ਅਬੂ ਧਾਬੀ: ਇੱਥੇ ਹੋਏ ‘ਆਇਫਾ’ ਪੁਰਸਕਾਰ ਸਮਾਰੋਹ ਵਿੱਚ ਅਜੈ ਦੇਵਗਨ ਦੀ ਫ਼ਿਲਮ ‘ਦ੍ਰਿਸ਼ਯਮ 2’ ਨੇ ਸਰਵੋਤਮ ਫ਼ਿਲਮ ਦਾ ਪੁਰਸਕਾਰ ਜਿੱਤਿਆ ਹੈ। ਜ਼ਿਕਰਯੋਗ ਹੈ ਕਿ ਇਹ ਇੱਕ ਮਲਿਆਲਮ ਫ਼ਿਲਮ ਦਾ ਹਿੰਦੀ ਰੂਪਾਂਤਰ ਹੈ। ਆਲੀਆ ਭੱਟ ਤੇ ਰਿਤਿਕ ਰੌਸ਼ਨ ਨੂੰ ਬਿਹਤਰੀਨ ਅਭਿਨੇਤਾ ਤੇ ਅਭਿਨੇਤਰੀ ਦੀ ਟਰਾਫੀ ਨਾਲ ਨਿਵਾਜਿਆ ਗਿਆ ਹੈ। ਇੱਥੇ ਯਾਸ ਟਾਪੂ ‘ਤੇ ਸਥਿਤ ਇਤਿਹਾਦ ਐਰੀਨਾ ਵਿਚ ਹੋਏ ਸਮਾਰੋਹ ਦੌਰਾਨ ਆਲੀਆ ਨੂੰ ਉਸ ਦੀ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਵਿੱਚ ਨਿਭਾਈ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ। ਰਿਤਿਕ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਉਸ ਦੀ ‘ਵਿਕਰਮ ਵੇਧਾ’ ਵਿਚਲੀ ਭੂਮਿਕਾ ਲਈ ਦਿੱਤਾ ਗਿਆ। ਰਿਤਿਕ ਨੇ ਮੰਚ ਤੋਂ ਪੁਰਸਕਾਰ ਹਾਸਲ ਕਰਦਿਆਂ ਫ਼ਿਲਮ ਦੇ ਨਿਰਦੇਸ਼ਕ ਪੁਸ਼ਕਰ ਤੇ ਗਾਇਤਰੀ ਦਾ ਧੰਨਵਾਦ ਕੀਤਾ। ਰਣਬੀਰ ਕਪੂਰ ਤੇ ਆਲੀਆ ਭੱਟ ਦੀਆਂ ਮੁੱਖ ਭੂਮਿਕਾਵਾਂ ਵਾਲੀ ਫ਼ਿਲਮ ‘ਬ੍ਰਹਮਾਸਤਰ: ਪਾਰਟ ਵਨ ਸ਼ਿਵਾ’ ਨੂੰ ਸਭ ਤੋਂ ਵੱਧ ਪੁਰਸਕਾਰ ਮਿਲੇ ਹਨ। ਸ਼੍ਰੇਆ ਘੋਸ਼ਾਲ ਨੇ ਫ਼ਿਲਮ ਵਿਚ ਗਾਏ ਗੀਤ ਲਈ ਸਰਵੋਤਮ ਪਿੱਠਵਰਤੀ ਗਾਇਕਾ ਦਾ ਪੁਰਸਕਾਰ ਜਿੱਤਿਆ ਹੈ। ਜਦਕਿ ਇਸੇ ਫ਼ਿਲਮ ਦੇ ਗੀਤ ਲਈ ਅਰਿਜੀਤ ਸਿੰਘ ਨੂੰ ਵੀ ਸਰਵੋਤਮ ਗਾਇਕ (ਪੁਰਸ਼) ਦਾ ਪੁਰਸਕਾਰ ਮਿਲਿਆ ਹੈ। ਫ਼ਿਲਮ ਦੇ ਗੀਤਾਂ ਲਈ ਗੀਤਕਾਰ ਅਮਿਤਾਭ ਭੱਟਾਚਾਰੀਆ ਨੂੰ ‘ਆਇਫਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਜਦਕਿ ‘ਬ੍ਰਹਮਾਸਤਰ’ ਲਈ ਹੀ ਮੌਨੀ ਰੌਏ ਨੂੰ ਬਿਹਤਰੀਨ ਸਹਾਇਕ ਅਭਿਨੇਤਰੀ ਦਾ ਖ਼ਿਤਾਬ ਮਿਲਿਆ ਹੈ। ਫ਼ਿਲਮ ‘ਜੁੱਗ ਜੁੱਗ ਜੀਓ’ ਲਈ ਅਨਿਲ ਕਪੂਰ ਨੂੰ ਬਿਹਤਰੀਨ ਸਹਾਇਕ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ ਹੈ। ਅਦਾਕਾਰ ਆਰ. ਮਾਧਵਨ ਨੂੰ ਉਸ ਦੀ ਪਲੇਠੀ ਫ਼ਿਲਮ (ਨਿਰਦੇਸ਼ਕ ਵਜੋਂ) ‘ਰਾਕੇਟਰੀ: ਦਿ ਨਾਂਬੀ ਇਫੈਕਟ’ ਲਈ ਸਰਵੋਤਮ ਨਿਰਦੇਸ਼ਕ ਦੇ ‘ਆਇਫਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪਰਵੇਜ਼ ਸ਼ੇਖ਼ ਤੇ ਜਸਮੀਤ ਰੀਨ ਨੂੰ ਸਰਵੋਤਮ ਅਸਲ ਕਹਾਣੀ ਲਈ ‘ਆਇਫਾ’ ਨਾਲ ਸਨਮਾਨਿਤ ਕੀਤਾ ਗਿਆ ਹੈ। ਮਰਹੂਮ ਅਦਾਕਾਰ ਇਰਫਾਨ ਖਾਨ ਦੇ ਪੁੱਤਰ ਬਾਬਿਲ ਖਾਨ ਨੂੰ ਉਸ ਦੀ ਪਹਿਲੀ ਫ਼ਿਲਮ ‘ਕਲਾ’ ਲਈ ‘ਬੈਸਟ ਡੈਬਿਊ’ (ਪੁਰਸ਼) ਦਾ ਪੁਰਸਕਾਰ ਦਿੱਤਾ ਗਿਆ ਹੈ। ਇਹ ਐਵਾਰਡ ਉਹ ਸ਼ਾਂਤਨੂ ਮਹੇਸ਼ਵਰੀ (ਗੰਗੂਬਾਈ ਕਾਠੀਆਵਾੜੀ) ਨਾਲ ਸਾਂਝਾ ਕਰਨਗੇ।
ਅਭਿਨੇਤਰੀ ਖ਼ੁਸ਼ਾਲੀ ਕੁਮਾਰ ਨੂੰ ਪਹਿਲੀ ਫ਼ਿਲਮ ‘ਧੋਖਾ ਅਰਾਊਂਡ ਦਿ ਕਾਰਨਰ’ ਲਈ ‘ਬੈਸਟ ਡੈਬਿਊ’ ਦਾ ਪੁਰਸਕਾਰ ਮਿਲਿਆ ਹੈ। ਸੰਗੀਤ ਜਗਤ ਦੇ ਮਹਾਰਥੀ ਏ.ਆਰ. ਰਹਿਮਾਨ ਨੇ ਇਸ ਮੌਕੇ ਫ਼ਿਲਮ ਜਗਤ ਦੀ ਉੱਘੀ ਹਸਤੀ ਕਮਲ ਹਾਸਨ ਨੂੰ ਭਾਰਤੀ ਸਿਨੇਮਾ ਵਿਚ ਕੀਤੀਆਂ ਕਈ ‘ਬਿਹਤਰੀਨ ਉਪਲਬਧੀਆਂ’ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।
ਇਸ ਸਮਾਰੋਹ ਵਿਚ ਸਲਮਾਨ ਖਾਨ, ਵਰੁਣ ਧਵਨ, ਕ੍ਰਿਤੀ ਸਨਨ, ਜੈਕੁਲਿਨ ਫਰਨਾਂਡੇਜ਼, ਨੋਰਾ ਫਤੇਹੀ ਤੇ ਰਕੁਲ ਪ੍ਰੀਤ ਸਿੰਘ ਨੇ ਵੀ ਪੇਸ਼ਕਾਰੀਆਂ ਦਿੱਤੀਆਂ। ਜ਼ਿਕਰਯੋਗ ਹੈ ਕਿ ‘ਆਇਫਾ’ ਪੁਰਸਕਾਰ ਸਮਾਰੋਹ ਆਬੂ ਧਾਬੀ ਦੇ ਸਭਿਆਚਾਰ ਤੇ ਸੈਰ-ਸਪਾਟਾ ਵਿਭਾਗ ਦੇ ਸਹਿਯੋਗ ਨਾਲ ਕਰਾਇਆ ਗਿਆ। -ਪੀਟੀਆਈ
ਸਮਾਗਮ ‘ਚੋਂ ਗੈਰਹਾਜ਼ਰ ਰਹੀ ਆਲੀਆ ਭੱਟ
ਆਬੂ ਧਾਬੀ: ਆਇਫਾ ਐਵਾਰਡਜ਼ ਵਿੱਚ ਅਦਾਕਾਰਾ ਆਲੀਆ ਭੱਟ ਨੇ ਫਿਲਮ ‘ਗੰਗੂਬਾਈ ਕਾਠੀਆਵਾੜੀ’ ਲਈ ਸਰਬੋਤਮ ਅਦਾਕਾਰਾ ਦਾ ਐਵਾਰਡ ਜਿੱਤਿਆ ਪਰ ਸਮਾਗਮ ‘ਚੋਂ ਉਹ ਗੈਰਹਾਜ਼ਰ ਰਹੀ, ਜਿਸ ਕਰਕੇ ਨਿਰਮਾਤਾ ਜੈਯੰਤੀਲਾਲ ਗੜਾ ਨੇ ਉਸ ਦੀ ਜਗ੍ਹਾ ‘ਤੇ ਇਹ ਐਵਾਰਡ ਹਾਸਲ ਕੀਤਾ। ਰਿਪੋਰਟਾਂ ਅਨੁਸਾਰ ਆਲੀਆ ਨੇ ਪਰਿਵਾਰਕ ਐਮਰਜੈਂਸੀ ਕਾਰਨ ਸਮਾਗਮ ਵਿੱਚ ਸ਼ਮੂਲੀਅਤ ਨਹੀਂ ਕੀਤੀ। ਉਸ ਦੇ ਨਾਨਾ ਨਰੇਂਦਰ ਰਾਜ਼ਦਾਨ ਦੀ ਸਿਹਤ ਠੀਕ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਫੈਸ਼ਨ ਬ੍ਰਾਂਡ ‘ਗੁਚੀ’ ਨੇ ਆਲੀਆ ਨੂੰ ‘ਗਲੋਬਲ ਬਰਾਂਡ ਅੰਬੈਸਡਰ’ ਨਿਯੁਕਤ ਕੀਤਾ ਸੀ। ਇਸ ਮਗਰੋਂ ਉਸ ਨੇ ਸਿਓਲ ਵਿੱਚ ਗੁਚੀ ਕਰੂਜ਼ 2024 ਸ਼ੋਅ ਵਿੱਚ ਵੀ ਸ਼ਿਰਕਤ ਕੀਤੀ ਸੀ। -ਏਐੱਨਆਈ
‘ਵਾਰ 2’ ਵਿਚ ਜੂਨੀਅਰ ਐੱਨਟੀਆਰ ਨਾਲ ਕੰਮ ਕਰਨ ਨੂੰ ਲੈ ਕੇ ਖੁਸ਼ ਹੈ ਰਿਤਿਕ
ਅਬੂ ਧਾਬੀ: ਸੁਪਰਸਟਾਰ ਰਿਤਿਕ ਰੌਸ਼ਨ ਅਗਾਮੀ ਫ਼ਿਲਮ ‘ਵਾਰ 2’ ਵਿਚ ‘ਆਰਆਰਆਰ’ ਦੇ ਅਦਾਕਾਰ ਜੂਨੀਅਰ ਐੱਨਟੀਆਰ ਨਾਲ ਕੰਮ ਕਰਨ ਲਈ ਕਾਫ਼ੀ ਖੁਸ਼ ਹੈ। ਜ਼ਿਕਰਯੋਗ ਹੈ ਕਿ ਰਿਤਿਕ 2019 ਦੀ ਬਲਾਕਬਸਟਰ ਫ਼ਿਲਮ ‘ਵਾਰ’ ਦਾ ਹਿੱਸਾ ਸਨ ਜਿਸ ਨੂੰ ਸਿਧਾਰਥ ਆਨੰਦ ਨੇ ਨਿਰਦੇਸ਼ਿਤ ਕੀਤਾ ਸੀ। ਜਦਕਿ ‘ਵਾਰ 2’ ਦੇ ਨਿਰਦੇਸ਼ਨ ਦਾ ਜ਼ਿੰਮਾ ਅਯਾਨ ਮੁਖਰਜੀ ਨੇ ਸੰਭਾਲਿਆ ਹੈ। ਇਸ ਲੜੀ ਦੀਆਂ ਫ਼ਿਲਮਾਂ ‘ਯਸ਼ ਰਾਜ ਫ਼ਿਲਮਜ਼’ ਵੱਲੋਂ ਬਣਾਈਆਂ ਜਾ ਰਹੀਆਂ ਹਨ। ਇੱਥੇ ਹੋਏ ‘ਆਇਫਾ ਐਵਾਰਡਜ਼’ ਸਮਾਰੋਹ ਮੌਕੇ ਰੌਸ਼ਨ ਨੇ ਕਿਹਾ ਕਿ ਉਹ ਐੱਨਟੀਆਰ ਨਾਲ ਸਕਰੀਨ ‘ਤੇ ਦਿਖਣ ਬਾਰੇ ‘ਬਹੁਤ ਉਤਸ਼ਾਹਿਤ ਹਨ’। ਰਿਤਿਕ ਨੇ ਇਸ ਮੌਕੇ ਆਪਣੀ ਫ਼ਿਲਮ ‘ਫਾਈਟਰ’ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਫ਼ਿਲਮ ਦੇ ਨਿਰਦੇਸ਼ਕ ਸਿਧਾਰਥ ਹਨ, ਤੇ ਦੀਪਿਕਾ ਪਾਦੂਕੋਣ ਅਤੇ ਅਨਿਲ ਕਪੂਰ ਵੀ ਅਹਿਮ ਭੂਮਿਕਾਵਾਂ ਵਿਚ ਹਨ। ਰਿਤਿਕ ਨੇ ਕਿਹਾ ਕਿ ‘ਫਾਈਟਰ’ ਮੁਕੰਮਲ ਹੋਣ ਦੇ ਨੇੜੇ ਹੈ। -ਪੀਟੀਆਈ
ਸਲਮਾਨ ਨੇ ਗੀਤ ‘ਸੀਟੀ ਮਾਰ’ ‘ਤੇ ਨੱਚ ਕੇ ਬੰਨ੍ਹਿਆ ਸਮਾਂ
ਅਬੂ ਧਾਬੀ: ਸਲਮਾਨ ਖਾਨ ਨੇ ਆਇਫਾ 2023 ਵਿੱਚ ਆਪਣੇ ਡਾਂਸ ਨਾਲ ਸਮਾਂ ਬੰਨ੍ਹ ਦਿੱਤਾ। ਉਸ ਦੀ ਪੇਸ਼ਕਾਰੀ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਆਨਲਾਈਨ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਵੀਡੀਓਜ਼ ਵਿੱਚ ‘ਭਾਈਜਾਨ’ ਨੂੰ ਫਿਲਮ ‘ਰਾਧੇ’ ਦੇ ਗੀਤ ‘ਸੀਟੀ ਮਾਰ’ ਅਤੇ ‘ਬਜਰੰਗੀ ਭਾਈਜਾਨ’ ਦੇ ਗੀਤ ‘ਆਜ ਕੀ ਪਾਰਟੀ’ ‘ਤੇ ਨੱਚਦੇ ਦੇਖਿਆ ਜਾ ਸਕਦਾ ਹੈ। ਉਹ ‘ਮੁਝਸੇ ਸ਼ਾਦੀ ਕਰੋਗੀ’ ਦੇ ਗੀਤ ‘ਆਜਾ ਸੋਹਣੀਏ’ ‘ਤੇ ਵੀ ਨੱਚਦਾ ਦਿਖਾਈ ਦਿੱਤਾ। ਸਟੇਜ ‘ਤੇ ਨਾਰਵੇਜੀਅਨ ਡਾਂਸ ਗਰੁੱਪ ਕੁਇਕ ਸਟਾਈਲ ਦੇ ਮੁੰਡਿਆਂ ਨੇ ਉਸ ਦਾ ਸਾਥ ਦਿੱਤਾ। ਸਲਮਾਨ ਦੀ ਪੇਸ਼ਕਾਰੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਸਮਾਗਮ ਵਿੱਚ ਉਸ ਦੀ ਭੈਣ ਅਰਪਿਤਾ ਖਾਨ ਅਤੇ ਉਸ ਦੇ ਬੱਚੇ ਵੀ ਮੌਜੂਦ ਸਨ। -ਏਐੱਨਆਈ