ਪਰੀ ਕਹਾਣੀਆਂ ਦੇ ਦਿਲਚਸਪ ਪਾਤਰ ਤੇ ਜੀਵਨ ਜੁਗਤਾਂ
ਲੋਕ ਸਾਹਿਤ ਦੀਆਂ ਕਹਾਣੀਆਂ ਕਈ ਵੰਨਗੀਆਂ ਵਿੱਚ ਵੰਡੀਆਂ ਹੋਈਆਂ ਹਨ। ਸਾਡੇ ਵੱਡੇ ਵਡੇਰਿਆਂ ਨੇ ਇਨ੍ਹਾਂ ਕਹਾਣੀਆਂ ਨੂੰ ਆਪਣੇ ਬਾਲ, ਬੱਚਿਆਂ ਨੂੰ ਸੁਣਾਉਣ ਵੇਲੇ ਬਾਤਾਂ ਦਾ ਨਾਂ ਦਿੱਤਾ ਹੈ। ਰਾਤ ਦੀ ਰੋਟੀ ਖਾਣ ਤੋਂ ਬਾਅਦ ਗਰਮੀਆਂ ਦੀਆਂ ਚੰਦ- ਚਾਨਣੀਆਂ ਰਾਤਾਂ ਵਿਚ...
ਲੋਕ ਸਾਹਿਤ ਦੀਆਂ ਕਹਾਣੀਆਂ ਕਈ ਵੰਨਗੀਆਂ ਵਿੱਚ ਵੰਡੀਆਂ ਹੋਈਆਂ ਹਨ। ਸਾਡੇ ਵੱਡੇ ਵਡੇਰਿਆਂ ਨੇ ਇਨ੍ਹਾਂ ਕਹਾਣੀਆਂ ਨੂੰ ਆਪਣੇ ਬਾਲ, ਬੱਚਿਆਂ ਨੂੰ ਸੁਣਾਉਣ ਵੇਲੇ ਬਾਤਾਂ ਦਾ ਨਾਂ ਦਿੱਤਾ ਹੈ। ਰਾਤ ਦੀ ਰੋਟੀ ਖਾਣ ਤੋਂ ਬਾਅਦ ਗਰਮੀਆਂ ਦੀਆਂ ਚੰਦ- ਚਾਨਣੀਆਂ ਰਾਤਾਂ ਵਿਚ ਕੋਠਿਆਂ ਉੱਤੇ ਮੰਜੀਆਂ ਡਾਹ ਕੇ ਸੌਣ ਵੇਲੇ ਜਾਂ ਫਿਰ ਸਿਆਲ ਦੀਆਂ ਰਾਤਾਂ ਵਿੱਚ ਰਜਾਈ ਦਾ ਨਿੱਘ ਮਾਣਦਿਆਂ ਹੋਇਆਂ ਦਾਦੀਆਂ, ਨਾਨੀਆਂ, ਭੂਆ, ਭੈਣਾਂ ਜਾਂ ਫਿਰ ਦਾਦਿਆਂ, ਨਾਨਿਆਂ ਕੋਲੋਂ ਬਾਤਾਂ ਸੁਣਦਿਆਂ ਗੁਜ਼ਾਰੀਆਂ ਰਾਤਾਂ ਨੂੰ ਕੌਣ ਭੁਲਾ ਸਕਦਾ ਹੈ।
ਇਹ ਬਾਤਾਂ ਏਨੀਆਂ ਮਨੋਰੰਜਨ ਨਾਲ ਭਰਪੂਰ ਹੁੰਦੀਆਂ ਸਨ ਕਿ ਅੱਖਾਂ ਦੀ ਨੀਦ ਉੱਡਾ ਦਿੰਦਿਆਂ ਸਨ। ਅੱਗੇ ਕੀ ਹੋਇਆ, ‘ਫਿਰ ਕੀ ਹੋਇਆ?’ ਜਾਣਨ ਦੀ ਇੱਛਾ ਵਿੱਚ ਬਾਤ ਦਾ ਹੁੰਗਾਰਾ ਭਰਨ ਵਾਲੇ ਵੱਲੋਂ ‘ਹੋਰ ਸੁਣਾਓ, ਇੱਕ ਹੋਰ ਸੁਣਾਓ’ ਕਹਿੰਦੇ ਰਹਿਣਾ ਤੇ ਬਾਤਾਂ ਸੁਣਦਿਆਂ ਬਾਤ ਵਿਚਲੇ ਪਾਤਰਾਂ ਦੇ ਨਾਲ ਨਾਲ ਤੁਰੇ ਰਹਿਣਾ। ਇਉਂ ਬਾਲ ਬੱਚੇ ਇੱਕ ਰਾਤ ਵਿੱਚ ਕਈ-ਕਈ ਬਾਤਾਂ ਸੁਣ ਕੇ ਹੀ ਨੀਂਦ-ਰਾਣੀ ਦੀ ਗੋਦ ਦਾ ਨਿੱਘ ਮਾਣਦੇ ਸਨ।
ਰਾਤਾਂ ਨੂੰ ਬਾਤਾਂ ਪਾਉਣ ਦਾ ਇਹ ਸ਼ੁਭ ਕਾਰਜ ਹਰ ਰਾਤ ਹੀ ਨਵੀਂ ਬਾਤ ਦਾ ਸਬੱਬ ਬਣ ਜਾਂਦਾ ਸੀ ਕਿਉਂਕਿ ਕਦੇ ਘਰ ਵਿੱਚ ਭੂਆ ਆਈ ਹੁੰਦੀ ਤੇ ਕਦੇ ਭੈਣ। ਇਸ ਤਰ੍ਹਾਂ ਬਾਤਾਂ ਦੀ ਲੜੀ ਹਰ ਰਾਤ ਚੱਲਦੀ ਰਹਿੰਦੀ ਸੀ ਜਿਸ ਨਾਲ ਬੱਚਿਆਂ ਤੇ ਵੱਡਿਆਂ ਦਾ ਮਨਪ੍ਰਚਾਵਾ ਹੁੰਦਾ ਰਹਿੰਦਾ। ਉਨ੍ਹਾਂ ਦਿਨਾਂ ਵਿੱਚ ਘਰ-ਪਰਿਵਾਰ ਵਿੱਚ ਮਨੋਰੰਜਨ ਦਾ ਇੱਕੋ ਇਕ ਸਾਧਨ ਸੀ ਬੁਝਾਰਤਾਂ ਤੇ ਬਾਤਾਂ। ਸਮਾਜ ਵਿੱਚ ਬਾਤਾਂ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਡਾ. ਵਣਜਾਰਾ ਬੇਦੀ ਲਿਖਦੇ ਹਨ, ‘‘ਪੰਜਾਬੀ ਵਿੱਚ ਲੋਕ ਕਹਾਣੀ ਵਾਸਤੇ ‘ਬਾਤ’ ਸ਼ਬਦ ਵਰਤਿਆ ਜਾਂਦਾ ਹੈ।’’ ਲੋਕ ਸਾਹਿਤ ਦੇ ਖੋਜੀ ਵਿਦਵਾਨ ਲਿਖਦੇ ਹਨ ਕਿ ਸਾਂਝੇ ਪੰਜਾਬ ਵਿੱਚ ਵੱਖ ਵੱਖ ਵੰਨਗੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬਾਤਾਂ ਲੋਕ-ਸਿਮਰਤੀ ਵਿੱਚ ਵਸੀਆਂ ਹੋਈਆਂ ਸਨ।
ਪ੍ਰਾਚੀਨ ਸਮੇਂ ਵਿੱਚ ਹਰ ਰਾਤ ਨੂੰ ਬਾਤਾਂ ਪਾਉਣ ਦਾ ਰਿਵਾਜ ਰਿਹਾ ਹੈ। ਸਾਰਾ ਦਿਨ ਕੰਮ ਕਰਕੇ ਥੱਕੇ ਹੋਣ ਦੇ ਬਾਵਜੂਦ ਬਾਤਾਂ ਵਿਚਲੇ ਰੌਚਕ ਪਾਤਰ ਹਰ ਕਿਸੇ ਦੇ ਮਨ ਨੂੰ ਲੁਭਾਉਂਦੇ ਸਨ। ਬਾਤਾਂ ਸਰੋਤੇ ਨੂੰ ਆਪਣੇ ਇੱਕ ਨਵੇਂ ਰੰਗਲੇ ਸੰਸਾਰ ਵਿੱਚ ਘੁੰਮਾਉਂਦੀਆਂ ਹੋਈਆਂ ਆਪਣੇ ਨਾਲ ਜੋੜੀ ਰੱਖਦੀਆਂ ਸਨ। ਬਾਤਾਂ ਦੇ ਇੰਨਾ ਰੌਚਕ ਹੋਣ ਕਾਰਨ ਹੀ ਬਾਤਾਂ ਨੂੰ ਦਿਨ ਵਿੱਚ ਨਾ ਪਾਉਣ ਬਾਰੇ ਟੈਬੂ ਸਥਾਪਤ ਹੋ ਗਿਆ ਜਾਪਦਾ ਏ। ਸਿਆਣਿਆਂ ਨੇ ਕਥਨ ਕੀਤਾ ਹੈ, ‘‘ਦਿਨ ਵਿੱਚ ਬਾਤਾਂ ਪਾਉਣ ਨਾਲ ਮਾਮਾ ਰਾਹ ਭੁੱਲ ਜਾਂਦਾ ਹੈ।’’ ਅਸਲ ਤੱਥ ਇਹ ਹੈ ਕਿ ਜੇਕਰ ਰਾਹ ਤੁਰਦੇ ਰਾਹੀ-ਪਾਂਧੀ ਬਾਤਾਂ ਪਾਉਣਗੇ ਤਾਂ ਉਹ ਬਾਤ ਵਿਚਲੀ ਰੌਚਿਕਤਾ ਕਾਰਨ ਬਾਤ ਪਾਉਣ ਵਾਲੇ ਨਾਲ ਅੱਗੇ ਤੋਂ ਅਗੇਰੇ ਤੁਰਦੇ ਆਪਣੀ ਮਿਥੀ ਮੰਜ਼ਿਲ ਤੋਂ ਭਟਕ ਸਕਦੇ ਹਨ। ਇਸ ਕਾਰਨ ਹੀ ਸਿਆਣੇ ਲੋਕਾਂ ਨੇ ਦਿਨ ਵਿੱਚ ਬਾਤਾਂ ਪਾਉਣ ਤੋਂ ਰੋਕਣ ਲਈ ਰਾਹ ਭੁੱਲ ਜਾਣ ਦਾ ਵਿਚਾਰ ਸਥਾਪਿਤ ਕੀਤਾ ਹੋਇਆ ਹੈ। ਸਮੇਂ ਨਾਲ ਜੋ ਅਖੌਤ ਦਾ ਰੂਪ ਧਾਰਨ ਕਰ ਗਿਆ ਹੈ। ਮੂਲ ਰੂਪ ਵਿੱਚ ਇਹ ਤੱਥ ਬਾਤਾਂ ਵਿਚਲੀ ਰੌਚਿਕਤਾ ਨੂੰ ਪ੍ਰਮਾਣਿਤ ਕਰਨ ਦਾ ਵਧੀਆ ਪ੍ਰਮਾਣ ਪੇਸ਼ ਕਰਦਾ ਹੈ।
ਸੱਚਮੁੱਚ ਬਾਤਾਂ ਏਨੀਆਂ ਹੀ ਰੌਚਕ ਹੁੰਦੀਆਂ ਹਨ ਕਿਉਂਕਿ ਬਾਤਾਂ ਦੇ ਅਜੀਬ ਪਾਤਰ ਅਸੰਭਵ ਨੂੰ ਸੰਭਵ ਬਣਾ ਦਿੰਦੇ ਸਨ। ਉਦਹਾਰਨ ਵਜੋਂ ਰਾਜਕੁਮਾਰ ਦਾ ਰਾਜਕੁਮਾਰੀ ਨੂੰ ਕਠਿਨ ਪ੍ਰਸਥਿਤੀਆਂ ਵਿੱਚੋਂ ਲੰਘ ਕੇ ਦਿਓ ਤੋਂ ਛੁਡਵਾ ਕੇ ਵਾਪਸ ਲੈ ਆਉਣਾ! ਜਾਂ ਫਿਰ ਘੜੀਆਂ- ਪਲਾਂ ਵਿੱਚ ਹੀ ਪੌਣਾਹਾਰੀ ਉੱਡਣੇ ਘੋੜੇ ’ਤੇ ਬੈਠ ਕੇ ਤਪਦੇ ਮਾਰੂਥਲ ਅਤੇ ਸਮੁੰਦਰ ਉਲੰਘ ਮੰਜ਼ਿਲ ’ਤੇ ਪਹੁੰਚ ਜਾਣਾ। ਅਜਿਹੀ ਅਦਭੁੱਤ ਸੰਰਚਨਾ ਹੀ ਬਾਤਾਂ ਨੂੰ ਵਿਲੱਖਣ ਰੂਪ ਪ੍ਰਦਾਨ ਕਰਦੀ ਹੈ। ਬਾਤਾਂ ਦੇ ਪਾਤਰ ਸੱਪ, ਸ਼ੇਰ, ਸ਼ੀਹ, ਪੀਰ, ਫਕੀਰ, ਦਰਿਆ, ਘੋੜੇ, ਪਰੀਆਂ ਇਤਿਆਦਿ ਹੁੰਦੇ ਹਨ। ਇਹ ਹਰ ਸਥਿਤੀ ਵਿੱਚ ਨਾਇਕ ਦੀ ਮਦਦ ਕਰਦੇ ਹਨ। ਹਰ ਬਾਤ ਦਾ ਮੰਤਵ ਨਾਇਕ ਦੀ ਕਾਮਯਾਬੀ ਨਾਲ ਜੁੜਿਆ ਹੋਇਆ ਹੁੰਦਾ ਹੈ। ਇਸ ਤਰ੍ਹਾਂ ਬਾਤਾਂ ਸਰੋਤਿਆਂ ਦੀ ਮਾਨਸਿਕਤਾ ਨੂੰ ਮਜ਼ਬੂਤ ਕਰਕੇ ਜੀਵਨ ਵਿੱਚ ਆਈਆਂ ਮੁਸ਼ਕਿਲਾਂ ਨਾਲ ਨਜਿੱਠਣ ਦਾ ਹੌਸਲਾ ਪ੍ਰਦਾਨ ਕਰਦੀਆਂ ਹਨ। ਬਾਤਾਂ ਦਾ ਇਹ ਉਸਾਰੂ ਪੱਖ ਬਾਤਾਂ ਪਾਉਣ, ਸੁਣਨ ਅਤੇ ਬਾਤਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਇਸ ਸਦਕਾ ਬਾਤਾਂ ਨੂੰ ਜੀਵਨ-ਗੁੰਝਲਾਂ ਨੂੰ ਖੋਲ੍ਹਣ ਵਾਲਾ ਵਿਰਾਸਤੀ ਖ਼ਜ਼ਾਨਾ ਮੰਨਿਆ ਜਾਂਦਾ ਹੈ।
ਬਾਤਾਂ ਵਿੱਚ ਪਾਤਰਾਂ ਦਾ ਸੰਸਾਰ ਬਿਲਕੁਲ ਨਿਰਾਲਾ ਹੁੰਦਾ ਹੈ। ਬਾਤਾਂ ਵਿੱਚ ਪੰਛੀ, ਪਸ਼ੂ, ਰੁੱਖ, ਹਵਾ, ਅੱਗ, ਪਾਣੀ ਹਰ ਚੀਜ਼ ਗੱਲਾਂ ਕਰ ਸਕਦੀ ਹੈ। ਡੱਡ ਰਾਜਕੁਮਾਰੀ ਤੇ ਡੱਡੂ ਰਾਜਕੁਮਾਰ ਹੋ ਸਕਦਾ ਹੈ। ਇੱਥੋਂ ਤੱਕ ਕਿ ਡੱਡੂ ਸੱਚਮੁੱਚ ਹੀ ਰਾਜਕੁਮਾਰੀ ਨਾਲ ਵਿਆਹ ਕਰਵਾ ਕੇ ਘਰ ਵਸਾ ਸਕਦਾ ਹੈ। ਸੱਪ, ਰਿੱਛ, ਮਤੀਰੀ, ਕੁੱਕੜ, ਡੱਡੂ, ਡੱਡ, ਤੋਤਾ ਅਤੇ ਮੋਰ ਆਦਿ ਮਾਨਵੀ ਜੀਵਨ ਵਿੱਚ ਮੁਸ਼ਕਿਲਾਂ ’ਤੇ ਕਾਬੂ ਪਾ ਕੇ ਸੁਖਮਈ ਜੀਵਨ ਜਿਊਣ ਹਿੱਤ ਮਾਰਗ ਦਰਸਾਉਣ ਦਾ ਕਾਰਜ ਕਰਦੇ ਹਨ। ਅਜਿਹੀਆਂ ਬਾਤਾਂ ਵਿੱਚ ਫੁੱਲਾਂ ਸ਼ਹਿਜ਼ਾਦੀ, ਮਿਰਚ ਸ਼ਹਿਜ਼ਾਦੀ, ਅਨਾਰਾਂ ਸ਼ਹਿਜ਼ਾਦੀ, ਕਾਠੋ ਸ਼ਹਿਜ਼ਾਦੀ, ਡੱਡੂ ਸ਼ਹਿਜ਼ਾਦਾ, ਅਸਮਾਨ ਟਾਕੀ ਲਾਉਣ ਵਾਲੀ ਜਾਦੂਗਰਨੀ, ਬੈਂਗਣ ਸ਼ਹਿਜ਼ਾਦੀ, ਫੱਫੇਕੁੱਟਣੀ, ਰਾਜਾ ਮਗਰਮੱਛ, ਬੱਕਰਾ ਸ਼ਹਿਜ਼ਾਦਾ, ਚੰਬੇਲੀ ਸ਼ਹਿਜ਼ਾਦੀ ਆਦਿ ਅਦਭੁੱਤ ਪਰੀ ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਬਾਤਾਂ ਦੇ ਪਾਤਰ ਪੰਛੀ, ਪਸ਼ੂ, ਬਨਸਪਤੀ ਅਤੇ ਇਨਸਾਨ ਤੁਰਦੇ ਫਿਰਦੇ ਤੇ ਬੋਲਦੇ ਹਨ। ਇਹ ਹਰ ਤਰ੍ਹਾਂ ਨਾਲ ਕਾਰਜਸ਼ੀਲ ਹੋ ਕੇ ਇੱਕ ਦੂਜੇ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਬਾਤਾਂ ਦੇ ਇਹ ਤੱਥ ਅਦਭੁੱਤ ਹੀ ਨਹੀਂ ਸਗੋਂ ਉਪਦੇਸ਼ਾਤਮਕ ਅਤੇ ਮਨੋਰੰਜਨ ਨਾਲ ਭਰਪੂਰ ਵੀ ਹੁੰਦੇ ਹਨ।
ਪਰੀ ਕਹਾਣੀ ਵਿੱਚ ਸਿਰਫ਼ ਪਰੀਆਂ ਨਾਲ ਸਬੰਧਤ ਬਾਤਾਂ ਹੀ ਨਹੀਂ ਹੁੰਦੀਆਂ ਸਗੋਂ ਇਨ੍ਹਾਂ ਦੇ ਖੇਤਰ ਵਿੱਚ ਅਦਭੁੱਤ ਤੇ ਉਤਸ਼ਾਹ ਵਰਧਕ ਬਾਤਾਂ ਵੀ ਸ਼ਾਮਲ ਹਨ। ਇਨ੍ਹਾਂ ਬਾਤਾਂ ਦੇ ਪਾਤਰਾਂ ਵਿੱਚ ਭੂਤ-ਪ੍ਰੇਤ, ਚੁੜੇਲਾਂ, ਉੱਡਣੇ- ਘੋੜੇ, ਉੱਡਣੇ-ਪਊਏ, ਜਾਦੂ ਦੀ ਕੜਾਹੀ, ਜਾਦੂ ਦਾ ਡੰਡਾ, ਖੌਲਦਾ ਸਾਗਰ, ਤੁਰਦੇ ਜਾਂ ਫਿਰ ਭਿੜਦੇ ਪੱਥਰ, ਅੱਖਾਂ ਵਿੱਚ ਪਾਉਣ ਵਾਲਾ ਚਮਤਕਾਰੀ ਸੁਰਮਾ ਆਦਿ ਨਾਇਕ ਦੇ ਮਦਦਗਾਰ ਬਣ ਕੇ ਮਨੋਰੰਜਕ ਵਾਤਾਵਰਨ ਸਿਰਜਦੇ ਹਨ।
ਇਹ ਬਿਲਕੁਲ ਸਹੀ ਹੈ ਕਿ ਬਾਤਾਂ ਆਦਰਸ਼ਕ ਤੇ ਚਮਤਕਾਰੀ ਅੰਸ਼ ਨਾਲ ਭਰਪੂਰ ਹੁੰਦੀਆਂ ਹਨ। ਅਜਿਹੀਆਂ ਬਾਤਾਂ ਮਨੁੱਖ ਦੇ ਮਨ ਵਿੱਚ ਨਵਾਂ ਉਤਸ਼ਾਹ ਭਰਦੀਆਂ ਹਨ। ਮਨੁੱਖ ਨੂੰ ਪ੍ਰੇਰਨਾ ਅਤੇ ਸਥਿਤੀਆਂ ਨਾਲ ਲੜਨ ਦੀ ਜੁਗਤ ਸੁਝਾਉਂਦੀਆ ਹਨ। ਬਾਤ ਸੁਣਾਉਣ ਵਾਲਾ ਬਾਤ ਦੀ ਕਹਾਣੀ ਨੂੰ ਰਸਮਈ ਲਹਿਜੇ ਵਿੱਚ ਸੁਣਾਉਂਦਾ ਕਹਾਣੀ ਨੂੰ ਅੱਗੇ ਤੋਰਦਾ ਹੋਇਆ ਸੁਣਨ ਵਾਲੇ ਦੀ ਜਗਿਆਸਾ ਨੂੰ ਟੁੰਬਦਾ ਹੈ। ਇਉਂ ਹਰ ਪਰਿਵਾਰ ਵਿੱਚ ਬਾਤਾਂ ਦੇ ਸੁਣਨ ਤੇ ਸੁਣਾਉਣ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ।
ਅਜੋਕੇ ਸਮੇਂ ਵਿੱਚ ਮਨੋਰੰਜਨ ਦੇ ਨਵੇਂ ਤੋਂ ਨਵੇਂ ਸਾਧਨ ਆ ਗਏ ਹਨ। ਉਦਯੋਗਿਕ ਵਿਕਾਸ ਸਮੇਂ ਸਿਨੇਮਾ ਆ ਗਿਆ ਜਿਸ ਨੇ ਅੱਜ ਤੱਕ ਅਪਣੀ ਥਾਂ ਬਣਾਈ ਹੋਈ ਹੈ। ਹਰ ਘਰ ਵਿੱਚ ਟੀ.ਵੀ. ਅਤੇ ਹੋਰ ਨਵੀਨ ਮਨੋਰੰਜਨ ਦੇ ਸਾਧਨ ਆ ਜਾਣ ਨਾਲ ਵਧੇਰੇ ਲੋਕ ਬਾਤਾਂ ਦੀ ਥਾਂ ਲੜੀਵਾਰਾਂ ਨਾਲ ਜੁੜ ਗਏ। ਇਸ ਕਾਰਨ ਬੱਚਿਆਂ ਅਤੇ ਵੱਡਿਆਂ ਦੇ ਮਨ- ਮੰਦਰ ਵਿੱਚੋਂ ਬਾਤਾਂ ਵਿਸਰ ਗਈਆਂ। ਕੰਪਿਊਟਰ ਤੇ ਮੋਬਾਈਲ ਦੇ ਆ ਜਾਣ ਨਾਲ ਹਰ ਬੱਚਾ, ਨੌਜਵਾਨ, ਬਜ਼ੁਰਗ, ਔਰਤ ਤੇ ਮਰਦ ਹਰ ਕੋਈ ਇਨ੍ਹਾਂ ਸਾਧਨਾਂ ਨੂੰ ਹੀ ਮਨੋਰੰਜਨ ਦਾ ਸਾਧਨ ਸਮਝਣ ਲੱਗ ਪਏ ਹਨ। ਅੱਜ ਦਾ ਦੁਖਾਂਤ ਇਹ ਵੀ ਹੈ ਕਿ ਬਾਤਾਂ ਸੁਣਾਉਣ ਵਾਲੀ ਪੀੜ੍ਹੀ ਦਿਨੋਂ- ਦਿਨ ਘਟਦੀ ਜਾ ਰਹੀ ਹੈ। ਭਾਸ਼ਾ ਤੇ ਸੱਭਿਆਚਾਰ ਬਾਰੇ ਕਾਰਜ ਕਰਨ ਵਾਲੀਆਂ ਸੰਸਥਾਵਾਂ ਨੂੰ ਬਾਤਾਂ ਇਕੱਠੀਆਂ ਕਰਨ ਅਤੇ ਸੰਪਾਦਿਤ ਕਰਨ ਦੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਸਭ ਦੇ ਬਾਵਜੂਦ ਮੈਂ ਤਹਾਨੂੰ ਇੱਕ ਨਾ ਮੁੱਕਣ ਵਾਲੀ ਦਿਲਚਸਪ ਬਾਤ ਸੰਖੇਪ ਰੂਪ ਵਿੱਚ ਸੁਣਾ ਰਿਹਾ ਹਾਂ;
ਇੱਕ ਲਾਡਾਂ- ਚਾਵਾਂ ਨਾਲ ਪਲੀ ਰਾਜਕੁਮਾਰੀ ਨੇ ਅਜਿਹੇ ਵਿਅਕਤੀ ਨਾਲ ਵਿਆਹ ਕਰਵਾਉਣ ਦੀ ਸ਼ਰਤ ਰੱਖ ਦਿੱਤੀ ਜਿਹੜਾ ਵਿਅਕਤੀ ਉਸ ਨੂੰ ਸਾਰੀ ਰਾਤ ਬਾਤ ਸੁਣਾਉਂਦਾ ਰਹੇਗਾ! ਉਸ ਦੀ ਬਾਤ ਰਾਤ ਭਰ ਦਿਨ ਚੜ੍ਹਦੇ ਤੱਕ ਨਾ ਮੁੱਕੇ। ਸਾਰੀ ਰਾਤ ਬਾਤ ਸੁਣਾਉਣ ਵਾਲੇ ਵਿਅਕਤੀ ਨਾਲ ਉਹ ਵਿਆਹ ਕਰਵਾ ਲਏਗੀ। ਉਸ ਦੀ ਸ਼ਰਤ ਵਿੱਚ ਇਹ ਗੱਲ ਵੀ ਸ਼ਾਮਲ ਸੀ ਕਿ ਜਿਸ ਦੀ ਬਾਤ ਦਿਨ ਚੜ੍ਹਨ ਤੋਂ ਪਹਿਲਾਂ ਮੁੱਕ ਗਈ, ਉਹ ਉਸ ਦਾ ਉਮਰ ਭਰ ਲਈ ਗ਼ੁਲਾਮ ਹੋ ਜਾਵੇਗਾ। ਪਿਤਾ ਦੇਸ਼ ਦਾ ਰਾਜਾ ਸੀ। ਉਸ ਨੇ ਆਪਣੇ ਰਾਜ ਵਿੱਚ ਹੋਕਾ ਫਿਰਵਾ ਦਿੱਤਾ। ਬਹੁਤ ਸਾਰੇ ਰਾਜਕੁਮਾਰ, ਸਿਆਣੇ ਤੇ ਸੋਹਣੇ ਨੌਜਵਾਨ ਆਏ, ਪਰ ਕੋਈ ਵੀ ਉਸ ਦੀ ਸ਼ਰਤ ਪੂਰੀ ਨਾ ਕਰ ਸਕਿਆ। ਉਸ ਵੱਲੋਂ ਰੱਖੀ ਸ਼ਰਤ ਅਨੁਸਾਰ ਸਾਰੇ ਉਸ ਦੇ ਗੁਲਾਮ ਹੋ ਕੇ ਉਸ ਦੀ ਸੇਵਾ ਕਰਨ ਲੱਗ ਪਏ।
ਇੱਕ ਦਿਨ ਦੀ ਗੱਲ ਹੈ ਕਿ ਇੱਕ ਨੌਜਵਾਨ ਰਾਜਕੁਮਾਰੀ ਦੇ ਕੱਪੜੇ ਧੋਣ ਲਈ ਘਾਟ ਵੱਲ ਜਾ ਰਿਹਾ ਸੀ। ਉਸ ਨੂੰ ਰਸਤੇ ਵਿੱਚ ਇੱਕ ਹਾਲੀ ਮਿਲ ਗਿਆ। ਉਸ ਨੇ ਕਿਹਾ, ‘‘ਭਰਾਵਾਂ ਤੂੰ ਧੋਬੀ ਤਾਂ ਲੱਗਦਾ ਨ੍ਹੀਂ, ਪਰ ਆਹ ਕੱਪੜੇ ਕਿਹਦੇ ਚੁੱਕੀ ਜਾ ਰਿਹਾ ਏਂ।’’
ਨੌਜਵਾਨ ਨੇ ਉਸ ਨੂੰ ਆਪਣੀ ਸਾਰੀ ਵਿਥਿਆ ਸੁਣਾ ਦਿੱਤੀ। ਹਾਲੀ ਨੇ ਉਸ ਨੌਜਵਾਨ ਨੂੰ ਕਿਹਾ,‘‘ਲੈ ਫਿਰ ਭਾਈ! ਮੈਨੂੰ ਲੈ ਚੱਲ, ਮੈਂ ਰਾਜ ਕੁਮਾਰੀ ਨੂੰ ਬਾਤ ਸੁਣਾਊਂ। ਮੈਂ ਸਾਰੀ ਰਾਤ ਨ੍ਹੀਂ ਮੁੱਕਣ ਦਿੰਦਾ।’’ ਮੁੱਕਦੀ ਗੱਲ ਉਹ ਨੌਜਵਾਨ ਉਸ ਹਾਲੀ ਨੂੰ ਰਾਜਕੁਮਾਰੀ ਕੋਲ ਲੈ ਆਇਆ। ਜਦੋਂ ਰਾਤ ਪਈ ਤਾਂ ਹਾਲੀ ਨੇ ਰਾਜਕੁਮਾਰੀ ਨੂੰ ਬਾਤ ਸੁਣਾਉਣੀ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ, ‘‘ਤੂੰ ਹੂੰਗਾਰਾ ਭਰਦੀ ਰਹੀਂ, ਸੌਣਾ ਬਿਲਕੁਲ ਨ੍ਹੀਂ, ਮੈਂ ਤਾ ਹੀਂ ਬਾਤ ਸੁਣਾਊਂ।’’ ਉਸ ਨੇ ਇਹ ਸ਼ਰਤ ਵੀ ਰੱਖ ਦਿੱਤੀ ਕਿ ਜੇਕਰ ਮੈਂ ਸ਼ਰਤ ਜਿੱਤ ਗਿਆ ਤੈਨੂੰ ਸਾਰੇ ਗ਼ੁਲਾਮ ਛੱਡਣੇ ਪੈਣਗੇ।’’
ਰਾਜਕੁਮਾਰੀ ਮੰਨ ਗਈ। ਹਾਲੀ ਨੇ ਕਿਹਾ, ‘‘ਲੈ ਹੁਣ ਬਾਤ ਸੁਣ। ਭਾਈ ਇੱਕ ਮੇਰੇ ਵਰਗਾ ਹਾਲੀ ਸੀ। ਉਸ ਨੇ ਆਪਣੇ ਖੇਤ ਵਿੱਚ ਬਾਜਰਾ ਬੀਜ ਲਿਆ। ਰੱਬ ਦੀ ਕਿਰਪਾ ਨਾਲ ਫ਼ਸਲ ਬਹੁਤ ਵਧੀਆ ਤਿਆਰ ਹੋ ਗਈ। ਫ਼ਸਲ ਪੱਕ ਗਈ ਤਾਂ ਉਸ ਨੇ ਵੱਢ ਕੇ ਬੋਹਲ ਲਾ ਲਿਆ।’’
ਰਾਜਕੁਮਾਰੀ ਬਾਤ ਸੁਣਦੀ ਰਹੀ ਤੇ ਹੁੰਗਾਰੇ ਵਜੋਂ, ਫਿਰ ਕੀ ਹੋਇਆ?, ਅੱਗੇ ਕੀ ਹੋਇਆ? ਕਹਿੰਦੀ ਰਹੀ। ਹਾਲ਼ੀ ਬਾਤ ਪਾਉਂਦਾ ਰਿਹਾ।
‘‘ਜਦੋ ਭਾਈ ਖੇਤ ਵਿੱਚ ਬੋਹਲ ਪਿਆ ਦੇਖਿਆ ਤਾਂ ਆਲੇ-ਦੁਆਲੇ ਦੇ ਰੁੱਖਾਂ ’ਤੇ ਰਹਿੰਦੀਆਂ ਚਿੜੀਆਂ ਚੋਗਾ ਚੁਗਣ ਆ ਗਈਆਂ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੋਗਾ ਦੇਣਾ ਸੀ। ਭਾਈ ਪਹਿਲਾਂ ਭੂਰੀ ਚਿੜੀ ਆਈ। ਚੁੰਝ ਵਿੱਚ ਦਾਣੇ ਲੈ ਕੇ ਫੁਰਰ- ਫੁਰਰ ਕਰਕੇ ਆਪਣੇ ਆਲ੍ਹਣੇ ਵਿੱਚ ਜਾ ਵੜੀ। ਉਹ ਬੱਚਿਆਂ ਦੇ ਮੂੰਹ ਵਿੱਚ ਚੋਗਾ ਪਾਉਣ ਲੱਗ ਪਈ।’’
‘‘ਫਿਰ ਕੀ ਹੋਇਆ?’’
‘‘ਭਾਈ ਫਿਰ ਲਾਲ ਰੰਗ ਦੀ ਚਿੜੀ ਆ ਗਈ। ਉਹ ਵੀ ਚੋਗਾ ਲੈ ਕੇ ਫੁਰਰ- ਫੁਰਰ ਕਰਦੀ ਆਪਣੇ ਆਲ੍ਹਣੇ ਵਿੱਚ ਜਾ ਵੜੀ।’’
‘‘ਫਿਰ ਕੀ ਹੋਇਆ?’’
‘‘ਭਾਈ ਫਿਰ ਕਾਲੀ ਚਿੜੀ ਆ ਗਈ। ਉਹ ਵੀ ਚੋਗਾ ਲੈ ਕੇ ਫੁਰਰ- ਫੁਰਰ ਕਰਦੀ ਆਪਣੇ ਆਲ੍ਹਣੇ ਵਿੱਚ ਜਾ ਵੜੀ।’’
‘‘ਫਿਰ ਕੀ ਹੋਇਆ।’’
‘‘ਭਾਈ ਫਿਰ ਭੂਰੀ ਚਿੜੀ ਆ ਗਈ। ਉਹ ਵੀ ਬੋਹਲ ਤੋਂ ਚੋਗਾ ਲੈ ਕੇ ਆਪਣੇ ਆਲ੍ਹਣੇ ਵਿੱਚ ਜਾ ਵੜੀ।’’
‘‘ਫਿਰ ਕੀ ਹੋਇਆ?’’
‘‘ਫਿਰ ਲਾਲ ਰੰਗ ਦੀ ਚਿੜੀ ਆ ਗਈ।’’
‘‘ਫਿਰ ਕੀ ਹੋਇਆ।’’
‘‘ਉਹ ਵੀ ਚੋਗਾ ਲੈ ਕੇ ਫੁਰਰ-ਫੁਰਰ ਕਰਦੀ ਆਪਣੇ ਆਲ੍ਹਣੇ ਜਾ ਵੜੀ।’’ ਹਾਲੀ ਬਹੁਤ ਹੀ ਰਸਮਈ ਲਹਿਜੇ ਵਿੱਚ ਬਾਤ ਸੁਣਾਉਂਦਾ ਰਿਹਾ। ਰਾਜਕੁਮਾਰੀ ‘‘ਫਿਰ ਕੀ ਹੋਇਆ? ਫਿਰ ਕੀ ਹੋਇਆ?’ ਕਹਿੰਦੀ, ਕਹਿੰਦੀ ਅੱਕ ਗਈ। ਭਾਈ ਫਿਰ ਰਾਜਕੁਮਾਰੀ ਕਹਿਣ ਲੱਗੀ, ‘‘ਅੱਗੇ ਵੀ ਦੱਸ ਕੀ ਹੋਇਆ ?’’
‘‘ਲੈ ਭਾਈ! ਹਾਲੀ ਕਹਿੰਦਾ ਅਜੇ ਤਾਂ ਚਿੜੀਆਂ ਬੋਹਲ ’ਚੋਂਂ ਲੱਪ ਕੁ ਦਾਣੇ ਲੈ ਕੇ ਗਈਆਂ ਨੇ। ਸਾਰੇ ਦਾ ਸਾਰਾ ਬੋਹਲ ਤਾਂ ਪਿਆ। ਬੋਹਲ ਮੁੱਕੂ ਤਾਂ ਹੀ ਅਗਾਹਾਂ ਦੱਸੂ।’’
‘‘ਤੂੰ ਹੂੰਗਾਰਾ ਭਰਦੀ ਰਹਿ, ਕਿਤੇ ਸੌਂ ਨਾ ਜਾਈਂ।’’
‘‘ਹਾਲੀ ਸਹਿਜ ਸੁਭਾਅ ਭੂਰੀ ਚਿੜੀ, ਲਾਲ ਚਿੜੀ, ਕਾਲੀ ਚਿੜੀ ਵੱਲੋਂ ਵਾਰ-ਵਾਰ ਬੋਹਲ ਤੋਂ ਦਾਣੇ ਲੈ ਕੇ ਜਾਣ ਦੀ ਗੱਲ ਦੁਹਰਾਉਂਦਾ ਰਿਹਾ।’’
ਰਾਜਕੁਮਾਰੀ ‘‘ਫਿਰ ਅੱਗੇ ਕੀ ਹੋਇਆ? ਫਿਰ ਅੱਗੇ ਕੀ ਹੋਇਆ?’’ ਕਹਿ ਕੇ ਹੁੰਗਾਰਾ ਭਰਦੀ-ਭਰਦੀ ਅੱਕ ਤੇ ਥੱਕ ਗਈ। ਆਖਰ ਰਾਜਕੁਮਾਰੀ ਨੇ ਹਾਰ ਮੰਨ ਲਈ।
ਉਨ੍ਹਾਂ ਦੋਵਾਂ ਦਾ ਵਿਆਹ ਹੋ ਗਿਆ। ਭਾਈ! ਗ਼ੁਲਾਮਾਂ ਦਾ ਛੁਟਕਾਰਾ ਹੋ ਗਿਆ। ਹੁਣ ਉਹ ਦੋਵੇਂ ਆਪਣੇ ਘਰ ਰਾਜੀ-ਖੁਸ਼ੀ ਵੱਸਦੇ ਨੇ। ਐਨੀ ਕੁ ਬਾਤ, ਵੱਡੀ ਹੋ ਗਈ ਰਾਤ। ਬਾਤ ਦਾ ਕਲਬੂਤ, ਭਾਈ ਖਨੀ ਸੱਚ, ਖਨੀ ਝੂਠ।
ਇਸ ਬਾਤ ਦੀ ਸੰਰਚਨਾ ਬਾਤਾਂ ਦੀ ਰੌਚਿਕਤਾ ਅਤੇ ਉਸ ਦੇ ਨਾ ਮੁੱਕਣ ਵਾਲੇ ਸਿਲਸਿਲੇ ਦੀ ਹਾਮੀ ਭਰਦੀ ਹੋਈ, ਬਾਤਾਂ ਵਿੱਚ ਲੁਕੀ ਹੋਈ ਜੀਵਨ-ਜੁਗਤ ਦਾ ਖੁਲਾਸਾ ਕਰਦੀ ਹੈ। ਭਾਈ ਇਸ ਤਰ੍ਹਾਂ ਹਾਲੀ ਨੇ ਮਨ ਵਿੱਚ ਸਹਿਜ ਰੱਖ ਕੇ ਆਪਣੇ ਮੰਤਵ ਵਿੱਚ ਜਿੱਤ ਹਾਸਲ ਕਰ ਲਈ।
ਸੰਪਰਕ: 98151-21286
