ਮੁੰਬਈ, 13 ਅਗਸਤ
ਅਦਾਕਾਰ ਬਿਪਾਸ਼ਾ ਬਾਸੂ ਨੇ ਕਿਹਾ ਕਿ ਫ਼ਿਲਮ ਇੰਡਸਟਰੀ ਵਿੱਚ ਥਾਂ ਬਣਾਉਣ ਮੌਕੇ ਉਸ ਨੂੰ ਆਪਣੇ ਸਰੀਰ ਦੇ ਰੰਗ ਤੋਂ ਲੈ ਕੇ ‘ਬਹੁਤ ਲਿੱਸੀ’ ਤੇ ‘ਬਹੁਤ ਮੋਟੀ’ ਜਿਹੀਆਂ ਟਿੱਪਣੀਆਂ ਸੁਣਨ ਨੂੰ ਮਿਲੀਆਂ, ਪਰ ਉਸ ਨੇ ਕਦੇ ਇਸ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ। ਫੈਸ਼ਨ ਇੰਡਸਟਰੀ ਵਿੱਚ ਸੁਪਰਮਾਡਲ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਬਿਪਾਸ਼ਾ ਨੇ ਸਾਲ 2001 ਵਿੱਚ ਫ਼ਿਲਮ ‘ਅਜਨਬੀ’ ਨਾਲ ਬੌਲੀਵੁੱਡ ਵਿੱਚ ਪੈਰ ਧਰਿਆ ਸੀ। ਹਾਲਾਂਕਿ ਉਸ ਨੂੰ ਦਰਸ਼ਕਾਂ ਦੀ ਵਾਹੋ-ਵਾਹੀ ਡਰਾਊਣੀ ਫਿਲਮ ‘ਰਾਜ਼’ ਨਾਲ ਮਿਲੀ। ਮਗਰੋਂ ਅਦਾਕਾਰਾ ਨੇ ‘ਜਿਸਮ’, ‘ਧੂਮ 2’, ‘ਰੇਸ’ ਤੇ ‘ਬਚਨਾ ਐ ਹਸੀਨੋ’ ਜਿਹੀਆਂ ਫ਼ਿਲਮਾਂ ਨਾਲ ਇੰਡਸਟਰੀ ਵਿੱਚ ਮਕਬੂਲੀਅਤ ਖੱਟਣ ਦੇ ਨਾਲ ਆਪਣੀ ਥਾਂ ਵੀ ਪੱਕੀ ਕੀਤੀ। ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਬਿਪਾਸ਼ਾ ਨੇ ਕਿਹਾ ਕਿ ਪੂਰੇ ਫ਼ਿਲਮੀ ਕਰੀਅਰ ਦੌਰਾਨ ਉਸ ਬਾਰੇ ‘ਬਹੁਤ ਕੁਝ ਕਿਹਾ’ ਗਿਆ, ਪਰ ਉਸ ਨੇ ਕਦੇ ਵੀ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ। 41 ਸਾਲਾ ਨੂੰ ਢੁੱਕੀ ਅਦਾਕਾਰਾ ਨੇ ਕਿਹਾ, ‘ਮੈਨੂੰ ਕਿਹਾ ਗਿਆ ਸੀ ਕਿ ਨਾਇਕਾਵਾਂ ਬਹੁਤੀਆਂ ਕਾਮਕ ਨਹੀਂ ਹੋ ਸਕਦੀਆਂ। ਮੇਰੇ ਬਹੁਤਾ ਪਤਲਾ ਹੋਣ ਦੇ ਵੀ ਸਵਾਲ ਉਠਾਏ ਗਏ, ਜਦੋਂ ਮੈਂ ਭਾਰ ਵਧਾਇਆ ਤਾਂ ਕਹਿਣ ਲੱਗੇ ਤੂੰ ਇੰਨੀ ਮੋਟੀ ਨਹੀਂ ਹੋ ਸਕਦੀ।’ ਬਿਪਾਸ਼ਾ ਹੁਣ ਪੰਜ ਸਾਲ ਮਗਰੋਂ ਫ਼ਿਲਮ ‘ਡੇਂਜਰਸ’ ਨਾਲ ਵਾਪਸੀ ਲਈ ਤਿਆਰ ਹੈ। ਫ਼ਿਲਮ ਵਿੱਚ ਉਹ ਆਪਣੇ ਅਦਾਕਾਰ ਪਤੀ ਕਰਨ ਸਿੰਘ ਗਰੋਵਰ ਨਾਲ ਨਜ਼ਰ ਆਏਗੀ। ਫ਼ਿਲਮ ਵਜੋਂ ਸ਼ੂਟ ਕੀਤੀ ‘ਡੇਂਜਰਸ’ ਐੱਮਐਕਸ ਪਲੇਅਰ ’ਤੇ 14 ਅਗਸਤ ਨੂੰ ਇਕ ਲੜੀ ਵਜੋਂ ਰਿਲੀਜ਼ ਹੋਵੇਗੀ। -ਪੀਟੀਆਈ