NEET ਪੇਪਰ ਲੀਕ ਮਾਮਲੇ ਨੂੰ ਲੈ ਕੇ Indian Idol ਦੇ ਜੱਜ Vishal Dadlani ਦੀ ਟਿੱਪਣੀ; ਸ਼ੋਅ ਵਿੱਚੋਂ ਹਟਾਉਣ ਦੀ ਮੰਗ
ਬਾਰ-ਬਾਰ ਪੇਪਰ ਲੀਕ ਹੋਣ ਨੂੰ ਦੱਸਿਆ ‘ਸ਼ਰਮਨਾਕ’; ਲੋਕਾਂ ਨੂੰ ਚੋਣਾਂ ਵੇਲੇ ਸਿੱਖਿਆ ਦੇ ਮੁੱਦੇ ਨੂੰ ਪਹਿਲ ਦੇਣ ਦੀ ਕੀਤੀ ਅਪੀਲ, ਸੋਸ਼ਲ ਮੀਡੀਆ ’ਤੇ ਛਿੜੀ ਬਹਿਸ
ਦੇਸ਼ ਦੀ ਸਭ ਤੋਂ ਵੱਕਾਰੀ ਅਤੇ ਮੁਕਾਬਲੇਬਾਜ਼ੀ ਵਾਲੀ ‘ਨੀਟ-ਯੂਜੀ’ (NEET-UG) ਪ੍ਰੀਖਿਆ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਚੱਲ ਰਹੇ ਦੇਸ਼ ਵਿਆਪੀ ਵਿਰੋਧ ਦੇ ਵਿਚਕਾਰ ਹੁਣ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਵਿਸ਼ਾਲ ਡਡਲਾਨੀ ਨੇ ਵੀ ਵਿਦਿਆਰਥੀਆਂ ਦੇ ਹੱਕ ਵਿੱਚ ਮੋਰਚਾ ਖੋਲ੍ਹ ਦਿੱਤਾ ਹੈ। ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਡਡਲਾਨੀ ਨੇ ਪ੍ਰੀਖਿਆ ਤੋਂ ਪ੍ਰਭਾਵਿਤ ਹੋਏ ਲੱਖਾਂ ਨੌਜਵਾਨਾਂ ਨਾਲ ਇਕਜੁੱਟਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਦਿਨ-ਰਾਤ ਇੱਕ ਕਰਕੇ ਸਾਲਾਂਬੱਧੀ ਤਿਆਰੀ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਅਜਿਹਾ ਖਿਲਵਾੜ ਹੋਣਾ ਬੇਹੱਦ ਮੰਦਭਾਗਾ ਹੈ।
ਵਾਇਰਲ ਹੋ ਰਹੀ ਵੀਡੀਓ ਵਿੱਚ ਵਿਸ਼ਾਲ ਡਡਲਾਨੀ ਨੇ ਪ੍ਰੀਖਿਆ ਪ੍ਰਣਾਲੀ ਵਿੱਚ ਵਾਰ-ਵਾਰ ਸਾਹਮਣੇ ਆ ਰਹੀਆਂ ਖਾਮੀਆਂ ਅਤੇ ਪੇਪਰ ਲੀਕ ਦੀਆਂ ਘਟਨਾਵਾਂ ਨੂੰ ਸਰਾਸਰ ‘ਗ਼ਲਤ’ ਕਰਾਰ ਦਿੱਤਾ ਹੈ। ਅਧਿਕਾਰੀਆਂ ਅਤੇ ਜ਼ਿੰਮੇਵਾਰ ਸੰਸਥਾਵਾਂ ਦੀ ਨਾਕਾਮੀ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਆਖਿਆ ਕਿ ਐਨੀ ਵੱਡੀ ਲਾਪਰਵਾਹੀ ਦੇ ਬਾਵਜੂਦ ਕਿਸੇ ਵੀ ਸਰਕਾਰੀ ਏਜੰਸੀ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ। ਉਨ੍ਹਾਂ ਉਨ੍ਹਾਂ ਲੋਕਾਂ ਦੀ ਵੀ ਸਖ਼ਤ ਨਿਖੇਧੀ ਕੀਤੀ ਜੋ ਇਸ ਗੰਭੀਰ ਮੁੱਦੇ ਨੂੰ ਹਲਕੇ ਵਿੱਚ ਲੈ ਰਹੇ ਹਨ। ਡਡਲਾਨੀ ਨੇ ਮੌਜੂਦਾ ਸਥਿਤੀ ਨੂੰ ‘ਸ਼ਰਮਨਾਕ’ ਦੱਸਦਿਆਂ ਕਿਹਾ ਕਿ ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਸਾਡੇ ਦੇਸ਼ ਵਿੱਚ ਸਿੱਖਿਆ ਦੇ ਮਿਆਰ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਕੀ ਕੀਮਤ ਪਾਈ ਜਾ ਰਹੀ ਹੈ।
View this post on Instagram
ਸੰਗੀਤਕਾਰ ਨੇ ਦੇਸ਼ ਦੀ ਅਗਵਾਈ ਅਤੇ ਸ਼ਾਸਨ ਪ੍ਰਣਾਲੀ ’ਤੇ ਟਿੱਪਣੀ ਕਰਦਿਆਂ ਆਮ ਨਾਗਰਿਕਾਂ ਨੂੰ ਇੱਕ ਅਹਿਮ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕ ਵੋਟ ਪਾਉਣ ਜਾਣ ਜਾਂ ਰਾਜਨੀਤਿਕ ਫੈਸਲੇ ਲੈਣ, ਤਾਂ ਸਿੱਖਿਆ ਦੇ ਮੁੱਦੇ ਨੂੰ ਸਭ ਤੋਂ ਉੱਪਰ ਰੱਖਣ। ਉਨ੍ਹਾਂ ਸੁਝਾਅ ਦਿੱਤਾ ਕਿ ਦੇਸ਼ ਦੀ ਲੀਡਰਸ਼ਿਪ ਦੀ ਚੋਣ ਹੀ ਦੇਸ਼ ਦੇ ਸਿੱਖਿਆ ਢਾਂਚੇ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਤੈਅ ਕਰਦੀ ਹੈ। ਨੀਟ ਪ੍ਰੀਖਿਆ ਵਿੱਚ ਹੋਈ ਗੜਬੜੀ ਕਾਰਨ ਪਹਿਲਾਂ ਹੀ ਵਿਦਿਆਰਥੀ, ਮਾਪੇ ਅਤੇ ਕਈ ਜਨਤਕ ਸ਼ਖਸੀਅਤਾਂ ਸੜਕਾਂ ’ਤੇ ਹਨ ਅਤੇ ਪਾਰਦਰਸ਼ਤਾ ਦੀ ਮੰਗ ਕਰ ਰਹੀਆਂ ਹਨ।ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਮਿਸ਼ਰਤ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਇੱਕ ਵਰਗ ਵਿਸ਼ਾਲ ਡਡਲਾਨੀ ਵੱਲੋਂ ਵਿਦਿਆਰਥੀਆਂ ਦੇ ਹੱਕ ਵਿੱਚ ਬੋਲਣ ਦੀ ਸ਼ਲਾਘਾ ਕਰ ਰਿਹਾ ਹੈ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਦੀ ਮੰਗ ਦਾ ਸਮਰਥਨ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕੁਝ ਲੋਕ ਉਨ੍ਹਾਂ ਦੇ ਇਸ ਬਿਆਨ ਦੀ ਆਲੋਚਨਾ ਕਰਦਿਆਂ ਉਨ੍ਹਾਂ ਦੇ ਵਿਚਾਰਾਂ ’ਤੇ ਸਵਾਲ ਵੀ ਚੁੱਕ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਸ਼ੋਅ ਵਿੱਚੋਂ ਹਟਾਉਣ ਦੀ ਮੰਗ ਕਰ ਰਹੇ ਹਨ। ਫਿਲਹਾਲ, ਇਸ ਵੀਡੀਓ ਨੇ ਦੇਸ਼ ਅੰਦਰ ਸਿੱਖਿਆ ਖੇਤਰ ਵਿੱਚ ਜਵਾਬਦੇਹੀ, ਪਾਰਦਰਸ਼ਤਾ ਅਤੇ ਸਖ਼ਤ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਦੀ ਚੱਲ ਰਹੀ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ।

