚ ਸਹਾਇਤਾ ਕਰਦੀ ਸੀ ਕਿਉਂਕਿ ਤੜਕਸਾਰ ਤੋਂ ਲਗਾਤਾਰ ਕੰਮ ਕਰਦੇ ਹੋਣ ਕਰਕੇ ਅਕਸਰ ਕਿਸਾਨ ਥੱਕ ਜਾਂਦੇ ਸਨ, ਫਿਰ ਭੱਤੇ ਦੇ ਆਉਣ ਨਾਲ ਭੁੱਖ ਤੋਂ ਰਾਹਤ ਤਾਂ ਮਿਲਦੀ ਹੀ ਸੀ ਨਾਲ ਕੁਝ ਪਲ ਲਈ ਆਪਣੀ ਪਤਨੀ ਜਾਂ ਮਾਂ ਨਾਲ ਗੱਲ ਕਰਕੇ ਉਹ ਸੁਖਦ ਵੀ ਮਹਿਸੂਸ ਕਰਦੇ ਸਨ। ਘਰ ਵਿੱਚ ਕੰਮ ਧੰਦਾ ਕਰਦੀ ਜੱਟੀ ਜੇਕਰ ਕਿਸੇ ਦਿਨ ਭੱਤਾ ਲੈ ਕੇ ਆਉਂਦੀ ਲੇਟ ਹੋ ਜਾਂਦੀ ਤਾਂ ਜੱਟ ਕਹਿੰਦਾ;

ਸੱਪ ਵਰਗੀ ਤੇਰੀ ਤੋਰ ਜਗੀਰੋ

ਸਿਓ ਵਰਗਾ ਰੰਗ ਤੇਰਾ

ਨੀਂ ਕਿਹੜੀ ਗੱਲ ਦਾ ਕਰ ਗਈ ਗੁੱਸਾ

ਕਿਹੜੀ ਗੱਲ ਦਾ ਝੇੜਾ

ਨੀਂ ਮੈ ਓਦਰ ਗਿਆ

ਮਾਰ ਜਗੀਰੋ ਗੇੜਾ

ਪੁਰਾਣੇ ਸਮੇਂ ਵਿੱਚ ਪਿੰਡਾਂ ਦੇ ਰਾਹ ਕੱਚੇ ਸਨ ਤੇ ਸੜਕਾਂ ਅਜੇ ਨਹੀਂ ਬਣੀਆਂ ਸਨ। ਇਸ ਲਈ ਸੁਆਣੀਆਂ ਨੂੰ ਕੱਚੇ ਰਾਹਾਂ ਵਿਚਦੀ ਹੋ ਕੇ ਖੇਤਾਂ ਵਿੱਚ ਬਣੀਆਂ ਨਿੱਕੀਆਂ-ਨਿੱਕੀਆਂ ਵੱਟਾਂ ’ਤੇ ਤੁਰਨਾ ਪੈਂਦਾ ਸੀ। ਕਈ ਵਾਰ ਕੋਈ ਔਰਤ ਦੂਰ ਤੋਂ ਹੀ ਆਪਣੇ ਘਰ ਵਾਲੇ ਨੂੰ ਦੇਖ ਕੇ ਆਵਾਜ਼ ਦਿੰਦੀ;

ਭੱਤਾ ਲੈ ਕੇ ਆਈ ਹਾਣੀਆਂ

ਕਿਤੇ ਵੱਟ ਤੋਂ ਤਿਲ੍ਹਕ ਨਾ ਜਾਵਾਂ

ਇਸ ਦੇ ਨਾਲ ਹੀ ਘਰ ਦੀ ਸੁਆਣੀ ਜਦੋਂ ਭੱਤਾ ਲੈ ਕੇ ਖੇਤਾਂ ਵਿੱਚ ਲਹਿ ਲਾਹੁੰਦੀਆਂ ਫ਼ਸਲਾਂ ਵੇਖਦੀ ਤਾਂ ਉਹ ਚਾਅ ਵਿੱਚ ਝੂਮ ਉੱਠਦੀ। ਉਹ ਮਨ ਹੀ ਮਨ ਕਹਿੰਦੀ;

ਪਰਲੇ ਖੇਤ ਵਿੱਚ ਛੋਲੇ ਬੀਜੇ

ਉਰਲੇ ਖੇਤ ਵਿੱਚ ਗੰਨੇ

ਵੇ ਮੈਂ ਨੱਚਾਂ ਹਾਣੀਆਂ

ਖੇਤਾਂ ਦੇ ਬੰਨੇ-ਬੰਨੇ, ਵੇ ਮੈਂ...

ਸਵੇਰ ਦਾ ਹਲ਼ ਵਾਹੁੰਦਾ ਜੱਟ ਜਦੋਂ ਸਿਰ ’ਤੇ ਭੱਤਾ ਲਈ ਆਉਂਦੀ ਜੱਟੀ ਨੂੰ ਦੂਰ ਤੋਂ ਵੇਖਦਾ ਤਾਂ ਅੱਧਾ ਥਕੇਵਾਂ ਲਹਿ ਜਾਂਦਾ ਸੀ। ਉਹ ਖੁਸ਼ੀ ਵਿੱਚ ਫੁੱਲਿਆ ਨਾ ਸਮਾਉਂਦਾ ਤੇ ਆਖਦਾ;

ਭੱਤਾ ਲੈ ਕੇ ਆਜੀਂ ਗੋਰੀਏ

ਨੀਂ ਮੈਂ ਪਰਲੇ ਖੇਤ ਹਲ਼ ਵਾਹੁੰਦਾ

ਆਧੁਨਿਕ ਖੇਤੀ ਵਿੱਚ ਭੱਤਾ ਲੈ ਕੇ ਜਾਣ ਦਾ ਰਿਵਾਜ ਤਾਂ ਬਿਲਕੁਲ ਖ਼ਤਮ ਹੋ ਗਿਆ ਹੈ। ਬਲਦਾਂ ਵਾਲੇ ਹਲ਼ ਦੀ ਥਾਂ ਟਰੈਕਟਰ ਤੇ ਮਸ਼ੀਨਾਂ ਨੇ ਲੈ ਲਈ ਹੈ। ਅਜੋਕੇ ਸਮੇਂ ਵਿੱਚ ਸਾਰੇ ਦਿਨ ਦਾ ਕੰਮ ਕਿਸਾਨ ਇੱਕ ਦੋ ਘੰਟਿਆਂ ਵਿੱਚ ਖ਼ਤਮ ਕਰਕੇ ਘਰ ਆ ਜਾਂਦਾ ਹੈ। ਇਸ ਲਈ ਹੁਣ ਔਰਤਾਂ ਨੂੰ ਖੇਤ ਭੱਤਾ ਲੈ ਕੇ ਜਾਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈ। ਅੱਜ ਪਿਆਰ ਤੇ ਆਪਸੀ ਸਾਂਝ ਦਾ ਸੁਮੇਲ ਭੱਤਾ ਬੀਤੇ ਦੀ ਬਾਤ ਬਣ ਕੇ ਸਾਡੀਆਂ ਬੋਲੀਆਂ ਤੇ ਮੁਹਾਵਰਿਆਂ ਵਿੱਚ ਹੀ ਰਹਿ ਗਿਆ ਹੈ। ਅੱਜ ਕਿਸਾਨ ਜਦੋਂ ਆਪਣੀ ਘਰਵਾਲੀ ਕੋਲ ਬੈਠ ਕੇ ਰੋਟੀ ਖਾਂਦਾ ਹੈ ਤਾਂ ਮਜ਼ਾਕ ’ਚ ਉਸ ਦੀ ਘਰਵਾਲੀ ਕਹਿੰਦੀ ਹੈ;

ਹੋਵੇ ਖੇਤਾਂ ਵਿੱਚ ਤੂੰ ਹਲ਼ ਵਾਹੁੰਦਾ

ਪਿੰਡੋਂ ਘੁੰਡ ਕੱਢ ਕੇ ਆਉਣ ਨੂੰ ਜੀਅ ਕਰਦਾ

ਕੁੱਜਾ ਲੱਸੀ ਦਾ ਰੋਟੀਆਂ ਰੱਖ ਸਿਰ ’ਤੇ

ਭੱਤਾ ਲੈ ਕੇ ਆਉਣ ਨੂੰ ਜੀਅ ਕਰਦਾ

ਸੰਪਰਕ: 70098-98044

Advertisement
×