DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਸਿਨੇਮਾ ਤੇ ਸਮਾਜ

ਵਿਸ਼ਵ ਪੱਧਰ ’ਤੇ ਸਿਨੇਮਾ ਦੀ ਸ਼ੁਰੂਆਤ ਤਾਂ 1895 ਵਿੱਚ ਅਗਸਟਸ ਅਤੇ ਲੂਇਸ ਲੁਮੇਰੇ ਭਰਾਵਾਂ ਦੁਆਰਾ ਕਰ ਦਿੱਤੀ ਗਈ ਸੀ, ਪਰ ਭਾਰਤ ਵਿੱਚ ਸਿਨੇਮਾ ਦੀ ਸ਼ੁਰੂਆਤ ਮਹਾਰਾਸ਼ਟਰ ਨਿਵਾਸੀ ਧੁੰਢੀਰਾਜ ਗੋਵਿੰਦ ਫਾਲਕੇ ਭਾਵ ਦਾਦਾ ਸਾਹਿਬ ਫਾਲਕੇ ਦੀ ਮਿਹਨਤ ਅਤੇ ਸਿਰੜ ਸਦਕਾ ਹੋਈ...

  • fb
  • twitter
  • whatsapp
  • whatsapp
Advertisement

ਵਿਸ਼ਵ ਪੱਧਰ ’ਤੇ ਸਿਨੇਮਾ ਦੀ ਸ਼ੁਰੂਆਤ ਤਾਂ 1895 ਵਿੱਚ ਅਗਸਟਸ ਅਤੇ ਲੂਇਸ ਲੁਮੇਰੇ ਭਰਾਵਾਂ ਦੁਆਰਾ ਕਰ ਦਿੱਤੀ ਗਈ ਸੀ, ਪਰ ਭਾਰਤ ਵਿੱਚ ਸਿਨੇਮਾ ਦੀ ਸ਼ੁਰੂਆਤ ਮਹਾਰਾਸ਼ਟਰ ਨਿਵਾਸੀ ਧੁੰਢੀਰਾਜ ਗੋਵਿੰਦ ਫਾਲਕੇ ਭਾਵ ਦਾਦਾ ਸਾਹਿਬ ਫਾਲਕੇ ਦੀ ਮਿਹਨਤ ਅਤੇ ਸਿਰੜ ਸਦਕਾ ਹੋਈ ਸੀ। ਦਰਅਸਲ, ਦਾਦਾ ਸਾਹਿਬ ਫਾਲਕੇ ਨੂੰ ਅਪਰੈਲ, 1911 ਵਿੱਚ ਬੰਬਈ ਦੇ ‘ਇੰਡੀਅਨ ਅਮੈਰੀਕਨ ਪੈਲੇਸ’ ਵਿਖੇ ਵਿਖਾਈ ਗਈ ਮੂਕ ਭਾਵ ਆਵਾਜ਼ ਰਹਿਤ ਫਿਲਮ ‘ਦਿ ਅਮੇਜ਼ਿੰਗ ਐਨੀਮਲਜ਼’ ਵੇਖਣ ਦਾ ਮੌਕਾ ਮਿਲਿਆ ਸੀ ਤੇ ਇਸ ਫਿਲਮ ਰਾਹੀਂ ਵੱਡੇ ਪਰਦੇ ’ਤੇ ਜੰਗਲੀ ਜਾਨਵਰਾਂ ਨੂੰ ਸਜੀਵ ਰੂਪ ਵਿੱਚ ਚੱਲਦਿਆਂ-ਫਿਰਦਿਆਂ ਵੇਖ ਕੇ ਉਹ ਬੜੇ ਪ੍ਰਭਾਵਿਤ ਹੋਏ ਸਨ।

ਅਗਲੇ ਦਿਨ ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਮੁੜ ਉਕਤ ਫਿਲਮ ਵੇਖਣ ਲਈ ਜਦੋਂ ਗਏ ਤਾਂ ਉੱਥੇ ਫਿਲਮ ਬਦਲ ਚੁੱਕੀ ਸੀ। ਉਸ ਦਿਨ ਉਨ੍ਹਾਂ ਨੇ ਜਿਹੜੀ ਫਿਲਮ ਵੇਖੀ ਉਸ ਦਾ ਨਾਂ ਸੀ ‘ਦਿ ਲਾਈਫ ਆਫ ਦਿ ਕ੍ਰਾਈਸਟ’। ਇਸ ਫਿਲਮ ਵਿੱਚ ਜਦੋਂ ਉਨ੍ਹਾਂ ਨੇ ਪ੍ਰਭੂ ਈਸਾ ਮਸੀਹ ਨੂੰ ਸਜੀਵ ਰੂਪ ਵਿੱਚ ਵਿਚਰਦਿਆਂ ਵੇਖਿਆ ਤਾਂ ਉਨ੍ਹਾਂ ਦੇ ਮਨ ਵਿੱਚ ਇਹ ਤਮੰਨਾ ਪੈਦਾ ਹੋ ਗਈ ਕਿ ਭਾਰਤੀ ਦੇਵੀ-ਦੇਵਤਿਆਂ ਬਾਰੇ ਵੀ ਅਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਤੇ ਦੁਨੀਆ ਦੇ ਲੋਕਾਂ ਨੂੰ ਸਾਡੇ ਪੂਜਨੀਕ ਦੇਵਤਿਆਂ ਤੇ ਦੇਵੀਆਂ ਬਾਰੇ ਵੀ ਜਾਣਕਾਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਉਸੇ ਦਿਨ ਆਪਣੇ ਮਨ ਵਿੱਚ ਪੱਕਾ ਇਰਾਦਾ ਬਣਾ ਲਿਆ ਕਿ ਉਹ ਇਹ ਕਾਰਜ ਨੇਪਰੇ ਚਾੜ੍ਹ ਕੇ ਹੀ ਛੱਡਣਗੇ। ਫਿਰ ਅਪਰੈਲ, 1912 ਵਿੱਚ ਉਹ ਲੰਡਨ ਚਲੇ ਗਏ ਤੇ ਉੱਥੇ ਜਾ ਕੇ ਉਨ੍ਹਾਂ ਨੇ ਇੱਕ ਕੈਮਰਾ ਖ਼ਰੀਦਿਆ ਤੇ ਫੋਟੋਗ੍ਰਾਫ਼ੀ ਦੀ ਕਲਾ ਸਿੱਖੀ। ਉੱਥੇ ਉਨ੍ਹਾਂ ਦਾ ਮੇਲ ਫਿਲਮ ਨਿਰਦੇਸ਼ਕ ਸਿਸਿਲ ਹੈਪਵਰਥ ਨਾਲ ਹੋਇਆ ਜਿਨ੍ਹਾਂ ਤੋਂ ਫਿਲਮ ਨਿਰਮਾਣ ਦੀ ਕਲਾ ਦੇ ਗੁਣ ਲੈ ਕੇ ਉਹ ਭਾਰਤ ਪਰਤ ਆਏ।

Advertisement

ਉਹ ਪਹਿਲੀ ਭਾਰਤੀ ਫਿਲਮ ਬਣਾਉਣ ਦਾ ਆਪਣਾ ਸੁਫਨਾ ਛੇਤੀ ਤੋਂ ਛੇਤੀ ਪੂਰਾ ਕਰਨਾ ਚਾਹੁੰਦੇ ਸਨ, ਪਰ ਪੈਸੇ ਅਤੇ ਫ਼ਨਕਾਰਾਂ ਦੀ ਕਮੀ ਉਨ੍ਹਾਂ ਦੇ ਮਾਰਗ ਵਿੱਚ ਪਹਾੜ ਬਣ ਕੇ ਖੜ੍ਹੀ ਸੀ। ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ ਅਤੇ ਆਪਣੀ ਪਤਨੀ ਦੇ ਸਾਰੇ ਗਹਿਣੇ ਵੇਚ ਕੇ ਅਤੇ ਪੁਰਸ਼ ਕਲਾਕਾਰਾਂ ਤੋਂ ਮਹਿਲਾ ਕਿਰਦਾਰਾਂ ਦੀਆਂ ਭੂਮਿਕਾਵਾਂ ਅਦਾ ਕਰਵਾ ਕੇ ਸੰਨ 1913 ਵਿੱਚ ਭਾਰਤੀ ਸਿਨੇਮਾ ਦੀ ਪਹਿਲੀ ਸੰਪੂਰਨ ਫਿਲਮ ‘ਰਾਜਾ ਹਰੀਸ਼ ਚੰਦਰ’ ਤਿਆਰ ਕਰਵਾ ਦਿੱਤੀ। ਕੁਲ ਸੱਤ ਮਹੀਨਿਆਂ ਦੀ ਅਣਥੱਕ ਮਿਹਨਤ ਨਾਲ ਤਿਆਰ ਹੋਈ ਚਾਰ ਰੀਲਾਂ ਦੀ ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ 95 ਫੀਚਰ ਫਿਲਮਾਂ ਅਤੇ 27 ਲਘੂ ਫਿਲਮਾਂ ਦਾ ਨਿਰਮਾਣ ਕਰਕੇ ਭਾਰਤੀ ਸਿਨੇਮਾ ਨੂੰ ਮਜ਼ਬੂਤ ਆਧਾਰ ’ਤੇ ਤੇਜ਼ ਗਤੀ ਪ੍ਰਦਾਨ ਕੀਤੀ। ਉਨ੍ਹਾਂ ਮਜ਼ਬੂਤ ਨੀਹਾਂ ’ਤੇ ਖੜ੍ਹਾ ਬੌਲੀਵੁੱਡ ਅੱਜ ਹਰ ਸਾਲ ਇੱਕ ਹਜ਼ਾਰ ਦੇ ਕਰੀਬ ਫਿਲਮਾਂ ਬਣਾ ਕੇ ਤੇ 12 ਹਜ਼ਾਰ ਕਰੋੜ ਰੁਪਏ ਦੀ ਕਮਾਈ ਕਰ ਕੇ ਸੰਸਾਰ ਦਾ ਪਹਿਲੇ ਨੰਬਰ ਦਾ ਸਿਨੇਮਾ ਬਣ ਚੁੱਕਾ ਹੈ।

Advertisement

‘ਰਾਜਾ ਹਰੀਸ਼ ਚੰਦਰ’ ਨਾਮਕ ਇਸ ਪਹਿਲੀ ਫਿਲਮ ਤੋਂ ਬਾਅਦ 1931 ਵਿੱਚ ਭਾਰਤ ਦੀ ਪਹਿਲੀ ਆਵਾਜ਼ਯੁਕਤ ਫਿਲਮ ‘ਆਲਮਆਰਾ’ ਬਣੀ ਸੀ ਜਿਸ ਵਿੱਚ ਭਾਰਤੀ ਸਿਨੇਮਾ ਦਾ ਪਹਿਲਾ ਗੀਤ, ਗਾਇਕ-ਅਦਾਕਾਰ ਵਜ਼ੀਰ ਮੁਹੰਮਦ ਖ਼ਾਨ ਨੇ ਗਾਇਆ ਸੀ। ਉਸ ਵੇਲੇ ਕਿਉਂਕਿ ਕੋਈ ਰਿਕਾਰਡਿੰਗ ਸਟੂਡੀਓ ਉਪਲੱਬਧ ਨਹੀਂ ਸੀ, ਇਸ ਲਈ ਇਸ ਫਿਲਮ ਦੇ ਗੀਤ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੀ ਗਾਏ ਅਤੇ ਰਿਕਾਰਡ ਕੀਤੇ ਗਏ ਸਨ। 1937 ਵਿੱਚ ਆਈ ਫਿਲਮ ‘ਕਿਸਾਨ ਕੰਨਿਆ’ ਰਾਹੀਂ ਇਹ ਬਲੈਕ ਐਂਡ ਵ੍ਹਾਈਟ ਸਿਨੇਮਾ ਰੰਗਦਾਰ ਹੋ ਗਿਆ ਸੀ।

ਅਜੋਕਾ ਯੁੱਗ ਬੇਹੱਦ ਭੱਜ-ਦੌੜ ਭਰਿਆ ਯੁੱਗ ਹੈ ਤੇ ਇਸ ਦੇ ਵਾਸੀਆਂ ਵੱਲੋਂ ਤਣਾਅਮੁਕਤ ਰਹਿਣ ਲਈ ਮਨੋਰੰਜਨ ਦੇ ਜਿਨ੍ਹਾਂ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਸਿਨੇਮਾ ਉਨ੍ਹਾਂ ਵਿੱਚੋਂ ਇੱਕ ਹੈ। ਇਹ ਸਾਧਨ ਵਿੱਤੀ ਪੱਖੋਂ ਮਹਿੰਗਾ ਜ਼ਰੂਰ ਹੋ ਗਿਆ ਹੈ, ਪਰ ਫਿਰ ਵੀ ਵੱਡੇ ਪਰਦੇ ’ਤੇ ਫਿਲਮ ਵੇਖਣ ਦੇ ਸ਼ੌਕੀਨ ਅੱਜ ਵੀ ਸਿਨੇਮਾ ਘਰਾਂ ਵਿੱਚ ਜਾਂਦੇ ਹਨ। ਆਧੁਨਿਕ ਸਮੇਂ ਦੀ ਕਾਢ ਓ.ਟੀ.ਟੀ. ਜਿਹੇ ਮਾਧਿਅਮਾਂ ਰਾਹੀਂ ਵੀ ਦਰਸ਼ਕ ਘਰ ਬੈਠਿਆਂ ਹੀ ਨਵੀਆਂ ਫਿਲਮਾਂ ਦਾ ਆਨੰਦ ਲੈਂਦੇ ਹਨ। ਕਈ ਸਾਰੇ ਟੀ.ਵੀ. ਚੈਨਲ ਵੀ ਅਜਿਹੇ ਹਨ ਜੋ ਸਾਰਾ ਦਿਨ ਕੇਵਲ ਫਿਲਮਾਂ ਹੀ ਵਿਖਾਉਂਦੇ ਹਨ। ਕਹਿਣ ਦਾ ਭਾਵ ਹੈ ਕਿ ਹਰ ਤਰੀਕੇ ਨਾਲ ਸਿਨੇਮਾ ਅੱਜ ਦੇ ਮਨੁੱਖ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਤੇ ਜਾਣੇ ਤੇ ਅਣਜਾਣੇ ਢੰਗ ਨਾਲ ਹਰੇਕ ਮਨੁੱਖ, ਹਰੇਕ ਸਮਾਜ, ਹਰੇਕ ਭਾਸ਼ਾ ਅਤੇ ਹਰੇਕ ਸੱਭਿਆਚਾਰ ਨੂੰ ਪ੍ਰਭਾਵਿਤ ਵੀ ਕਰ ਰਿਹਾ ਹੈ। ਕੁਝ ਲੋਕ ਤਾਂ ਇਹ ਵੀ ਆਖਦੇ ਹਨ ਕਿ ਸਿਨੇਮਾ ਕਿਸੇ ਵੀ ਸਬੰਧਿਤ ਸਮਾਜ ਦਾ ਆਈਨਾ ਹੁੰਦਾ ਹੈ। ਇਹ ਉੁਹੀ ਵਿਖਾਉਂਦਾ ਹੈ ਜੋ ਸਮਾਜ ਵਿੱਚ ਵਾਪਰਦਾ ਹੈ ਤੇ ਜੋ ਸਮਾਜ ਪਸੰਦ ਕਰਦਾ ਹੈ। ਸੋ ਇਸ ਤਰ੍ਹਾਂ ਸਿਨੇਮਾ ਨੇ ਭਾਰਤੀ ਲੋਕਾਂ ਦੇ ਸਮਾਜਿਕ ਜੀਵਨ ’ਤੇ ਕੁਝ ਚੰਗੇ ਪ੍ਰਭਾਵ ਵੀ ਪਾਏ ਹਨ ਤੇ ਕੁਝ ਮਾੜੇ ਵੀ।

ਸਿਨੇਮਾ ਦੀ ਇੱਕ ਚੰਗੀ ਗੱਲ ਇਹ ਹੈ ਕਿ ਇਹ ਕਈ ਸਾਰੀਆਂ ਸਮਾਜਿਕ ਸਮੱਸਿਆਵਾਂ ਨੂੰ ਫਿਲਮੀ ਪਰਦੇ ’ਤੇ ਪੇਸ਼ ਕਰਦਾ ਹੈ ਤੇ ਲੋਕਾਂ ਨੂੰ ਉਨ੍ਹਾਂ ਸਮੱਸਿਆਵਾਂ ਦੇ ਹੱਲ ਸੋਚਣ ਲਈ ਮਜਬੂਰ ਕਰਦਾ ਹੈ। ‘ਮਦਰ ਇੰਡੀਆ’, ‘ਕਾਲਾ ਬਾਜ਼ਾਰ’, ‘ਬਹੂ ਕੀ ਆਵਾਜ਼’, ‘ਥ੍ਰੀ ਈਡੀਅਟ’, ‘ਪਿੰਕ’, ‘ਓ ਮਾਈ ਗੌਡ’ ਅਤੇ ‘ਪੈਡਮੈਨ’ ਆਦਿ ਜਿਹੀਆਂ ਅਨੇਕਾਂ ਫਿਲਮਾਂ ਅਜਿਹੀਆਂ ਹਨ ਜੋ ਹਰੇਕ ਦਰਸ਼ਕ ਨੂੰ ਗੰਭੀਰਤਾ ਪੂਰਵਕ ਸੋਚਣ ਲਈ ਮਜਬੂਰ ਕਰਦੀਆਂ ਹਨ ਤੇ ਇੱਕ ਨਵੀਂ ਵਿਚਾਰਧਾਰਾ ਤੇ ਨਵਾਂ ਹੌਸਲਾ ਪ੍ਰਦਾਨ ਕਰਦੀਆਂ ਹਨ। ਜਾਤ-ਪਾਤ ਦੀ ਸਮੱਸਿਆ ਬਾਰੇ ‘ਆਰਟੀਕਲ 15’, ‘ਜੈ ਭੀਮ’, ‘ਮਸਾਣ’ ਅਤੇ ‘ਆਕ੍ਰੋਸ਼’ ਜਿਹੀਆਂ ਕਈ ਫਿਲਮਾਂ ਤੋਂ ਇਲਾਵਾ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਨਾਲ ਸਬੰਧਿਤ ‘ਅਰਜੁਨ’, ‘ਘਾਇਲ’, ‘ਗੱਬਰ ਇਜ਼ ਬੈਕ’, ‘ਜੌਲੀ ਐੱਲ.ਐੱਲ.ਬੀ.’, ‘ਸੱਤਿਆਗ੍ਰਹਿ’ ਅਤੇ ‘ਆਰਟੀਕਲ 375’ ਆਦਿ ਫਿਲਮਾਂ ਵੀ ਬਣੀਆਂ ਹਨ। ਇਸੇ ਤਰ੍ਹਾਂ ਆਮ ਆਦਮੀ ਨਾਲ ਸਿੱਧੇ ਤੌਰ ’ਤੇ ਸਬੰਧਿਤ ਮੁੱਦਿਆਂ ’ਤੇ ਆਧਾਰਿਤ ‘ਰੋਟੀ ਕੱਪੜਾ ਔਰ ਮਕਾਨ’, ‘ਕਲਯੁਗ ਕੀ ਰਮਾਇਣ’, ‘ਉਪਕਾਰ’, ‘ਪੂਰਬ ਔਰ ਪੱਛਮ’, ‘ਮਜ਼ਦੂਰ’, ‘ਕਿਰਾਏਦਾਰ’ ਅਤੇ ‘ਨਇਆ ਦੌਰ’ ਆਦਿ ਜਿਹੀਆਂ ਫਿਲਮਾਂ ਵੀ ਬਣਾਈਆਂ ਜਾ ਚੁੱਕੀਆਂ ਹਨ।

ਭਾਰਤੀ ਸਿਨੇਮਾ ਅੰਦਰ ਅਨੇਕਾਂ ਅਜਿਹੀਆਂ ਫਿਲਮਾਂ ਬਣੀਆਂ ਹਨ ਜਿਨ੍ਹਾਂ ਰਾਹੀਂ ਸਾਡੀ ਉਹ ਨਵੀਂ ਪੀੜ੍ਹੀ ਜੋ ਕਿਤਾਬਾਂ ਪੜ੍ਹਨ ਦੀ ਪ੍ਰਵਿਰਤੀ ਤੋਂ ਦੂਰ ਜਾ ਚੁੱਕੀ ਹੈ, ਨੂੰ ‘ਮੁਗ਼ਲੇ ਆਜ਼ਮ’, ‘ਪ੍ਰਿਥਵੀ ਰਾਜ ਚੌਹਾਨ’, ‘ਕੇਸਰੀ’, ‘ਤਾਨ੍ਹਾ ਜੀ’, ‘ਅਸ਼ੋਕਾ’, ‘ਛਾਵਾ’, ‘ਰਮਾਇਣ’, ‘ਮਹਾਭਾਰਤ’, ‘ਰਜ਼ੀਆ ਸੁਲਤਾਨ’ ਅਤੇ ‘ਜੋਧਾ ਅਕਬਰ’ ਆਦਿ ਜਿਹੀਆਂ ਅਨੇਕਾਂ ਫਿਲਮਾਂ ਰਾਹੀਂ ਭਾਰਤ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਹੋਈ ਹੈ। ਇੱਥੇ ਹੀ ਬਸ ਨਹੀਂ ਇਸ ਪੀੜ੍ਹੀ ਨੂੰ ਦੇਸ਼ ਵੰਡ ਦੇ ਸੰਤਾਪ ਬਾਰੇ ਜਾਣਕਾਰੀ ‘ਗ਼ਦਰ’, ‘ਟ੍ਰੇਨ ਟੂ ਪਾਕਿਸਤਾਨ’, ‘ਪਿੰਜਰ’, ‘ਗਰਮ ਹਵਾ’ ਅਤੇ ‘ਗਾਂਧੀ’ ਆਦਿ ਜਿਹੀਆਂ ਫਿਲਮਾਂ ਤੋਂ ਮਿਲੀ ਹੈ। ਸਾਡੇ ਦੇਸ਼ ਵਾਸੀਆਂ ਅੰਦਰ ਚੰਗੀਆਂ ਨੈਤਿਕ ਭਾਵਨਾਵਾਂ ਭਰਨ ਲਈ ਭਾਰਤੀ ਸਿਨੇਮਾ ਨੇ ‘ਜੈਸੀ ਕਰਨੀ ਵੈਸੀ ਭਰਨੀ’, ‘ਅਵਤਾਰ’, ‘ਮਾਂ’, ‘ਭਾਈ-ਬਹਿਨ’, ‘ਭਾਈ ਦੂਜ’, ‘ਦੇਸ਼ ਪ੍ਰੇਮੀ’, ‘ਪਿਤਾ’, ‘ਸਵਦੇਸ਼’, ‘ਬਾਗਬਾਨ’, ‘ਕਭੀ ਖ਼ੁਸ਼ੀ ਕਭੀ ਗ਼ਮ’, ‘ਬਾਬੁਲ’, ‘ਹਮ ਆਪ ਕੇ ਹੈਂ ਕੌਨ’ ਅਤੇ ‘ਹਮ ਸਾਥ ਸਾਥ ਹੈਂ’ ਆਦਿ ਜਿਹੀਆਂ ਕਈ ਫਿਲਮਾਂ ਬਣੀਆਂ ਹਨ। ਦੇਸ਼ ਦੇ ਰਾਜਾਂ ਦੀ ਕੁਦਰਤੀ ਖ਼ੂਬਸੂਰਤੀ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਸਮਾਜ ਤੱਕ ਪਹੁੰਚਾਉਣ ਲਈ ‘ਕਸ਼ਮੀਰ ਕੀ ਕਲੀ’, ‘ਦਿ ਹੀਰੋ’, ‘ਮਾਂ ਤੁਝੇ ਸਲਾਮ’, ‘ਸਿਲਸਿਲਾ’, ‘ਸਨ ਆਫ਼ ਸਰਦਾਰ’, ‘ਜਬ ਵੁਈ ਮੈੱਟ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਏਕ ਦੂਜੇ ਕੇ ਲੀਏ’ ਅਤੇ ‘ਚੇਨਈ ਐਕਸਪ੍ਰੈੱਸ’ ਆਦਿ ਜਿਹੀਆਂ ਫਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ। ਭਾਰਤ ਦੇ ਦੇਵੀ-ਦੇਵਤਿਆਂ ਅਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਹਿੱਤ ਭਾਰਤੀ ਸਿਨੇਮਾ ਨੇ ‘ਭਗਤ ਪ੍ਰਹਿਲਾਦ’, ‘ਧੰਨਾ ਭਗਤ’, ‘ਧਿਆਨੂੰ ਭਗਤ’, ‘ਮਾਂ ਵੈਸ਼ਨੋ ਦੇਵੀ’, ‘ਸਾਂਈ ਬਾਬਾ’ ਅਤੇ ‘ਜੈ ਹਨੁੰਮਾਨ’ ਆਦਿ ਜਿਹੀਆਂ ਕਈ ਫਿਲਮਾਂ ਬਣਾਈਆਂ ਹਨ। ਹੋਰ ਤਾਂ ਹੋਰ ਵਹਿਮਾਂ ਭਰਮਾਂ ਬਾਰੇ ‘ਭੂਲ ਭੁਲਈਆ’, ‘ਪੀ.ਕੇ.’, ‘ਓ ਮਾਈ ਗਾਡ’ ਅਤੇ ‘ਥ੍ਰੀ ਈਡੀਅਟਸ’ ਨਾਮਕ ਫਿਲਮਾਂ ਤੋਂ ਇਲਾਵਾ ਕੁਝ ਇੱਕ ਵਰਜਿਤ ਵਿਸ਼ਿਆਂ ਸਬੰਧੀ ‘ਪੈਡਮੈਨ’, ‘ਸ਼ੁਭ ਮੰਗਲ ਸਾਵਧਾਨ’, ‘ਵਿੱਕੀ ਡੋਨਰ’ ਅਤੇ ‘ਕਾਮਸੂਤਰ’ ਆਦਿ ਫਿਲਮਾਂ ਬਣਾ ਕੇ ਸਮਾਜ ਨੂੰ ਇਨ੍ਹਾਂ ਵਿਸ਼ਿਆਂ ਦੀ ਪੜਚੋਲ ਕਰਨ ਲਈ ਪ੍ਰੇਰਿਆ ਹੈ।

ਭਾਰਤੀ ਸਿਨੇਮਾ ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ਨੇ ਸਮਾਜ ਨੂੰ ਪ੍ਰੇਰਿਤ ਕਰਨ ਲਈ ਬਹੁਤ ਸਾਰੀਆਂ ਪ੍ਰੇਰਨਾਦਾਇਕ ਫਿਲਮਾਂ ਜਿਵੇਂ ਕਿ ‘ਸੁਪਰ 30’, ‘ਬਾਰ੍ਹਵੀਂ ਫੇਲ੍ਹ’, ਨੀਰਜਾ’, ‘ਨਇਆ ਦੌਰ’ ਆਦਿ ਫਿਲਮਾਂ ਬਣਾਈਆਂ ਹਨ। ਸੱਚ ਅਤੇ ਝੂਠ ਦੀ ਲੜਾਈ ਵਿੱਚ ਆਖ਼ਿਰ ਸੱਚ ਹੀ ਜਿੱਤਦਾ ਹੈ, ਦੇ ਸੰਕਲਪ ਨੂੰ ਸਾਕਾਰ ਕਰਨ ਹਿੱਤ ‘ਸੱਤਿਆਮੇਵ ਜਯਤੇ’, ‘ਸ਼ੋਅਲੇ’, ‘ਜੌਲੀ ਐੱਲ.ਐੱਲ.ਬੀ.’ ਅਤੇ ‘ਸ਼ਾਨ’ ਜਿਹੀਆਂ ਅਨੇਕਾਂ ਫਿਲਮਾਂ ਭਾਰਤੀ ਫਿਲਮ ਨਿਰਮਾਤਾਵਾਂ ਨੇ ਦਰਸ਼ਕਾਂ ਦੇ ਰੂਬਰੂ ਕੀਤੀਆਂ ਹਨ।

ਜੇਕਰ ਔਰਤਾਂ ਨੂੰ ਸਮਾਜ ਵਿੱਚ ਦਰਪੇਸ਼ ਸਮੱਸਿਆਵਾਂ ਅਤੇ ਕੁਰੀਤੀਆਂ ਦੀ ਗੱਲ ਕੀਤੀ ਜਾਵੇ ਤਾਂ ‘ਮਦਰ ਇੰਡੀਆ’, ‘ਅੰਬਾ’, ‘ਲਿਪਸਟਿਕ’, ‘ਅੰਡਰ ਮਾਈ ਬੁਰਕਾ’, ‘ਥੱਪੜ’, ‘ਫੈਸ਼ਨ’, ‘ਮੌਮ’, ‘ਪ੍ਰੇਮ ਰੋਗ’ ਅਤੇ ‘ਸੱਤਿਅਮ ਸ਼ਿਵਮ ਸੁੰਦਰਮ’ ਨਾਮਕ ਕਈ ਫਿਲਮਾਂ ਬਣੀਆਂ ਹਨ। ਭਾਰਤੀ ਫਿਲਮ ਨਿਰਮਾਤਾਵਾਂ ਨੇ ਸੈਨਿਕਾਂ ਅਤੇ ਦੇਸ਼ ਭਗਤਾਂ ਦੇ ਬਲਿਦਾਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਹਿੱਤ ਜਿੱਥੇ ‘ਸ਼ਹੀਦ’, ‘ਸ਼ਹੀਦ ਭਗਤ ਸਿੰਘ’, ‘ਸ਼ਹੀਦ ਊਧਮ ਸਿੰਘ’, ‘ਕੇਸਰੀ’, ‘ਬਾਰਡਰ’, ‘ਐੱਲ.ਓ.ਸੀ.’, ‘ਕਾਰਗਿਲ’, ‘ਹਕੀਕਤ’, ‘ਸ਼ੇਰਸ਼ਾਹ’, ‘ਸੈਮ ਬਹਾਦਰ’, ‘ਮੰਗਲ ਪਾਂਡੇ’, ‘ਗਾਂਧੀ’, ‘ਲਲਕਾਰ’, ‘ਆਂਖੇਂ’ ਅਤੇ ‘1971’ ਆਦਿ ਫਿਲਮਾਂ ਬਣਾਈਆਂ ਹਨ, ਉੱਥੇ ਹੀ ਖਿਡਾਰੀਆਂ ਦੇ ਸੰਘਰਸ਼ ਅਤੇ ਪ੍ਰਾਪਤੀਆਂ ’ਤੇ ਚਾਨਣਾ ਪਾਉਣ ਲਈ ‘ਚੰਦੂ ਚੈਂਪੀਅਨ’, ‘ਗੋਲਡ’, ‘ਭਾਗ ਮਿਲਖਾ ਭਾਗ’, ‘ਮੈਰੀਕਾਮ’, ‘ਸੂਰਮਾ’, ‘ਜਰਸੀ’, ‘ਦੰਗਲ’, ‘ਅਜ਼ਹਰ’, ‘ਸਾਨੀਆ’, ‘ਐੱਮ.ਐੱਸ. ਧੋਨੀ’ ਅਤੇ ‘83’ ਨਾਮਕ ਫਿਲਮਾਂ ਦਾ ਵੀ ਨਿਰਮਾਣ ਕੀਤਾ।

ਹਿੰਦੀ ਸਿਨੇਮਾ ਨੇ ‘ਡੰਕੀ’ ਅਤੇ ਪੰਜਾਬੀ ਸਿਨੇਮਾ ਨੇ ‘ਆਜਾ ਮੈਕਸੀਕੋ ਚੱਲੀਏ’, ‘ਆਟੇ ਦੀ ਚਿੜੀ’ ਅਤੇ ‘ਚੱਲ ਮੇਰਾ ਪੁੱਤ’ ਆਦਿ ਫਿਲਮਾਂ ਰਾਹੀਂ ਸਮਾਜ ਨੂੰ ਅਤੇ ਅਜੋਕੇ ਨੌਜਵਾਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵਿਦੇਸ਼ੀ ਚਮਕ-ਦਮਕ ਦੇ ਚੱਕਰ ਵਿੱਚ ਘਰ-ਬਾਰ ਜਾਂ ਜ਼ਮੀਨ-ਜਾਇਦਾਦ ਵੇਚ ਕੇ ਗ਼ੈਰਕਾਨੂੰਨੀ ਢੰਗ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਚਾਹਤ ਰੱਖਣਾ ਮਾਲੀ ਨੁਕਸਾਨ ਦੇ ਨਾਲ-ਨਾਲ ਜਾਨੀ ਨੁਕਸਾਨ ਦਾ ਵੀ ਕਾਰਨ ਬਣ ਸਕਦਾ ਹੈ।

ਅਜਿਹਾ ਨਹੀਂ ਹੈ ਕਿ ਸਿਨੇਮਾ ਨੇ ਸਾਡੇ ਸਮਾਜ ਉੱਤੇ ਕੋਈ ਨਾਂਹਪੱਖੀ ਪ੍ਰਭਾਵ ਨਹੀਂ ਪਾਏ ਹਨ। ਸਿਨੇਮਾ ਦੁਆਰਾ ਸਮਾਜ ਦੇ ਵੱਖ-ਵੱਖ ਵਰਗਾਂ ’ਤੇ ਪਾਏ ਗਏ ਮਾੜੇ ਪ੍ਰਭਾਵਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਇਲਜ਼ਾਮ ਲੱਗਦਾ ਹੈ ਕਿ ਸਿਨੇਮਾ ਸਮਾਜ ਵਿੱਚ ਨੰਗੇਜ਼ਵਾਦ ਅਤੇ ਅਸ਼ਲੀਲਤਾ ਨੂੰ ਵਧਾਉਂਦਾ ਹੈ। ਕਈ ਸਾਰੀਆਂ ਬੌਲੀਵੁੱਡ ਅਦਾਕਾਰਾਵਾਂ ਉੱਤੇ ਨਵੀਂ ਪੀੜ੍ਹੀ ਅੰਦਰ ਅਸ਼ਲੀਲਤਾ ਫੈਲਾਉਣ ਦੇ ਇਲਜ਼ਾਮ ਲੱਗੇ ਹਨ। ਅਜੋਕੇ ਸਮਾਜ ਅੰਦਰ ਹੋ ਰਹੇ ਮਹਿਲਾ ਅੱਤਿਆਚਾਰਾਂ ਅਤੇ ਸਰੀਰਕ ਸ਼ੋਸ਼ਣ ਪਿੱਛੇ ਕੁਝ ਪ੍ਰਤੀਸ਼ਤ ਹੱਥ ਸਾਡੀਆਂ ਫਿਲਮਾਂ ਦਾ ਵੀ ਮੰਨਿਆ ਜਾਂਦਾ ਹੈ। ਭਾਰਤ ਵਿੱਚ ‘ਬੀ ਗ੍ਰੇਡ’ ਅਤੇ ‘ਸੀ ਗ੍ਰੇਡ’ ਫਿਲਮਾਂ ਤਾਂ ਅਸ਼ਲੀਲਤਾ ਪਰੋਸਣ ਲਈ ਹੀ ਜਾਣੀਆਂ ਜਾਂਦੀਆਂ ਹਨ ਤੇ ਕੁਝ ਇੱਕ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਰਿਲੀਜ਼ ਹੋਣ ਵਾਲੀਆਂ ਫਿਲਮਾਂ ’ਤੇ ਵੀ ਅਸ਼ਲੀਲਤਾ ਫੈਲਾਉਣ ਦੇ ਇਲਜ਼ਾਮ ਲੱਗੇ ਹਨ। ਲੋਕ ਅਕਸਰ ਅਦਾਕਾਰਾਂ ਦੀ ਜੀਵਨ ਸ਼ੈਲੀ ਜਾਂ ਫੈਸ਼ਨ ਦੀ ਨਕਲ ਕਰਦੇ ਹਨ।

ਸਿਨੇਮਾ ਉੱਤੇ ਦੂਜਾ ਇਲਜ਼ਾਮ ਸਮਾਜ ਅੰਦਰ ਜੁਰਮਾਂ ਵਿੱਚ ਵਾਧਾ ਕਰਨ ਬਾਰੇ ਹੈ। ਹੀਰੋ ਜੇਕਰ ਚੋਰੀ, ਡਕੈਤੀ ਜਾਂ ਹਿੰਸਾ ਕਰਦਾ ਹੈ ਤਾਂ ਉਸ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ। ਹਿੰਸਾ ਨੂੰ ਬਹੁਤ ਗਲੈਮਰਸ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਗੋਲੀ ਚਲਾਉਣਾ ਜਾਂ ਤਲਵਾਰਾਂ ਤੇ ਹਾਕੀਆਂ ਦੀ ਵਰਤੋਂ ਕਰਕੇ ਵਿਦਿਅਕ ਅਦਾਰਿਆਂ ਅੰਦਰ ਹਿੰਸਾ ਫੈਲਾਉਣ ਦੇ ਦ੍ਰਿਸ਼ ਵਿਦਿਆਰਥੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੇ ਹਨ। ਇਸੇ ਤਰ੍ਹਾਂ ਕੁਝ ਫਿਲਮਾਂ ’ਤੇ ਸਮਾਜਿਕ ਸਦਭਾਵਨਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਇਹ ਅਜਿਹੀਆਂ ਫਿਲਮਾਂ ਹਨ ਜਿਨ੍ਹਾਂ ਰਾਹੀਂ ਕਿਸੇ ਮਹਾਨ ਹਸਤੀ ਦੇ ਕਿਰਦਾਰ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਜਾਂ ਕਿਸੇ ਧਰਮ ਜਾਂ ਜਾਤ ਵਿਸ਼ੇਸ਼ ਬਾਰੇ ਕੋਈ ਗ਼ਲਤ ਸ਼ਬਦਾਵਲੀ ਇਸਤੇਮਾਲ ਕੀਤੀ ਜਾਂਦੀ ਹੈ ਜਿਸ ਨਾਲ ਸਮਾਜਿਕ ਸਦਭਾਵਨਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ।

ਸਿਨੇਮਾ ਉੱਤੇ ਅਗਲਾ ਵੱਡਾ ਇਲਜ਼ਾਮ ਇਹ ਲੱਗਦਾ ਹੈ ਕਿ ਸਿਨੇਮਾ ਸਮਾਜ ਅੰਦਰ ਜੁਰਮਾਂ ’ਚ ਵਾਧਾ ਕਰਨ ਵਿੱਚ ਮਦਦ ਕਰਦਾ ਹੈ। ਕਿਸੇ ਕ੍ਰਾਈਮ ਸਟੋਰੀ ਜਾਂ ਅਸਲ ਕੇਸ ਨੂੰ ਆਧਾਰ ਬਣਾ ਕੇ ਤਿਆਰ ਕੀਤੀ ਗਈ ਫਿਲਮ ਵਿੱਚ ਸ਼ਾਤਿਰਾਨਾ ਢੰਗ ਨਾਲ ਮਾਰੀ ਗਈ ਠੱਗੀ, ਕੀਤੀ ਗਈ ਚੋਰੀ ਜਾਂ ਕੀਤੇ ਗਏ ਕਤਲ ਬਾਰੇ ਬਣਾਈਆਂ ਗਈਆਂ ਫਿਲਮਾਂ ਕਈ ਵਿਅਕਤੀਆਂ ਲਈ ਜੁਰਮ ਕਰਨ ਦੀ ਪ੍ਰੇਰਨਾ ਬਣੀਆਂ ਹਨ ਤੇ ਇਸ ਬਾਰੇ ਅਕਸਰ ਖ਼ਬਰਾਂ ਮੀਡੀਆ ਰਾਹੀਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹ ਵੀ ਸੱਚ ਹੈ ਕਿ ਅਜੋਕੇ ਸਿਨੇਮਾ ਨੇ ਸਾਡੇ ਲੋਕ ਸੰਗੀਤ, ਲੋਕ ਨਾਚ ਅਤੇ ਸਾਡੇ ਪਹਿਰਾਵੇ ਦੇ ਨਾਲ-ਨਾਲ ਸਾਡੀ ਬੋਲੀ ਅਤੇ ਜੀਵਨ ਸ਼ੈਲੀ ਉੱਤੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਪਾਇਆ ਹੈ ਜੋ ਜ਼ਿਆਦਾਤਰ ਨਕਾਰਾਤਮਕ ਹੀ ਹੈ। ਸਾਡੇ ਬੱਚੇ ਅਤੇ ਬੱਚੀਆਂ ਸੱਭਿਅਕ ਪੁਸ਼ਾਕਾਂ ਦੀ ਥਾਂ ਅੰਗ ਵਿਖਾਊ ਕੱਪੜੇ ਪਹਿਨਣ ਅਤੇ ਸਵਦੇਸ਼ੀ ਭੋਜਨ ਦੀ ਥਾਂ ਵਿਦੇਸ਼ੀ ਖਾਣ-ਪੀਣ, ਰਹਿਣ-ਸਹਿਣ ਅਤੇ ਗ਼ੈਰ-ਸਮਾਜੀ ਸਬੰਧ ਬਣਾਉਣ ਦੇ ਤਰੀਕੇ ਸਿਨੇਮਾ ਤੋਂ ਹੀ ਸਿੱਖ ਰਹੇ ਹਨ। ਪਰਿਵਾਰ ਵਿੱਚ ਵੱਡੇ-ਛੋਟੇ ਦਾ ਅਦਬ ਕਰਨ ਦੀ ਤਹਿਜ਼ੀਬ ਹੁਣ ਮਨਫ਼ੀ ਹੁੰਦੀ ਜਾ ਰਹੀ ਹੈ।

‘ਦੇਵ ਡੀ’ ਅਤੇ ‘ਕਬੀਰ ਸਿੰਘ’ ਆਦਿ ਫਿਲਮਾਂ ਰਾਹੀਂ ਸ਼ਰਾਬ ਪੀਣ, ਸਿਗਰਟਨੋਸ਼ੀ ਕਰਨ ਅਤੇ ਗਾਲ੍ਹਾਂ ਕੱਢਣ ਦੀ ਪ੍ਰੇਰਨਾ ਸਮਾਜ ਨੂੰ ਦਿੱਤੀ ਗਈ ਹੈ। ਇਸੇ ਤਰ੍ਹਾਂ ਫਿਲਮਾਂ ਵਿੱਚ ਸ਼ਾਮਲ ‘ਆਈਟਮ ਗੀਤ’ ਰਾਹੀਂ ਰੱਜਵੀਂ ਅਸ਼ਲੀਲਤਾ ਪਰੋਸੀ ਜਾਂਦੀ ਹੈ। ਸਮਾਜ ਵਿਗਿਆਨੀ ਇਹ ਮੰਨਦੇ ਹਨ ਕਿ ਸਾਡੇ ਜ਼ਿਆਦਾਤਰ ਨੌਜਵਾਨ ਮੋਟਰਸਾਈਕਲਾਂ ਅਤੇ ਕਾਰਾਂ ਨੂੰ ਤੇਜ਼ ਰਫ਼ਤਾਰ ਨਾਲ ਚਲਾ ਕੇ ਸਟੰਟ ਕਰਨ ਦੀ ਪ੍ਰੇਰਨਾ ਅਤੇ ਕਾਲਜ ਜਾਂ ਯੂਨੀਵਰਸਿਟੀ ਚੋਣਾਂ ਵਿੱਚ ਹਾਕੀਆਂ ਜਾਂ ਹੋਰ ਹਥਿਆਰ ਲੈ ਕੇ ਹਿੰਸਾ ਕਰਨ ਦੀ ਪ੍ਰੇਰਨਾ ਫਿਲਮਾਂ ਤੋਂ ਹੀ ਲੈਂਦੇ ਹਨ। ਫਿਲਮਾਂ ਰਾਹੀਂ ਉਨ੍ਹਾਂ ਨੂੰ ਆਪਣੀ ਮਰਜ਼ੀ ਦਾ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਜਿਸ ਕਰਕੇ ਉਹ ਲਵ-ਮੈਰਿਜ ਕਰਨ ਜਾਂ ਖ਼ਾਨਦਾਨ ਦੀਆਂ ਰਸਮਾਂ ਤੇ ਰਿਵਾਜਾਂ ਨੂੰ ਦਰਕਿਨਾਰ ਕਰਨ ਲਈ ਪ੍ਰੇਰਿਤ ਹੁੰਦੇ ਹਨ। ਸਾਡੀ ਨੈਤਿਕਤਾ ਵਿੱਚ ਨਿਘਾਰ ਲਈ ਵੀ ਸਿਨੇਮਾ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਕਿਉਂਕਿ ਇਹ ਸਿਨੇਮਾ ਵਿਆਹ ਬਾਹਰੇ ਸਬੰਧ ਬਣਾਉਣਾ, ਅਧਿਆਪਕ ਅਤੇ ਵਿਦਿਆਰਥਣ ਦਰਮਿਆਨ ਪ੍ਰੇਮ ਸਬੰਧ ਵਿਖਾਉਣਾ, ਦਫ਼ਤਰਾਂ ਵਿੱਚ ਆਪਣੇ ਬੌਸ ਨੂੰ ਖ਼ੁਸ਼ ਕਰਨ ਲਈ ਨੈਤਿਕਤਾ ਤੋਂ ਡਿੱਗ ਜਾਣਾ ਜਾਂ ਵੇਸਵਾਗਮਨੀ ਅਤੇ ਪਾਕੇਟਮਾਰੀ ਨੂੰ ਬਹੁਤ ਦਿਲਚਸਪ ਅਤੇ ਆਕਰਸ਼ਕ ਬਣਾ ਕੇ ਪੇਸ਼ ਕਰਦਾ ਹੈ। ‘ਉੜਤਾ ਪੰਜਾਬ’ ਆਦਿ ਜਿਹੀਆਂ ਫਿਲਮਾਂ ਰਾਹੀਂ ਸੂਬੇ ਦੇ ਸਮੂਹ ਨੌਜਵਾਨਾਂ ਦਾ ਅਕਸ ਖ਼ਰਾਬ ਕਰਨ ਦੇ ਇਲਜ਼ਾਮ ਵੀ ਭਾਰਤੀ ਫਿਲਮ ਨਿਰਮਾਤਾਵਾਂ ’ਤੇ ਲੱਗੇ ਹਨ।

ਅਜੋਕੇ ਸਮੇਂ ਅੰਦਰ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਆਪਣੇ ਸਭ ਤੋਂ ਨਿਮਨ ਪੱਧਰ ’ਤੇ ਹਨ ਤੇ ਅਜੋਕੇ ਫਿਲਮ ਨਿਰਮਾਤਾ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰਦਿਆਂ ਆਪਣੀਆਂ ਫਿਲਮਾਂ ਬਣਾਉਣ ਵਿੱਚ ਰੁੱਝੇ ਹੋਏ ਹਨ। ਸਮਾਜ ਵਿੱਚ ਚੰਗੀਆਂ ਕਦਰਾਂ ਕੀਮਤਾਂ ਦੀ ਮਹਿਕ ਮੁੜ ਬਿਖੇਰਨ ਪ੍ਰਤੀ ਬਹੁਤੇ ਫਿਲਮ ਨਿਰਮਾਤਾ ਹੁਣ ਦਿਲਚਸਪੀ ਨਹੀਂ ਰੱਖਦੇ। ਅੱਜ ਬੜੀ ਲੋੜ ਹੈ ਕਿ ‘ਮਦਰ ਇੰਡੀਆ’, ‘ਦੋਸਤੀ’, ‘ਘਰ ਏਕ ਮੰਦਿਰ’, ‘ਸੰਸਾਰ’, ‘ਪਾਕੀਜ਼ਾ’ ਅਤੇ ‘ਸਾਰਾਂਸ਼’ ਜਿਹੀਆਂ ਭਾਵਪੂਰਤ ਫਿਲਮਾਂ ਮੁੜ ਬਣਨ ਤੇ ਸਮਾਜ ਨੂੰ ਸੇਧ ਦੇਣ।

ਸੰਪਰਕ: 97816-46008

Advertisement
×