ਆਬੂ ਧਾਬੀ: ਸਥਾਨਕ ਯਾਸ ਆਈਲੈਂਡ ਵਿੱਚ ਚੱਲ ਰਹੇ ਆਇਫਾ ਐਵਾਰਡ ਸਮਾਗਮ ਤਹਿਤ ਅੱਜ ਵੀਕਐਂੱਡ ਸਮਾਰੋਹ ਦੀ ਸ਼ੁਰੂਆਤ ਆਲੀਆ ਭੱਟ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਨੇ ਤਿੰਨ ਤਕਨੀਕੀ ਵਰਗਾਂ ਵਿੱਚ ਐਵਾਰਡ ਜਿੱਤ ਕੇ ਕੀਤੀ। ਆਈਫਾ ਰੌਕ ਸਮਾਗਮ ਦੀ ਮੇਜ਼ਬਾਨੀ ਅਦਾਕਾਰ ਰਾਜਕੁਮਾਰ ਰਾਓ ਅਤੇ ਫਿਲਮ ਨਿਰਮਾਤਾ ਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਨੇ ਕੀਤੀ। ਇਸ ਦੌਰਾਨ ਸਿਨਮੈਟੋਗ੍ਰਾਫ਼ੀ, ਸਕ੍ਰੀਨਪਲੇਅ ਤੇ ਐਡੀਟਿੰਗ ਵਰਗੇ ਤਕਨੀਕੀ ਵਰਗਾਂ ਵਿੱਚ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਫਿਲਮ ਨਿਰਮਾਤਾ ਸੰਜੈ ਲੀਲਾ ਭੰਸਾਲੀ ਤੇ ਉਤਕਰਸ਼ਿਨੀ ਵਸ਼ਿਸ਼ਠ ਨੂੰ ‘ਗੰਗੂਬਾਈ ਕਾਠੀਆਵਾੜੀ’ ਲਈ ਸਰੋਤਮ ਸਕ੍ਰੀਨਪਲੇਅ ਦਾ ਐਵਾਰਡ ਦਿੱਤਾ ਗਿਆ। ਇਸ ਫਿਲਮ ਨੂੰ ਸਰਬੋਤਮ ਸਿਨਮੈਟੋਗ੍ਰਾਫੀ ਅਤੇ ਡਾਇਲਾਗ ਲਈ ਵੀ ਸਨਮਾਨਿਆ ਗਿਆ। ਇਸ ਤੋਂ ਬਿਨਾਂ ਬੋਸਕੋ ਮਾਰਟਿਸ ਅਤੇ ਸੀਜ਼ਰ ਗੋਂਜ਼ਾਲਵੇਸ ਨੂੰ ਫਿਲਮ ‘ਭੂਲ ਭੁਲੱਈਆ-2’ ਦੇ ਟਾਈਟਲ ਟਰੈਕ ਲਈ ਸਰਬੋਤਮ ਕੋਰੀਓਗ੍ਰਾਫੀ ਦਾ ਐਵਾਰਡ ਹਾਸਲ ਹੋਇਆ। ਅਨੀਸ ਬਜ਼ਮੀ ਦੀ ਇਸ ਫਿਲਮ ਨੇ ਸਰਬੋਤਮ ਸਾਊਂਡ ਡਿਜ਼ਾਈਨ ਦੇ ਵਰਗ ਵਿੱਚ ਵੀ ਦੂਸਰਾ ਸਥਾਨ ਹਾਸਲ ਕੀਤਾ। ਅਜੈ ਦੇਵਗਨ ਦੀ ਕ੍ਰਾਈਮ ਥ੍ਰਿਲਰ ‘ਦ੍ਰਿਸ਼ਯਮ 2’ ਨੇ ਸਰਬੋਤਮ ਐਡੀਟਿੰਗ ਅਤੇ ਆਲੀਆ ਤੇ ਰਣਬੀਰ ਦੀ ਫਿਲਮ ‘ਬ੍ਰਹਮਾਸਤਰ: ਭਾਗ ਇੱਕ ਸ਼ਿਵਾ’ ਨੇ ਸਰਬੋਤਮ ਸਪੈਸ਼ਲ ਇਫੈਕਟ ਦੇ ਐਵਾਰਡ ਆਪਣੀ ਝੋਲੀ ਪਵਾਏ। ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫਿਲਮ ‘ਵਿਕਰਮ ਵੇਧਾ’ ਨੂੰ ਸਰਬੋਤਮ ਬੈਕਗ੍ਰਾਊਂਡ ਸਕੋਰ ਅਤੇ ਵਾਸਨ ਬਾਲਾ ਦੇ ‘ਮੌਨਿਕਾ ਓ ਮਾਇ ਡਾਰਲਿੰਗ’ ਨੂੰ ਸਰਬੋਤਮ ਸਾਊਂਡ ਮਿਕਸਿੰਗ ਲਈ ਸਨਮਾਨਿਆ ਗਿਆ।’ ਸਮਾਗਮ ਦੌਰਾਨ ਅਮਿਤ ਤ੍ਰਿਵੇਦੀ, ਬਾਦਸ਼ਾਹ, ਜੈਕਲਿਨ ਫਰਨਾਂਡੇਜ਼, ਰਕੁਲਪ੍ਰੀਤ ਸਿੰਘ, ਸੁਨਿਧੀ ਚੌਹਾਨ, ਸੁਖਬੀਰ ਸਿੰਘ, ਪਲਕ ਮੁੱਛਲ ਤੇ ਲੁਲੀਆ ਵੈਂਤੂਰ ਨੇ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਸਲਮਾਨ ਖ਼ਾਨ ਤੇ ਨੌਰਾ ਫਤੇਹੀ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ ਲਈ ਸ਼ੋਅ ਵਿੱਚ ਸਟੌਪਰ ਰਹੇ। ਇਸੇ ਦੌਰਾਨ ਅਦਾਕਾਰ ਅਭਿਸ਼ੇਕ ਬੱਚਨ ਦਾ ਮੰਨਣਾ ਹੈ ਕਿ ਭਾਰਤੀ ਫਿਲਮਾਂ ਸਿਨੇਮਾ ਦੇ ਸਾਰੇ ਰੂਪਾਂ ਦਾ ਮਿਸ਼ਰਣ ਹੁੰਦੀਆਂ ਹਨ। ‘ਯੁਵਾ’, ‘ਗੁਰੂ’, ‘ਪਾ’ ਅਤੇ ‘ਸਰਕਾਰ’ ਵਰਗੀਆਂ ਫਿਲਮਾਂ ਲਈ ਮਸ਼ਹੂਰ 47 ਸਾਲਾ ਅਦਾਕਾਰ ਨੇ ਕਿਹਾ ਕਿ ਉਹ ਖ਼ੁਸ਼ ਹੈ ਕਿ ਦੁਨੀਆ ਭਾਰਤੀ ਸਿਨੇਮਾ ਵਿੱਚ ਦਿਲਚਸਪੀ ਦਿਖਾ ਰਹੀ ਹੈ। ਇੱਥੇ ਆਇਫਾ ਸਮਾਗਮ ਵਿੱਚ ਅਭਿਸ਼ੇਕ ਨੇ ਕਿਹਾ, ”ਅਸੀਂ ਹਮੇਸ਼ਾ ਆਲਮੀ ਪੱਧਰ ‘ਤੇ ਉਪਰ ਰਹੇ ਹਾਂ। ਅਸੀਂ ਦੁਨੀਆ ਦੀਆਂ ਸਭ ਤੋਂ ਵਧੀਆ ਫਿਲਮਾਂ ਬਣਾਉਂਦੇ ਹਾਂ। ਮੈਂ ਇਸ ਬਾਰੇ ਪੱਖਪਾਤੀ ਹਾਂ ਪਰ ਮੈਂ ਸਭ ਤੋਂ ਵੱਧ ਭਾਰਤੀ ਸਿਨੇਮਾ ਨੂੰ ਪਸੰਦ ਕਰਦਾ ਹਾਂ। ਸਾਡੀਆਂ ਫਿਲਮਾਂ ਸਾਡੇ ਭੋਜਨ ਦੀ ਥਾਲੀ ਵਾਂਗ ਹੁੰਦੀਆਂ ਹਨ, ਜਿਸ ਵਿੱਚ ਥੋੜ੍ਹੀ-ਥੋੜ੍ਹੀ ਹਰ ਚੀਜ਼ ਹੁੰਦੀ ਹੈ।” ਉਸ ਨੇ ਕਿਹਾ, ”ਸਾਡੇ ਵੱਲੋਂ ਕੀਤਾ ਜਾ ਰਿਹਾ ਕੰਮ ਮੈਨੂੰ ਬਹੁਤ ਪਸੰਦ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਦੁਨੀਆ ਭਾਰਤੀ ਫਿਲਮਾਂ ਵਿੱਚ ਦਿਲਚਸਪੀ ਦਿਖਾ ਰਹੀ ਹੈ।” ਇਹ ਪੁੱਛੇ ਜਾਣ ‘ਤੇ ਕੀ ਉਹ ਪੱਛਮੀ ਫਿਲਮ ਜਗਤ ਵਿੱਚ ਮੌਕਿਆਂ ਦੀ ਖੋਜ ਕਰਨਾ ਚਾਹੇਗਾ, ਅਭਿਸ਼ੇਕ ਨੇ ਕਿਹਾ ਕਿ ਦੋਵਾਂ ਫਿਲਮ ਜਗਤਾਂ ਵਿੱਚ ਹੁਣ ਬਹੁਤ ਥੋੜ੍ਹਾ ਫਰਕ ਰਹਿ ਗਿਆ ਹੈ। ਉਸ ਨੇ ਕਿਹਾ, ”ਅਸੀਂ ਸਾਰੇ ਇੱਕ ਵੱਡੇ ਰਚਨਾਤਮਕ ਭਾਈਚਾਰੇ ਦਾ ਹਿੱਸਾ ਹਾਂ। ਇਸ ਤਰ੍ਹਾਂ ਭਾਸ਼ਾ ਇਸ ਵਿੱਚ ਕੋਈ ਅੜਿੱਕਾ ਨਹੀਂ ਹੈ। -ਪੀਟੀਆਈ