ਚਾਨਣ ਜੇ ਕੁਝ ਕਰੀਦਾ ਤਾਂ ਸੇਕ ਵੀ ਜਰੀਦਾ...
ਜਦੋਂ ਆਲੇ ਦੁਆਲੇ ਦਾ ਵਾਤਾਵਰਨ ਪੂਰਾ ਗੰਧਲਾ ਹੋਵੇ ਤਾਂ ਆਪਣੇ ਆਪ ਨੂੰ ਉਸ ਪ੍ਰਦੂਸ਼ਣ ਦੀ ਲਾਗ ਤੋਂ ਬਚਾ ਕੇ ਰੱਖਣਾ ਸੂਰਮਿਆਂ ਵਾਲਾ ਕੰਮ ਹੈ। ਅਜਿਹੇ ਇਨਸਾਨ ਨੇ ਬਹੁਤ ਜਬਰਦਸਤ ਐਂਟੀ-ਵਾਇਰਸ ਆਪਣੀ ਚੇਤਨਾ ਵਿੱਚ ਪਾਏ ਹੁੰਦੇ ਹਨ। ਬਚਪਨ ਤੋਂ ਹੀ ਜਿਵੇਂ...
ਜਦੋਂ ਆਲੇ ਦੁਆਲੇ ਦਾ ਵਾਤਾਵਰਨ ਪੂਰਾ ਗੰਧਲਾ ਹੋਵੇ ਤਾਂ ਆਪਣੇ ਆਪ ਨੂੰ ਉਸ ਪ੍ਰਦੂਸ਼ਣ ਦੀ ਲਾਗ ਤੋਂ ਬਚਾ ਕੇ ਰੱਖਣਾ ਸੂਰਮਿਆਂ ਵਾਲਾ ਕੰਮ ਹੈ। ਅਜਿਹੇ ਇਨਸਾਨ ਨੇ ਬਹੁਤ ਜਬਰਦਸਤ ਐਂਟੀ-ਵਾਇਰਸ ਆਪਣੀ ਚੇਤਨਾ ਵਿੱਚ ਪਾਏ ਹੁੰਦੇ ਹਨ। ਬਚਪਨ ਤੋਂ ਹੀ ਜਿਵੇਂ ‘ਕੁਝ ਰੋਗ ਰੋਕੂ ਟੀਕੇ’ ਲਗਵਾਉਣੇ ਪੈਂਦੇ ਹਨ, ਇੱਧਰ ਵੀ ਮਨ ਨੂੰ ਐਸੀ ਪਾਣ ਚਾੜ੍ਹੀ ਜਾਣੀ ਬਹੁਤ ਜ਼ਰੂਰੀ ਹੈ। ਕੁਝ ਅਜਿਹੇ ਉਪਕਰਨ ਸੁਣੇ ਤੇ ਦੇਖੇ ਹੋਣਗੇ ਜਿਹੜੇ ਬਾਹਰੀ ਵਾਤਾਵਰਨ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਉਨ੍ਹਾਂ ਦੇ ਮਿਆਰਾਂ ਵਿੱਚ ਬਹੁਤ ਛੋਟੀ ਰੁਕਾਵਟ ਜਾਂ ਹਿਲਜੁਲ ਉਨ੍ਹਾਂ ਦੀ ਸਮਰੱਥਾ ਵਿੱਚ ਵੱਡਾ ਫਰਕ ਪਾ ਸਕਦੀ ਹੈ। ਇਹੀ ਹਾਲ ਸਾਡੇ ਮਨ ਦਾ ਵੀ ਹੈ ਜਿਹੜਾ ਬਾਹਰੀ ਚਕਾਚੌਂਧ ਹੀ ਨਹੀਂ, ਅੰਦਰੂਨੀ ਕਲਪਨਾਵਾਂ ਅਤੇ ਆਸਾਂ ਦੇ ਨਾਲ ਖੜ੍ਹੇ ਕੀਤੇ ਸਬਜ਼ਬਾਗ ਰਾਹੀਂ ਰਸਾਤਲ ਵਿੱਚ ਡਿੱਗਣ ਦਾ ਬਹਾਨਾ ਲੱਭ ਲੈਂਦਾ ਹੈ।
ਲਗਾਤਾਰ ਕੀਤੇ ਯਤਨਾਂ ਨਾਲ ਹੀ ਉਸ ਅੰਦਰਲੇ ਚਿਰਾਗ ਨੂੰ ਬਾਹਰੀ ਪਦਾਰਥਵਾਦੀ ਅਤੇ ਖਪਤਵਾਦ ਦੀਆਂ ਹਨੇਰੀਆਂ ਅਤੇ ਅੰਦਰੂਨੀ ਅਗਿਆਨਤਾ ਤੇ ਭਰਮ ਦੇ ਹਨੇਰਿਆਂ ਵਿੱਚ ਜਗਦਿਆਂ ਰੱਖਣਾ ਪੈਂਦਾ ਹੈ। ਸਾਡੀ ਧੁਰ ਅੰਦਰੋਂ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਨਮਸਕਾਰ ਹੈ ਜਿਨ੍ਹਾਂ ਨੇ ਦੁਨੀਆ ਦੀ ਭੀੜ ਤੋਂ ਵੱਖਰਾ ਤੁਰਨ ਦਾ ਹੌਸਲਾ ਕੀਤਾ। ਇਸੇ ਲਈ ਸੱਚ ਦੇ ਆਸ਼ਕ ਅੱਜ ਵੀ ਸਮੇਂ ਦੀ ਹਿੱਕ ’ਤੇ ਲਿਖੇ ਉਨ੍ਹਾਂ ਦੇ ਅਮਿੱਟ ਸ਼ਬਦਾਂ ਨੂੰ ਪੜ੍ਹਨ, ਸਮਝਣ ਅਤੇ ਅਮਲ ਕਰਨ ਦੀ ਭਾਲ ਵਿੱਚ ਰਹਿੰਦੇ ਹਨ।
ਇਹ ਚਾਨਣ ਦੋ ਤਰ੍ਹਾਂ ਦਾ ਹੈ, ਪਹਿਲਾ ਆਪਣੇ ਆਪ ਲਈ। ਜਿਸ ਨੇ ਅੰਦਰਲੀ ਕਾਲਖ ਨੂੰ ਦੂਰ ਕਰਕੇ ਇੱਕ ਸਵੈ ਵਿਸ਼ਵਾਸ ਪੈਦਾ ਕਰਨਾ ਹੈ ਜਿਸ ਨਾਲ ਇਨਸਾਨ ਦੇ ਫੈਸਲੇ ਬਾਹਰਲੀ ਦੁਨੀਆ ਦੀ ਪਸੰਦ, ਪ੍ਰਸੰਸਾ ਜਾਂ ਨਿੰਦਾ ਤੋਂ ਪ੍ਰਭਾਵਿਤ ਨਹੀਂ ਹੁੰਦੇ। ਸਗੋਂ ਉਹ ਆਤਮਿਕ ਸੱਚ ਦੀ ਕਸਵੱਟੀ ’ਤੇ ਪਰਖ ਕੇ ਹੀ ਆਪਣੇ ਰਾਹ ਚੁਣਦੇ ਹਨ ਅਤੇ ਇੱਕ ਵਾਰ ਚੱਲ ਪਏ ਤਾਂ ਅਗੰਮੀ ਪ੍ਰੇਰਨਾ ਉਨ੍ਹਾਂ ਦੇ ਕਦਮਾਂ ਨੂੰ ਤੋਰ ਬਖ਼ਸ਼ਦੀ ਰਹਿੰਦੀ ਹੈ। ਇਹ ਅੰਦਰਲਾ ਚਾਨਣ ਵੀ ਸੇਕ-ਵਿਹੂਣਾ ਨਹੀਂ ਹੁੰਦਾ। ਇਹ ਸੇਕ ਮਨੋਵਿਗਿਆਨਕ ਅਤੇ ਆਤਮਿਕ ਵਧੇਰੇ ਹੁੰਦਾ ਹੈ। ਮਨ ਨੂੰ ਆਪਣੇ ਪੁਰਾਣੇ ਸੰਕਲਪਾਂ, ਅਹੰਕਾਰ ਅਤੇ ਮੋਹ ਦੀ ਟੁੱਟ ਭੱਜ ਸਹਿਣੀ ਪੈਂਦੀ ਹੈ। ਦੁਨੀਆ ਵੀ ਭੀੜ ਤੋਂ ਵੱਖਰੀ ਸੋਚ ਰੱਖਣ ਵਾਲੀ ਅਜਿਹੀ ਸ਼ਖ਼ਸੀਅਤ ਨੂੰ ਤਾਹਨੇ, ਮਿਹਣੇ ਅਤੇ ਸਮਾਜਿਕ ਅਪ੍ਰਵਾਨਗੀ ਦੇ ਕੇ ਉਸ ਨੂੰ ਡੁਲਾਉਣ ਦਾ ਯਤਨ ਜਾਰੀ ਰੱਖਦੀ ਹੈ। ਗੁਰਬਾਣੀ ਇਸ ਨੂੰ ਆਤਮਿਕ ਸੋਝੀ, ਨਾਮ ਅਤੇ ਗੁਰ-ਗਿਆਨ ਦਾ ਪ੍ਰਤੀਕ ਮੰਨਦੀ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਮਿਟਾਉਂਦਾ ਹੈ।
ਅੰਦਰਲੀ ਟੁੱਟ ਭੱਜ ਇੱਕ ‘ਤਪ’ ਤੋਂ ਘੱਟ ਨਹੀਂ ਹੁੰਦੀ। ਗੁਰਬਾਣੀ ਵਿੱਚ ਦੁੱਖ, ਤੇਲ ਅਤੇ ਚਾਨਣ ਦਾ ਇੱਕ ਅਨੋਖਾ ਰੂਪਕ ਲਿਆ ਗਿਆ ਹੈ ਜਿਸ ਵਿੱਚ ਨਾਮ ਦੇ ਦੀਵੇ ਵਿੱਚ ਦੁੱਖ ਦਾ ਤੇਲ ਪਾਇਆ ਹੈ ਅਤੇ ਇਸ ਤੇਲ ਨੂੰ ਜਲਾਉਣ ਨਾਲ ਚਾਨਣ ਬਣਦਾ ਹੈ;
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ।।
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ।।
ਇੱਥੇ ਦੁੱਖ ਨੂੰ ਨਕਾਰਾਤਮਕ ਨਹੀਂ, ਸਗੋਂ ਆਤਮਿਕ ਈਂਧਣ ਵਜੋਂ ਵਰਤਿਆ ਗਿਆ ਹੈ। ਤਦ ਇਹ ਦੁੱਖ ਵੀ ਦਾਰੂ ਹੋ ਨਿੱਬੜਦਾ ਹੈ। ਜਗਤ ਦਾ ਅਨੁਭਵ, ਕਲੇਸ਼, ਮਨ ਦੀ ਤਲਖੀ ਅਤੇ ਬੇਚੈਨੀ ਇਹ ਸਭ ਤੇਲ ਵਾਂਗ ਸੜ ਕੇ ਜਾਗ੍ਰਤੀ ਦਾ ਚਾਨਣ ਪੈਦਾ ਕਰਦੇ ਹਨ। ਸਿੱਖ ਦਰਸ਼ਨ ਵਿੱਚ ਦੁੱਖ, ਅਹੰਕਾਰ ਨੂੰ ਘਟਾਉਣ, ਮੋਹ ਮਾਇਆ ਦੇ ਫੰਦੇ ਕੱਟਣ ਅਤੇ ਨਿਮਰਤਾ ਪੈਦਾ ਕਰਨ ਦਾ ਸਾਧਨ ਹੈ। ਇਸ ਤਰ੍ਹਾਂ ਸੇਕ ਮਨੋਵਿਗਿਆਨਕ ਤੌਰ ’ਤੇ ਅਹੰ-ਤੋੜ ਅਤੇ ਚੇਤਨਾ ਵਿਸਥਾਰ ਦਾ ਰਸਤਾ ਬਣਦਾ ਹੈ। ਇਹ ਅਵਸਥਾ ਕਿਵੇਂ ਬਣਦੀ ਹੈ ? ਪਹਿਲੇ ਪੜਾਅ ਵਿੱਚ ਜੀਵਨ ਦੇ ਦੁੱਖ, ਅਸਥਿਰਤਾ ਅਤੇ ਅੰਦਰੂਨੀ ਖਲਾਅ ਦਾ ਡੂੰਘਾ ਅਨੁਭਵ, ਇਸ ਨੂੰ ਸਿੱਖ ਅਤੇ ਬੌਧ (ਮਹਾਤਮਾ ਬੁੱਧ) ਸੋਚ ਦੋਵੇਂ ਚੇਤਨਾ ਜਗਾਉਣ ਵਾਲੇ ਝਟਕੇ ਵਜੋਂ ਦੇਖਦੇ ਹਨ। ਦੂਸਰੇ ਪੜਾਅ ’ਤੇ ਮਨੁੱਖ ਆਪਣੇ ਮੂਲ ਅਤੇ ਅੰਦਰੂਨੀ ਚੇਤਨਾ ਦੀ ਭਾਲ ਵੱਲ ਤੁਰਦਾ ਹੈ। ਸਵੈ ਵਿਸ਼ਲੇਸ਼ਣ, ਨਾਮ, ਸਵੈ ਅਵਲੋਕਨ ਆਦਿ ਰਾਹੀਂ ਪੁਰਾਣੇ ਵਿਸ਼ਵਾਸ, ਡਰ ਟੁੱਟਦੇ ਹਨ ਅਤੇ ਸੇਕ ਨੂੰ ਸਵੀਕਾਰਿਆ ਜਾਂਦਾ ਹੈ। ਆਖਰੀ ਪੜਾਅ ਵਿੱਚ ਇਨ੍ਹਾਂ ਤਜਰਬਿਆਂ ਨੂੰ ਦਬਾਉਣ ਦੀ ਬਜਾਏ ਦੇਖਿਆ ਅਤੇ ਜੀਅ ਜਾਂਦਾ ਹੈ ਤਾਂ ਚੇਤਨਾ ਵਿੱਚ ਨਵੀਂ ਸਥਿਰਤਾ ਅਤੇ ਸਾਫ਼ਗੋਈ ਆਉਂਦੀ ਹੈ। ਪੱਛਮੀ ਮਨੋਵਿਗਿਆਨ ਅਤੇ ਕਾਰਲ ਜੁੰਗ ਦੇ ਵਿਅਕਤੀਗਤਕਰਨ ਦਾ ਵੀ ਇਹੀ ਨਿਯਮ ਹੈ। ਉਹ ਮੰਨਦਾ ਹੈ ਕਿ ਅਸਲ ਆਤਮ-ਵਿਕਾਸ ਵਿੱਚ ਦੁੱਖ ਅਟੱਲ ਹੈ ਅਤੇ ਮਨੁੱਖ ਨੂੰ ਆਪਣੇ ਅੰਦਰ ਦੇ ਹਨੇਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਚਾਨਣ ਦਾ ਦੂਸਰਾ ਹਿੱਸਾ ਹੈ ਹੋਰਾਂ ਨੂੰ ਰੁਸ਼ਨਾਉਣਾ। ਜਾਗੀ ਹੋਈ ਆਤਮਾ, ਸੱਚ ਨੂੰ ਪਛਾਣ ਚੁੱਕੀ ਰੂਹ ਚੁੱਪ ਕਰਕੇ ਨਹੀਂ ਬੈਠ ਸਕਦੀ। ਉਹ ਗੁਰੂ ਨਾਨਕ ਵਾਂਗ ਜਗਤ ਜਲੰਦਾ ਦੇਖ ਕੇ ਤੜਪ ਜਾਂਦੀ ਹੈ ਅਤੇ ਉਨ੍ਹਾਂ ਨੂੰ ਜਗਾਉਣ ਲਈ ਲੰਮੀ ਯਾਤਰਾ ’ਤੇ ਨਿਕਲ ਪੈਂਦੀ ਹੈ। ਜਦੋਂ ਗੁਰੂ ਬਾਬੇ ਨੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਜੜਤਾਵਾਂ ਅਤੇ ਨਾਂਹ ਵਾਚਕ ਬਿਰਤੀਆਂ ਵਿਰੁੱਧ ਸੱਚ ਦਾ ਚਾਨਣ ਫੈਲਾਇਆ ਤਾਂ ਉਨ੍ਹਾਂ ਨੂੰ ਸਮਾਜਿਕ ਵਿਰੋਧ, ਬੁਰੇ ਬਚਨ ਸੁਣਨ ਅਤੇ ਜ਼ਾਲਮ ਦੀ ਕੈਦ ਦਾ ਸੇਕ ਵੀ ਸਹਿਣਾ ਪਿਆ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਰਿਵਾਰ ਵਾਰਦੇ ਹੋਏ, ਜੰਗਾਂ ਦਾ ਸਾਹਮਣਾ ਕਰਦੇ ਹੋਏ, ਅੰਦਰੂਨੀ ਚਾਨਣ ਨਾਲ ਅਸੀਂ ਅਜਿਹੇ ਕਿੰਨੇ ਹੀ ਸੇਕ ਖੁਸ਼ੀ ਨਾਲ ਸਹਿੰਦੇ ਵੇਖਦੇ ਹਾਂ ਅਤੇ ਇਸੇ ਸੇਕ ਵਿੱਚੋਂ ਖਾਲਸੇ ਦੇ ਚਾਨਣ ਨੇ ਜਨਮ ਲਿਆ ਸੀ, ਜਿਹੜਾ ਸਦੀਆਂ ਤੱਕ ਸੇਕ ਸਹਿ ਕੇ ਰੌਸ਼ਨੀ ਵੰਡਦਾ ਰਿਹਾ।
ਗੌਤਮ ਬੁੱਧ ਨੇ ਰਾਜਸੀ ਸੁੱਖ ਸਹੂਲਤ ਛੱਡ ਕੇ ਕਠੋਰ ਤਪੱਸਿਆ ਤੇ ਚਿੰਤਨ ਰਾਹੀਂ ਦੁੱਖ ਦੇ ਮੂਲ ਅਤੇ ਮੁਕਤੀ ਦਾ ਚਾਨਣ ਪ੍ਰਾਪਤ ਕੀਤਾ। ਬੁੱਧ ਦੀ ਜਾਗਰਤੀ ਮਨੋਵਿਗਿਆਨਕ ਪੱਧਰ ’ਤੇ ਡੂੰਘੇ ਅੰਦਰੂਨੀ ਸੇਕ, ਅਹੰਕਾਰ ਦੇ ਟੁੱਟਣ ਅਤੇ ਇੱਛਾ ਤਿਆਗ ਦੀ ਪ੍ਰਕਿਰਿਆ ਰਾਹੀਂ ਬਣੀ। ਹਜ਼ਰਤ ਈਸਾ ਮਸੀਹ ਨੇ ਪ੍ਰੇਮ, ਖਿਮਾ ਅਤੇ ਪ੍ਰਭੂ ਨਾਲ ਜੁੜਨ ਦਾ ਚਾਨਣ ਵੰਡਣ ਦੀ ਕੀਮਤ ਸਲੀਬ ਦਾ ਸੇਕ ਸਹਿ ਕੇ ਚੁਕਾਈ। ਕਾਰਲ ਜੁੰਗ ਈਸਾ ਦੀ ਸਲੀਬ ਦੇਖ ਕੇ ਕਹਿੰਦਾ ਹੈ ਕਿ ਮਨੁੱਖ ਨੂੰ ‘ਆਪਣਾ ਕਰਾਸ’ ਆਪ ਝੱਲਣਾ ਪੈਂਦਾ ਹੈ। ਇਹ ਇੱਕ ਪ੍ਰਤੀਕ ਬਣ ਜਾਂਦੀ ਹੈ ਕਿ ਜੋ ਚੇਤਨਾ ਸੱਚੇ ਪ੍ਰੇਮ ਨਾਲ ਅਤੇ ਸੱਚ ਨਾਲ ਜੁੜਦੀ ਹੈ, ਉਸ ਨੂੰ ਅਕਸਰ ਸਮਾਜਿਕ ਵਿਰੋਧ ਅਤੇ ਬਲੀਦਾਨ ਪਾਰ ਕਰਨੇ ਪੈਂਦੇ ਹਨ। ਨੈਲਸਨ ਮੰਡੇਲਾ ਨੇ 27 ਸਾਲ ਕੈਦ ਦੇ ਦੁੱਖੜੇ ਸਹੇ, ਪਰ ਇਸ ਦੁੱਖ ਨੂੰ, ਇਸ ਸੇਕ ਨੂੰ ਉਸ ਨੇ ਅੰਦਰੂਨੀ ਤਿਆਰੀ, ਧੀਰਜ ਅਤੇ ਨਿਆਂਇਕ ਚੇਤਨਾ ਦੇ ਚਾਨਣ ਵਿੱਚ ਬਦਲ ਦਿੱਤਾ ਜੋ ਬਾਅਦ ਵਿੱਚ ਸਮਝੌਤੇ ਅਤੇ ਖਿਮਾ ਦੇ ਪ੍ਰਤੀਕ ਬਣੇ। ਮਨੋਵਿਗਿਆਨਕ ਪੱਖੋਂ ਇਹ ਉਹ ਅਵਸਥਾ ਹੈ ਜਿੱਥੇ ਮਨੁੱਖ ਆਪਣੀ ਪੀੜ ਨੂੰ ਸਿਰਫ਼ ਨਿੱਜੀ ਦੁਖਾਂਤ ਨਹੀਂ ਸਗੋਂ ਸਾਂਝੀ ਚੇਤਨਾ ਦੀ ਉਚਾਈ ਲਈ ਵਰਤਦਾ ਹੈ।
ਆਧੁਨਿਕ ਮਨੋਵਿਗਿਆਨ ਮੰਨਦਾ ਹੈ ਕਿ ਜਦੋਂ ਮਨੁੱਖ ਦੁੱਖ ਤੋਂ ਨਿਰਾਸ਼ ਹੋ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਦਵਾਈ, ਨਸ਼ਾ, ਲਗਾਤਾਰ ਧਿਆਨ, ਭੰਗ ਆਦਿ ਦਾ ਸਹਾਰਾ ਲੈਂਦਾ ਹੈ ਤਾਂ ਅੰਦਰੂਨੀ ਵਿਕਾਸ ਰੁਕ ਜਾਂਦਾ ਹੈ। ਜੁੰਗ ਵਰਗੇ ਮਨੋਵਿਗਿਆਨੀ ਦੁੱਖ ਨੂੰ ਸਵੀਕਾਰ ਕਰਕੇ ਉਸ ਰਾਹੀਂ ਅੱਗੇ ਵਧਣ ਦੀ ਗੱਲ ਕਰਦੇ ਹਨ। ਸਿੱਖ ਦਰਸ਼ਨ ਇਸ ਨੂੰ ‘ਚੜ੍ਹਦੀ ਕਲਾ’ ਦੇ ਰੂਪ ਵਿੱਚ ਅੱਗੇ ਲਿਆਉਂਦਾ ਹੈ- ਦੁੱਖ ਹੈ, ਸੇਕ ਹੈ, ਪਰ ਮਨ ਦੀ ਅਵਸਥਾ ਉੱਚ-ਅਨੁਕੂਲ ਅਤੇ ਰੱਬੀ ਹੁਕਮ ਨਾਲ ਮਿਲ ਜਾਂਦੀ ਹੈ। ਇੱਥੇ ਚਾਨਣ ਅਟੱਲ ਭਰੋਸਾ ਅਤੇ ਅੰਦਰੂਨੀ ਪ੍ਰਕਾਸ਼ ਬਣਦਾ ਹੈ ਜਿਹੜਾ ਖੁਦ ਕਸ਼ਟ ਸਹਿ ਕੇ ਵੀ ਜ਼ੁਲਮ ਦਾ ਸਾਹਮਣਾ ਕਰਦਾ ਹੈ ਅਤੇ ਇਨਸਾਨੀਅਤ ਦੇ ਦਰਦ ਦੂਰ ਕਰਨ ਲਈ ਤਤਪਰ ਰਹਿੰਦਾ ਹੈ।
ਆਦਿ ਕਾਲ ਤੋਂ ਮੌਜੂਦਾ ਦੌਰ ਤੱਕ ਸੰਘਰਸ਼ ਕਰਨ ਵਾਲੇ ਸਭ ਵਿਅਕਤੀਆਂ ਨੂੰ ਹੀ ਸਮੇਂ ਸਮੇਂ ’ਤੇ ਉਸ ਵਕਤ ਦੀਆਂ ਸਰਕਾਰਾਂ ਤੋਂ ਅਤੇ ਵਿਰੋਧੀ ਟੋਲਿਆਂ ਵੱਲੋਂ ਦਿੱਤੇ ਗਏ ਵੱਖ ਵੱਖ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਜ਼ੁਲਮ ਸਹਿਣ ਕਰਨੇ ਪਏ। ਗੁਰੂ ਸਾਹਿਬ ਅਤੇ ਖਾਲਸਾ ਹੀ ਨਹੀਂ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਵਰਗੇ ਦੇਸ਼ ਭਗਤ ਹੀ ਨਹੀਂ, ਸਗੋਂ ਹੱਕ ਸੱਚ ਦੀ ਗੱਲ ਕਰਨ ਵਾਲੇ ਕਿਸੇ ਆਮ ਵਿਅਕਤੀ ਨੂੰ ਵੀ ਬਹੁਤ ਸਾਰੇ ਕਸ਼ਟ ਝੱਲਣੇ ਪੈਂਦੇ ਹਨ। ਅਜੋਕੇ ਸਮੇਂ ਵੀ ਕੋਈ ਮਜ਼ਦੂਰ, ਕਿਸਾਨ, ਮੁਲਾਜ਼ਮ ਜਾਂ ਆਮ ਨਾਗਰਿਕ ਵੀ ਜਦੋਂ ਸਰਕਾਰ, ਆਪਣੇ ਬਾਸ ਜਾਂ ਕਿਸੇ ਵੀ ਅਹੁਦੇ, ਤਾਕਤ ਵਿੱਚ ਉੱਚੇ ਵਿਅਕਤੀ ਜਾਂ ਸੰਸਥਾ ਦੇ ਵਿਰੁੱਧ ਆਵਾਜ਼ ਉਠਾਵੇ, ਇਹ ਕਦੇ ਨਹੀਂ ਹੁੰਦਾ ਕਿ ਉਸ ਦੀ ਗੱਲ ਨੂੰ ਸਹਿਜ ਨਾਲ ਸੁਣ ਕੇ ਵਿਚਾਰਿਆ ਗਿਆ ਹੋਵੇ। ਸਗੋਂ ਰਾਜ ਸੱਤਾ ’ਤੇ ਕਾਬਜ਼ ਧਿਰ ਵੱਲੋਂ ਜਾਂ ਉਸ ਦੇ ਸਮਰਥਕਾਂ ਵੱਲੋਂ ਇਸ ਆਵਾਜ਼ ਨੂੰ ਦਬਾਏ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਇਕੱਲਾ ਵਿਅਕਤੀ ਹੋਵੇ ਤਾਂ ਉਸ ਨੂੰ ਦਬਾਉਣਾ ਸੌਖਾ ਹੁੰਦਾ ਹੈ। ਜਿਹੜਾ ਦੀਵਾ ਹਨੇਰਾ ਦੂਰ ਕਰਨ ਦੀ ਕੋਸ਼ਿਸ਼ ਕਰੇਗਾ, ਉਸੇ ਨੂੰ ਹਨੇਰੀਆਂ ਦਾ ਸਾਹਮਣਾ ਕਰਨਾ ਪਵੇਗਾ।
ਜੇ ਇਹ ਚਾਨਣ ਕਰਨ ਵਾਲਾ ਵਿਅਕਤੀ ਸਰਕਾਰੀ ਕਰਮਚਾਰੀ ਹੈ ਤਾਂ ਉਸ ਦੀ ਬਦਲੀ ਹੋਣੀ, ਤਰੱਕੀ ਰੁਕਣੀ, ਨੌਕਰੀ ਵਿੱਚੋਂ ਕੱਢਿਆ ਜਾਣਾ, ਝੂਠੇ ਪਰਚੇ ਦਰਜ ਕਰਨੇ, ਜੇਲ੍ਹਾਂ ਹੋਣੀਆਂ ਅਤੇ ਅਖੀਰ ’ਤੇ ਖ਼ਤਮ ਕਰ ਦੇਣ ਤੱਕ ਦੀ ਨੌਬਤ ਵੀ ਆ ਜਾਂਦੀ ਹੈ। ਰਾਜ ’ਤੇ ਕਾਬਜ਼ ਧਿਰ ਵੱਲੋਂ ਉਸ ਨੂੰ ਬਾਗੀ, ਦੇਸ਼ ਧ੍ਰੋਹੀ, ਅਤਿਵਾਦੀ ਅਤੇ ਵੱਖਵਾਦੀ ਆਦਿ ਦੇ ਖਿਤਾਬ ਦਿੱਤੇ ਜਾਂਦੇ ਹਨ। ਉਸ ’ਤੇ ਇਲਜ਼ਾਮ ਲਗਾਏ ਜਾਂਦੇ ਹਨ, ਉਸ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ। ਇਹ ਉਸ ਵਿਅਕਤੀ ਦੀ ਅੰਦਰੂਨੀ ਦ੍ਰਿੜ੍ਹਤਾ ’ਤੇ ਨਿਰਭਰ ਕਰਦਾ ਹੈ ਕਿ ਉਹ ਇਨ੍ਹਾਂ ਜ਼ੁਲਮਾਂ ਨੂੰ ਕਿੰਨਾ ਕੁ ਝੱਲ ਸਕਦਾ ਹੈ ਅਤੇ ਕਿੰਨੀ ਕੁ ਦੇਰ ਇਸ ਸੱਚਾਈ ਅਤੇ ਗਿਆਨ ਦੇ ਚਾਨਣ ਨੂੰ ਵੰਡਣਾ ਜਾਰੀ ਰੱਖਦਾ ਹੈ।
ਜਦੋਂ ਹਮ-ਖਿਆਲ਼ ਲੋਕ ਜੁੜਦੇ ਹਨ ਅਤੇ ਲਹਿਰਾਂ ਬਣਦੀਆਂ ਹਨ, ਆਪਣੇ ਹੱਕਾਂ ਲਈ ਸਰਕਾਰ ਦੇ ਜਾਂ ਜ਼ਾਲਮ ਧਿਰ ਦੇ ਵਿਰੁੱਧ ਉੱਠਦੇ ਹਨ ਤਾਂ ਉਨ੍ਹਾਂ ਨੂੰ ਵੀ ਸਾਂਝੇ ਤੌਰ ’ਤੇ ਸੇਕ ਝੱਲਣਾ ਪੈਂਦਾ ਹੈ। ਇਹ ਲਹਿਰਾਂ ਆਤਮਿਕ-ਮਨੋਵਿਗਿਆਨਕ ਸੰਦਰਭ ਨੂੰ ਸਮਾਜਿਕ ਅਧਿਕਾਰਾਂ ਅਤੇ ਨਿਆਂ ਦੇ ਸੰਘਰਸ਼ ਨਾਲ ਜੋੜਦੀਆਂ ਹਨ। ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੀ ਲੜਾਈ ਨੂੰ ਵੀ ਸਮੂਹਿਕ ਤੌਰ ’ਤੇ ਦੇਖਿਆ ਜਾ ਸਕਦਾ ਹੈ ਜਿਸ ਦੇ ਬਦਲੇ ਵਿੱਚ ਗ੍ਰਿਫ਼ਤਾਰੀਆਂ ਅਤੇ ਫਾਂਸੀਆਂ ਮਿਲਦੀਆਂ ਰਹੀਆਂ। ਕਿਹਾ ਜਾਂਦਾ ਹੈ ਕਿ ਦੁਨੀਆ ਝੁਕਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਜਿੱਥੇ ਕੋਈ ਦ੍ਰਿੜ੍ਹ ਇਰਾਦੇ ਵਾਲਾ ਅੜ ਜਾਵੇ ਤਾਂ ਦੁਨੀਆ ਖੁਦ ਝੁਕ ਜਾਂਦੀ ਹੈ। ਚਾਨਣ ਦੇਣ ਵਾਲੇ ਦਾ ਅਤੇ ਉਸ ਦਾ ਵਿਰੋਧ ਕਰਨ ਵਾਲੇ ਦਾ ਸੁਭਾਅ ਸਾਰੇ ਸੰਸਾਰ ਵਿੱਚ ਇੱਕੋ ਜਿਹਾ ਹੁੰਦਾ ਹੈ। ਸਮੂਹਿਕ ਸੰਘਰਸ਼ ਵਿੱਚ ਹਰ ਵਿਅਕਤੀ ਨੂੰ ਡਰ, ਅਨਿਸ਼ਚਿਤਤਾ ਅਤੇ ਸਮਾਜਿਕ ਵਿਰੋਧ ਦਾ ਸੇਕ ਸਹਿਣਾ ਪੈਂਦਾ ਹੈ।
ਆਓ, ਅਸੀਂ ਪਹਿਲਾਂ ਚਾਨਣ ਯਾਨੀ ਗਿਆਨ ਦਾ ਚਾਨਣ, ਚੇਤਨਾ ਦਾ ਚਾਨਣ, ਅਨੁਭਵ ਦਾ ਚਾਨਣ ਅਤੇ ਨੈਤਿਕ ਆਦਰਸ਼ ਦਾ ਚਾਨਣ ਆਪਣੇ ਅੰਦਰ ਇਕੱਠਾ ਕਰੀਏ ਜਿਸ ਨਾਲ ਸਾਡੇ ਆਪਣੇ ਅੰਦਰਲੀ ਕਾਲਖ ਦੂਰ ਹੋ ਜਾਏਗੀ। ਇੱਕ ਵਿਸ਼ਵਾਸ ਜਾਗੇਗਾ, ਸੱਚ ਹੱਕ ਦੇ ਰਸਤੇ ’ਤੇ ਤੁਰਨ ਦਾ ਬਲ ਪੈਦਾ ਹੋਏਗਾ। ਆਪਣੀ ਨਿੱਜੀ ਹੋਂਦ ਅਤੇ ਹਉਮੈ ਖ਼ਤਮ ਹੋਏਗੀ ਅਤੇ ਸਮੁੱਚੀ ਮਨੁੱਖਤਾ ਦੇ ਕਲਿਆਣ ਦਾ ਆਦਰਸ਼ ਇੱਕ ਮੰਜ਼ਿਲ ਬਣ ਜਾਏਗਾ ਜਿਸ ਨੂੰ ਪ੍ਰਾਪਤ ਕਰਨ ਲਈ ਸਾਡਾ ਔਰਾ ਮਜ਼ਬੂਤ ਹੁੰਦਾ ਜਾਏਗਾ ਅਤੇ ਸੇਕ ਝੱਲ ਸਕਣ ਦੀ ਕੁਦਰਤੀ ਸਮਰੱਥਾ ਆਉਂਦੀ ਜਾਏਗੀ।
ਸਾਨੂੰ ਆਪਣੇ ਅੰਦਰਲੇ ’ਤੇ ਕੰਮ ਪਹਿਲਾਂ ਕਰਨਾ ਪਵੇਗਾ ਕਿਉਂਕਿ ਕਿਸੇ ਦਰੱਖਤ ਦੀ ਜੜ ਜਿੰਨੀ ਡੂੰਘੀ ਹੋਏਗੀ, ਓਨੀ ਹੀ ਜ਼ਿਆਦਾ ਉਹ ਛਾਂ ਦੇ ਸਕੇਗਾ। ਅੰਦਰਲਾ ਮਜ਼ਬੂਤ ਹੋਏਗਾ ਤਦ ਹੀ ਦੂਸਰਿਆਂ ਨੂੰ ਸੇਧ ਦਿੱਤੀ ਜਾ ਸਕੇਗੀ, ਤਦ ਹੀ ਦੂਸਰਿਆਂ ਦੇ ਦੁੱਖ ਵੰਡੇ ਜਾ ਸਕਣਗੇ ਅਤੇ ਤਦ ਅਤੇ ਸਿਰਫ਼ ਤਦ ਹੀ ਬਾਹਰੀ ਹਨੇਰੀਆਂ ਵਿੱਚ ਵੀ ਇਹ ਚਿਰਾਗ ਜਗਦਾ ਰਹਿ ਸਕਦਾ ਹੈ। ਮਰਹੂਮ ਕਵੀ ਸੁਰਜੀਤ ਪਾਤਰ ਦੇ ਬੋਲ ਹਨ;
ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ਼ ਨਾ ਜਾਵਾਂ।
ਅੰਬਰ ਨੂੰ ਛੂਹਣੋਂ ਪਹਿਲਾਂ, ਮਿੱਟੀ ’ਚ ਰਲ਼ ਨਾ ਜਾਵਾਂ।
***
ਚਾਨਣ ਜੇ ਕੁਝ ਕਰੀਦਾ, ਤਾਂ ਸੇਕ ਵੀ ਜਰੀਦਾ।
ਇੱਦਾਂ ਨਹੀਂ ਕਰੀਦਾ, ਹਾਇ ਮੈਂ ਮਰ ਨਾ ਜਾਵਾਂ।
ਸੰਪਰਕ: 98147-15796

