DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰ ਗਾਇਕ ਜੋੜੀ

ਦਹਿਸ਼ਤ ਦੇ ਸਾਏ ਹੇਠ ਉਨ੍ਹੀਂ ਦਿਨੀਂ ਪੰਜਾਬ ਸੜ-ਬਲ ਰਿਹਾ ਸੀ। ਸੂਰਜ ਦੇ ਲਾਲ ਹੋਣ ਤੋਂ ਪਹਿਲਾਂ ਹੀ ਕਰਫ਼ਿਊ ਵਾਲਾ ਮਾਹੌਲ ਹੋ ਜਾਂਦਾ ਸੀ ਤੇ ਚਾਰੇ ਪਾਸੇ ਚੁੱਪ-ਚਾਂ ਫੈਲ ਜਾਂਦੀ ਸੀ। ਗੋਲੀਆਂ ਤੇ ਚੀਕਾਂ ਦੇ ਸਹਿਮ ਨੇ ਲੋਕਾਂ ਨੂੰ ਹੀ ਨਹੀਂ,...

  • fb
  • twitter
  • whatsapp
  • whatsapp
Advertisement

ਦਹਿਸ਼ਤ ਦੇ ਸਾਏ ਹੇਠ ਉਨ੍ਹੀਂ ਦਿਨੀਂ ਪੰਜਾਬ ਸੜ-ਬਲ ਰਿਹਾ ਸੀ। ਸੂਰਜ ਦੇ ਲਾਲ ਹੋਣ ਤੋਂ ਪਹਿਲਾਂ ਹੀ ਕਰਫ਼ਿਊ ਵਾਲਾ ਮਾਹੌਲ ਹੋ ਜਾਂਦਾ ਸੀ ਤੇ ਚਾਰੇ ਪਾਸੇ ਚੁੱਪ-ਚਾਂ ਫੈਲ ਜਾਂਦੀ ਸੀ। ਗੋਲੀਆਂ ਤੇ ਚੀਕਾਂ ਦੇ ਸਹਿਮ ਨੇ ਲੋਕਾਂ ਨੂੰ ਹੀ ਨਹੀਂ, ਪੰਛੀਆਂ ਲਈ ਵੀ ਦਹਿਸ਼ਤ ਪੈਦਾ ਕਰ ਦਿੱਤੀ ਸੀ। ਉਸ ਸਮੇਂ ਦਹਿਸ਼ਤ ਦੇ ਦਿਨਾਂ ’ਚ ਪੰਜਾਬ ਦੇ ਲੋਕ ਹਨੇਰੇ ਵਿੱਚ ਆਪਣੇ ਹੀ ਪਰਛਾਵੇਂ ਤੋਂ ਡਰਨ ਲੱਗ ਪਏ ਸਨ।

ਇਨ੍ਹਾਂ ਬੰਦੂਕਾਂ ਦੇ ਸਾਏ ਹੇਠ ਪੰਜਾਬ ਦੀ ਮਹਿਕੀ ਫ਼ਿਜ਼ਾ ਵਿੱਚ ਜੇ ਕੋਈ ਖ਼ੁਸ਼ੀਆਂ ਵੰਡ ਰਹੀ ਸੀ ਤਾਂ ਉਹ ਸੀ... ਅਮਰਜੋਤ ਤੇ ਅਮਰ ਸਿੰਘ ਚਮਕੀਲਾ ਦੀ ਦੋਗਾਣਾ ਜੋੜੀ ਜਿਨ੍ਹਾਂ ਦੇ ਗੀਤ ਸਪੀਕਰਾਂ ’ਚ ਚਾਰੇ ਪਾਸੇ ਗੂੰਜ ਰਹੇ ਸਨ। ਕੁਝ ਕਲਾਕਾਰਾਂ ਨੇ ਭਾਵੇਂ ਡਰਦੇ ਮਾਰੇ ਉਸ ਸਮੇਂ ਪ੍ਰੋਗਰਾਮ ਘੱਟ ਕਰ ਦਿੱਤੇ ਸਨ, ਪਰ ਲੋਕਾਂ ਦੇ ਵਿਆਹਾਂ-ਸ਼ਾਦੀਆਂ ਤੇ ਖ਼ੁਸ਼ੀਆਂ ਦੇ ਮੌਕੇ ਇਹ ਗਾਇਕ ਜੋੜੀ ਆਪਣੀ ਗਾਇਕੀ ਨਾਲ ਲੋਕਾਂ ਦਾ ਧਿਆਨ ਦਹਿਸ਼ਤਗਰਦਾਂ ਤੋਂ ਹਟਾ ਰਹੀ ਸੀ। ਜਦੋਂ ਡਰ ਕਾਰਨ ਪੰਜਾਬ ਦੀਆਂ ਸੜਕਾਂ ਤੇ ਪਿੰਡਾਂ ਦੀਆਂ ਗਲੀਆਂ ਵਿੱਚ ਚੁੱਪ ਦਾ ਸੰਨਾਟਾ ਛਾ ਜਾਂਦਾ ਸੀ ਤੇ ਚਿੜੀ ਚੂਕਣ ਦੀ ਆਵਾਜ਼ ਵੀ ਨਹੀਂ ਆਉਂਦੀ ਸੀ, ਉਦੋਂ ਚਮਕੀਲੇ ਦੀ ਤੂੰਬੀ ਇਸ ਚੁੱਪ-ਚਾਂ ਵਾਲੇ ਮਾਹੌਲ ਵਿੱਚ ਸੰਗੀਤਕ ਮਾਹੌਲ ਸਿਰਜ ਕੇ ਲੋਕਾਂ ਦਾ ਮਨੋਰੰਜਨ ਕਰ ਰਹੀ ਸੀ। ਇਸ ਮਾਹੌਲ ਵਿੱਚ ਲੋਕਾਂ ਦੀ ਮੰਗ ’ਤੇ ਅਮਰਜੋਤ ਤੇ ਚਮਕੀਲਾ ਭਾਵੇਂ ਪ੍ਰੋਗਰਾਮਾਂ ’ਤੇ ਜਾ ਰਹੇ ਸਨ, ਪਰ ਅੰਦਰੋਂ ਉਹ ਵੀ ਡਰ ਗਏ ਸਨ। ਚਮਕੀਲਾ ਤਾਂ ਕਹਿੰਦਾ ਸੀ ਕਿ ਮੈਂ ਗਾਉਂਦਾ, ਗੋਲੀ ਮੇਰੇ ਵੱਜਣੀ, ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ, ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਏ.ਕੇ.-47ਆਂ ਵਾਲੇ ਉਨ੍ਹਾਂ ਦੀ ਸਾਰੀ ਗਾਇਕ ਪਾਰਟੀ ਨੂੰ ਹੀ ਮਾਰਨ ਮਹਿਸਮਪੁਰ ਪਹੁੰਚ ਜਾਣਗੇ।

Advertisement

ਅੱਠ ਮਾਰਚ, 1988 ਦੀ ਦੁਪਹਿਰ ਨੂੰ ਪਿੰਡ ਮਹਿਸਮਪੁਰ ਦੀ ਨਹਿਸ਼ ਧਰਤੀ ਅਮਰਜੋਤ, ਚਮਕੀਲੇ ਤੇ ਦੋ ਸਾਜ਼ੀਆਂ ਦੇ ਖ਼ੂਨ ਨਾਲ ਲੱਥਪੱਥ ਹੋਈ ਸੀ। ਨਿਹੱਥੇ ਗਾਇਕ, ਗਾਇਕਾ, ਸਾਜ਼ੀ ਤੇ ਅਦਾਕਾਰ ਨੂੰ ਗੋਲੀਆਂ ਨਾਲ ਭੁੰਨਣਾ ਕੋਈ ਬਹਾਦਰੀ ਵਾਲਾ ਕੰਮ ਨਹੀਂ ਸੀ। ਲਾਹਣਤ ਹੈ ਉਨ੍ਹਾਂ ਮਾਰਨ ਵਾਲਿਆਂ ਨੂੰ ਜੋ ਅਮਰਜੋਤ ਤੇ ਚਮਕੀਲੇ ਨੂੰ ਮਾਰ ਕੇ ਵੀ ਨਹੀਂ ਮਾਰ ਸਕੇ ਕਿਉਂਕਿ ਉਹ ਤਾਂ ਅੱਜ ਵੀ ਅਮਰ ਹਨ ਤੇ ਉਨ੍ਹਾਂ ਦੇ ਗੀਤ ਪਹਿਲਾਂ ਨਾਲੋਂ ਵੀ ਜ਼ਿਆਦਾ ਸੁਣੇ ਜਾ ਰਹੇ ਹਨ! ਚਮਕੀਲੇ ਦੇ ਗੀਤ ਵਾਂਗ ਉਸ ਰਾਤ ਹਰ ਪੰਜਾਬੀ ਦੇ ਦਿਲ ਅੰਦਰੋਂ ਉਹ ਦਰਦ ਤੇ ਪੀੜ ਵਾਲੀ ‘ਕੂਕ’ ਜ਼ਰੂਰ ਨਿਕਲੀ ਹੋਵੇਗੀ।

Advertisement

ਅਮਰਜੋਤ ਨੂੰ ਕੀ ਪਤਾ ਸੀ ਕਿ ਫ਼ਰੀਦਕੋਟ ਤੋਂ ਸ਼ੁਰੂ ਹੋਇਆ ਉਸ ਦਾ ਗਾਇਕੀ ਦਾ ਸਫ਼ਰ ਮਹਿਸਮਪੁਰ ਆ ਕੇ ਮੁੱਕਣਾ ਹੈ! ਮਾਰਨ ਵਾਲਿਆਂ ਤੇ ਕਲਾਕਾਰਾਂ ਨੇ ਸ਼ਾਇਦ ਉਸ ਰਾਤ ਖ਼ੁਸ਼ੀ ਮਨਾਈ ਹੋਵੇਗੀ ਜਿਸ ਰਾਤ ਅਮਰਜੋਤ ਤੇ ਚਮਕੀਲੇ ਨੇ ਜਮਾਲਪੁਰ ਵਿਖੇ ਆਪਣੀ ਆਖ਼ਰੀ ਰਾਤ ਕੱਟੀ ਸੀ। ਲੁਧਿਆਣਾ ਦੀ ਗਾਇਕ ਮੰਡੀ ’ਚ ਸਭ ਤੋਂ ਜ਼ਿਆਦਾ ਚਮਕਣ ਵਾਲੀ ਇਸ ਗਾਇਕ ਜੋੜੀ ਦੇ ਤੁਰ ਜਾਣ ਨਾਲ ਇਸ ਸ਼ਹਿਰ ਦੀਆਂ ਗਲੀਆਂ ਤੇ ਕਲਾਕਾਰਾਂ ਦੇ ਦਫ਼ਤਰਾਂ ਵਿੱਚ ਸੁੰਨ ਪਸਰ ਚੁੱਕੀ ਸੀ। ਉਸ ਆਖ਼ਰੀ ਰਾਤ ਪੰਜਾਬ ਦੇ ਸਾਰੇ ਨਾਮਵਰ ਕਲਾਕਾਰ, ਚਮਕੀਲੇ ਦੇ ਦੋਸਤ/ਸਾਥੀ, ਗੁਆਂਢੀ ਤੇ ਰਿਸ਼ਤੇਦਾਰ ਇਨ੍ਹਾਂ ਗੋਲੀਆਂ ਨਾਲ ਵਿੰਨ੍ਹੀਆਂ ਹੋਈਆਂ ਲਾਸ਼ਾਂ ਕੋਲ ਡਰਦੇ ਮਾਰੇ ਨਹੀਂ ਆਏ ਸਨ। ਚਮਕੀਲੇ ਦੇ ਸਮਕਾਲੀ ਸਾਰੇ ਕਲਾਕਾਰ ਉਸ ਤੋਂ ਮੁਖ ਮੋੜ ਗਏ ਸਨ ਤੇ ਬਿਗਾਨਿਆਂ ਵਾਂਗ ਸਵੇਰ ਹੋਣ ਤੋਂ ਬਾਅਦ ਹੀ ਮੂੰਹ ਢੱਕ ਕੇ ਉਨ੍ਹਾਂ ਦਰਸ਼ਨ ਦਿੱਤੇ ਸਨ।

ਸਵੇਰ ਹੋਣ ਤੱਕ ਸਸਕਾਰ ਤੋਂ ਪਹਿਲਾਂ ਉਸ ਡਰਾਉਣੀ ਰਾਤ ਵਿੱਚ ਦਹਿਸ਼ਤਗਰਦਾਂ ਦੇ ਡਰ ਦੀ ਪਰਵਾਹ ਨਾ ਕਰਦੇ ਹੋਏ ਇਹ ਤਿੰਨ ਬੰਦੇ ਚਮਕ ਚਮਕੀਲਾ, ਕਿੱਕਰ ਡਾਲੇਵਾਲਾ ਤੇ ਪੰਮਾ ਗੁੱਜਰਵਾਲ ਹੀ ਰਾਤ ਲਾਸ਼ਾਂ ਲਾਗੇ ਆਏ ਸਨ। ਦੁੱਗਰੀ ਵਾਲੇ ਪਰਿਵਾਰ ’ਚੋਂ ਜੇਕਰ ਕਿਸੇ ਨੂੰ ਚਮਕੀਲੇ ਦੀ ਮੌਤ ਦਾ ਦੁੱਖ ਸੀ ਤਾਂ ਉਹ ਸੀ ਚਮਕੀਲੇ ਦਾ ਪਿਤਾ ਜਿਸ ਨੂੰ ਉਹ ‘ਚਾਚਾ’ ਕਹਿੰਦਾ ਸੀ। ਕਿੱਕਰ ਡਾਲੇਵਾਲਾ ਤਾਂ ਫ਼ਰੀਦਕੋਟ ਚਲਾ ਗਿਆ ਸੀ, ਪਰ ਚਮਕ ਚਮਕੀਲਾ ਸਾਰੀ ਰਾਤ ਆਪਣੇ ਉਸਤਾਦ ਦੀ ਉਹ ਉਂਗਲੀ ਫੜ ਕੇ ਬੈਠਾ ਰਿਹਾ ਜਿਸ ਨਾਲ ਉਹ ਤੂੰਬੀ ਵਜਾਉਂਦੇ ਸਨ। ਉਸ ਖ਼ੌਫ਼ਨਾਕ ਮਾਹੌਲ ਵਿੱਚ ਇਨ੍ਹਾਂ ਤਿੰਨਾਂ ਨੂੰ ਪਤਾ ਸੀ ਕਿ ਦਹਿਸ਼ਤਗਰਦ ਇੱਥੇ ਵੀ ਪਹੁੰਚ ਸਕਦੇ ਹਨ, ਪਰ ਉਨ੍ਹਾਂ ਇਹ ਸੋਚਿਆ ਸੀ ਕਿ ਜੇ ਉਸਤਾਦ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਹੀ ਨਹੀਂ ਰਹੇ ਤਾਂ ਅਸੀਂ ਜੀਊ ਕੇ ਕੀ ਕਰਨਾ! ਅਮਰਜੋਤ ਤੇ ਚਮਕੀਲੇ ਦੇ ਸਸਕਾਰ ਤੋਂ ਬਾਅਦ ਦੂਰੋਂ-ਦੂਰੋਂ ਚੱਲ ਕੇ ਆਏ ਉਸ ਦੇ ਚਾਹੁਣ ਵਾਲੇ, ਸਾਕ-ਸਬੰਧੀ ਆਖ਼ਰੀ ਰਸਮਾਂ ’ਚ ਸ਼ਾਮਲ ਹੋ ਕੇ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਦੁੱਖਾਂ ਦਾ ਪਹਾੜ ਤਾਂ ਉਨ੍ਹਾਂ ’ਤੇ ਟੁੱਟਾ ਜਿਨ੍ਹਾਂ ਦੀ ਰੋਜ਼ੀ-ਰੋਟੀ ਚਮਕੀਲੇ ਦੇ ਸਿਰ ਤੋਂ ਚੱਲਦੀ ਸੀ। 8 ਮਾਰਚ ਨੂੰ ਅਮਰਜੋਤ ਤੇ ਚਮਕੀਲਾ ’ਕੱਲੇ ਨਹੀਂ ਮਰੇ ਸਗੋਂ ਉਨ੍ਹਾਂ ਦੇ ਮਰਨ ਨਾਲ ਸਾਜ਼ੀ, ਪਰਿਵਾਰ ਦੇ ਮੈਂਬਰ, ਕੰਪਨੀ ਵਾਲੇ ਤੇ ਉਨ੍ਹਾਂ ਦੇ ਰਿਕਾਰਡ ਵੇਚ ਕੇ ਪੈਸੇ ਕਮਾਉਣ ਵਾਲੇ ਡੀਲਰ ਵੀ ਇੱਕ ਤਰ੍ਹਾਂ ਮਰ ਹੀ ਗਏ ਸਨ।

ਚਮਕੀਲੇ ਦੀ ਮੌਤ ਤੋਂ ਬਾਅਦ ਉਸ ਦਾ ਭਰਾ ਲਸ਼ਕਰ ਵੀ ਉਸ ਦੇ ਗ਼ਮ ਵਿੱਚ ਰੇਲ ਗੱਡੀ ਥੱਲੇ ਆ ਗਿਆ। ਚਮਕੀਲੇ ਦਾ ਬੇਟਾ ਰੀਪੂ ਵੀ ਕੁਝ ਸਮਾਂ ਬਿਮਾਰ ਰਹਿਣ ਕਰਕੇ ਚੱਲ ਵਸਿਆ। ਚਮਕੀਲੇ ਦੇ ਗ਼ਮ ਵਿੱਚ ਉਸ ਦੇ ਪਿਤਾ ਘਰੋਂ ਬਾਹਰ ਹੀ ਨਹੀਂ ਨਿਕਲੇ ਤੇ ਇਹ ਕਹਿੰਦੇ ਹੋਏ ਜਹਾਨ ਤੋਂ ਤੁਰ ਗਏ ਕਿ ਮੇਰਾ ਧਨੀਆ ਕਦੋਂ ਆਵੇਗਾ? ਮਾਰਨ ਵਾਲਿਆਂ ’ਕੱਲਾ ਚਮਕੀਲਾ ਨਹੀਂ ਮਾਰਿਆ ਅਸਲ ’ਚ ਕਈ ਪਰਿਵਾਰ ਹੀ ਇੱਕੋ ਦਿਨ ਖ਼ਤਮ ਕਰ ਦਿੱਤੇ। ਜੇ ਚਮਕੀਲਾ ਅੱਜ ਜਿਊਂਦਾ ਹੁੰਦਾ ਤਾਂ ਸ਼ਾਇਦ ਇਨ੍ਹਾਂ ਦੋਵਾਂ ਪਰਿਵਾਰਾਂ ਦੇ ਹਾਲਾਤ ਅੱਜ ਕੁਝ ਹੋਰ ਹੀ ਹੁੰਦੇ। ਅੱਜ ਭਾਵੇਂ ਅਮਰਜੋਤ ਤੇ ਚਮਕੀਲਾ ਨਹੀਂ ਰਹੇ, ਪਰ ਆਪਣੀ ਗਾਇਕੀ ਰਾਹੀਂ ਉਹ ਪੰਜਾਬੀ ਲੋਕਾਂ ਦੇ ਮਨਾਂ ’ਤੇ ਜੋ ਅਮਿਟ ਛਾਪ ਛੱਡ ਗਏ ਹਨ, ਉਸ ਨੂੰ ਕੋਈ ਵੀ ਭੁਲਾ ਨਹੀਂ ਸਕੇਗਾ।

ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ;

ਮੌਤ ਵੋ ਹੈ ਕਿ ਜਿਸਕਾ ਜ਼ਮਾਨਾ ਕਰੇ ਅਫ਼ਸੋਸ

ਯੂੰ ਤੋ ਸਭੀ ਆਏਂ ਹੈਂ ਜਾਨੇ ਕੇ ਲੀਏ।

ਸੰਪਰਕ: 98764-74671

Advertisement
×