ਪੰਜਾਬ ਘਰਾਣੇ ਦਾ ਗੁਣਵੰਤਾ ਤਬਲਾ ਵਾਦਕ ਜੈਦੇਵ
ਭਾਰਤੀ ਸ਼ਾਸਤਰੀ ਸੰਗੀਤ ਵਿੱਚ ਤਾਲ ਦੀ ਬੜੀ ਅਹਿਮੀਅਤ ਹੈ। ਤਾਲ ਦੇ ਬਿਨਾਂ ਗਾਇਨ ਜਾਂ ਵਾਦਨ ਬਿਲਕੁਲ ਫਿੱਕਾ ਤੇ ਨੀਰਸ ਜਾਪਦਾ ਹੈ। ਇਸੇ ਕਰਕੇ ਜਿੱਥੇ ਸ਼ਾਸਤਰੀ ਸੰਗੀਤ ਵਿੱਚ ਗਾਇਕਾਂ ਅਤੇ ਵਾਦਕਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ, ਉੱਥੇ ਉਨ੍ਹਾਂ ਦੀ ਸੰਗਤ...
ਭਾਰਤੀ ਸ਼ਾਸਤਰੀ ਸੰਗੀਤ ਵਿੱਚ ਤਾਲ ਦੀ ਬੜੀ ਅਹਿਮੀਅਤ ਹੈ। ਤਾਲ ਦੇ ਬਿਨਾਂ ਗਾਇਨ ਜਾਂ ਵਾਦਨ ਬਿਲਕੁਲ ਫਿੱਕਾ ਤੇ ਨੀਰਸ ਜਾਪਦਾ ਹੈ। ਇਸੇ ਕਰਕੇ ਜਿੱਥੇ ਸ਼ਾਸਤਰੀ ਸੰਗੀਤ ਵਿੱਚ ਗਾਇਕਾਂ ਅਤੇ ਵਾਦਕਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ, ਉੱਥੇ ਉਨ੍ਹਾਂ ਦੀ ਸੰਗਤ ਕਰਨ ਵਾਲੇ, ਤਾਲ ਦੇਣ ਵਾਲੇ ਤਬਲਾ-ਵਾਦਕ ਵੀ ਘੱਟ ਅਹਿਮੀਅਤ ਨਹੀਂ ਰੱਖਦੇ।
ਇੱਥੇ ਅਸੀਂ ਅਜਿਹੇ ਹੀ ਇੱਕ ਗੁਣਵੰਤੇ ਤਬਲਾ-ਵਾਦਕ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਨੇ ਥੋੜ੍ਹੇ ਹੀ ਸਮੇਂ ਵਿੱਚ ਸੰਗੀਤ ਦੇ ਅਕਾਦਮਿਕ ਅਤੇ ਗ਼ੈਰ-ਅਕਾਦਮਿਕ ਹਲਕਿਆਂ ਵਿੱਚ ਆਪਣਾ ਵਿਸ਼ੇਸ਼ ਤੇ ਵਿਲੱਖਣ ਨਾਂ ਤੇ ਥਾਂ ਬਣਾ ਲਿਆ ਹੈ। ਪ੍ਰਸਾਰ ਭਾਰਤੀ ਵੱਲੋਂ ‘ਟਾਪ ਗਰੇਡ’ ਦਾ ਦਰਜਾ ਹਾਸਲ ਕਰਨ ਵਾਲੇ ਪੰਜਾਬ ਦੇ ਇਸ ਪਹਿਲੇ ਨੌਜਵਾਨ ਤਬਲਾ-ਵਾਦਕ ਦਾ ਨਾਮ ਹੈ-ਜੈਦੇਵ। 9 ਅਪਰੈਲ 1980 ਨੂੰ ਜਲੰਧਰ ਵਿਖੇ ਇੱਕ ਸੰਗੀਤ-ਸਾਧਕ ਪਰਿਵਾਰ ਵਿੱਚ, ਪੰਜਾਬ ਘਰਾਣੇ (ਪੰਜਾਬ ਬਾਜ) ਦੇ ਪ੍ਰਸਿੱਧ ਤਬਲਾ-ਵਾਦਕ ਕਾਲੇ ਰਾਮ ਦੇ ਘਰ ਜਨਮੇ ਜੈਦੇਵ ਨੇ ਤਬਲਾ-ਵਾਦਨ ਦੀ ਮੁੱਢਲੀ ਤਾਲੀਮ ਵੀ ਆਪਣੇ ਪਿਤਾ ਕਾਲੇ ਰਾਮ ਤੋਂ ਹੀ ਲਈ ਹੈ, ਜਦੋਂਕਿ ਬਾਅਦ ਵਿੱਚ ਉਸ ਨੇ ਪੰਜਾਬ ਘਰਾਣੇ ਦੇ ਇੱਕ ਹੋਰ ਪ੍ਰਸਿੱਧ ਤਬਲਾ-ਵਾਦਕ ਮਰਹੂਮ ਹਰਿਵੰਸ਼ ਲਾਲ ਤੋਂ ਵੀ ਤਬਲਾ ਵਾਦਨ ਦੀ ਤਾਲੀਮ ਹਾਸਲ ਕੀਤੀ।
ਤਬਲੇ ਵਿੱਚ ਐੱਮ. ਏ. ਦੀ ਅਕਾਦਮਿਕ ਸਿੱਖਿਆ (ਗੋਲਡ ਮੈਡਲਿਸਟ) ਦੇ ਨਾਲ ਨਾਲ ਤਬਲੇ ਵਿੱਚ ਵਿਸ਼ਾਰਦ ਅਤੇ ਸੰਗੀਤ ਭਾਸਕਰ ਦੀਆਂ ਨਾਮੀ ਸੰਗੀਤ ਪ੍ਰੀਖਿਆਵਾਂ ਵੀ ਪਹਿਲੇ ਦਰਜੇ ਵਿੱਚ ਪਾਸ ਕਰਨ ਵਾਲੇ ਜੈਦੇਵ ਦੀ ਇਹ ਲਗਨ, ਸਖ਼ਤ ਮਿਹਨਤ, ਨਿਰੰਤਰ ਅਭਿਆਸ ਅਤੇ ਹਮੇਸ਼ਾਂ ਤੇ ਹਰ ਪਾਸਿਓਂ ਸਿੱਖਣ ਦੀ ਸਿੱਕ ਹੀ ਹੈ, ਜਿਸ ਸਦਕਾ ਉਸ ਨੇ ਨਾ ਸਿਰਫ਼ ਸੋਲੋ ਤਬਲਾ-ਵਾਦਕ ਵਜੋਂ, ਸਗੋਂ ਪ੍ਰੌਢ ਗਾਇਕਾਂ ਅਤੇ ਵਾਦਕਾਂ ਨਾਲ ਸੰਗਤਕਾਰ ਤਬਲਾ-ਵਾਦਕ ਵਜੋਂ ਵੀ ਚੋਖੀ ਨਿਪੁੰਨਤਾ ਅਤੇ ਨਾਮਣਾ ਖੱਟਿਆ ਹੈ ਅਤੇ ਪੰਜਾਬ ਘਰਾਣੇ (ਪੰਜਾਬ ਬਾਜ) ਦਾ ਇੱਕ ਉੱਘਾ ਰੌਸ਼ਨ ਸਿਤਾਰਾ ਬਣ ਕੇ ਉੱਭਰਿਆ ਹੈ। ਜ਼ਿਕਰਯੋਗ ਹੈ ਕਿ ਤਬਲਾ ਵਾਦਨ ਦੇ ਖੇਤਰ ਵਿੱਚ ਅੱਜ ਸਮੁੱਚੇ ਭਾਰਤ ਵਿੱਚ ਪੰਜਾਬ ਘਰਾਣੇ (ਪੰਜਾਬ ਬਾਜ) ਦੀ ਝੰਡੀ ਹੈ, ਜਿਸ ਦਾ ਬਹੁਤ ਵੱਡਾ ਸਿਹਰਾ ਉਸਤਾਦ ਅੱਲ੍ਹਾ ਰੱਖਾ ਖ਼ਾਨ ਅਤੇ ਉਨ੍ਹਾਂ ਦੇ ਸਪੁੱਤਰ ਉਸਤਾਦ ਜ਼ਾਕਿਰ ਹੁਸੈਨ ਨੂੰ ਜਾਂਦਾ ਹੈ ਅਤੇ ਹੁਣ ਜੈਦੇਵ ਵੀ ਇਨ੍ਹਾਂ ਸਮਰਪਿਤ ਅਤੇ ਸੁਪ੍ਰਸਿੱਧ ਕਲਾਕਾਰਾਂ ਦੇ ਹੀ ਪਦ-ਚਿੰਨ੍ਹਾਂ ਉੱਤੇ ਚੱਲ ਰਿਹਾ ਹੈ। ਪੰਜਾਬ ਘਰਾਣੇ ਵਿੱਚ ਲੈਅਕਾਰੀਆਂ ਦਾ ਬਹੁਤ ਮਹੱਤਵ ਹੈ ਅਤੇ ਜੈਦੇਵ ਨੇ ਆਪਣੇ ਪਿਤਾ ਕਾਲੇ ਰਾਮ ਤੋਂ ਲੈਅਕਾਰੀਆਂ ਸਿੱਖ ਕੇ ਆਪਣੀਆਂ ਉਂਗਲੀਆਂ ਵਿੱਚ ਅਜਿਹੀ ਮੁਹਾਰਤ ਤੇ ਮਧੁਰਤਾ ਪੈਦਾ ਕੀਤੀ ਹੈ ਕਿ ਭਾਵੇਂ ਸੋਲੋ ਹੋਵੇ ਤੇ ਭਾਵੇਂ ਸੰਗਤ, ਤਬਲਾ ਵਾਦਨ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮਧੁਰ ਤੇ ਮਹੀਨ ਲੈਅਕਾਰੀਆਂ ਦਿਖਾਉਣ ਵਿੱਚ ਜੈਦੇਵ ਦਾ ਕੋਈ ਜਵਾਬ ਨਹੀਂ ਹੈ। ਉਹ ਗਤ, ਕਾਇਦਾ, ਰੇਲਾ, ਪੇਸ਼ਕਾਰ ਦਾ ਜਾਦੂਗਰ ਹੈ। ਟੁਕੜੇ, ਤੋੜੇ, ਪਰਨ, ਫ਼ਰਮਾਇਸ਼ੀ ਚੱਕਰਦਾਰ ਦੀ ਪੇਸ਼ਕਾਰੀ ਵਿੱਚੋਂ ਉਸ ਦੀ ਮਾਸਟਰੀ ਤੇ ਮਿਹਨਤ ਝਲਕਦੀ ਹੈ। ਲੈਅਕਾਰੀ ਦੇ ਮਾਮਲੇ ਵਿੱਚ ਜਦੋਂ ਉਹ ਕਿਸੇ ਵਾਦਕ ਨਾਲ ਸੰਗਤ ਕਰ ਰਿਹਾ ਹੁੰਦਾ ਹੈ ਤਾਂ ਦੋਹਾਂ ਕਲਾਕਾਰਾਂ ਦੀ ਮਧੁਰ ਲੈਆਤਮਕ ਭਿੜੰਤ ਸੁਣਨ ਵਾਲੀ ਹੁੰਦੀ ਹੈ। ਜੇ ਉਹ ਸੋਲ੍ਹਾਂ ਮਾਤਰਾਂ ਦੀ ਤੀਨ ਤਾਲ ਵਜਾ ਰਿਹਾ ਹੁੰਦਾ ਹੈ ਤਾਂ ਉਸ ਵਿੱਚ ਦਸ ਮਾਤਰਾਂ ਦੀ ਝੱਪ ਤਾਲ, ਬਾਰ੍ਹਾਂ ਮਾਤਰਾਂ ਦਾ ਏਕਤਾਲ ਅਤੇ ਸੱਤ ਮਾਤਰਾ ਦਾ ਰੂਪਕ ਤਾਲ ਇਸ ਤਰ੍ਹਾਂ ਫਿੱਟ ਕਰ ਦਿੰਦਾ ਹੈ ਕਿ ਸੁਣਨ ਵਾਲੇ ਕੀਲੇ ਜਾਂਦੇ ਹਨ। ਜੈਦੇਵ ਦੇ ਵੱਡੇ ਭੈਣ ਜੀ ਡਾ. ਵਿਨੀਤਾ ਕਾਲੇ ਰਾਮ ਜੋ ਕਿ ਉੱਘੇ ਸਿਤਾਰ-ਵਾਦਕ ਹਨ, ਜਦੋਂ ਕਦੇ ਜੈਦੇਵ ਨੂੰ ਉਨ੍ਹਾਂ ਨਾਲ ਜੁਗਲਬੰਦੀ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਦੀ ਹਰ ਤਾਲ, ਤਿਹਾਈ ਅਤੇ ਲੈਅਕਾਰੀ ਦਾ ਜਵਾਬ ਜੈਦੇਵ ਜਿਸ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ, ਉਹ ਸੁਣਦਿਆਂ-ਦੇਖਦਿਆਂ ਹੀ ਬਣਦਾ ਹੈ।
ਜੈਦੇਵ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਵਿੱਚ ਤਬਲਾ-ਵਾਦਕ ਵਜੋਂ ਸੇਵਾ ਨਿਭਾ ਰਿਹਾ ਹੈ। ਇਹ ਉਸ ਦੇ ਕੁਸ਼ਲ ਤੇ ਕੋਮਲ ਸੁਭਾਅ ਦੀ ਖ਼ੂਬੀ ਤੇ ਖ਼ੂਬਸੂਰਤੀ ਹੀ ਹੈ ਕਿ ਸਿਰਫ਼ ਸਟੇਜ-ਪੇਸ਼ਕਾਰੀ ਹੀ ਨਹੀਂ, ਸਗੋਂ ਕਲਾਸ ਵਿੱਚ ਵੀ ਭਾਵੇਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰੱਖਣ ਦੀ ਗੱਲ ਹੋਵੇ, ਭਾਵੇਂ ਉਨ੍ਹਾਂ ਨੂੰ ਆਪਣੀ ਸੰਗਤ ਵਿੱਚ ਸਿੱਖਣ ਅਤੇ ਨਿਖਰਨ ਦੇਣ ਦਾ ਵੱਲ ਹੋਵੇ-ਜੈਦੇਵ ਦੋਵੇਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ। ਯੂਨੀਵਰਸਿਟੀ ਦੀਆਂ ਅਕਾਦਮਿਕ ਵਰਕਸ਼ਾਪਾਂ, ਸੰਮੇਲਨਾਂ ਅਤੇ ਯੁਵਕ ਮੇਲਿਆਂ ਦੇ ਨਾਲ ਨਾਲ ਉਸ ਨੇ ਦੇਸ਼ ਭਰ ਦੀਆਂ ਹੋਰ ਜਿਨ੍ਹਾਂ ਵੱਡੀਆਂ ਸਟੇਜਾਂ ’ਤੇ ਪੇਸ਼ਕਾਰੀ ਦਿੱਤੀ ਹੈ, ਉਨ੍ਹਾਂ ਵਿੱਚੋਂ ਪ੍ਰਮੁੱਖ ਹਨ-ਦੂਰਦਰਸ਼ਨ ਕੇਂਦਰ ਦਿੱਲੀ, ਜਲੰਧਰ, ਹਿਸਾਰ, ਦੇਹਰਾਦੂਨ; ਬਾਬਾ ਹਰਿਬੱਲਭ ਸੰਗੀਤ ਸੰਮੇਲਨ ਜਲੰਧਰ; ਭਾਸਕਰ ਰਾਓ ਸੰਗੀਤ ਸੰਮੇਲਨ ਚੰਡੀਗੜ੍ਹ; ਸੰਗੀਤ ਨਾਟਕ ਅਕੈਡਮੀ ਦਿੱਲੀ; ਇੰਡੀਅਨ ਨੈਸ਼ਨਲ ਥੀਏਟਰ ਚੰਡੀਗੜ੍ਹ; ਸਪਤਕ ਸੰਗੀਤ ਫੈਸਟੀਵਲ ਅਹਿਮਦਾਬਾਦ; ਲਕਸ਼ਮੀ ਨਾਰਾਇਣ ਰਾਗ ਸਭਾ ਅੰਮ੍ਰਿਤਸਰ; ਸਵਰ-ਸੰਗਮ ਅਤੇ ਸੁਰ-ਤਾਲ ਕੇਂਦਰ ਅੰਮ੍ਰਿਤਸਰ; ਨੌਰਥ ਜ਼ੋਨ ਕਲਚਰਲ ਸੈਂਟਰ ਦੇ ਸੰਗੀਤ ਉਤਸਵ; ਸੰਗੀਤ ਆਲੋਕ ਅੰਬਾਲਾ; ਆਲ ਇੰਡੀਆ ਰੇਡੀਓ ਦਾ ‘ਅਖਿਲ ਭਾਰਤੀਯ ਪ੍ਰੋਗਰਾਮ’; ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਤੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਕਰਵਾਏ ਵਿਭਿੰਨ ਸੰਗੀਤ ਸੰਮੇਲਨ ਆਦਿ। ਇਸ ਦੇ ਨਾਲ ਹੀ 2004 ਵਿੱਚ ਉਸ ਨੂੰ ਕੈਨੇਡਾ ਵਿੱਚ ਵੀ ਪੇਸ਼ਕਾਰੀ ਕਰਨ ਤੇ ਵਾਹੋ-ਵਾਹੀ ਲੁੱਟਣ ਦਾ ਮੌਕਾ ਮਿਲ ਚੁੱਕਾ ਹੈ।
ਚਾਹੇ ਸ਼ਾਸਤਰੀ ਗਾਇਕ ਹੋਵੇ ਜਾਂ ਸ਼ਾਸਤਰੀ ਵਾਦਕ, ਜੈਦੇਵ ਨੇ ਦੋਵੇਂ ਹੀ ਤਰ੍ਹਾਂ ਦੇ ਦਿੱਗਜ ਕਲਾਕਾਰਾਂ ਨਾਲ ਪੂਰੀ ਨਿਸ਼ਠਾ ਅਤੇ ਨਿਪੁੰਨਤਾ ਨਾਲ ਸੰਗਤ ਕੀਤੀ ਹੈ, ਜਿਸ ਦੀ ਹਰ ਪਾਸਿਓਂ ਭਰਪੂਰ ਸ਼ਲਾਘਾ ਹੋਈ ਹੈ।
ਪੰਜਾਬ ਘਰਾਣੇ ਦੇ ਇਸ ਸਮਰੱਥਾਵਾਨ ਅਤੇ ਸੰਭਾਵਨਾਵਾਂ-ਭਰਪੂਰ ਤਬਲਾ-ਵਾਦਕ ਨੂੰ ਸਰੋਤਿਆਂ ਦੇ ਅਥਾਹ ਸਨੇਹ ਅਤੇ ਸ਼ਲਾਘਾ ਦੇ ਨਾਲ ਨਾਲ ਕਈ ਮਾਣ-ਸਨਮਾਨ ਵੀ ਮਿਲ ਚੁੱਕੇ ਹਨ, ਜਿਵੇਂ ਕਿ-ਬਾਬਾ ਹਰਿਬੱਲਭ ਸੰਗੀਤ ਪ੍ਰਤਿਯੋਗਤਾ (1996) ਵਿੱਚ ਪਹਿਲਾ ਸਥਾਨ; ਸਰਬ-ਭਾਰਤੀ ਅੰਤਰ-ਯੂਨੀਵਰਸਿਟੀ ਪ੍ਰਤੀਯੋਗਤਾ ਕਾਲੀਕਟ (1999) ਵਿੱਚ ਦੂਜਾ ਸਥਾਨ; ਏਸ਼ੀਅਨ ਯੂਨੀਵਰਸਿਟੀ ਫੈਸਟੀਵਲ ਨਾਗਪੁਰ (1999-2000) ਵਿੱਚ ਦੂਜਾ ਸਥਾਨ; ਭਾਰਤ ਸਰਕਾਰ ਦੇ ‘ਯੁਵਕ ਮਾਮਲੇ ਅਤੇ ਖੇਡਾਂ’ ਮੰਤਰਾਲੇ ਵੱਲੋਂ ਕਰਵਾਏ ‘ਪੰਜਾਬ ਰਾਜ ਯੂਥ ਫੈਸਟੀਵਲ’ ਵਿੱਚ ਪਹਿਲਾ ਸਥਾਨ ਆਦਿ। ਇਸ ਦੇ ਨਾਲ ਹੀ ਜਿੱਥੇ ਉਸ ਨੂੰ ਆਈ.ਸੀ.ਸੀ.ਆਰ. (ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼) ਵੱਲੋਂ ਕਲਾਕਾਰਾਂ ਦੇ ਪੈਨਲ ਵਿੱਚ ਚੁਣਿਆ ਗਿਆ ਹੈ, ਉੱਥੇ ਉਸ ਨੂੰ ਪ੍ਰਸਾਰ ਭਾਰਤੀ ਵੱਲੋਂ ‘ਆਲ ਇੰਡੀਆ ਰੇਡੀਓ’ ਦਾ ‘ਟਾਪ ਗਰੇਡ’ ਤਬਲਾ-ਵਾਦਕ ਹੋਣ ਦਾ ਦਰਜਾ ਵੀ ਦਿੱਤਾ ਗਿਆ ਹੈ। ਤਬਲਾ-ਵਾਦਨ ਦੇ ਖੇਤਰ ਵਿੱਚ ਪੰਜਾਬ ਘਰਾਣੇ ਦੀ ‘ਪੰਜਾਬ ਬਾਜ’ ਸ਼ੈਲੀ ਨੂੰ ਹੋਰ ਪ੍ਰਫੁੱਲਿਤ ਅਤੇ ਪ੍ਰਚੱਲਿਤ ਕਰਨ ਵਿੱਚ ਸਫਲਤਾ ਦੀਆਂ ਜੋ ਪੈੜਾਂ ਜੈਦੇਵ ਨੇ ਥੋੜ੍ਹੇ ਹੀ ਸਮੇਂ ਵਿੱਚ ਪਾਈਆਂ ਹਨ, ਸ਼ਾਲਾ! ਉਹ ਪੈੜਾਂ ਹੋਰ ਉੱਜਲੀਆਂ ਤੇ ਅਮਿਟ ਹੋ ਨਿੱਬੜਨ।

