ਪੰਜਾਬੀ ਜਨਜੀਵਨ ਵਿੱਚ ਅਖਾਣਾਂ ਦੀ ਮਹੱਤਤਾ
ਅਖਾਣਾਂ ਦੀ ਪੰਜਾਬੀ ਜਨਜੀਵਨ ਅਤੇ ਸੱਭਿਆਚਾਰ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ। ਇਹ ਲੋਕ ਸਾਹਿਤ ਦਾ ਬਹੁਤ ਹੀ ਖ਼ੂਬਸੂਰਤ ਅਤੇ ਮਹੱਤਵਪੂਰਨ ਅੰਗ ਹਨ। ਹਰ ਅਖਾਣ ਦੇ ਪਿਛੋਕੜ ਵਿੱਚ ਕੋਈ ਘਟਨਾ, ਕਥਾ, ਸਾਕਾ ਜਾਂ ਪ੍ਰਸੰਗ ਹੁੰਦਾ ਹੈ। ਅਖਾਣ ਨੂੰ ਅਖਾਉਤ, ਲੋਕੋਕਤੀ ਅਤੇ...
ਅਖਾਣਾਂ ਦੀ ਪੰਜਾਬੀ ਜਨਜੀਵਨ ਅਤੇ ਸੱਭਿਆਚਾਰ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ। ਇਹ ਲੋਕ ਸਾਹਿਤ ਦਾ ਬਹੁਤ ਹੀ ਖ਼ੂਬਸੂਰਤ ਅਤੇ ਮਹੱਤਵਪੂਰਨ ਅੰਗ ਹਨ। ਹਰ ਅਖਾਣ ਦੇ ਪਿਛੋਕੜ ਵਿੱਚ ਕੋਈ ਘਟਨਾ, ਕਥਾ, ਸਾਕਾ ਜਾਂ ਪ੍ਰਸੰਗ ਹੁੰਦਾ ਹੈ। ਅਖਾਣ ਨੂੰ ਅਖਾਉਤ, ਲੋਕੋਕਤੀ ਅਤੇ ਕਹਾਵਤ ਵੀ ਆਖਿਆ ਜਾਂਦਾ ਹੈ। ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ- ‘ਸੰਜਮ ਅਤੇ ਲੈਅ ਭਰਪੂਰ ਚੁਸਤ ਵਾਕ, ਜਿਨ੍ਹਾਂ ਵਿੱਚ ਜੀਵਨ ਬਾਰੇ ਕੋਈ ਤੱਥ ਜਾਂ ਨਿਰਣਾ ਪ੍ਰਭਾਵਸ਼ਾਲੀ ਵਿਧੀ ਨਾਲ ਸਮੋਇਆ ਹੋਵੇ, ‘ਅਖਾਣ’ ਹਨ।’
ਅਖਾਣਾਂ ਨੂੰ ਘੜਨ ਵਾਲੇ ਕੋਈ ਵਿਸ਼ੇਸ਼ ਡਿਗਰੀਆਂ ਪ੍ਰਾਪਤ ਵਿਦਵਾਨ ਨਹੀਂ ਸਨ। ਸਗੋਂ ਪਿੰਡਾਂ ਵਿੱਚ ਰਹਿਣ ਵਾਲੇ ਜਨ-ਸਧਾਰਨ ਲੋਕਾਂ ਵਿੱਚੋਂ ਕੁਝ ਬਹੁਤ ਹੀ ਤੀਖਣ ਬੁੱਧੀ ਦੇ ਮਾਲਕ ਹੁੰਦੇ ਸਨ। ਇਨ੍ਹਾਂ ਤੀਖਣ ਬੁੱਧੀ ਵਾਲੇ ਵਿਅਕਤੀਆਂ ਵਿੱਚੋਂ ਕਿਸੇ ਇੱਕ ਦੇ ਮੂੰਹੋਂ ਸਹਿਜ ਸੁਭਾਅ ਕੋਈ ਵਾਕ ਨਿਕਲ ਜਾਂਦਾ ਸੀ। ਸਹਿਜ ਸੁਭਾਅ ਨਿਕਲਿਆ ਇਹੋ ਵਾਕ ਜਦੋਂ ਵਾਰ-ਵਾਰ ਆਮ ਲੋਕਾਂ ਵੱਲੋਂ ਵਰਤਿਆ ਜਾਂਦਾ ਸੀ, ਤਦ ਸਮਾਂ ਪਾ ਕੇ ਉਹ ਅਖਾਣ ਦਾ ਰੂਪ ਧਾਰਨ ਕਰ ਜਾਂਦਾ ਸੀ। ਫਿਰ ਸਾਰਾ ਸਮਾਜ ਉਸ ਨੂੰ ਵਰਤਣਾ ਸ਼ੁਰੂ ਕਰ ਦਿੰਦਾ ਸੀ। ਇਸ ਤਰ੍ਹਾਂ ਅਖਾਣਾਂ ਦੀ ਸਿਰਜਣਾ ਸਹਿਜ ਸੁਭਾਅ ਹੁੰਦੀ ਰਹੀ ਹੈ। ਇਹ ਵੀ ਇੱਕ ਤੱਥ ਹੈ ਕਿ ਪੁਰਸ਼ਾਂ ਨਾਲੋਂ ਸੁਆਣੀਆਂ ਅਖਾਣ ਘੜਨ ਵਿੱਚ ਵਧੇਰੇ ਦਿਲਚਸਪੀ ਰੱਖਦੀਆਂ ਰਹੀਆਂ ਹਨ।
ਅਖਾਣਾਂ ਨੂੰ ਮੁੱਖ ਤੌਰ ’ਤੇ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਇੱਕ ਉਹ ਅਖਾਣ ਹਨ, ਜੋ ਸੁਤੇ ਸਿੱਧ ਹੋਂਦ ਵਿੱਚ ਆਉਂਦੇ ਹਨ। ਇਹ ਲੋਕਾਂ ਦੁਆਰਾ ਆਪਣੇ ਆਪ ਸਿਰਜੇ ਜਾਂਦੇ ਹਨ। ਕਿਸੇ ਸਿਆਣੇ ਸੁਲਝੇ ਹੋਏ ਇਨਸਾਨ ਦੇ ਮੂੰਹੋਂ ਕਿਸੇ ਖ਼ਾਸ ਪ੍ਰਸੰਗ ਜਾਂ ਪਰਿਸਥਿਤੀ ਵਿੱਚ ਆਪ ਮੁਹਾਰੇ ਕੋਈ ਵਾਕ ਨਿਕਲ ਜਾਂਦਾ ਹੈ, ਜੋ ਆਪਣੀ ਠੁੱਕ ਅਤੇ ਅਨੁਰੂਪਤਾ ਕਾਰਨ ਲੋਕ ਸੂਝ ਉੱਤੇ ਛਾ ਜਾਂਦਾ ਹੈ। ਇਹੋ ਲੋਕ ਮੁੱਖ ਦੀ ਟਕਸਾਲ ਦਾ ਸਿੱਕਾ ਸੁਤੇ ਸਿੱਧ ਹੋਂਦ ਵਿੱਚ ਆਉਣ ਵਾਲਾ ‘ਅਖਾਣ’ ਹੈ। ਇਸ ਦੇ ਵਿਕਾਸ ਦੀਆਂ ਤਿੰਨ ਅਵਸਥਾਵਾਂ ਮੰਨੀਆਂ ਗਈਆਂ ਹਨ- ਪਹਿਲੀ ਬੀਜ ਰੂਪ ਵਾਲੀ, ਜਦੋਂ ਕਿਸੇ ਸਿਆਣੇ ਵਿਅਕਤੀ ਦੇ ਮੂੰਹੋਂ ਅਖਾਣ ਬਣਨ ਵਾਲਾ ਵਾਕ ਨਿਕਲਦਾ ਹੈ। ਦੂਜੀ, ਜਦੋਂ ਉਹ ਵਾਕ ਜਾਂ ਕਥਨ ਉਸੇ ਵਰਗੀਆਂ ਪਰਿਸਥਿਤੀਆਂ ਵਿੱਚ ਵਰਤਿਆ ਜਾਣ ਲੱਗਦਾ ਹੈ। ਤੀਜੀ, ਉਸ ਵਿੱਚੋਂ ਕੋਈ ਵਾਧੂ ਸ਼ਬਦ ਮੁੱਖ ਸਿਧਾਂਤ ਦੇ ਸੰਦ ਦੁਆਰਾ ਛਿੱਲੇ ਤਰਾਸ਼ੇ ਜਾਣ ਉਪਰੰਤ ਆਪਣਾ ਸਿੱਕੇਬੰਦ ਰੂਪ ਧਾਰਨ ਕਰਦਾ ਹੈ। ਵੰਨਗੀ ਦੇ ਤੌਰ ’ਤੇ ਕੁਝ ਅਖਾਣ ਦੇਖੇ ਜਾ ਸਕਦੇ ਹਨ- ਸੌ ਸਿਆਣੇ ਇੱਕੋ ਮਤ, ਮੂਰਖ ਆਪੋ ਆਪਣੀ, ਸੌ ਸੁਨਿਆਰ ਦੀ, ਇੱਕ ਲੁਹਾਰ ਦੀ, ਸੌ ਚਾਚਾ ਇੱਕ ਪਿਉ, ਸੌ ਦਾਰੂ ਇੱਕ ਘਿਉ, ਸੌ ਦਿਨ ਚੋਰ ਦੇ, ਇੱਕ ਦਿਨ ਸਾਧ ਦਾ, ਹੱਥ ਕਾਰ ਵੱਲ, ਚਿੱਤ ਯਾਰ ਵੱਲ, ਹੱਥ ਪੁਰਾਣੇ ਖੌਂਸੜੇ ਬਸੰਤੇ ਹੋਰੀਂ ਆਏ, ਹਥਿਆਰ ਉਹ ਜਿਹੜਾ ਵੇਲੇ ਸਿਰ ਕੰਮ ਆਏ, ਹਮਸਾਏ ਮਾਂ ਪਿਉ ਜਾਏ, ਜੋੜੀਆਂ ਜੱਗ ਥੋੜ੍ਹੀਆਂ ਸਿਰ ਨਰੜ ਬਥੇਰੇ, ਲਾਈਏ ਤਾਂ ਤੋੜ ਨਿਭਾਈਏ, ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ ਆਦਿ।
ਦੂਜੀ ਕਿਸਮ ਦੇ ਅਖਾਣ ਚੇਤਨ ਤੌਰ ’ਤੇ ਹੋਂਦ ਵਿੱਚ ਆਉਂਦੇ ਹਨ। ਇਨ੍ਹਾਂ ਦੀ ਸਿਰਜਣਾ ਸ੍ਰੇਸ਼ਠ ਸਾਹਿਤਕਾਰਾਂ ਦੁਆਰਾ ਕੀਤੀ ਹੁੰਦੀ ਹੈ। ਜਦੋਂ ਕੋਈ ਸਾਹਿਤਕਾਰ ਮਨੁੱਖੀ ਸੁਭਾਅ ’ਤੇ ਆਧਾਰਿਤ ਜਾਂ ਜੀਵਨ ਦੇ ਕਿਸੇ ਵੀ ਪੱਖ ਬਾਰੇ ਸਾਲਾਂ ਬੱਧੀ ਅਨੁਭਵ ਦੇ ਨਿਚੋੜ ਵਜੋਂ ਹਾਸਲ ਕੀਤੇ ਸੱਚ ਨੂੰ ਸੁੰਦਰ ਸ਼ਬਦ ਯੋਜਨਾ ਨਾਲ ਵਾਕ ਵਿੱਚ ਬੀੜ ਦਿੰਦਾ ਹੈ ਤਾਂ ਉਹ ਸਤਿ ਕਥਨ ਵਾਰ-ਵਾਰ ਲੋਕਾਂ ਵਿੱਚ ਵਰਤੇ ਜਾਣ ਨਾਲ ਅਖਾਣ ਬਣਨ ਦਾ ਅਧਿਕਾਰੀ ਹੋ ਜਾਂਦਾ ਹੈ। ਧਰਮ ਅਤੇ ਸਦਾਚਾਰ ਨਾਲ ਸਬੰਧਿਤ ਨੀਤੀ ਕਥਨ ਵੀ ਇਸੇ ਵਰਗ ਅਧੀਨ ਆ ਜਾਂਦੇ ਹਨ। ਲੋਕ ਅਖਾਣਾਂ ਨਾਲੋਂ ਇਨ੍ਹਾਂ ਅਖਾਣਾਂ ਦਾ ਓਨਾ ਹੀ ਫ਼ਰਕ ਹੁੰਦਾ ਹੈ, ਜਿੰਨਾ ਜੰਗਲ ਵਿੱਚ ਉੱਗੇ ਸਹਿਜ ਸੁਭਾਵਿਕ ਫੁੱਲ ਦਾ ਅਤੇ ਬਗੀਚੇ ਦੇ ਫੁੱਲ ਵਿੱਚ ਹੁੰਦਾ ਹੈ। ਪਹਿਲੇ ਦਾ ਸੁਹਜ ਕੁਦਰਤੀ ਹੁੰਦਾ ਹੈ ਅਤੇ ਦੂਜੇ ਦਾ ਕਲਾਤਮਕ। ਪਹਿਲੇ ਉੱਤੇ ਲੋਕ ਸੂਝ ਦੀ ਮੋਹਰ ਲੱਗੀ ਹੁੰਦੀ ਹੈ ਅਤੇ ਦੂਜੇ ਉੱਤੇ ਸਾਹਿਤਕਾਰ ਦੀ ਪ੍ਰਤਿਭਾ ਦੀ ਛਾਪ ਲੱਗੀ ਹੁੰਦੀ ਹੈ, ਪ੍ਰੰਤੂ ਵਰਤੋਂ ਦੇ ਲਿਹਾਜ਼ ਨਾਲ ਇਨ੍ਹਾਂ ਦੋਵਾਂ ਵਿੱਚ ਕੋਈ ਫ਼ਰਕ ਨਹੀਂ ਹੁੰਦਾ।
ਪੰਜਾਬੀ ਸਾਹਿਤ ਵਿੱਚ ਬਾਬਾ ਸ਼ੇਖ਼ ਫ਼ਰੀਦ ਦੀ ਰਚਨਾ ਵਿੱਚ ਕਈ ਵਾਕ ਅਖਾਣਾਂ ਦਾ ਰੂਪ ਧਾਰਨ ਕਰ ਗਏ ਹਨ- ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ, ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁਖ, ਫਰੀਦਾ ਜਿਨ੍ੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ। ਸਿੱਖ ਗੁਰੂ ਸਾਹਿਬਾਨ ਵੱਲੋਂ ਰਚੀਆਂ ਗੁਰਬਾਣੀ ਦੀਆਂ ਸੈਂਕੜੇ ਤੁਕਾਂ ਸੁਚੱਜੇ ਅਖਾਣਾਂ ਦਾ ਰੂਪ ਧਾਰਨ ਕਰ ਗਈਆਂ ਹਨ- ਆਪੇ ਬੀਜਿ ਆਪੇ ਹੀ ਖਾਹੁ, ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ, ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ, ਦੁਖੁ ਦਾਰੂ ਸੁਖੁ ਰੋਗੁ ਭਇਆ, ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ, ਰੋਟੀਆ ਕਾਰਣਿ ਪੂਰਹਿ ਤਾਲ, ਨਿਵੈ ਸੁ ਗਉਰਾ ਹੋਇਠ।। ਆਦਿ।
ਭਾਈ ਗੁਰਦਾਸ ਜੀ ਵੱਲੋਂ ਰਚੀਆਂ 39 ਅਧਿਆਤਮਕ ਵਾਰਾਂ ਅਖਾਣਾਂ ਨਾਲ ਭਰਪੂਰ ਹਨ। ਉਨ੍ਹਾਂ ਵੱਲੋਂ ਰਚੀ ਹਰ ਪਉੜੀ ਵਿੱਚ ਇੱਕ ਜਾਂ ਦੋ ਅਖਾਣ ਸਹਿਜ ਸੁਭਾਅ ਮਿਲ ਜਾਂਦੇ ਹਨ, ਜਿਵੇਂ ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੈ, ਸੱਪੈ ਦੁਧੁ ਪਿਆਲੀਐ ਵਿਹੁ ਮੁਖਹੁ ਸੱਟੈ। ਉਨ੍ਹਾਂ ਨੇ ਕੁਝ ਕਥਾ ਪ੍ਰਸੰਗਾਂ ਦੇ ਆਧਾਰ ’ਤੇ ਵੀ ਅਖਾਣਾਂ ਦੀ ਸਿਰਜਣਾ ਕੀਤੀ ਹੈ। ਉਦਾਹਰਣ ਵਜੋਂ ‘ਕਾਵਾਂ ਰੌਲੀ ਮੂਰਖ ਸੰਗੈ’ ਅਖਾਣ ਨੂੰ ਚਿਤਰਣ ਵੇਲੇ ਉਨ੍ਹਾਂ ਨੇ ਪੂਰੀ ਪਉੜੀ ਲਿਖੀ ਹੈ;
ਠੰਢੇ ਖੂਹਹੰ ਨ੍ਹਾਇਕੈ ਪਗੁ ਵਿਸਾਰ ਆਯਾ ਸਿਰ ਨੰਗੈ।
ਘਰ ਵਿੱਚ ਰੰਨਾਂ ਕਮਲੀਆਂ ਧੁੱਸੀ ਲੀਤੀ ਦੇਖ ਕੁਢੰਗੈ।
ਰੰਨਾਂ ਦੇਖ ਪਿਟੰਦੀਆਂ ਢਾਹਾਂ ਮਾਰੈ ਹੋਇ ਨਿਸੰਗੈ।
ਲੋਕ ਸਿਆਪੇ ਆਇਆ ਰੰਨਾਂ ਪੁਰਸ਼ ਜੁੜੇ ਲੈ ਪੰਗੈ।
ਨਾਇਣ ਪੁੱਛਦੀ ਪਿਟਦੀਆਂ ਕਿਤ ਦੇ ਨਾਇਕ ਅਲਾਹਨੀ ਅੰਗੈ।
ਸਹੁਰੇ ਪੁਛਹੁ ਜਾਇ ਕੈ ਕਉਣ ਮੂਆ ਨੂੰਹ ਉੱਤਰ ਮੰਗੈ।
ਕਾਂਵਾਂ ਰੌਲੀ ਮੂਰਖ ਸੰਗੈ।
ਪੰਜਾਬੀ ਕਿੱਸਾ ਸਾਹਿਤ ਵਿੱਚ ਅਨੇਕ ਸਤਿ ਕਥਨ ਅਖਾਣ ਵਜੋਂ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ। ਵਾਰਿਸਸ਼ਾਹ ਦੀ ਹੀਰ ਅਤੇ ਹਾਸ਼ਮ ਸ਼ਾਹ ਦੇ ਰਚੇ ਸੱਸੀ ਪੁੰਨੂੰ ਦੇ ਕਿੱਸੇ ਦੀਆਂ ਅਨੇਕਾਂ ਤੁਕਾਂ ਸੁੰਦਰ ਅਖਾਣਾਂ ਵਜੋਂ ਪੰਜਾਬੀਆਂ ਦੀ ਜ਼ੁਬਾਨ ’ਤੇ ਚੜ੍ਹ ਗਈਆਂ ਹਨ- ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਵਾਰਿਸ ਸ਼ਾਹ ਜਦ ਨੈਣਾਂ ਦਾ ਦਾਅ ਲੱਗੇ ਕੋਈ ਬਚੇ ਨਾ ਜੂਏ ਦੀ ਖਾਰ ਵਿੱਚੋਂ, ਵਾਰਿਸ ਸ਼ਾਹ ਛੁਪਾਈਏ ਜੱਗ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਜੀ, ਹਾਸ਼ਮ ਹੋਣ ਜਿਨ੍ਹਾਂ ਦਿਨ ਉਲਟੇ, ਸਭ ਉਲਟੀ ਬਣ ਜਾਵੇ, ਹਾਸ਼ਮ ਦੋਸ਼ ਨਹੀਂ ਕਰਵਾਨਾ, ਇਸ਼ਕ ਕਈ ਘਰ ਗਾਲੇ। ਹਾਸ਼ਮ ਖ਼ਾਕ ਰੁਲਾਵੇ ਗਲ਼ੀਆਂ ਇਹ ਕਾਫ਼ਿਰ ਇਸ਼ਕ ਮਜਾਜ਼ੀ।
ਸੂਫ਼ੀ ਕਵੀ ਬੁੱਲ੍ਹੇ ਸ਼ਾਹ ਨੂੰ ਰੱਬ ਦੀ ਪ੍ਰਾਪਤੀ ਲਈ ਸੰਸਾਰਕ ਪ੍ਰਪੰਚ ਤੋਂ ਮਨ ਨੂੰ ਹਟਾ ਕੇ ਅਧਿਆਤਮਿਕਤਾ ਵਿੱਚ ਲਗਾਉਣ ਦਾ ਕਿੰਨਾ ਸਰਲ ਅਤੇ ਸੌਖਾ ਉਪਾਅ ਉਸ ਦੇ ਮੁਰਸ਼ਿਦ ਸ਼ਾਹ ਅਨਾਇਤ ਦੁਆਰਾ ਸਮਝਾਇਆ ਗਿਆ ਹੈ- ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਉੱਧਰ ਲਾਉਣਾ।
ਪੰਜਾਬ ਦੀ ਬਹੁਤੀ ਵਸੋਂ ਪਿੰਡਾਂ ਵਿੱਚ ਹੋਣ ਕਾਰਨ ਅਤੇ ਪੇਂਡੂ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਨਾਲ ਹੋਣ ਕਾਰਨ ਬਹੁਤ ਸਾਰੇ ਅਖਾਣ ਪੇਂਡੂ ਜਨਜੀਵਨ ਅਤੇ ਖੇਤੀ ਨਾਲ ਸਬੰਧਿਤ ਹੋਂਦ ਵਿੱਚ ਆ ਗਏ ਹਨ, ਜਿਵੇਂ ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ, ਉੱਜੜੇ ਖੇਤਾਂ ਦੇ ਗਾਲ੍ਹੜ ਪਟਵਾਰੀ, ਦੱਬ ਕੇ ਵਾਹ ਤੇ ਰੱਜ ਕੇ ਖਾ, ਕਰ ਮਜੂਰੀ ਤੇ ਖਾ ਚੂਰੀ, ਖੇਤੀ ਖ਼ਸਮਾਂ ਸੇਤੀ, ਜਿਹਾ ਡੋਡਾ ਪਿਆ ਤਿਹਾ ਚਿੜੀਆਂ ਚੁਗ ਲਿਆ। ਇਨ੍ਹਾਂ ਅਖਾਣਾਂ ਤੋਂ ਪੰਜਾਬੀਆਂ ਦੇ ਮਨ ਦੀਆਂ ਅਵਸਥਾਵਾਂ ਦਾ ਵੀ ਝਲਕਾਰਾ ਮਿਲਦਾ ਹੈ।
ਭੂਗੋਲ ਅਤੇ ਇਤਿਹਾਸ ਨਾਲ ਸਬੰਧਿਤ ਅਖਾਣ ਵੀ ਪੰਜਾਬੀ ਸੱਭਿਆਚਾਰ ਵਿੱਚ ਉਪਲੱਬਧ ਹਨ, ਜਿਵੇਂ- ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ, ਕਾਬਲ ਦਾ ਸਰਦਾ, ਫ਼ਿਰੋਜ਼ਪੁਰ ਦਾ ਗਰਦਾ, ਪੰਜਾਬ ਦੇ ਜੰਮਿਆਂ ਨੂੰ ਨਿੱੱਤ ਮੁਹਿੰਮਾਂ, ਆਏ ਨੀਂ ਨਿਹੰਗ ਬੂਹੇ ਖੋਲ੍ਹ ਦੇ ਨਿਸੰਗ। ਬੇਸ਼ੱਕ ਬਹੁਤੇ ਅਖਾਣ ਗੱਦਾਤਮਕ ਵਾਕਾਂ ਦੇ ਰੂਪ ਵਿੱਚ ਮਿਲਦੇ ਹਨ, ਪ੍ਰੰਤੂ ਕੁਝ ਅਖਾਣਾਂ ਵਿੱਚ ਕਾਵਿਕ ਲੈਅ ਵੀ ਬੜੀ ਕਮਾਲ ਦੀ ਹੁੰਦੀ ਹੈ;
ਤਿੱਤਰ ਖੰਭੀ ਬੱਦਲੀ ਰੰਨ ਮਲਾਈ ਖਾਇ।
ਉਹ ਵੱਸੇ, ਉਹ ਉੱਧਲੇ, ਖਾਲੀ ਮੂਲ ਨਾ ਜਾਇ।
ਇਸ ਪ੍ਰਕਾਰ ਪੰਜਾਬੀ ਅਖਾਣਾਂ ਵਿੱਚ ਪੰਜਾਬੀਆਂ ਦੇ ਸਮੁੱਚੇ ਜਨਜੀਵਨ ਦਾ ਬਿੰਬ ਉਜਾਗਰ ਹੁੰਦਾ ਹੈ। ਪੰਜਾਬੀਆਂ ਦੇ ਜੀਵਨ ਦਾ ਕੋਈ ਵੀ ਪੱਖ ਅਖਾਣਾਂ ਤੋਂ ਬਾਂਝਾ ਨਹੀਂ ਰਿਹਾ ਹੈ। ਜਿੰਨੀ ਵੰਨ-ਸੁਵੰਨਤਾ ਪੰਜਾਬੀ ਅਖਾਣਾਂ ਵਿੱਚ ਹੈ, ਇੰਨੀ ਹੋਰ ਭਾਸ਼ਾਵਾਂ ਦੇ ਸਾਹਿਤ ਵਿੱਚ ਘੱਟ ਹੀ ਨਜ਼ਰ ਪੈਂਦੀ ਹੈ।
ਸੰਪਰਕ: 84276-85020

