DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੇ ਸੱਸ ਮਾਂ ਬਣ ਜੇ...

‘ਜੇ ਸੱਸ ਮਾਂ ਬਣ ਜੇ ਪੇਕੀਂ ਕਾਸਤੋਂ ਜਾਈਏ’ ਗਿੱਧੇ ਵਿੱਚ ਪੈਣ ਵਾਲੀ ਇਹ ਲੋਕ-ਬੋਲੀ ਨੂੰਹ ਤੇ ਸੱਸ ਦੇ ਰਿਸ਼ਤੇ ਦੇ ਉਲਝੇ ਅਲਜ਼ਬਰੇ ਦਾ ਸਾਰ ਅੰਸ਼ ਹੈ। ਜੇ ਨੂੰਹ ਤੇ ਸੱਸ ਦਾ ਰਿਸ਼ਤਾ ਸੁਖਾਵਾਂ ਹੋਵੇ ਤਾਂ ਨੂੰਹ ਸ਼ਾਇਦ ਪੇਕਿਆਂ ਦੀ ਤਾਂਘ...

  • fb
  • twitter
  • whatsapp
  • whatsapp
Advertisement

‘ਜੇ ਸੱਸ ਮਾਂ ਬਣ ਜੇ ਪੇਕੀਂ ਕਾਸਤੋਂ ਜਾਈਏ’ ਗਿੱਧੇ ਵਿੱਚ ਪੈਣ ਵਾਲੀ ਇਹ ਲੋਕ-ਬੋਲੀ ਨੂੰਹ ਤੇ ਸੱਸ ਦੇ ਰਿਸ਼ਤੇ ਦੇ ਉਲਝੇ ਅਲਜ਼ਬਰੇ ਦਾ ਸਾਰ ਅੰਸ਼ ਹੈ। ਜੇ ਨੂੰਹ ਤੇ ਸੱਸ ਦਾ ਰਿਸ਼ਤਾ ਸੁਖਾਵਾਂ ਹੋਵੇ ਤਾਂ ਨੂੰਹ ਸ਼ਾਇਦ ਪੇਕਿਆਂ ਦੀ ਤਾਂਘ ਨਾ ਕਰੇ। ਜਦੋਂ ਨੂੰਹ ਨੂੰ ਸੱਸ ਵਿੱਚੋਂ ਮਾਂ ਦਿਖਾਈ ਦੇਣੀ ਬੰਦ ਕਰ ਦਿੰਦੀ ਹੈ ਤਾਂ ਨੂੰਹ ਆਪਣੇ ਅੰਦਰਲੇ ਖਲਾਅ ਨੂੰ ਭਰਨ ਲਈ ਪੇਕਿਆਂ ਵੱਲ ਅਹੁਲਦੀ ਹੈ। ਇਹ ਸੱਚਾਈ ਗਿੱਧੇ ਦੀਆਂ ਬੋਲੀਆਂ ਵਿੱਚ ਪ੍ਰਤੱਖ ਹੋ ਕੇ ਸਾਡੇ ਸਨਮੁੱਖ ਹੁੰਦੀ ਹੈ। ਗਿੱਧੇ ਵਿੱਚ ਪੈਣ ਵਾਲੀਆਂ ਬੋਲੀਆਂ ਸਮਾਜ ਦਾ ਨੰਗਾ ਸੱਚ ਹੁੰਦੀਆਂ ਹਨ। ਸਾਡੇ ਸਮਾਜਿਕ ਰਿਸ਼ਤਿਆਂ ਦੀ ਅਸੀਂ ਭਾਵੇਂ ਕਿੰਨੀ ਵੀ ਲਿੱਪਾ-ਪੋਚੀ ਕਰੀ ਜਾਈਏ, ਪਰ ਗਿੱਧੇ ਦੇ ਪਿੜ ਵਿੱਚ ਆ ਕੇ ਇਹ ਲੋਕ-ਬੋਲੀਆਂ ਉਸ ਰਿਸ਼ਤੇ ਦੀ ਕਚਿਆਈ ਪਕਿਆਈ ਪਰਖ ਜਾਂਦੀਆਂ ਹਨ।

ਗਿੱਧੇ ਦੀਆਂ ਬੋਲੀਆਂ ਸਾਧਾਰਨ ਹਾਲਤਾਂ ਵਿੱਚ ਸੰਜਮੀ ਤੇ ਸ਼ੀਲ ਹੁੰਦੀਆਂ ਹਨ, ਪਰ ਜਦੋਂ ਗਿੱਧਾ ਪਾਉਣ ਵਾਲੀਆਂ ਔਰਤਾਂ ਇਕੱਲੀਆਂ ਹੋੋਣ ਜਾਂ ਗਿੱਧਾ ਜਦੋਂ ਆਪਣੇ ਪੂਰੇ ਜੋਬਨ ’ਤੇ ਆਉਂਦਾ ਹੈ ਤਾਂ ਰਿਸ਼ਤਿਆਂ ਦਾ ਹਕੀਕੀ ਰੰਗ ਉਧੇੜਦੀਆਂ ਹੋਈਆਂ ਇਹ ਲੋਕ-ਬੋਲੀਆਂ ਮਰਿਆਦਾ ਭੰਜਕ ਵੀ ਹੋ ਜਾਂਦੀਆਂ ਹਨ। ਅਸ਼ਲੀਲ ਜਾਂ ਦੂਹਰੇ ਅਰਥਾਂ ਵਾਲੀਆਂ ਬੋਲੀਆਂ ਵੀ ਮਘ ਉੱਠਦੀਆਂ ਹਨ। ਬੋਲੀਆਂ ਦੀ ਸ਼ਬਦਾਵਲੀ ਭਾਵੇਂ ਅਸ਼ਲੀਲ ਨਾ ਵੀ ਹੋਵੇ, ਪਰ ਸਰੀਰਕ ਮੁਦਰਾਵਾਂ ਜਾਂ ਇਸ਼ਾਰਿਆਂ ਰਾਹੀਂ ਉਨ੍ਹਾਂ ਨੂੰ ਮਰਿਆਦਾ ਭੰਜਕ ਬਣਾ ਲਿਆ ਜਾਂਦਾ ਹੈ। ਰਿਸ਼ਤਿਆਂ ਦੀਆਂ ਪੀੜਾਂ ਇਨ੍ਹਾਂ ਬੋਲੀਆਂ ਵਿੱਚ ਰਸਣ ਲੱਗਦੀਆਂ ਹਨ। ਖਾਸ ਕਰਕੇ ਨੂੰਹ ਤੇ ਸੱਸ ਦਾ ਰਿਸ਼ਤਾ ਇਨ੍ਹਾਂ ਲੋਕ-ਬੋਲੀਆਂ ਵਿੱਚ ਸਿਰ ਚੜ੍ਹ ਕੇ ਬੋਲਦਾ ਹੈ। ਨੂੰਹ ਤੇ ਸੱਸ ਦੀ ਨੋਕ-ਝੋਕ ਵਾਲੀਆਂ ਬੋਲੀਆਂ ਤੋਂ ਬਿਨਾਂ ਗਿੱਧਾ ਕਦੇ ਪਰਵਾਨ ਨਹੀਂ ਚੜ੍ਹਦਾ।

Advertisement

ਮਨੁੱਖੀ ਰਿਸ਼ਤਿਆਂ ਦੀ ਧਰਾਤਲ ’ਤੇ ਨੂੂੰਹ ਤੇ ਸੱਸ ਦਾ ਰਿਸ਼ਤਾ ਸਭ ਤੋਂ ਜ਼ਿਆਦਾ ਸੂਖਮ ਤੇ ਵਿਅੰਗਮਈ ਹੁੰਦਾ ਹੋਇਆ ਦਲ-ਦਲ ਵਾਲਾ ਬਣਿਆ ਰਹਿੰਦਾ ਹੈ। ਗਿੱਧੇ ਦੇ ਪਿੜ ਅੰਦਰ ਇਸ ਦੋ-ਧਿਰੀ ਰਿਸ਼ਤੇ ਦੀ ਇੱਕ ਧਿਰ ਕੋਲ ਹੰਕਾਰ, ਮੱਤ ਤੇ ਤਜਰਬਾ ਹੁੰਦਾ ਹੈ, ਜਦੋਂ ਕਿ ਦੂਜੀ ਧਿਰ ਕੋਲ ਸਬਰ ਤੇ ਵਿਅੰਗ ਹੁੰਦਾ ਹੈ, ਪਰ ਦੋਵੇਂ ਧਿਰਾਂ ਇੱਕ-ਦੂਜੇ ਦੀ ਪਿੱਠ ਲਾਉਣ ਦੀ ਤਾਕ ਵਿੱਚ ਰਹਿੰਦੀਆਂ ਹਨ।

Advertisement

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਰਿਸ਼ਤੇ ਵਿੱਚ ਕੁੜੱਤਣ ਦੀ ਮੂਲ ਵਜ੍ਹਾ ਕੀ ਹੈ? ਇਸ ਪਦਾਰਥਵਾਦੀ ਸੰਸਾਰ ਵਿੱਚ ਇੱਕ ਮਾਂ ਨੂੰ ਸਭ ਤੋਂ ਵੱਧ ਆਪਣਾ ਪੁੱਤਰ ਪਿਆਰਾ ਹੁੰਦਾ ਹੈ। ਮਾਂ ਤੇ ਪੁੱਤ ਦੇ ਪਿਆਰ ਦੀਆਂ ਅਨੇਕਾਂ ਕਹਾਣੀਆਂ ਦੇਖਣ ਤੇ ਸੁਣਨ ਨੂੰ ਮਿਲਦੀਆਂ ਹਨ। ਵਿਆਹ ਹੋਣ ’ਤੇ ਇੱਕ ਮੁਟਿਆਰ ਲਈ ਵੀ ਸਭ ਤੋਂ ਪਿਆਰਾ ਨਾਤਾ ਉਸ ਦਾ ਪਤੀ ਬਣ ਜਾਂਦਾ ਹੈ। ਜੋ ਇੱਕ ਮਾਂ ਦਾ ਪਿਆਰਾ ਪੁੱਤ ਸੀ, ਹੁਣ ਉਹੀ ਪੁੱਤ ਇੱਕ ਮੁਟਿਅਰ ਦੀ ਮੁਹੱਬਤ ਦੇ ਪੱਲੇ ਨਾਲ ਬੱਝ ਕੇ ਉਸ ਦੀਆਂ ਰੀਝਾਂ ਦਾ ਹਾਣੀ ਬਣ ਚੁੱਕਾ ਹੁੰਦਾ ਹੈ। ਜਦੋਂ ਉਸ ਦਾ ਪੁੱਤ ਆਪਣਾ ਪਿਆਰ ਕਿਸੇ ਹੋਰ ਦੀ ਝੋਲੀ ਪਾਉਂਦਾ ਹੈ ਤਾਂ ਇੱਕ ਮਾਂ ਨੂੰ ਆਪਣਾ ਪਿਆਰ ਖੰਡਿਤ ਹੋਇਆ ਪ੍ਰਤੀਤ ਹੁੰਦਾ ਹੈ। ਇਹ ਮਨੋਵਿਗਿਆਨਕ ਅਦਿੱਖ ਕਾਰਨ ਇਸ ਰਿਸ਼ਤੇ ਦੀ ਬੁਨਿਆਦ ਵਿੱਚ ਖਟਿਆਈ ਬਣ ਕੇ ਫੈਲ ਜਾਂਦਾ ਹੈ। ਦੋਵੇਂ ਧਿਰਾਂ ਇਸ ਪਿਆਰ ’ਤੇ ਹੱਕ ਜਮਾਉਂਦੀਆਂ ਹਨ। ਸਿਆਣੀ ਮਾਂ ਤੇ ਸਿਆਣੀ ਨੂੰਹ ਤਾਂ ਇਸ ਰਿਸ਼ਤੇ ਦੇ ਹਕੀਕੀ ਸੱਚ ਨੂੰ ਸਮਝ ਜਾਂਦੀਆਂ ਹਨ।

ਜਦੋਂ ਇਹ ਦੋਵੇਂ ਧਿਰਾਂ ਇਸ ਕੇਂਦਰ ਬਿੰਦੂ ’ਤੇ ਆਪਣਾ ਪੂਰਨ ਹੱਕ ਜਮਾਉਣ ਦੀ ਕੋਸ਼ਿਸ਼ ਕਰਨ ਲੱਗ ਜਾਣ ਤਾਂ ਇਸ ਰਿਸ਼ਤੇ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਰਿਸ਼ਤੇ ਦੀਆਂ ਸੂਖਮ ਭਾਵਨਾਵਾਂ ਫਿਰ ਮੱਥੇ ’ਤੇ ਤਿਉੜੀ ਬਣ ਜਾਂਦੀਆਂ ਹਨ। ਬੇਸ਼ੱਕ ਸਮਾਜਿਕ ਮਰਿਆਦਾਵਾਂ ਬੁੱਲ੍ਹਾਂ ਨੂੰ ਤੋਪੇ ਲਾਈ ਰੱਖਦੀਆਂ ਹਨ, ਪਰ ਗਿੱਧੇ ਵਿੱਚ ਪੈਣ ਵਾਲੀਆਂ ਬੋਲੀਆਂ ਇਨ੍ਹਾਂ ਮਰਿਆਦਾਵਾਂ ਨੂੰ ਤੋੜ ਕੇ ਹਕੀਕੀ ਸੱਚ ਦੀ ਪਟਾਰੀ ਨੂੰ ਲੋਕ-ਕਚਹਿਰੀ ਵਿੱਚ ਨੰਗਾ ਕਰ ਦਿੰਦੀਆਂ ਹਨ। ਸ਼ੁਰੂ-ਸ਼ੁਰੂ ਵਿੱਚ ਨੂੰਹ ਨੂੰ ਆਪਣੀ ਸੱਸ ਵੀ ਚੰਗੀ ਲੱਗਦੀ ਹੈ ਕਿਉਂਕਿ ਅਜੇ ਹਾਲਾਤ ਸੁਖਾਵੇਂ ਹੁੰਦੇ ਹਨ। ਇੱਕ ਸੱਸ ਦੀ ਹੁੰਦੀ ਵਡਿਆਈ ਦੇਖ ਕੇ ਕੋਈ ਹੋਰ ਔਰਤ ਉਸ ਵਹੁਟੀ ਨੂੰ ਭਵਿੱਖਮਈ ਸੁਚੇਤ ਕਰਦੀ ਹੋਈ ਸਲਾਹ ਦਿੰਦੀ ਹੈ;

ਚਿੱਟੀ ਚਿੱਟੀ ਰੂੰ

ਕਦੇ ਪਿੰਜਣੀ ਪਊਗੀ।

ਸੱਸ ਨਾ ਸਲਾਹੀਏ

ਕਦੇ ਨਿੰਦਣੀ ਪਊਗੀ।

ਇਸ ਤਰ੍ਹਾਂ ਇਹ ਰਿਸ਼ਤਾ ਸ਼ੁਰੂ ਵਿੱਚ ਹੀ ਸ਼ੱਕ ਤੇ ਚੋਭ ਦਾ ਕੰਡਾ ਬਣ ਜਾਂਦਾ ਹੈ। ਇਹ ਗਰਮ ਲਾਵਾ ਸਿਰਫ਼ ਨੁੂੰਹ ਦੀ ਧਿਰ ਵੱਲੋਂ ਹੀ ਨਹੀਂ ਉਗਲਿਆ ਜਾਂਦਾ, ਇਹ ਵਿਹੁ ਸੱਸ ਵੱਲੋਂ ਵੀ ਘੋਲ਼ੀ ਜਾਂਦੀ ਹੈ। ਮਾਂ ਆਪਣੇ ਪੁੱਤ ਪ੍ਰਤੀ ਪਿਆਰ ਅਤੇ ਨੂੰਹ ਪ੍ਰਤੀ ਕੁੜੱਤਣ ਪ੍ਰਗਟ ਕਰਦੀ ਹੋਈ ਕਹਿੰਦੀ ਹੈ;

ਕੱਚੇ-ਕੱਚੇ ਕੋਠਿਆਂ ਨੂੰ

ਕੱਚੀਆਂ ਨੇ ਪੌੜੀਆਂ।

ਪੁੱਤ ਨੇ ਪਿਆਰੇ

ਨੂੰਹਾਂ ’ਫੀਮ ਨਾਲੋਂ ਕੌੜੀਆਂ।

ਜਦੋਂ ਸੱਸ ਤੇ ਨੂੰਹ ਦੀ ਚੁਰ-ਚੁਰ ਘਰ ਦੀਆਂ ਦੀਵਾਰਾਂ ਨਾਲ ਖਹਿਣ ਲੱਗਦੀ ਹੈ ਤਾਂ ਨੂੰਹ ਨੂੰ ਇਹ ਰਿਸ਼ਤਾ ਮਾਂ ਦੇ ਸ਼ਬਦਕੋਸ਼ ’ਚੋਂ ਨਿਕਲ ਕੇ ਭੂਤਾਂ ਦੀ ਨਿਆਈਂ ਪ੍ਰਤੀਤ ਹੋਣ ਲੱਗਦਾ ਹੈ। ਨੂੰਹ ਨੂੰ ਸੱਸ ਦੇ ਜਿਸਮ ’ਚੋਂ ਬੋ ਮਾਰਨ ਲੱਗਦੀ ਹੈ। ਫਿਰ ਇਹ ਭਾਵਨਾ ਗਿੱਧੇ ਵਿੱਚ ਪ੍ਰਤੱਖ ਨੰਗੀ ਹੋ ਜਾਂਦੀ ਹੈ;

ਸੱਸਾਂ ਸੱਸਾਂ ਹਰ ਕੋਈ ਕਹਿੰਦਾ

ਸੱਸਾਂ ਕੀਹਨੇ ਬਣਾਈਆਂ।

ਸਾਡੇ ਸਤਿਗੁਰ ਨੇ

ਮਗਰ ਚੁੜੇਲਾਂ ਲਾਈਆਂ।

ਤਲ ਦਾ ਅਰਥ ਹੈ ‘ਕਿਨਾਰਾ’ ਜਾਂ ‘ਪੱਤਣ’। ਜਿਸ ਨੇ ਬਾਰ੍ਹਾਂ ਪੱਤਣਾਂ ਦਾ ਪਾਣੀ ਪੀਤਾ ਹੋਵੇ, ਉਸ ਨੂੰ ਬਾਰ੍ਹਾਂ ਪੱਤਣਾਂ ਦਾ ਤਾਰੂ ਜਾਂ ਬਾਰ੍ਹਾਂ ਪੱਤਣਾਂ ਦੇ ਪਾਣੀ ਪੀਣ ਵਾਲਾ ਕਿਹਾ ਜਾਂਦਾ ਹੈ। ਸਰਲ ਭਾਸ਼ਾ ਵਿੱਚ ਉਸ ਨੂੰ ‘ਬਾਰ੍ਹਾਂ ਤਾਲ੍ਹਾ’ ਜਾਂ ‘ਬਾਰ੍ਹਾਂ ਤਾਲ੍ਹੀ’ ਕਿਹਾ ਜਾਂਦਾ ਹੈ। ਭਾਵ ਜਿਸ ਨੇ ਘਾਟ-ਘਾਟ ਦਾ ਪਾਣੀ ਪੀਤਾ ਹੋਵੇ, ਉਸ ਦੀ ਤੁਲਨਾ ਚਾਲਾਕ ਸ਼ਖ਼ਸੀਅਤ ਨਾਲ ਕੀਤੀ ਜਾਂਦੀ ਹੈ। ਇੱਕ ਚਾਲਾਕ ਸੱਸ ਨੂੰ ਉਸ ਦੀ ਨੂੰਹ ਮਰੋੜਾ ਦਿੰਦੀ ਕਹਿੰਦੀ ਹੈ;

ਤੂੰ ਪਕਾਵੇਂ ਰੋਟੀਆਂ

ਮੈਂ ਪੇੜੇ ਗਿਣਦੀ ਆਈ।

ਸੱਸੇ ਨੀਂ ਬਾਰ੍ਹਾਂ ਤਾਲੀਏ

ਮੈਂ ਤੇਰ੍ਹਾਂ ਤਾਲੀ ਆਈ।

ਨੂੰਹ ਤੇ ਸੱਸ ਦੀ ਤੂੰ-ਤੂੰ ਮੈਂ-ਮੈਂ ਕਈ ਵਾਰ ਵਧ ਜਾਂਦੀ ਹੈ। ਇਹ ਘੁਸਰ-ਮੁਸਰ ਦੋਵਾਂ ਧਿਰਾਂ ਦੇ ਹਿਰਦਿਆਂ ਵਿੱਚ ਉਬਲਦੀ ਰਹਿੰਦੀ ਹੈ। ਸੱਸ ਦੁਆਰਾ ਦੱਬੀ ਜਿਹੀ ਆਵਾਜ਼ ਵਿੱਚ ਕੱਢੀ ਗਈ ਗਾਲ੍ਹ ਨੂੰਹ ਦੇ ਧੁਰ ਅੰਦਰ ਇੱਕ ਚੀਸ ਬਣ ਕੇ ਖੁੱਭ ਜਾਂਦੀ ਹੈ। ਬੇਸ਼ੱਕ ਇਹ ਜ਼ਹਿਰ ਢਿੱਡ ਵਿੱਚ ਹੀ ਉਬਲਦਾ ਰਹਿੰਦਾ ਹੈ, ਪ੍ਰੰਤੂ ਗਿੱਧੇ ਦੇ ਪਿੜ ਵਿੱਚ ਇਹ ਅੰਦਰ ਉਬਲਦਾ ਲਾਵਾ ਇੱਕ ਚੁਣੌਤੀ ਦੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ। ਲੋਕ-ਬੋਲੀਆਂ ਵਿੱਚ ਸ਼ਬਦਾਂ ਦੇ ਵਰਤਣ ਦੀ ਖੂਬਸੂਰਤੀ ਆਪਣਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਇੱਕ ਬੋਲੀ ਵਿੱਚ ਨੂੰਹ ਆਪਣੀ ਸੱਸ ਨੂੰ ‘ਐਤਵਾਰੀ’ ਕਹਿ ਕੇ ਸੰਬੋਧਿਤ ਹੁੰਦੀ ਹੈ ਕਿਉਂਕਿ ਐਤਵਾਰ ਇੱਕ ਖਾਲੀ ਦਿਨ ਗਿਣਿਆ ਜਾਂਦਾ ਹੈ। ਇਸ ਦਿਨ ਨੂੰ ਗੁਣਵੱਤਾ ਦੀ ਕਸਵੱਟੀ ਤੋਂ ਸੱਖਣਾ ਦਿਨ ਗਿਣਿਆ ਜਾਂਦਾ ਹੈ। ਨੂੰਹ ਆਪਣੀ ਸੱਸ ਨੂੰ ‘ਐਤਵਾਰੀ’ ਕਹਿੰਦੀ ਹੋਈ ਆਪਣੇ ਭਰਾ ਦੀ ਗਾਲ੍ਹ ਦਾ ਜੁਆਬ ਇਉਂ ਦਿੰਦੀ ਹੈ;

ਸੁਣ ਨੀਂ ਸੱਸੇ ਐਤਵਾਰੀਏ

ਵਾਰ-ਵਾਰ ਸਮਝਾਵਾਂ।

ਜਿਹੜਾ ਤੇਰਾ ਲੀਰ ਪਰਾਂਦਾ

ਸਣੇ ਸੰਦੂਕ ਅੱਗ ਲਾਵਾਂ।

ਜਿਹੜੀ ਤੇਰੀ ਸੇਰ ਪੰਜੀਰੀ

ਵਿਹੜੇ ਵਿੱਚ ਖਿੰਡਾਵਾਂ।

ਨੀਂ ਗਾਲ੍ਹ ਭਰਾਵਾਂ ਦੀ

ਨਾ ਮੈਂ ਸੁਣਾ, ਨਾ ਖਾਵਾਂ।

ਸੱਸ ਦੇ ਕਲੇਸ਼ ਦਾ ਜਾਦੂ ਜਦ ਨੂੰਹ ਦੇ ਸਿਰ ਚੜ੍ਹ ਕੇ ਬੋਲਣ ਲੱਗਦਾ ਹੈ ਤਾਂ ਉਹ ਇੱਕ ਦਿਨ ਆਪਣੇ ਪਤੀ ਅੱਗੇ ਆਪਣੀਆਂ ਭਾਵਨਾਵਾਂ ਦਾ ਖਿਲਾਰਾ ਪਾ ਦਿੰਦੀ ਹੈ। ਆਪਣੀ ਤੜਫ਼ਦੀ ਵੇਦਨਾ ਦਾ ਪ੍ਰਗਟਾਵਾ ਕਰਦੀ ਹੋਈ ਇੱਕ ਲੋਕ-ਬੋਲੀ ਰਾਹੀਂ ਕਹਿ ਉੱਠਦੀ ਹੈ;

ਮੇਰੀ ਸੱਸ ਬੜੀ ਕੁਪੱਤੀ

ਮੈਨੂੰ ਪਾਉਣ ਨਾ ਦਿੰਦੀ ਜੁੱਤੀ

ਮੈਂ ਵੀ ਜੁੱਤੀ ਪਾਉਣੀ ਐਂ।

ਮੁੰਡਿਆ ਰਾਜੀ ਰਹਿ ਜਾਂ ਗੁੱਸੇ

ਤੇਰੀ ਮਾਂ ਖੜਕਾਉਣੀ ਐਂ।

ਜਦੋਂ ਨੂੰਹ ਤੇ ਸੱਸ ਦੇ ਰਿਸ਼ਤੇ ਵਾਲੇ ਭਾਂਡੇ ਖੜਕਣੇ ਸ਼ੁਰੂ ਹੋ ਜਾਣ ਤਾਂ ਫਿਰ ਇਹ ਰਿਸ਼ਤਾ ਵਿਅੰਗਾਂ ਤੇ ਮਸ਼ਕਰੀਆਂ ਦੇ ਘੇਰੇ ਵਿੱਚ ਆ ਜਾਂਦਾ ਹੈ। ਬੇਸ਼ੱਕ ਲੜਾਈ ਭਾਵੇਂ ਬੁੱਲ੍ਹਾਂ ਦੀ ਸੀਮਾ ਨਾ ਵੀ ਲੰਘੀ ਹੋਵੇ, ਪਰ ਅੰਦਰਲਾ ਦੱਬਿਆ ਘੁੱਟਿਆ ਵਲਵਲਾ ਗਿੱਧੇ ਦੇ ਪਿੜ ਵਿੱੱਚ ਬੋਲੀ ਬਣ ਕੇ ਆ ਉਤਰਦਾ ਹੈ। ਇਹ ਲੋਕ-ਬੋਲੀਆਂ ਸੱਸ ਦੀ ਦੁੱਖ ਤਕਲੀਫ਼ ਨੂੰ ਵੀ ਵਿਅੰਗਾਂ ਨਾਲ ਹੀ ਪਰੋਸ ਦਿੰਦੀਆਂ ਹਨ। ਸੱਸ ’ਤੇ ਕਟਾਖਸ਼ ਕਰਦੀ ਹੋਈ ਨੂੰਹ ਆਪਣੇ ਸਹੁਰੇ ਨੂੰ ਵੀ ਨਾਲ ਹੀ ਲਪੇਟ ਲੈਂਦੀ ਹੈ;

ਸੱਸ ਮੇਰੀ ਦੇ ਮਾਤਾ ਨਿਕਲੀ

ਨਿਕਲੀ ਨਿਆਰੀ ਨਿਆਰੀ।

ਸਹੁਰਾ ਮੇਰਾ ਪੂਜਣ ਲੱਗਿਆ

ਲੈ ਕੇ ਲਾਲ ਫੁਲਕਾਰੀ।

ਜੋਤ ਜਗਾਉਂਦੇ ਨੇ

ਦਾੜ੍ਹੀ ਫੂਕ ਲਈ ਸਾਰੀ।

ਪਿੱਛੇ ਜਿਹੇ ਕਰੋਨਾ ਦੀ ਬੜੀ ਭੈੜੀ ਲਾਗ ਸ਼ੁਰੂ ਹੋਈ। ਜਿੱਥੇ ਉਸ ਨੇ ਮਾਨਵਤਾ ਦਾ ਕਾਫ਼ੀ ਨੁਕਸਾਨ ਕੀਤਾ, ਉੱਥੇ ਇਸ ਲਾਗ ਤੋਂ ਨੂੰਹ ਤੇ ਸੱਸ ਦਾ ਰਿਸ਼ਤਾ ਵੀ ਅਭਿੱਜ ਨਹੀਂ ਰਹਿ ਸਕਿਆ। ਇਹ ਕਰੋਨਾ ਦੀ ਬਿਮਾਰੀ ਬੋਲੀਆਂ ਦੀ ਗੋਦੀ ਚੜ੍ਹ ਕੇ ਸਾਡੇ ਗਿੱਧਿਆਂ ਵਿੱਚ ਵੀ ਪ੍ਰਵੇਸ਼ ਕਰ ਗਈ;

ਸੱਸ ਮੇਰੀ ਨੂੰ ਹੋਇਆ ਕਰੋਨਾ

ਅੱਡ ਕਰ ਦਿੱਤੇ ਭਾਂਡੇ।

ਲੀੜੇ ਲੱਤੇ, ਮੰਜੇ ਬਿਸਤਰੇ

ਨਾ ਰੱਖੇ ਹੁਣ ਸਾਂਝੇ।

ਸਹੁਰਾ ਮੇਰਾ ਦੇਵੇ ਮੱਤਾਂ

ਬੈਠਾ ਵਿੱਚ ਬਰਾਂਡੇ।

ਨੀਂ ਤਕੜੀ ਹੋਜੇਂਗੀ

ਖਾ ਲਿਆ ਕਰ ਦੋ ਆਂਡੇ।

ਗਿੱਧੇ ਦੀਆਂ ਬੋਲੀਆਂ ਵਿੱਚ ਸੱੱਸ ਦੇ ਸੁਭਾਅ ਦੀ ਪੂਰੀ ਚੀਰ ਫਾੜ ਕੀਤੀ ਜਾਂਦੀ ਹੈ। ਰਸਦਾਰ ਤੇ ਵਿਅੰਗਮਈ ਬਣਾਉਣ ਲਈ ਸੱਸ ਦੀ ਪਾਤਰਤਾ ਸਿਰਜ ਲਈ ਜਾਂਦੀ ਹੈ। ਇੱਕ ਨਵੀਂ ਵਿਆਹੀ ਮੁਟਿਆਰ ਦੇ ਮੂੰਹੋਂ ਨਿਕਲੀ ਸੱਸ ’ਤੇ ਵਿਅੰਗ ਕਰਦੀ ਬੋਲੀ ਸੱਚ ਦੇ ਜ਼ਿਆਦਾ ਨੇੜੇ ਪ੍ਰਤੀਤ ਹੁੰਦੀ ਹੈ;

ਪਹਿਲੀ ਵਾਰ ਮੈਂ ਗਈ ਸਹੁਰਿਆਂ ਨੂੰ

ਬਾਪੂ ਮੇਰਾ ਆਇਆ।

ਕਿਲੋ ਲੱਡੂ, ਕਿਲੋ ਬਰਫ਼ੀ

ਕਿਲੋ ਖੋਆ ਲਿਅਇਆ।

ਜਾਂਦੇ ਬਾਪੂ ਨੇ ਸੱਸ ਮੇਰੀ ਨੂੰ

ਸੌ ਦਾ ਨੋਟ ਫੜਾਇਆ।

ਸੱਸ ਮੇਰੀ ਨਿੱਤ ਪੁੱਛਦੀ

ਤੇਰਾ ਬਾਪੂ ਫੇਰ ਨਾ ਆਇਆ।

ਜਿੱਥੇ ਗਿੱਧੇ ਵਿੱਚ ਪੈਣ ਵਾਲੀਆਂ ਬੋਲੀਆਂ ਦੱਬੇ-ਘੁੱਟੇ ਵਲਵਲਿਆਂ ਦਾ ਪ੍ਰਗਟਾਵਾ ਬਣਦੀਆਂ ਹਨ, ਉੱਥੇ ਇਹ ਸਮਾਜਿਕ ਰਿਸ਼ਤਿਆਂ ਦੀ ਮਿੱਥ ਨੂੰ ਹਿੱਕ ਦੇ ਜ਼ੋਰ ਨਾਲ ਤੋੜਨ ਦੀ ਹਿੰਮਤ ਵੀ ਦਿਖਾਉਂਦੀਆਂ ਹਨ। ਸੱਸ ਦੇ ਪੁੱਤਰ ਹੋਣ ਦੀ ਸੂਰਤ ਵਿੱਚ ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਤਖੱਲਸਾਂ ਜਾਂ ਮੇਹਣਿਆਂ ਨਾਲ ਨੀਵਾਂ ਦਿਖਾਉਣ ਦੀ ਜੁਰੱਅਤ ਕੀਤੀ ਜਾਂਦੀ ਹੈ;

ਸੱਸ ਮੇਰੀ ਨੇ ਮੁੰਡੇ ਜੰਮੇ

ਜੰਮ ਜੰਮ ਭਰੀ ਰਸੋਈ।

ਨੀਂ ਸਾਰੇ ਮਾਂ ਵਰਗੇ

ਪਿਓ ਵਰਗਾ ਨਾ ਕੋਈ।

ਸਮਾਜਿਕ ਵਰਤਾਰੇ ਵਿੱਚ ਵਿਚਰਦੀਆਂ ਕਹਾਵਤਾਂ ਜਾਂ ਅਖਾਉਤਾਂ ਨੂੰ ਇਨ੍ਹਾਂ ਬੋਲੀਆਂ ਵਿੱਚ ਖੂਬਸੂਰਤ ਅੰਦਾਜ਼ ਨਾਲ ਫਿੱਟ ਕਰ ਲਿਆ ਜਾਂਦਾ ਹੈ। ਸਾਉਣ ਦੇ ਮਹੀਨੇ ਜ਼ਿਆਦਾ ਮੀਂਹ ਪੈਣ ਕਰਕੇ ਖਰਬੂਜ਼ੇ ਜਾਂ ਮਤੀਰੇ ਆਮ ਕਰਕੇ ਖ਼ਰਾਬ ਹੋ ਜਾਂਦੇ ਹਨ। ਜੇਕਰ ਕੋਈ ਉੱਚੇ ਟਿੱਬੇ ’ਤੇ ਟਾਵਾਂ-ਟਾਵਾਂ ਮਤੀਰਾ ਬਚ ਵੀ ਜਾਵੇ ਤਾਂ ਉਹ ਮਤੀਰਾ ਬੇਰਸਾ ਹੋਣ ਕਰਕੇ ਕਿਸੇ ਕੰਮ ਨਹੀਂ ਆਉਂਦਾ। ਇਸੇ ਕਰਕੇ ਇੱਕ ਕਹਾਵਤ ਨੂੰ ਦੰਦ-ਕਥਾ ਦੇ ਤੌਰ ’ਤੇ ਵੀ ਵਰਤਿਆ ਜਾਂਦਾ ਹੈ। ਅਖੇ ‘ਜੱਟ ਦੀ ਫਕੀਰੀ, ਸਾਢੂ ਦੀ ਸਕੀਰੀ ਤੇ ਭਾਦੋਂ ਦੀ ਮਤੀਰੀ’ ਕਿਸੇ ਕੰਮ ਦੀ ਨਹੀਂ ਮੰਨੀ ਜਾਂਦੀ।

ਵਾਰਤਾਲਾਪੀ ਅੰਦਾਜ਼ ਵਿੱਚ ਕਈ ਸੁਆਲ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਪੁੱਛਿਆ ਨਹੀਂ ਜਾ ਸਕਦਾ, ਪਰ ਗਿੱਧੇ ਦੇ ਪਿੜ ਅੰਦਰ ਨੂੰਹ ਤੇ ਸੱਸ ਦੇ ਅਭਿਨੈ ਕਰਦੀਆਂ ਮੁਟਿਆਰਾਂ ਦੁਆਰਾ ਸਵਾਂਗ ਦੇ ਰੂਪ ਵਿੱਚ ਨਾ ਪੁੱਛਣਯੋਗ ਸਵਾਲ ਵੀ ਪ੍ਰਤੱਖ ਹੁੰਦੇ ਜਾਂਦੇ ਹਨ;

ਹਰਾ-ਹਰਾ ਟਾਂਡਾ

ਉਤੇ ਦੁੰਮ ਹੈ ਜੁਆਰ ਦਾ।

ਸੱਚ ਦੱਸੀ ਸੱਸੇ

ਰਾਂਝਾ ਪੁੱਤ ਕਿਹੜੇ ਯਾਰ ਦਾ।

ਹਰ ਪੀੜ੍ਹੀ ਦਾ, ਹਰ ਸਮਾਜਿਕ ਵਰਤਾਰੇ ਦਾ ਆਪਣਾ ਵਿਧਾਨ ਹੁੰਦਾ ਹੈ। ਗਿੱਧੇ ਵਿੱਚ ਪੈਣ ਵਾਲੀਆਂ ਬੋਲੀਆਂ ਜਿੱਥੇ ਅੰਦਰਲੀ ਵੇਦਨਾ ਦਾ ਪ੍ਰਗਟਾਵਾ ਹੁੰਦੀਆਂ ਹਨ, ਉੱਥੇ ਇਹ ਨਿਰੋਲ ਮਨੋਰੰਜਕ ਹੁੰਦੀਆਂ ਹੋਈਆਂ ਭੂਤਕਾਲ ਦੀ ਪ੍ਰਤੀਨਿਧਤਾ ਵੀ ਕਰਦੀਆਂ ਹਨ। ਮੌਜੂਦਾ ਮਾਹੌਲ ਵਿਚਲਾ ਸਮਾਜਿਕ ਤਾਣਾ-ਬਾਣਾ ਕਾਫ਼ੀ ਉਲਝਿਆ ਹੋਣ ਕਰਕੇ ਕਿਸੇ ਕੋਲ ਐਨਾ ਵਕਤ ਨਹੀਂ ਕਿ ਉਹ ਦੂਸਰੇ ਦੀ ਨੁਕਤਾਚੀਨੀ ਵਿੱਚ ਹੀ ਲੱਗਿਆ ਰਹੇ। ਹੁਣ ਸੱਸਾਂ ਦਾ ਆਪਣਾ ਸ਼ਡਿਊਲ ਹੈ ਤੇ ਨੂੰਹਾਂ ਦਾ ਆਪਣਾ। ਹੁਣ ਸੱਸਾਂ ਨੂੰ ਆਪਣੀ ਪੁਰਾਤਨ ਦਿੱਖ ਨੂੰ ਖਾਰਜ ਕਰਕੇ ਨਵੇਂ ਯੁੱਗ ਅਨੁਸਾਰ ਨਵੇਂ ਰੂਪ ਵਿੱਚ ਪੇਸ਼ ਹੋਣ ਦੀ ਲੋੜ ਹੈ। ਨਵੇਂ ਵਕਤ ਦੇ ਮੁਤਾਬਿਕ ਸੱਸਾਂ ਨੂੰ ਮਾਵਾਂ ਬਣਨ ਦੀ ਲੋੜ ਹੈ। ਜੇਕਰ ਸੱਸਾਂ ਨੇ ਮਾਵਾਂ ਦਾ ਰੋਲ ਨਾ ਨਿਭਾਇਆ ਤਾਂ ਮੁਟਿਆਰਾਂ ਦੇ ਮੂੰਹੋਂ ਇਹ ਬੋਲੀ ਸਦਾ ਹੀ ਪੈਂਦੀ ਰਹੇਗੀ;

ਸ਼ਾਮ ਹੋਈ ਤੋਂ ਘਰ ਮੁੜ ਪੈਂਦੇ

ਕੀ ਨਿਆਣਾ ਕੀ ਸਿਆਣਾ।

ਜੇਠ ਤਾੜਦਾ ਰਹਿੰਦਾ ਮੈਨੂੰ

ਕੰਤ ਅਜੇ ਮੇਰਾ ਨਿਆਣਾ।

ਸੱਸ ਵੀ ਉਤੋਂ ਲਾਵੇ ਲੂਤੀਆਂ

ਮੈਂ ਵੀ ਸਾਰੀਆਂ ਜਾਣਾ।

ਜੇ ਸੱਸ ਮਾਂ ਬਣ ਜੇ

ਪੇਕੀਂ ਕਾਸਤੋਂ ਜਾਣਾ।

ਸੰਪਰਕ: 95010-12199

Advertisement
×