DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਇਰਾਨ ਜੰਗ ਅਤੇ ਡਾਲਰ ਦੀ ਡੋਲਦੀ ਅਜ਼ਾਰੇਦਾਰੀ

ਅਮਰੀਕੀ ਸਾਮਰਾਜ ਦੇ ਸੰਸਾਰ ’ਤੇ ਆਰਥਿਕ ਦਬਦਬੇ ਦਾ ਸਭ ਤੋਂ ਮਜ਼ਬੂਤ ਆਰਥਿਕ ਹਥਿਆਰ, ਅਮਰੀਕੀ ਮੁਦਰਾ ਡਾਲਰ ਕਮਜ਼ੋਰ ਹੋ ਰਿਹਾ ਹੈ। ਅਮਰੀਕੀ ਡਾਲਰ ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਸੰਸਾਰ ਸਰਮਾਏਦਾਰੀ-ਸਾਮਰਾਜੀ ਪ੍ਰਬੰਧ ਦੀ ਸਭ ਤੋਂ ਮਜ਼ਬੂਤ ਅਤੇ ਤਕੜੀ ਮੁਦਰਾ ਸੀ, ਹੁਣ...

  • fb
  • twitter
  • whatsapp
  • whatsapp
Advertisement

ਅਮਰੀਕੀ ਸਾਮਰਾਜ ਦੇ ਸੰਸਾਰ ’ਤੇ ਆਰਥਿਕ ਦਬਦਬੇ ਦਾ ਸਭ ਤੋਂ ਮਜ਼ਬੂਤ ਆਰਥਿਕ ਹਥਿਆਰ, ਅਮਰੀਕੀ ਮੁਦਰਾ ਡਾਲਰ ਕਮਜ਼ੋਰ ਹੋ ਰਿਹਾ ਹੈ। ਅਮਰੀਕੀ ਡਾਲਰ ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਸੰਸਾਰ ਸਰਮਾਏਦਾਰੀ-ਸਾਮਰਾਜੀ ਪ੍ਰਬੰਧ ਦੀ ਸਭ ਤੋਂ ਮਜ਼ਬੂਤ ਅਤੇ ਤਕੜੀ ਮੁਦਰਾ ਸੀ, ਹੁਣ ਉਸ ਦੀ ਚਮਕ ਫਿੱਕੀ ਪੈਣ ਲੱਗੀ ਹੈ ਜਿਸ ਦਾ ਸਿੱਧਾ ਅਸਰ ਨਾ ਸਿਰਫ਼ ਅਮਰੀਕੀ ਅਰਥਚਾਰੇ ਸਗੋਂ ਸੰਸਾਰ ਭਰ ਦੀ ਆਰਥਿਕਤਾ ਉੱਪਰ ਵੀ ਪਵੇਗਾ ਹੈ। ਸਰਮਾਏਦਾਰਾ ਅਮਰੀਕੀ ਆਰਥਿਕ ਮਾਹਿਰ ਵੀ ਇਸ ਵੱਡੇ ਬਦਲਾਅ ਦੀ ਚਿਤਾਵਨੀ ਦੇ ਰਹੇ ਹਨ। ਅਮਰੀਕੀ ਸਾਮਰਾਜ ਇਸ ਸਮੇਂ ਨਿਵਾਣ ਵੱਲ ਜਾ ਰਿਹਾ ਹੈ। ਇਸ ਦੇ ਪ੍ਰਗਟਾਵੇ ਅਮਰੀਕੀ ਅਤੇ ਸੰਸਾਰ ਭਰ ਦੀ ਸਿਆਸਤ ਅਤੇ ਅਰਥਚਾਰਿਆਂ ਵਿੱਚ ਹੋ ਰਹੇ ਹਨ।

ਦੂਜੇ ਪਾਸੇ, ਚੀਨੀ ਸਾਮਰਾਜ, ਅਮਰੀਕੀ ਸਾਮਰਾਜ ਨੂੰ ਆਰਥਿਕ ਅਤੇ ਫੌਜੀ ਤੌਰ ’ਤੇ ਵੀ ਤਿੱਖੀ ਟੱਕਰ ਦੇ ਰਿਹਾ ਹੈ। ਅਮਰੀਕੀ ਹਾਕਮ ਆਪਣੀ ਖੁੱਸ ਰਹੀ ਸਰਦਾਰੀ ਨੂੰ ਬਚਾਉਣ ਅਤੇ ਚੀਨੀ ਸਾਮਰਾਜੀਆਂ ਨੂੰ ਠਿੱਬੀ ਲਾਉਣ ਲਈ ਤਰਲੋਮੱਛੀ ਹੋ ਰਹੇ ਹਨ, ਪਰ ਉਹ ਹੋਰ ਵਧੇਰੇ ਅਤੇ ਡੂੰਘੀਆਂ ਸਮੱਸਿਆਵਾਂ ਵਿੱਚ ਫਸਦੇ ਜਾ ਰਹੇ ਹਨ। ਮੱਧ-ਪੂਰਬ ਵਿੱਚ ਅਮਰੀਕਾ ਤੇ ਇਸ ਦੀ ਫੌਜੀ ਚੌਕੀ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤਾ ਗਿਆ ਹਮਲਾ ਵੀ ਇਸੇ ਕੜੀ ਦਾ ਹਿੱਸਾ ਹੈ। ਇਸ ਦਾ ਮੁੱਖ ਉਦੇਸ਼ ਚੀਨ-ਰੂਸ ਧੁਰੀ ਦਾ ਪ੍ਰਭਾਵ ਘਟਾਉਣਾ, ਪੈਟਰੋ-ਡਾਲਰ ਪ੍ਰਣਾਲੀ ਨੂੰ ਬਚਾਉਣਾ ਅਤੇ ਮਹੱਤਵਪੂਰਨ ਵਪਾਰ ਰਸਤੇ ਆਪਣੇ ਕਾਬੂ ਵਿੱਚ ਰੱਖਣਾ ਸੀ ਪਰ ਇਸ ਜੰਗ ਦਾ ਅਸਰ ਉਲਟ ਨਜ਼ਰ ਆ ਰਿਹਾ ਹੈ। ਇਸ ਵਿੱਚ ਹੋਏ ਨੁਕਸਾਨ ਕਾਰਨ ਨਾ ਸਿਰਫ਼ ਅਮਰੀਕਾ ਦੀ ਫੌਜੀ ਪਕੜ ਕਮਜ਼ੋਰ ਹੋਈ ਹੈ, ਸਗੋਂ ਡਾਲਰ ਦੀ ਸਰਦਾਰੀ ਉੱਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਇਸ ਜੰਗ ਵਿੱਚ ਨਾ ਸਿਰਫ਼ ਪੱਛਮੀ ਏਸ਼ੀਆ ਦੇ ਮਹੱਤਵਪੂਰਨ ਖਿੱਤੇ ’ਚੋਂ ਅਮਰੀਕਾ ਦੇ ਫੌਜੀ ਅੱਡੇ ਤਬਾਹ ਹੋ ਗਏ ਸਗੋਂ ਇਸ ਤੋਂ ਵੀ ਵੱਧ ਕੇ, ਉਸ ਦੀ ਮੁਦਰਾ ਡਾਲਰ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਵੱਡੀ ਮਾਰ ਪਵੇਗੀ। ਆਮ ਤੌਰ ’ਤੇ ਜੰਗ ਅਤੇ ਹੋਰ ਉਥਲ-ਪੁਥਲ ਦੇ ਹਾਲਾਤ ਵਿੱਚ, ਨਿਵੇਸ਼ਕ ਆਪਣਾ ਪੈਸਾ ਕੱਢ ਕੇ, ਅਮਰੀਕੀ ਅਰਥਚਾਰੇ ਅਤੇ ਡਾਲਰ ਵਿੱਚ ਲਾਉਂਦੇ ਸਨ, ਕਿਉਂਕਿ ਇਹੀ ਸਭ ਤੋਂ ਮਜ਼ਬੂਤ ਮੁਦਰਾ ਸੀ ਪਰ ਐਤਕੀਂ ਸਭ ਕੁਝ ਅਮਰੀਕੀ ਆਰਥਿਕ ਮਾਹਿਰਾਂ ਦੀ ਉਮੀਦ ਮੁਤਾਬਕ ਨਹੀਂ ਵਾਪਰਿਆ।

Advertisement

ਜਾਪਾਨ, ਸੰਯੁਕਤ ਅਰਬ ਅਮੀਰਾਤ, ਭਾਰਤ, ਲਕਸਮਬਰਗ ਆਦਿ ਕਈ ਦੇਸ਼ਾਂ ਨੇ ਅਮਰੀਕੀ ਬਾਜ਼ਾਰ ਵਿੱਚੋਂ ਆਪਣੇ ਬਾਂਡ ਵੇਚ ਦਿੱਤੇ। ਅਮਰੀਕਾ ਦੇ ਏਸ਼ੀਆ ਵਿੱਚ ਸਭ ਤੋਂ ਮਜ਼ਬੂਤ ਭਾਈਵਾਲਾਂ ਜਾਪਾਨ ਨੇ 407 ਅਰਬ ਡਾਲਰ ਅਤੇ ਤਾਇਵਾਨ ਨੇ 112 ਅਰਬ ਡਾਲਰ ਅਮਰੀਕੀ ਮੰਡੀ ਵਿੱਚੋਂ ਕੱਢ ਲਏ। ਡਾਲਰ ਲਈ ਇੱਕ ਹੋਰ ਝਟਕਾ ਇਹ ਵੀ ਹੈ ਕਿ ਅਮਰੀਕੀ ਸਰਕਾਰੀ ਬਾਂਡ ਹੋਰ ਸਾਮਰਾਜੀ ਦੇਸ਼ਾਂ ਦੇ ਬਾਡਾਂ ਦੇ ਮੁਕਾਬਲਤਨ ਵਧੇਰੇ ਕਮਜ਼ੋਰ ਹੋਇਆ ਹੈ। ਇਹ ਸੰਕੇਤ ਹੈ ਕਿ ਅਮਰੀਕੀ ਮੰਡੀ ਅਤੇ ਇਸਦੀ ਮੁਦਰਾ ਡਾਲਰ, ਸੰਸਾਰ ਦੀ ਸਭ ਤੋਂ ਭਰੋਸੇਮੰਦ ਮੁਦਰਾ ਵਜੋਂ ਆਪਣੀ ਹੈਸੀਅਤ ਗੁਆ ਰਹੀ ਹੈ। ਇਹ ਇੱਕ ਸਪੱਸ਼ਟ ਸੰਕੇਤ ਹੈ ਕਿ ਅਮਰੀਕੀ ਮੰਡੀ ਅਤੇ ਡਾਲਰ ਹੁਣ ਸੰਕਟ ਦੇ ਸਮੇਂ ਸਭ ਤੋਂ ਭਰੋਸੇਮੰਦ ਵਿਕਲਪ ਨਹੀਂ ਰਹੇ। ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਡਾਲਰ ਤੁਰੰਤ ਡਿੱਗ ਜਾਵੇਗਾ ਪਰ ਆਉਣ ਵਾਲੇ ਦਿਨ ਡਾਲਰ ਦੇ ਲਹਿਤ ਦੇ ਦਿਨ ਹਨ, ਇਹ ਲਾਜ਼ਮੀ ਕਿਹਾ ਜਾ ਸਕਦਾ ਹੈ।

Advertisement

ਡਾਲਰ ਦੇ ਮੁਕਾਬਲਤਨ ਕਮਜ਼ੋਰ ਹੋਣ ਦੇ ਪ੍ਰਗਟਾਵੇ: ਪਿਛਲੇ ਦੋ ਦਹਾਕਿਆਂ ਵਿੱਚ ਡਾਲਰ ਦੀ ਸਰਦਾਰੀ ਨੂੰ ਕਿਵੇਂ ਖੋਰਾ ਲੱਗਾ ਹੈ, ਇਹ ਅੰਕੜਿਆਂ ਰਾਹੀਂ ਸਪੱਸ਼ਟ ਦੇਖਿਆ ਜਾ ਸਕਦਾ ਹੈ। ਸਾਲ 2001 ਵਿੱਚ ਡਾਲਰ, ਸੰਸਾਰ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਦਾ ਲਗਪਗ 71 ਫ਼ੀਸਦੀ ਸੀ। ਇਹ ਉਹ ਸਮਾਂ ਸੀ ਜਦੋਂ ਸਮਾਜੀ-ਸਾਮਰਾਜੀ ਸੋਵੀਅਤ ਯੂਨੀਅਨ ਦੇ ਖਿੰਡ ਜਾਣ ਮਗਰੋਂ ਕੁਝ ਸਮੇਂ ਲਈ ਅਮਰੀਕੀ ਸਾਮਰਾਜ ਸੰਸਾਰ ਸਾਮਰਾਜੀ ਪ੍ਰਬੰਧ ਦਾ ਚੌਧਰੀ ਬਣਿਆ। ਇਸ ਸਮੇਂ ਦੌਰਾਨ ਕੋਈ ਵੀ ਦੂਜੀ ਸਾਮਰਾਜੀ ਧਿਰ ਅਮਰੀਕਾ ਨੂੰ ਕੋਈ ਖਾਸ ਚੁਣੌਤੀ ਦੇਣ ਦੀ ਹਾਲਤ ਵਿੱਚ ਨਹੀਂ ਸੀ।

ਖ਼ਾਾਸਕਰ 1991 ਤੋਂ ਬਾਅਦ ਸੰਸਾਰ ਭਰ ਵਿੱਚ ਵੱਡੇ ਪੱਧਰ ਉੱਪਰ ਨਵ-ਉਦਾਰਵਾਦੀ ਨੀਤੀਆਂ ਲਾਗੂ ਹੋਣ ਨਾਲ, ਚੁੰਗੀਆਂ ਅਤੇ ਵਪਾਰ ਰੋਕਾਂ ਘਟਣ ਤੋਂ ਬਾਅਦ, ਕੌਮਾਂਤਰੀ ਵਪਾਰ ਵਿੱਚ ਭਾਰੀ ਵਾਧਾ ਹੋਇਆ। ਪਰ ਸਾਲ 2008 ਦੇ ਆਰਥਿਕ ਸੰਕਟ ਅਤੇ ਇਸੇ ਸਮੇਂ ’ਤੇ ਸਾਮਰਾਜੀ ਚੀਨ ਦੇ ਉਭਾਰ ਨੇ ਅਮਰੀਕੀ ਅਰਥਚਾਰੇ ਨੂੰ ਵੱਡੀਆਂ ਚੁਣੌਤੀਆਂ ਨਾਲ ਦਰਪੇਸ਼ ਹੋਣਾ ਪਿਆ। ਸਾਲ 2013 ਤੋਂ ਬਾਅਦ ਸਾਮਰਾਜੀ ਚੀਨ ਨੇ ਡਾਲਰ ਤੋਂ ਨਿਰਭਰਤਾ ਘਟਾਉਣ ਲਈ ਆਪਣਾ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਘਟਾਉਣਾ ਸ਼ੁਰੂ ਕਰ ਦਿੱਤਾ। ਇੱਕ ਸਮੇਂ ਚੀਨ ਦੇ ਕੋਲ ਅਮਰੀਕੀ ਬਾਂਡ ਮੰਡੀ ਵਿੱਚ 1.32 ਲੱਖ ਕਰੋੜ ਡਾਲਰ ਦਾ ਨਿਵੇਸ਼ ਸੀ ਜੋ ਹੁਣ 50 ਫ਼ੀਸਦੀ ਘਟ ਕੇ 65.2 ਹਜ਼ਾਰ ਕਰੋੜ ਡਾਲਰ ਤੱਕ ਆ ਚੁੱਕਾ ਹੈ। ਇਹ ਸਿਰਫ਼ ਆਰਥਿਕ ਨਹੀਂ, ਸਗੋਂ ਯੁੱਧਨੀਤਕ ਮਹੱਤਤਾ ਵਾਲੀ ਨੀਤੀ ਹੈ, ਜਿਸ ਦਾ ਉਦੇਸ਼ ਅਮਰੀਕੀ ਵਿੱਤੀ ਪ੍ਰਣਾਲੀ ’ਤੇ ਨਿਰਭਰਤਾ ਘਟਾਉਣਾ ਹੈ। ਇਸੇ ਸਮੇਂ ਦੁਨੀਆ ਭਰ ਦੇ ਮੁਲਕਾਂ ਦੀਆਂ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖ਼ਰੀਦ ਵਿੱਚ ਵੀ ਇਤਿਹਾਸਕ ਵਾਧਾ ਹੋਇਆ ਹੈ।

ਕੇਂਦਰੀ ਬੈਂਕ ਜਿੱਥੇ 1990 ਦੇ ਦਹਾਕੇ ਵਿੱਚ ਹਰ ਸਾਲ ਲਗਪਗ 200-300 ਟਨ ਸੋਨਾ ਖ਼ਰੀਦਦੇ ਸਨ, ਉੱਥੇ 2022 ਤੋਂ ਬਾਅਦ ਇਹ ਅੰਕੜਾ 1000 ਟਨ ਪ੍ਰਤੀ ਸਾਲ ਤੋਂ ਵੀ ਉੱਪਰ ਚਲਾ ਗਿਆ ਹੈ। 2022 ਵਿੱਚ 1082 ਟਨ ਅਤੇ 2023 ਵਿੱਚ 1037 ਟਨ ਸੋਨਾ ਖ਼ਰੀਦਿਆ ਗਿਆ। ਇਹ ਦਰਸਾਉਂਦਾ ਹੈ ਕਿ ਕਈ ਦੇਸ਼ ਡਾਲਰ-ਆਧਾਰਿਤ ਪ੍ਰਣਾਲੀ ਤੋਂ ਹੌਲੀ-ਹੌਲੀ ਦੂਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਰਾਨ-ਅਮਰੀਕਾ ਜੰਗ ਨੇ ਇਸ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਹੈ। ਮਾਰਚ 2026 ਵਿੱਚ ਜਾਪਾਨ ਨੇ ਲਗਪਗ 47.7 ਅਰਬ ਡਾਲਰ ਅਤੇ ਚੀਨ ਨੇ 41 ਅਰਬ ਡਾਲਰ ਦੇ ਅਮਰੀਕੀ ਸਰਕਾਰੀ ਬਾਂਡ ਵੇਚੇ। ਇਸਦੇ ਨਾਲ ਹੀ ਸੰਯੁਕਤ ਅਰਬ ਅਮੀਰਾਤ, ਤਾਇਵਾਨ, ਲਕਸਮਬਰਗ ਅਤੇ ਭਾਰਤ ਵਰਗੇ ਦੇਸ਼ਾਂ ਨੇ ਵੀ ਅਮਰੀਕੀ ਡਾਲਰ ਦੇ ਰੂਪ ਵਿੱਚ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਕਟੌਤੀ ਕੀਤੀ। ਜੰਗ ਕਾਰਨ ਤੇਲ ਦੀਆਂ ਕੀਮਤਾਂ, ਮਹਿੰਗਾਈ ਅਤੇ ਅਮਰੀਕੀ ਕਰਜ਼ੇ ਬਾਰੇ ਚਿੰਤਾਵਾਂ ਵਧੀਆਂ ਹਨ, ਜਿਸ ਨਾਲ ਕਈ ਦੇਸ਼ਾਂ ਨੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਭਿੰਨ-ਭਿੰਨ ਖੇਤਰਾਂ ਵਿੱਚ ਤੇਜ਼ੀ ਨਾਲ ਵੰਡਣਾ ਸ਼ੁਰੂ ਕੀਤਾ। ‘ਡਾਲਰੀਕਰਨ’ ਦੀ ਇਸ ਪ੍ਰਕਿਰਿਆ ਵਿੱਚ ਸਭ ਤੋਂ ਅਹਿਮ ਪੱਖ ਪੈਟਰੋ-ਡਾਲਰ ਨੂੰ ਲੱਗਣ ਵਾਲਾ ਖੋਰਾ ਹੈ।

ਰੂਸ, ਸਾਊਦੀ ਅਰਬ ਤੇ ਖਾੜੀ ਮੁਲਕਾਂ ਤੇ ਇਰਾਨ ਦੇ ਇੱਕੋ ਪਾਲੇ ਵਿੱਚ ਆਉਣ ਨਾਲ ਤੇ ਚੀਨ ਦਾ ਊਰਜਾ ਦਾ ਸਭ ਤੋਂ ਵੱਡਾ ਖ਼ਪਤਕਾਰ ਹੋਣ ਕਰਕੇ ਇਨ੍ਹਾਂ ਮੁਲਕਾਂ ਦੀ ਇੱਕ ਤਰ੍ਹਾਂ ਨਾਲ ਊਰਜਾ ਖੇਤਰ ਵਿੱਚ ਅਜ਼ਾਰੇਦਾਰੀ ਕਾਇਮ ਹੋ ਚੁੱਕੀ ਹੈ ਤੇ ਇਹ ਸਭ ਮੁਲਕ ਹੀ ਡਾਲਰ ਛੱਡ ਕੇ ਦੂਜੀਆਂ ਮੁਦਰਾਵਾਂ, ਖਾਸਕਰ ਯੂਆਨ ਵਿੱਚ ਤੇਲ ਸਮਝੌਤੇ ਨੇਪਰੇ ਚਾੜ੍ਹਨ ਉੱਤੇ ਸਹਿਮਤ ਹਨ। ਇਸ ਮਕਸਦ ਲਈ ਚੀਨ ਨੇ ਸ਼ੰਘਾਈ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਡੀ ਦੀ ਮਾਰਚ 2018 ਵਿੱਚ ਹੀ ਸ਼ੁਰੂਆਤ ਕਰ ਦਿੱਤੀ ਸੀ। ਚੀਨ ਹੁਣ ਤੇਲ ਉੱਤੇ ਹਾਸਲ ਯੂਆਨ ਮੁਦਰਾ ਨੂੰ ਸੋਨੇ ਨਾਲ ਨੱਥੀ ਕਰ ਰਿਹਾ ਹੈ ਭਾਵ ਕੋਈ ਵੀ ਤੇਲ ਬਰਾਮਦਕਾਰ ਮੁਲਕ ਜਾਂ ਵਪਾਰੀ ਆਪਣੇ ਯੂਆਨ ਨੂੰ ਸੋਨੇ ਵਿੱਚ ਵਟਾ ਸਕਦਾ ਹੈ। ਕਹਿਣ ਦੀ ਲੋੜ ਨਹੀਂ ਚੀਨ ਦੇ ਇਸ ਫ਼ੈਸਲੇ ਨਾਲ ਪਿਛਲੇ ਪੰਜ ਦਹਾਕਿਆਂ ਤੋਂ ਡਾਲਰ ਦਬਦਬੇ ਦਾ ਅਹਿਮ ਅੰਗ ਰਹੇ ਪੈਟਰੋ-ਡਾਲਰ ਨੂੰ ਵੱਡੀ ਚੁਣੌਤੀ ਮਿਲੇਗੀ। ਇਰਾਨ-ਅਮਰੀਕਾ ਜੰਗ ਨੇ ਸਿਰਫ਼ ਮੱਧ-ਪੂਰਬ ਦੀ ਭੂ-ਸਿਆਸਤ ਨੂੰ ਹੀ ਨਹੀਂ ਬਦਲਿਆ, ਸਗੋਂ ਇਸ ਨੇ ਸੰਸਾਰ ਵਿੱਤੀ ਪ੍ਰਬੰਧ ਅਤੇ ਅਮਰੀਕੀ ਡਾਲਰ ਦੇ ਦਬਦਬੇ ਦੇ ਮਸਲੇ ਨੂੰ ਵੀ ਦੁਬਾਰਾ ਕੇਂਦਰ ਵਿੱਚ ਲਿਆ ਦਿੱਤਾ ਹੈ। ਭਾਵੇਂ ਜੰਗ ਦੇ ਸ਼ੁਰੂਆਤੀ ਪੜਾਅ ਵਿੱਚ ਡਾਲਰ ਇੱਕ ‘ਸੁਰੱਖਿਅਤ ਟਿਕਾਣੇ’ ਵਜੋਂ ਕੁਝ ਸਮੇਂ ਲਈ ਮਜ਼ਬੂਤ ਹੋਇਆ ਅਤੇ ਨਿਵੇਸ਼ਕਾਂ ਨੇ ਹਮੇਸ਼ਾਂ ਵਾਂਗ, ਅਸਥਿਰਤਾ ਦੀ ਹਾਲਤ ਵਿੱਚ ਅਮਰੀਕੀ ਮੰਡੀ ਵਿੱਚ ਨਿਵੇਸ਼ ਕੀਤਾ ਪਰ ਇਸ ਜੰਗ ਨੇ ਡਾਲਰ-ਕੇਂਦਰਿਤ ਵਿੱਤੀ ਪ੍ਰਣਾਲੀ ਦੇ ਅੰਦਰੂਨੀ ਵਿਰੋਧਾਂ ਨੂੰ ਹੋਰ ਵਧੇਰੇ ਉਜਾਗਰ ਕੀਤਾ ਹੈ।

ਜੰਗ ਦੌਰਾਨ ਇਰਾਨ ਵੱਲੋਂ ਹੋਰਮੁਜ਼ ਜਲ ਮਾਰਗ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਨੇ ਸੰਸਾਰ ਊਰਜਾ ਬਾਜ਼ਾਰ ਨੂੰ ਹਿਲਾ ਦਿੱਤਾ। ਦੁਨੀਆ ਦੇ ਲਗਪਗ 20 ਫ਼ੀਸਦੀ ਤੇਲ ਅਤੇ ਵੱਡੀ ਮਾਤਰਾ ਵਿੱਚ ਕੁਦਰਤੀ ਗੈਸ ਜਿਸ ਉੱਪਰ ਜ਼ਿਆਦਾਤਰ ਸਨਅਤ ਨਿਰਭਰ ਹੈ, ਦੀ ਆਵਾਜਾਈ ਇਸ ਰਸਤੇ ਰਾਹੀਂ ਹੁੰਦੀ ਹੈ। ਜਿਵੇਂ ਹੀ ਤੇਲ ਦੀਆਂ ਕੀਮਤਾਂ ਉੱਪਰ ਚੜ੍ਹੀਆਂ, ਸੰਸਾਰ ਪੱਧਰ ’ਤੇ ਮਹਿੰਗਾਈ ਅਤੇ ਆਰਥਿਕ ਅਸਥਿਰਤਾ ਦੀਆਂ ਚਿੰਤਾਵਾਂ ਵਧ ਗਈਆਂ। ਇਸ ਹਾਲਤ ਵਿੱਚ ਨਿਵੇਸ਼ਕਾਂ ਨੇ ਅਸਥਾਈ ਤੌਰ ’ਤੇ ਡਾਲਰ ਅਤੇ ਅਮਰੀਕੀ ਬਾਡਾਂ ਵੱਲ ਰੁਖ਼ ਕੀਤਾ, ਜਿਸ ਨਾਲ ਡਾਲਰ ਵਿੱਚ ਕੁਝ ਸਮੇਂ ਲਈ ਮਜ਼ਬੂਤੀ ਆਈ। ਪਰ ਕੁਝ ਸਮਾਂ ਜੰਗਬੰਦੀ ਹੋਣ ਤੋਂ ਬਾਅਦ ਹੀ, ਅਮਰੀਕੀ ਮੰਡੀ ਵਿੱਚੋਂ ਵੱਖ-ਵੱਖ ਦੇਸ਼ਾਂ ਨੇ ਆਪਣੇ ਬਾਂਡ ਵੇਚਣੇ ਵੀ ਸ਼ੁਰੂ ਕਰ ਦਿੱਤੇ। ਇਹ ਅਸਲ ਵਿੱਚ ਅਮਰੀਕੀ ਅਰਥਚਾਰੇ ਅਤੇ ਡਾਲਰ ਦੀ ਭਰੋਸੇਯੋਗਤਾ ਘਟਣ ਦੇ ਸੰਕੇਤ ਹਨ।

ਇਹ ਮਸਲਾ ਸਿਰਫ਼ ਸਮੁੰਦਰੀ ਆਵਾਜਾਈ ਜਾਂ ਜੰਗੀ ਰਣਨੀਤੀ ਤੱਕ ਸੀਮਿਤ ਨਹੀਂ ਸੀ। ਇਸਦਾ ਸਿੱਧਾ ਸਬੰਧ ਡਾਲਰ-ਆਧਾਰਿਤ ਤੇਲ ਵਪਾਰ ਪ੍ਰਣਾਲੀ ਨਾਲ ਸੀ। ਦਹਾਕਿਆਂ ਤੋਂ ਸੰਸਾਰ ਦੇ ਜ਼ਿਆਦਾਤਰ ਤੇਲ ਦਾ ਵਪਾਰ ਅਮਰੀਕੀ ਡਾਲਰ ਵਿੱਚ ਹੁੰਦਾ ਆ ਰਿਹਾ ਹੈ। ਇਸ ਪ੍ਰਣਾਲੀ ਨੇ ਡਾਲਰ ਨੂੰ ਸੰਸਾਰ ਵਿੱਤੀ ਪ੍ਰਣਾਲੀ ਦੀ ਮੁੱਖ ਮੁਦਰਾ ਬਣਾਈ ਰੱਖਿਆ। ਪਰ ਇਰਾਨ ਵੱਲੋਂ ਸੰਸਾਰ ਦੇ ਸਭ ਤੋਂ ਮਹੱਤਵਪੂਰਨ ਲਾਂਘੇ ਵਿੱਚੋਂ ਲੰਘਣ ਲਈ ਚੀਨ ਦੀ ਮੁਦਰਾ ਯੂਆਨ ਵਿੱਚ ਭੁਗਤਾਨ ਜਾਂ ਯੂਆਨ-ਆਧਾਰਿਤ ਤੇਲ ਵਪਾਰ ਦੀ ਸ਼ਰਤ ਪੈਟਰੋਡਾਲਰ ਪ੍ਰਣਾਲੀ ਲਈ ਇੱਕ ਵੱਡੀ ਚੁਣੌਤੀ ਹੈ।

ਕਈ ਰਿਪੋਰਟਾਂ ਅਨੁਸਾਰ ਇਰਾਨ ਨੇ ਕੁਝ ਜਹਾਜ਼ਾਂ ਤੋਂ ਰਸਤਾ ਵਰਤਣ ਬਦਲੇ ਯੂਆਨ ਦੇ ਰੂਪ ਵਿੱਚ ਚੁੰਗੀ-ਕਰ ਵੀ ਮੰਗਿਆ। ਚੀਨੀ ਜਹਾਜ਼ਾਂ ਨੂੰ ਖ਼ਾਸ ਰਿਆਇਤਾਂ ਦਿੱਤੀਆਂ ਗਈਆਂ। ਭਾਵੇਂ ਇਹ ਸਭ ਬਹੁਤ ਹੀ ਸੀਮਿਤ ਪੱਧਰ ਉੱਪਰ ਹੋ ਰਿਹਾ ਹੈ ਪਰ ਇਸ ਨੇ ਪਹਿਲੀ ਵਾਰ, ਡਾਲਰ ਤੋਂ ਬਿਨਾਂ ਕਿਸੇ ਹੋਰ ਮੁਦਰਾ ਅਤੇ ਉਹ ਵੀ ਸਾਮਰਾਜੀ ਚੀਨ ਦੀ ਮੁਦਰਾ ਵਿੱਚ ਤੇਲ ਦੇ ਵਪਾਰ ਦਾ ਇੱਕ ਰਾਹ ਖੋਲ੍ਹਿਆ ਹੈ ਜੋ ਨਿਸ਼ਚਿਤ ਤੌਰ ’ਤੇ ਅਮਰੀਕਾ ਲਈ ਕੋਈ ਚੰਗੀ ਖ਼ਬਰ ਨਹੀਂ ਹੈ।

ਡਾਲਰ ਦੇ ਦਬਦਬੇ ਦਾ ਸੰਖੇਪ ਇਤਿਹਾਸ: ਦੂਜੀ ਸੰਸਾਰ ਜੰਗ ਵਿੱਚ ਸਾਮਰਾਜੀ ਬਰਤਾਨੀਆ ਦਾ ਖਾਸਾ ਨੁਕਸਾਨ ਹੋਇਆ ਤੇ ਉਹ ਸੰਸਾਰ ਵਿੱਚ ਆਪਣੀ ਦਬਦਬੇ ਵਾਲੀ ਜਗ੍ਹਾ ਬਚਾਉਣ ਤੋਂ ਅਸਮਰੱਥ ਸਨ। ਯੂਰਪ ਦੇ ਹੋਰ ਸਾਮਰਾਜੀ ਮੁਲਕ ਵੀ ਇਸ ਜੰਗ ਵਿੱਚ ਬੁਰੀ ਤਰ੍ਹਾਂ ਨਾਲ ਉਜਾੜੇ ਦੀ ਹਾਲਤ ਵਿੱਚ ਸਨ। ਅਜਿਹੇ ਸਮੇਂ ਵਿੱਚ ਸਾਮਰਾਜੀ ਅਮਰੀਕਾ ਬਹੁਤ ਘੱਟ ਨੁਕਸਾਨ ਝੱਲ ਕੇ ਸਭ ਤੋਂ ਮਜ਼ਬੂਤ ਸਾਮਰਾਜੀ ਤਾਕਤ ਵਜੋਂ ਉੱਭਰਿਆ। 1944 ਦੇ ਬ੍ਰੈਟਨ ਵੁੱਡਜ਼ ਸਮਝੌਤੇ ਤੋਂ ਬਾਅਦ ਅਮਰੀਕੀ ਡਾਲਰ, ਸੰਸਾਰ ਵਪਾਰ ਦੀ ਮੁਦਰਾ ਬਣ ਕੇ ਉੱਭਰਿਆ। ਸਾਰੇ ਦੇਸ਼ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਡਾਲਰ ਵਿੱਚ ਰੱਖਣ ਨੂੰ ਤਰਜੀਹ ਦਿੰਦੇ ਸਨ। ਇਸ ਸਮੇਂ ਦੌਰਾਨ ‘ਡਾਲਰ ਸੋਨਾ ਮਾਪਦੰਡ’ ਨਾਲ ਨੱਥੀ ਸੀ ਭਾਵ ਡਾਲਰ ਦੀ ਕਦਰ ਸੋਨੇ ਨਾਲ ਨੱਥੀ ਸੀ। 1944 ਤੋਂ ਲੈ ਕੇ 1970 ਤੱਕ ਅਮਰੀਕੀ ਅਰਥਚਾਰੇ ਅਤੇ ਇਸਦੇ ਭਾਈਵਾਲ ਦੇਸ਼ਾਂ ਵਿੱਚ ਜ਼ਬਰਦਸਤ ਆਰਥਿਕ ਵਿਕਾਸ ਹੋਇਆ। ਪਰ ਇਸ ਪ੍ਰਣਾਲੀ ’ਚ ਇੱਕ ਵਿਰੋਧਤਾਈ ਮੌਜੂਦ ਸੀ। ਜੇ ਡਾਲਰ ਨੂੰ ਸੰਸਾਰਕ ਵਪਾਰ ਅਤੇ ਮੁਦਰਾ ਭੰਡਾਰ ਵਜੋਂ ਕੰਮ ਕਰਨਾ ਸੀ, ਤਾਂ ਸੰਸਾਰ ਵਿੱਚ ਵੱਡੀ ਮਾਤਰਾ ਵਿੱਚ ਡਾਲਰ ਮੌਜੂਦ ਹੋਣਾ ਲਾਜ਼ਮੀ ਸੀ। ਇਸਦਾ ਮਤਲਬ ਸੀ ਕਿ ਅਮਰੀਕਾ ਨੂੰ ਲਗਾਤਾਰ ਆਪਣੇ ਡਾਲਰ ਬਾਹਰ ਭੇਜਣ ਦੀ ਲੋੜ ਸੀ। ਇਹ ਕੰਮ ਮੁੱਖ ਤੌਰ ’ਤੇ ਵਪਾਰ ਘਾਟੇ, ਵਿਦੇਸ਼ੀ ਫੌਜੀ ਖ਼ਰਚਿਆਂ, ਕਰਜ਼ਿਆਂ ਅਤੇ ਵਿਦੇਸ਼ੀ ਨਿਵੇਸ਼ ਰਾਹੀਂ ਹੁੰਦਾ ਸੀ। ਅਰਥਾਤ ਸੰਸਾਰ ਨੂੰ ਡਾਲਰ ਮੁਹੱਈਆ ਕਰਵਾਉਣ ਲਈ ਅਮਰੀਕਾ ਨੂੰ ਆਪਣੀ ਲੋੜ ਨਾਲੋਂ ਵੱਧ ਜਿਣਸਾਂ ਖ਼ਰੀਦਣੀਆਂ ਅਤੇ ਵਧੇਰੇ ਮੁਦਰਾ ਬਾਹਰ ਭੇਜਣੀ ਪੈਂਦੀ ਸੀ।

ਸਾਲ 1950 ਅਤੇ 1960 ਦੇ ਦਹਾਕਿਆਂ ਵਿੱਚ ਅਮਰੀਕਾ ਦੀ ਵੀਅਤਨਾਮ ਜੰਗ ਵਿੱਚ ਹਾਰ ਹੋਈ, ਉਹ ਵਿਦੇਸ਼ੀ ਫੌਜੀ ਅੱਡਿਆਂ ਦੇ ਫੈਲਾਅ ਉੱਤੇ ਭਾਰੀ ਖ਼ਰਚ ਕਰ ਰਿਹਾ ਸੀ। ਇਸ ਕਾਰਨ ਵੱਡੀ ਮਾਤਰਾ ਵਿੱਚ ਡਾਲਰ ਯੂਰਪ ਅਤੇ ਹੋਰ ਦੇਸ਼ਾਂ ਵਿੱਚ ਇਕੱਠੇ ਹੋਣ ਲੱਗੇ, ਜਦਕਿ ਅਮਰੀਕਾ ਦੇ ਸੋਨੇ ਦੇ ਭੰਡਾਰ ਘਟਦੇ ਗਏ। 1960 ਦੇ ਦਹਾਕੇ ਦੇ ਅੰਤ ਤੱਕ ਹਾਲਤ ਇਹ ਬਣ ਗਈ ਕਿ ਸੰਸਾਰ ਵਿੱਚ ਮੌਜੂਦ ਡਾਲਰਾਂ ਦੀ ਮਾਤਰਾ ਅਮਰੀਕਾ ਕੋਲ ਮੌਜੂਦ ਸੋਨੇ ਨਾਲੋਂ ਕਈ ਗੁਣਾ ਵੱਧ ਸੀ। ਫਰਾਂਸ ਸਮੇਤ ਕਈ ਦੇਸ਼ਾਂ ਨੇ ਆਪਣੇ ਡਾਲਰਾਂ ਬਦਲੇ ਸੋਨਾ ਮੰਗਣਾ ਸ਼ੁਰੂ ਕਰ ਦਿੱਤਾ। ਜੇ ਇਹ ਪ੍ਰਕਿਰਿਆ ਜਾਰੀ ਰਹਿੰਦੀ ਤਾਂ ਅਮਰੀਕਾ ਦੇ ਸੋਨੇ ਦੇ ਭੰਡਾਰ ਖਾਲੀ ਹੋ ਸਕਦੇ ਸਨ। ਇਸੇ ਸੰਕਟ ਦੇ ਦਬਾਅ ਹੇਠ 1971 ਵਿੱਚ ਰਿਚਰਡ ਨਿਕਸਨ ਨੇ ਡਾਲਰ ਨੂੰ ਸੋਨੇ ਨਾਲ ਬਦਲਣ ਦੀ ਪ੍ਰਣਾਲੀ ਖ਼ਤਮ ਕਰ ਦਿੱਤੀ। ਇਸ ਨੂੰ ਹੀ ‘ਡਾਲਰ ਸੋਨਾ ਮਾਪਦੰਡ ਦਾ ਟੁੱਟਣਾ’ ਕਿਹਾ ਜਾਂਦਾ ਹੈ। ਇੱਥੇ ਪੈਟਰੋ-ਡਾਲਰ ਪ੍ਰਣਾਲੀ ਦੀ ਮਹੱਤਵਪੂਰਨ ਭੂਮਿਕਾ ਸਾਹਮਣੇ ਆਉਂਦੀ ਹੈ। 1970 ਦੇ ਦਹਾਕੇ ਵਿੱਚ ਅਮਰੀਕਾ ਨੇ ਸਾਊਦੀ ਅਰਬ ਸਮੇਤ ਹੋਰ ਖਾੜੀ ਦੇਸ਼ਾਂ ਨਾਲ ਸਮਝੌਤੇ ਕੀਤੇ ਕਿ ਇਹ ਦੇਸ਼ ਆਪਣਾ ਤੇਲ ਸਿਰਫ਼ ਅਮਰੀਕੀ ਡਾਲਰ ਵਿੱਚ ਵੇਚਣਗੇ। ਬਦਲੇ ਵਿੱਚ ਅਮਰੀਕਾ ਨੇ ਉਨ੍ਹਾਂ ਨੂੰ ਫੌਜੀ ਸੁਰੱਖਿਆ, ਹਥਿਆਰ ਅਤੇ ਰਾਜਨੀਤਕ ਸਹਿਯੋਗ ਦਿੱਤਾ।

ਇਸ ਤਰ੍ਹਾਂ ਸੰਸਾਰ ਦੇ ਹਰ ਦੇਸ਼ ਲਈ ਤੇਲ ਖ਼ਰੀਦਣ ਵਾਸਤੇ ਡਾਲਰ ਰੱਖਣਾ ਲਾਜ਼ਮੀ ਬਣ ਗਿਆ। ਤੇਲ ਵੇਚ ਕੇ ਹਾਸਲ ਹੋਏ ਡਾਲਰ ਇਹ ਦੇਸ਼ ਵਾਪਸ ਅਮਰੀਕੀ ਮੰਡੀ ਵਿੱਚ ਨਿਵੇਸ਼ ਕਰਦੇ ਸਨ ਅਤੇ ਅਮਰੀਕੀ ਬਾਂਡ ਖ਼ਰੀਦਦੇ ਸਨ। ਇਸ ਤਰ੍ਹਾਂ ਇਹ ਪੈਟਰੋ-ਡਾਲਰ ਪ੍ਰਣਾਲੀ ਡਾਲਰ ਦੇ ਸੰਸਾਰ ਗਲਬੇ ਦਾ ਨਵਾਂ ਹਥਿਆਰ ਬਣੀ। ਇਸ ਨਾਲ ਡਾਲਰ ਦੀ ਮੰਗ ਲਗਾਤਾਰ ਬਣੀ ਰਹੀ।

ਇਸ ਪ੍ਰਣਾਲੀ ਨਾਲ ਅਮਰੀਕਾ ਨੂੰ ਇੱਕ ਖ਼ਾਸ ਫਾਇਦਾ ਹਾਸਲ ਹੋਇਆ ਜੋ ਕਿਸੇ ਵੀ ਹੋਰ ਦੇਸ਼ ਅਤੇ ਇੱਥੋਂ ਤੱਕ ਕਿ ਕਿਸੇ ਹੋਰ ਸਾਮਰਾਜੀ ਦੇਸ਼ ਕੋਲ ਵੀ ਨਹੀਂ ਸੀ। ਅਮਰੀਕਾ ਵੇਚਣ ਨਾਲੋਂ ਵੱਧ ਖ਼ਰੀਦਣ ਲੱਗ ਗਿਆ। ਅਮਰੀਕੀ ਕਰਜ਼ਾ ਕਿਉਂਕਿ ਉਸਦੀ ਆਪਣੀ ਹੀ ਮੁਦਰਾ ਵਿੱਚ ਸੀ ਜੋ ਉਹ ਸਿਰਫ਼ ਵੱਧ ਮੁਦਰਾ ਛਾਪ ਕੇ ਅਦਾ ਕਰ ਸਕਦਾ ਸੀ, ਇਸ ਪ੍ਰਣਾਲੀ ਨੇ ਅਮਰੀਕੀ ਹਾਕਮਾਂ ਨੂੰ ਸੰਸਾਰ ਭਰ ਵਿੱਚ ਪੈਦਾ ਹੋਣ ਵਾਲੀ ਵਾਧੂ ਕਦਰ ਦਾ ਇੱਕ ਹਿੱਸਾ ਹਥਿਆਉਣ ਦੀ ਤਾਕਤ ਦਿੱਤੀ। ਇਸ ਤੋਂ ਬਿਨਾਂ ਅਮਰੀਕਾ ਵਿਰੋਧੀ ਦੇਸ਼ਾਂ ਉੱਪਰ ਆਰਥਿਕ ਪਾਬੰਦੀਆਂ ਲਾ ਕੇ ਉਨ੍ਹਾਂ ਨੂੰ ਆਪਣੇ ਕਾਬੂ ਵਿੱਚ ਕਰਨ ਅਤੇ ਵਿਰੋਧੀਆਂ ਦੇ ਅਰਥਚਾਰੇ ਤਬਾਹ ਕਰਨ ਦੇ ਵੀ ਸਮਰੱਥ ਹੋ ਗਿਆ। ਇਸ ਤਾਕਤ ਨੂੰ ਅਮਰੀਕੀ ਹਾਕਮਾਂ ਨੇ ਬਹੁਤ ਬੇਕਿਰਕੀ ਨਾਲ, ਖੁੱਲ੍ਹ ਕੇ ਵਰਤਿਆ। ਪਰ ਇਸਦੇ ਨਾਲ ਹੀ ਇੱਕ ਨਵੀਂ ਉਲਝਣ ਵੀ ਸਾਹਮਣੇ ਆਈ।

ਅਮਰੀਕੀ ਅਰਥਚਾਰੇ ਉੱਪਰ ਕਰਜ਼ਾ ਲਗਾਤਾਰ ਵਧਦਾ ਗਿਆ ਜੋ ਹੁਣ 39 ਲੱਖ ਕਰੋੜ ਡਾਲਰ ਤੱਕ ਪਹੁੰਚ ਚੁੱਕਾ ਹੈ। ਅਮਰੀਕੀ ਅਰਥਚਾਰੇ ਦਾ ਵਿੱਤੀ ਬੁਲਬੁਲਾ ਹੋਰ ਵੱਡਾ ਹੁੰਦਾ ਗਿਆ ਅਤੇ ਇਸਦੀ ਸਨਅਤ ਘਟ ਗਈ। ਇਸ ਲਈ ਅਮਰੀਕਾ ਨੂੰ ਹਰ ਕੀਮਤ ਉੱਪਰ ਡਾਲਰ ਦੀ ਸਰਦਾਰੀ ਅਤੇ ਪੈਟਰੋ- ਡਾਲਰ ਨੂੰ ਕਾਇਮ ਰੱਖਣ ਦੀ ਅਣਸਰਦੀ ਲੋੜ ਹੈ। ਜੋ ਤਾਕਤ ਕਿਸੇ ਸਮੇਂ ਅਮਰੀਕੀ ਅਰਥਚਾਰੇ ਦੀ ਸਰਦਾਰੀ ਦਾ ਕਾਰਨ ਸੀ, ਹੁਣ ਉਹੀ ਉਸ ਦੀ ਕਮਜ਼ੋਰੀ ਬਣ ਗਈ।

ਮੌਜੂਦਾ ਸਮੇਂ ਵਿੱਚ ਰੂਸ-ਚੀਨ ਦੇ ਸਾਮਰਾਜੀ ਉਭਾਰ ਨੇ ਅਮਰੀਕਾ ਨੂੰ ਹੋਰ ਵਧੇਰੇ ਟੱਕਰ ਦੇਣੀ ਸ਼ੁਰੂ ਕਰ ਦਿੱਤੀ ਹੈ। ਅੱਜ ਦੇ ਸਮੇਂ ਵਿੱਚ ਰੂਸ ਅਤੇ ਚੀਨ ਲਗਪਗ ਪੂਰਾ ਵਪਾਰ ਡਾਲਰ ਦੀ ਥਾਂ ਆਪਣੀ ਮੁਦਰਾ ਵਿੱਚ ਕਰ ਰਹੇ ਹਨ। 2014 ਤੋਂ ਬਾਅਦ ਅਤੇ ਖ਼ਾਸਕਰ 2022 ਵਿੱਚ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਨੇ ਤੇਜ਼ੀ ਨਾਲ ਡਾਲਰ ਤੋਂ ਨਿਰਭਰਤਾ ਘਟਾਈ ਹੈ। ਰੂਸ ਜੋ ਕੱਚੇ ਤੇਲ ਦਾ ਵੱਡਾ ਬਰਾਮਦਕਾਰ ਹੈ, ਇਸ ਦੇ ਡਾਲਰ ਪ੍ਰਣਾਲੀ ਤੋਂ ਬਾਹਰ ਹੋਣ ਨਾਲ ਅਤੇ ਚੀਨ ਨਾਲ ਡਾਲਰ ਰਹਿਤ ਵਪਾਰ ਨਾਲ ਡਾਲਰੀਕਰਨ ਦੀ ਮੁਹਿੰਮ ਹੋਰ ਤੇਜ਼ ਹੋਈ ਹੈ। ਇਸ ਤੋਂ ਇਲਾਵਾ ਇਰਾਨ ਜੋ ਚੀਨ ਦਾ ਸਭ ਤੋਂ ਵੱਡਾ ਤੇਲ ਦਾ ਬਰਾਮਦਕਾਰ ਹੈ, ਉਸ ਦਾ ਵੀ ਚੀਨ ਨਾਲ ਵਪਾਰ ਪੂਰੀ ਤਰ੍ਹਾਂ ਨਾਲ ਡਾਲਰ ਪ੍ਰਣਾਲੀ ਤੋਂ ਬਾਹਰ ਹੁੰਦਾ ਹੈ। ਕੁੱਲ ਮਿਲਾ ਕੇ ਇਹ ਦੇਖਿਆ ਜਾ ਸਕਦਾ ਹੈ ਕਿ ਡਾਲਰ ਨੂੰ ਲੈ ਕੇ ਚੱਲ ਰਹੀ ਮੌਜੂਦਾ ਖਿੱਚੋਤਾਣ ਦੋ ਸਾਮਰਾਜੀ ਤਾਕਤਾਂ, ਅਮਰੀਕਾ ਅਤੇ ਰੂਸ-ਚੀਨ ਦਰਮਿਆਨ ਅੰਤਰ ਸਾਮਰਾਜੀ ਖਹਿਭੇੜ ਦਾ ਇੱਕ ਪਹਿਲੂ ਹੈ।

ਇਸ ਸਾਰੀ ਖਿੱਚੋਤਾਣ ਵਿੱਚ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਕਮਜ਼ੋਰ ਹੋਣ ਦੇ ਬਾਵਜੂਦ ਅਜੇ ਵੀ ਡਾਲਰ ਸੰਸਾਰ ਵਪਾਰ ਦੀ ਸਭ ਤੋਂ ਅਹਿਮ ਮੁਦਰਾ ਹੈ ਅਤੇ ਇਸਦੀ ਪੁਜੀਸ਼ਨ ਭਾਵੇਂ ਕਮਜ਼ੋਰ ਹੋਈ ਹੈ ਪਰ ਇਹ ਵੀ ਨਹੀਂ ਹੋਵੇਗਾ ਕਿ ਇਹ ਕੱਲ੍ਹ ਹੀ ਡਿੱਗ ਪਵੇ। ਅਮਰੀਕਾ ਦੇ ਅੰਦਰ ਵੀ ਹਾਕਮਾਂ ਵਿੱਚ ਡਾਲਰ ਦੀ ਖੁੱਸਦੀ ਸਰਦਾਰੀ ਨੂੰ ਬਚਾਉਣ ਲਈ ਸਰਮਾਏਦਾਰਾਂ ਦੇ ਵੱਖ-ਵੱਖ ਧੜਿਆਂ ਵਿਚਕਾਰ ਤਿੱਖਾ ਮੁਕਾਬਲਾ ਚੱਲ ਰਿਹਾ ਹੈ। ਟਰੰਪ ਦੀ ਅਗਵਾਈ ਵਾਲਾ ਰਿਪਬਲਿਕਨ ਪਾਰਟੀ ਦਾ ‘ਮਾਗਾ’ ਧੜਾ, ਕਮਜ਼ੋਰ ਡਾਲਰ ਅਤੇ ਅਮਰੀਕਾ ਦੇ ਮੁੜ ਸਨਅਤੀਕਰਨ ਦੇ ਹੱਕ ਵਿੱਚ ਹੈ। ਇਹ ਅਤਿ-ਯੁੱਧਨੀਤਕ ਤੌਰ ’ਤੇ ਮਹੱਤਵਪੂਰਨ ਸਨਅਤ ਨੂੰ ਮੁੜ ਅਮਰੀਕਾ ਵਿੱਚ ਲਗਾਉਣ ਦੇ ਹੱਕ ਵਿੱਚ ਹੈ। ਪਰ ਇਸਦੇ ਨਾਲ ਹੀ ਉਹ ਡਾਲਰ ਪ੍ਰਣਾਲੀ ਨੂੰ ਵੀ ਛੱਡ ਨਹੀਂ ਸਕਦਾ ਕਿਉਂਕਿ ਅਜਿਹਾ ਕਰਨ ਨਾਲ ਅਮਰੀਕਾ ਲਈ ਵੱਡੇ ਵਪਾਰ ਘਾਟੇ ਝੱਲ ਸਕਣਾ ਅਤੇ ਫੌਜੀ ਖ਼ਰਚ ਚੁੱਕਣਾ ਔਖਾ ਹੋ ਜਾਵੇਗਾ।

ਫੌਜੀ ਸਰਦਾਰੀ ਤੋਂ ਬਿਨਾਂ ਅਮਰੀਕਾ ਦੀ ਸੰਸਾਰ ਚੌਧਰ ਵੀ ਖ਼ਤਰੇ ਵਿੱਚ ਆ ਸਕਦੀ ਹੈ। ਅਮਰੀਕੀ ਵਿੱਤ ਸਰਮਾਏ ਦਾ ਦੂਜਾ ਅਖੌਤੀ ਉਦਾਰਵਾਦੀ ਹਿੱਸਾ ਮਜ਼ਬੂਤ ਡਾਲਰ, ਫੌਜੀ ਖ਼ਰਚ ਅਤੇ ਜੰਗਾਂ ਲਾਉਣ ਅਤੇ ਅਰਥਚਾਰੇ ਦੇ ਵਿੱਤੀਕਰਨ ਦੇ ਹੱਕ ਵਿੱਚ ਹੈ। ਇਸੇ ਵਿਰੋਧਤਾਈ ਦਾ ਪ੍ਰਗਟਾਵਾ ਟਰੰਪ ਦੇ ਫ਼ੈਸਲਿਆਂ ਵਿੱਚ ਵੀ ਹੁੰਦਾ ਹੈ। ਅਮਰੀਕੀ ਹਾਕਮਾਂ ਨੂੰ ਇਸ ਉਲਝਣ ਵਿੱਚੋਂ ਨਿਕਲਣ ਦਾ ਰਾਹ ਲੱਭਣਾ ਔਖਾ ਹੋ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਅਮਰੀਕਾ ਦੇ ਅੰਦਰ ਵੀ ਖਿੱਚੋਤਾਣ ਵਧੇਗੀ ਅਤੇ ਇਸਦਾ ਰੂਸ-ਚੀਨ ਧੁਰੀ ਨਾਲ ਅੰਤਰ ਸਾਮਰਾਜੀ ਖਹਿਭੇੜ ਹੋਰ ਵਧੇਰੇ ਤਿੱਖੇ ਹੋਣ ਦੀ ਸੰਭਾਵਨਾ ਹੈ। ਇਹ ਸੰਸਾਰ ਸਰਮਾਏਦਾਰੀ ਪ੍ਰਬੰਧ ਨੂੰ ਹੋਰ ਵਧੇਰੇ ਅਸਥਿਰਤਾ ਵੱਲ ਲੈ ਕੇ ਜਾਵੇਗਾ, ਪਰ ਇਸ ਨਾਲ ਨਾ ਤਾਂ ਸਾਮਰਾਜ ਅਤੇ ਨਾ ਸਾਮਰਾਜੀ ਲੁੱਟ ਖ਼ਤਮ ਹੋਣੀ ਹੈ। ਜਿਵੇਂ ਪਿਛਲੀ ਸਦੀ ਵਿੱਚ ਅਮਰੀਕੀ ਡਾਲਰ ਨੇ ਬਰਤਾਨਵੀ ਪੌਂਡ ਦਾ ਦਬਦਬਾ ਖ਼ਤਮ ਕੀਤਾ, ਪਰ ਇਸ ਨਾਲ ਸਾਮਰਾਜੀ ਲੁੱਟ ਖ਼ਤਮ ਹੋਈ ਨਹੀਂ, ਉਸੇ ਤਰ੍ਹਾਂ ਸਾਮਰਾਜੀ ਲੁੱਟ ਅਮਰੀਕੀ ਡਾਲਰ ਬਗੈਰ ਵਾਲੇ ਪ੍ਰਬੰਧ ਵਿੱਚ ਵੀ ਜਾਰੀ ਰਹਿਣੀ ਹੈ ਭਾਵੇਂ ਡਾਲਰ ਦੀ ਥਾਂ ਚੀਨੀ ਮੁਦਰਾ ਲਵੇ ਜਾਂ ਕੋਈ ਹੋਰਾਂ ਮੁਦਰਾਵਾਂ ਦਾ ਜੁੱਟ।

ਨੇੜ ਭਵਿੱਖ ਵਿੱਚ ਇਸ ਵਿਰੋਧਤਾਈ ਦਾ ਪ੍ਰਗਟਾਵਾ ਹੋਰ ਵਧੇਰੇ ਜੰਗਾਂ ਦੇ ਰੂਪ ਵਿੱਚ ਹੋਵੇਗਾ ਜਿਨ੍ਹਾਂ ਵਿੱਚ ਸਭ ਤੋਂ ਵੱਧ ਨੁਕਸਾਨ ਲਾਜ਼ਮੀ ਤੌਰ ’ਤੇ ਕਿਰਤੀ ਲੋਕਾਂ ਦਾ ਹੀ ਹੋਣਾ ਹੈ। ਇਸ ਲਈ ਕਿਸੇ ਇੱਕ ਦੇ ਜਾਣ ’ਤੇ ਦੂਜੇ ਸਾਮਰਾਜੀ ਧੜੇ ਤੋਂ ਮਨੁੱਖਤਾ ਦੇ ਭਲੇ ਦੀ ਝੂਠੀ ਆਸ ਲਾਉਣ ਨਾਲੋਂ ਕੁੱਲ ਸੰਸਾਰ ਵਿੱਚੋਂ ਇਸ ਲੋਟੂ ਸਾਮਰਾਜੀ ਪ੍ਰਬੰਧ ਦਾ ਖ਼ਾਤਮਾ ਕਰਨਾ ਕਿਰਤੀ ਲੋਕਾਂ ਸਾਹਮਣੇ ਦਰਪੇਸ਼ ਕਾਰਜ ਅਤੇ ਚੁਣੌਤੀ ਹੈ।

ਸੰਪਰਕ: 88472-27740

Advertisement
×