ਮੈਂ ਵੇ ਵੈਰਾਗਣ ਰਾਮ ਦੀ...
ਸਾਡਾ ਦੇਸ਼ ਰਿਸ਼ੀਆਂ ਮੁਨੀਆਂ ਤੇ ਅਵਤਾਰਾਂ ਦੀ ਧਰਤੀ ਹੋਣ ਕਾਰਨ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਇਨ੍ਹਾਂ ਦੇ ਆਦਰਸ਼ਾਂ ਤੋਂ ਪ੍ਰਭਾਵਿਤ ਹੋਣਾ ਕੋਈ ਮਾਮੂਲੀ ਗੱਲ ਨਹੀਂ ਸਗੋਂ ਬਹੁਤ ਔਖਾ ਕੰਮ ਹੈ। ਮਨੁੱਖ ਜੀਵਨ ਭਰ ਸਿੱਖਦਾ ਰਹਿੰਦਾ ਹੈ ਅਤੇ ਦੂਜਿਆਂ ਨੂੰ ਸਿਖਾਉਂਦਾ...
ਸਾਡਾ ਦੇਸ਼ ਰਿਸ਼ੀਆਂ ਮੁਨੀਆਂ ਤੇ ਅਵਤਾਰਾਂ ਦੀ ਧਰਤੀ ਹੋਣ ਕਾਰਨ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਇਨ੍ਹਾਂ ਦੇ ਆਦਰਸ਼ਾਂ ਤੋਂ ਪ੍ਰਭਾਵਿਤ ਹੋਣਾ ਕੋਈ ਮਾਮੂਲੀ ਗੱਲ ਨਹੀਂ ਸਗੋਂ ਬਹੁਤ ਔਖਾ ਕੰਮ ਹੈ। ਮਨੁੱਖ ਜੀਵਨ ਭਰ ਸਿੱਖਦਾ ਰਹਿੰਦਾ ਹੈ ਅਤੇ ਦੂਜਿਆਂ ਨੂੰ ਸਿਖਾਉਂਦਾ ਹੈ। ਇਹ ਪ੍ਰਕਿਰਿਆ ਕਿਸੇ ਖਾਸ ਸਮੇਂ ਜਾਂ ਸਥਾਨ ’ਤੇ ਨਹੀਂ ਚਲਾਈ ਜਾਂਦੀ, ਪਰ ਪੀੜ੍ਹੀ ਦਰ ਪੀੜ੍ਹੀ ਜਵਾਨੀ ਰਸਾਨੀ ਇੱਕ ਦੂਜੇ ਤੋਂ ਗ੍ਰਹਿਣ ਕੀਤੀ ਜਾਂਦੀ ਹੈ। ਚਾਰੇ ਯੁੱਗਾਂ ਵਿੱਚ ਵੱਖ ਵੱਖ ਅਵਤਾਰ ਪੈਦਾ ਹੋਏ ਹਨ, ਪਰ ਤ੍ਰੇਤਾ ਯੁੱਗ ਦੇ ਅਵਤਾਰ ਸ੍ਰੀ ਰਾਮ ਚੰਦਰ ਜੀ ਜਿਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਵੀ ਕਿਹਾ ਜਾਂਦਾ ਹੈ ਅੱਜ ਵੀ ਸਮੁੱਚੀ ਲੋਕਾਈ ਲਈ ਆਦਰਸ਼ ਹਨ। ਭਗਵਾਨ ਸ੍ਰੀ ਰਾਮ ਚੰਦਰ ਦਾ ਸੰਘਰਸ਼ਮਈ ਜੀਵਨ ਹੀ ਸਭ ਤੋਂ ਵੱਡਾ ਆਦਰਸ਼ ਹੈ ਜੋ ਮਨੁੱਖ ਨੂੰ ਜੀਵਨ ਜਾਚ ਦੀ ਸੇਧ ਦਿੰਦਾ ਹੈ। ਜੀਵਨ ਵਿੱਚ ਦੁੱਖ ਅਤੇ ਸੁੱਖ ਦੋਵੇਂ ਹੀ ਆਉਂਦੇ ਹਨ, ਸੁੱਖ ਪਾਉਣ ਲਈ ਦੁੱਖ ਜ਼ਰਨੇ ਪੈਂਦੇ ਹਨ। ਇਸੇ ਕਰਕੇ ਅਜਿਹੇ ਪਾਤਰ ਸਾਡੇ ਰੋਮ ਰੋਮ ਵਿੱਚ ਸਮਾਏ ਹੋਏ ਹਨ।
ਸਿੱਖਿਆ ਇੱਕ ਅਜਿਹਾ ਸਾਧਨ ਹੈ ਜੋ ਮਨੁੱਖ ਨੂੰ ਅਪੂਰਨਤਾ ਤੋਂ ਪੂਰਨਤਾ ਵੱਲ ਲੈ ਕੇ ਜਾਂਦਾ ਹੈ। ਇਹ ਸਿੱਖਿਆ ਦੇਣ ਲਈ ਮਨੁੱਖ ਹੀ ਮਨੁੱਖ ਦਾ ਸਾਧਨ ਬਣਿਆ। ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਪਹਿਲਾਂ ਆਪਣੀ ਮਾਂ ਤੋਂ ਸਿੱਖਦਾ ਹੈ ਤੇ ਬਾਕੀ ਗੱਲਾਂ ਦੂਜਿਆਂ ਤੋਂ। ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਯੋਗ ਵਿਅਕਤੀ ਇਨ੍ਹਾਂ ਦਾ ਸਮਾਧਾਨ ਵੀ ਕਰਦੇ ਹਨ। ਇਹ ਸਭ ਕੁਝ ਸ਼ਾਇਦ ਸਾਗਰ ਮੰਥਨ ਵੇਲੇ ਹੀ ਹੋਇਆ ਸੀ। ਸ੍ਰੀ ਰਾਮ ਚੰਦਰ ਜੀ ਦੀ ਅਤੇ ਮਾਤਾ ਸੀਤਾ ਜੀ ਦੀ ਜੀਵਨ ਗਾਥਾ ਬਾਰੇ ਹਰ ਕੋਈ ਜਾਣਦਾ ਹੈ। ਧਾਰਮਿਕ ਵਿਅਕਤੀ ਸ੍ਰੀ ਰਾਮ ਚੰਦਰ ਜੀ ਦਾ ਨਾਮ ਲੈਣ ਨੂੰ ਹੀ ਮੁਕਤੀ ਦਾ ਸਾਧਨ ਸਮਝਦੇ ਹਨ। ਮਨੁੱਖ ਵੱਖ ਵੱਖ ਤੀਰਥ ਸਥਾਨਾਂ ’ਤੇ ਜਾਂਦਾ ਹੈ, ਯੱਗ ਹਵਨ ਜਾਂ ਹੋਰ ਪੂਜਾ ਪਾਠ ਕਰਵਾਉਂਦਾ ਹੈ। ਇਸ ਸਭ ਦਾ ਪ੍ਰਭਾਵ ਸਾਡੇ ਸਮਾਜ ਅਤੇ ਸੱਭਿਆਚਾਰ ’ਤੇ ਪੈਂਦਾ ਹੈ ਕਿਉਂਕਿ ਸਮਾਜ ਅਤੇ ਸੱਭਿਆਚਾਰ ਦਾ ਗੂੜ੍ਹਾ ਸਬੰਧ ਹੈ। ਸਮਾਜ ਦੇ ਰੀਤੀ ਰਿਵਾਜ ਹੀ ਸੱਭਿਆਚਾਰ ਹਨ। ਸੋ ਲੋਕ ਗੀਤਾਂ ਵਿੱਚ ਵੀ ਸ੍ਰੀ ਰਾਮ ਚੰਦਰ ਜੀ ਬਾਰੇ ਇਸ ਤਰ੍ਹਾਂ ਸ਼ਰਧਾ ਪ੍ਰਗਟਾਈ ਗਈ ਹੈ;
ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲੈ
ਗਤੀ ਨਹੀਂ ਹੋਣੀ ਰਾਮ ਤੋਂ ਬਿਨਾਂ।
ਸ੍ਰੀ ਰਾਮ ਚੰਦਰ ਜੀ ਦੇ ਜਨਮ ਤੋਂ ਲੈ ਕੇ ਸਵੰਬਰ ਤੱਕ ਦੀ ਕਹਾਣੀ ਲੋਕ ਮਨਾਂ ਉੱਤੇ ਉੱਕਰੀ ਹੋਈ ਹੈ, ਪਰ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਦਾ ਵਰਣਨ ਵੀ ਲੋਕ ਗੀਤਾਂ ਵਿੱਚ ਕੀਤਾ ਗਿਆ ਹੈ ਕਿਉਂਕਿ ਸੀਤਾ ਸਵੰਬਰ ਵੇਲੇ ਸ੍ਰੀ ਰਾਮ ਚੰਦਰ ਜੀ ਅਤੇ ਹੋਰ ਰਾਜਿਆਂ ਦੇ ਨਾਲ ਰਾਵਣ ਨੇ ਵੀ ਇਸ ਵਿੱਚ ਭਾਗ ਲਿਆ ਸੀ। ਇਸ ਲਈ ਸ੍ਰੀ ਰਾਮ ਚੰਦਰ ਜੀ ਨੂੰ ਚਾਹੁਣ ਵਾਲਿਆਂ ਨੇ ਧਨੁਸ਼ ਤੋੜਨ ਦੀ ਖ਼ੁਸ਼ੀ ਮਨਾਈ। ਰਾਵਣ ਵੱਲੋਂ ਧਨੁਸ਼ ਨਾ ਚੁੱਕੇ ਜਾਣ ’ਤੇ ਵੀ ਖੁਸ਼ੀ ਮਨਾਈ। ਅਜਿਹੀ ਜਾਣਕਾਰੀ ਪੀੜ੍ਹੀ ਦਰ ਪੀੜ੍ਹੀ ਜਦੋਂ ਲੋਕਾਂ ਵਿੱਚ ਪਹੁੰਚੀ ਤਾਂ ਉਨ੍ਹਾਂ ਨੇ ਆਪਣੇ ਵਲਵਲਿਆਂ ਨੂੰ ਗੀਤਾਂ ਰਾਹੀਂ ਇੰਜ ਪ੍ਰਗਟਾਇਆ;
ਰਥ ਮੁੜ ਗਿਆ ਰੌਣ ਦਾ ਖਾਲੀ
ਸੀਤਾ ਵਿਆਹ ਲਈ ਰਾਮ ਚੰਦ ਨੇ।
ਸ੍ਰੀ ਰਾਮ ਚੰਦਰ ਜੀ ਦਾ ਵਿਆਹ ਮਾਤਾ ਸੀਤਾ ਨਾਲ ਹੋਇਆ। ਤ੍ਰੇਤਾ ਯੁੱਗ ਦੀ ਇਸ ਗੱਲ ਦੀ ਪੁਸ਼ਟੀ ਅੱਜ ਕਲਯੁੱਗ ਵਿੱਚ ਵੀ ਹੋ ਰਹੀ ਹੈ ਕਿ ਸੀਤਾ ਦੀ ਸੁੰਦਰਤਾ ਤੇ ਸ਼ਾਲੀਨਤਾ ਨੂੰ ਭੁਲਾਇਆ ਨਹੀਂ ਜਾ ਸਕਦਾ। ਪੜ੍ਹੇ ਲਿਖੇ ਲੋਕ ਗ੍ਰੰਥਾਂ ਜਾਂ ਪੁਰਾਣਾਂ ਨੂੰ ਪੜ੍ਹ ਕੇ ਜਾਣਕਾਰੀ ਪ੍ਰਾਪਤ ਕਰਦੇ ਹਨ, ਪਰ ਅਨਪੜ੍ਹ ਗਿਆਨ ਤੋਂ ਕੋਰੇ ਨਹੀਂ ਹਨ। ਉਨ੍ਹਾਂ ਨੂੰ ਇਹ ਸਭ ਗਿਆਨ ਜ਼ੁਬਾਨੀ ਯਾਦ ਹੈ। ਜਦੋਂ ਘਰ ਵਿੱਚ ਮੁੰਡੇ ਦਾ ਵਿਆਹ ਹੁੰਦਾ ਹੈ ਤਾਂ ਨਵੀਂ ਆਈ ਵਹੁਟੀ ਦੀ ਤੁਲਨਾ ਸੀਤਾ ਨਾਲ ਕਰਕੇ ਉਸ ਦੀ ਵਡਿਆਈ ਕੀਤੀ ਜਾਂਦੀ ਹੈ। ਮਨ ਵਿੱਚ ਇੰਨਾ ਚਾਅ ਹੁੰਦਾ ਹੈ ਕਿ ਲਾੜੇ ਅਤੇ ਲਾੜੀ ਦੇ ਉੱਤੇ ਫੁਲਕਾਰੀ ਤਾਣ ਕੇ ਚਾਰੇ ਪੱਲੇ ਫੜ ਕੇ ਨਵੀਂ ਵਿਆਹੀ ਵਹੁਟੀ ਨੂੰ ਘਰ ਵਿੱਚ ਲਿਆਉਣ ਵੇਲੇ ਇਹ ਗੀਤ ਗਾਇਆ ਜਾਂਦਾ ਹੈ;
ਵੀਰਾ ਸੀਤਾ ਨੂੰ ਵਿਆਹ ਕੇ ਲਿਆਇਆ
ਵੱਜ ਰਹੀਆਂ ਬੰਸਰੀਆਂ।
ਮਨੁੱਖੀ ਮਨ ਦੀ ਕਲਪਨਾ ਦੂਰ ਦੂਰ ਤੱਕ ਜਾਂਦੀ ਹੈ, ਇਸ ਦੀ ਕੋਈ ਥਾਹ ਨਹੀਂ ਪਾ ਸਕਿਆ। ਇਹ ਕਲਪਨਾ ਪੂਰਬ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਹੀ ਨਹੀਂ ਬਲਕਿ ਧਰਤੀ ਦੇ ਹੇਠਾਂ ਤੱਕ ਅਤੇ ਅਸਮਾਨ ਤੋਂ ਵੀ ਉੱਤੋਂ ਤੱਕ ਪਹੁੰਚ ਜਾਂਦੀ ਹੈ। ਇਸ ਦੀ ਕੋਈ ਸੀਮਾ ਨਹੀਂ ਅਤੇ ਇਹ ਅਸੀਮ ਹੈ। ਸੋ ਜਦੋਂ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਣਵਾਸ ਕੱਟਣ ਲਈ ਚਲੇ ਜਾਂਦੇ ਹਨ ਤਾਂ ਉਸ ਵੇਲੇ ਵੀ ਲੋਕਾਂ ਦੇ ਮਨੋਭਾਵ ਇੰਜ ਜ਼ਾਹਿਰ ਹੋਏ;
ਬਿੰਦਰਾ ਤਾਂ ਬਣ ਵਿੱਚ ਹਰੀ ਐ ਫਲਾਹੀ
ਉੱਥੋਂ ਤਾਂ ਰਾਮ ਦਾਤਣ ਮੰਗੇ
ਜੀ ਮੇਰੇ ਰਾਮ ਬਣਾਂ ਨੂੰ
ਰਾਮ ਬਣਾਂ ਨੂੰ ਉੱਠ ਚੱਲੇ
ਜੀ ਮੇਰੇ ਰਾਮ ਬਣਾਂ ਨੂੰ...
ਬਣਵਾਸ ਦੇ ਦੁੱਖਾਂ ਨੂੰ ਤਾਂ ਸਾਰੇ ਹੀ ਸਮਝਦੇ ਹਨ, ਪਰ ਲੋਕ ਗੀਤਾਂ ਵਿੱਚ ਉਨ੍ਹਾਂ ਦਾ ਨਜ਼ਰੀਆ ਹੋਰ ਹੁੰਦਾ ਹੈ। ਆਪਣੀ ਸੋਚ ਅਨੁਸਾਰ ਅਜਿਹੇ ਪਾਤਰਾਂ ਨੂੰ ਆਪਣੇ ਆਦਰਸ਼ ਪਾਤਰ ਮੰਨਦੇ ਹਨ, ਉਹ ਉਨ੍ਹਾਂ ਦੇ ਹੀ ਗੁਣਗਾਣ ਕਰਦੇ ਹਨ ਕਿਉਂਕਿ ਅਜਿਹੇ ਮਰਿਆਦਾ ਪੁਰਸ਼ੋਤਮ ਉਨ੍ਹਾਂ ਲਈ ਆਦਰਸ਼ ਬਣਦੇ ਹਨ ਜੋ ਆਪਣੇ ਮਾਤਾ-ਪਿਤਾ ਦੇ ਆਗਿਆਕਾਰੀ ਤਾਂ ਹੁੰਦੇ ਹੀ ਹਨ ਤੇ ਨਾਲ ਹੀ ਕੁਲ ਦੀ ਮਰਿਆਦਾ ਦਾ ਪਾਲਣ ਵੀ ਕਰਦੇ ਹਨ।
ਲੋਕ ਗੀਤਾਂ ਵਿੱਚ ਰਚਨਹਾਰਾ ਸਮੇਂ ਅਤੇ ਸਥਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜ ਅਨੁਸਾਰ ਆਪਣੀ ਕਲਪਨਾ ਦੇ ਆਧਾਰ ’ਤੇ ਅਜਿਹੇ ਗੀਤ ਰਚ ਦਿੰਦਾ ਹੈ ਜੋ ਮਨੁੱਖ ਦੇ ਸਾਹਮਣੇ ਤਸਵੀਰ ਪੇਸ਼ ਕਰ ਦਿੰਦੇ ਹਨ;
ਬਿੰਦਰਾ ਤਾਂ ਬਣ ਵਿੱਚ ਚੜ੍ਹੀ ਐ ਕੜਾਹੀ
ਉੱਥੋਂ ਤਾਂ ਰਾਮ ਲਡੂਆ ਮੰਗੇ
ਜੀ ਸਾਡੇ ਰਾਮ ਬਣਾਂ ਨੂੰ
ਰਾਮ ਬਣਾਂ ਨੂੰ ਉੱਠ ਚੱਲੇ
ਜੀ ਮੇਰੇ ਰਾਮ ਬਣਾਂ ਨੂੰ...
ਬਰਿੰਦਾਵਣ ਸ਼ਬਦ ਬ੍ਰਿੰਦ ਤੋਂ ਬਣਿਆ ਹੈ ਕਿਉਂਕਿ ਬਰਿੰਦ ਦਾ ਅਰਥ ਹੈ ਤੁਲਸੀ ਯਾਨੀ ਇਸ ਇਲਾਕੇ ਵਿੱਚ ਤੁਲਸੀ ਹੀ ਤੁਲਸੀ ਹੋਣ ਕਰਕੇ ਇਸ ਨੂੰ ਬਰਿੰਦਾਵਣ ਸ਼ਬਦ ਮੰਨਿਆ ਗਿਆ ਜੋ ਬਾਅਦ ਵਿੱਚ ਵਿਗੜ ਕੇ ਕਈ ਇਲਾਕਿਆਂ ਵਿੱਚ ਬਿੰਦਰਾਬਣ ਬਣ ਗਿਆ ਅਤੇ ਪ੍ਰਚੱਲਤ ਹੋ ਗਿਆ। ਇਸ ਤਰ੍ਹਾਂ ਗੀਤਾਂ ਵਿੱਚ ਗਾਉਣ ਵੇਲੇ ਤਰ੍ਹਾਂ ਤਰ੍ਹਾਂ ਦੀਆਂ ਸਥਿਤੀਆਂ ਨੂੰ ਪੇਸ਼ ਕੀਤਾ ਗਿਆ ਹੈ;
ਬਿੰਦਰਾ ਤਾਂ ਬਣ ਵਿੱਚ ਕੱਚੜੀ ਖੂਹੀ
ਉੱਥੋਂ ਤਾਂ ਰਾਮ ਜਲੂਆ ਮੰਗੇ
ਜੀ ਮੇਰੇ ਰਾਮ ਬਣਾਂ ਨੂੰ
ਰਾਮ ਬਣਾਂ ਨੂੰ ਉੱਠ ਚੱਲੇ।
ਜੀ ਮੇਰੇ ਰਾਮ ਬਣਾਂ ਨੂੰ...
ਭਾਵੇਂ ਲੋਕ ਗੀਤਾਂ ਵਿੱਚ ਅਸੰਭਵਤਾ ਵੀ ਉੱਭਰ ਕੇ ਆਉਂਦੀ ਹੈ, ਪਰ ਲੋਕ ਗੀਤਾਂ ਵਿੱਚ ਸਭ ਸੰਭਵ ਹੈ। ਸ਼ਰਧਾ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਲੋਕ ਗੀਤ ਸਮਾਜ ਦੇ ਉਨ੍ਹਾਂ ਪੱਖਾਂ ਨੂੰ ਦਿਖਾਉਂਦੇ ਹਨ ਜੋ ਜੀਵਨ ਵਿੱਚ ਜ਼ਰੂਰੀ ਵੀ ਹਨ;
ਬਿੰਦਰਾ ਤਾਂ ਬਣ ਵਿੱਚ ਕੰਨਿਆ ਕੁਮਾਰੀ
ਉੱਥੋਂ ਤਾਂ ਰਾਮ ਡੋਲਾ ਮੰਗੇ
ਜੀ ਸਾਡੇ ਰਾਮ ਬਣਾਂ ਨੂੰ
ਰਾਮ ਬਣਾ ਨੂੰ ਉੱਠ ਚੱਲੇ
ਜੀ ਮੇਰੇ ਰਾਮ ਬਣਾਂ ਨੂੰ
ਬਣਵਾਸ ਕੱਟਣਾ ਬਹੁਤ ਮੁਸ਼ਕਿਲ ਹੈ, ਪਰ ਸ੍ਰੀ ਰਾਮ ਚੰਦਰ ਜੀ ਨੂੰ ਚਾਹੁਣ ਵਾਲਿਆਂ ਲਈ ਇਹ ਇੱਕ ਵਧੀਆ ਮੌਕਾ ਸੀ ਕਿਉਂਕਿ ਮੁਸ਼ਕਿਲਾਂ ਕੱਟ ਰਹੇ ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਦੀ ਉਡੀਕ ਵਿੱਚ ਸਮਾਂ ਬਤੀਤ ਕਰ ਰਹੇ ਸਨ। ਗੌਤਮ ਰਿਸ਼ੀ ਦੀ ਪਤਨੀ ਅਹੱਲਿਆ ਜੋ ਕਿ ਸਿਲ ਪੱਥਰ ਬਣ ਚੁੱਕੀ ਸੀ, ਉਹ ਵੀ ਉਨ੍ਹਾਂ ਨੂੰ ਉਡੀਕ ਰਹੀ ਸੀ। ਭੀਲਣੀ ਦੀ ਸ਼ਰਧਾ ਜੋ ਕਿ ਸ੍ਰੀ ਰਾਮ ਚੰਦਰ ਜੀ ਲਈ ਮਿੱਠੇ ਬੇਰ ਖਾ ਖਾ ਕੇ ਅਲੱਗ ਕੱਢ ਰਹੀ ਸੀ। ਇਹੋ ਜਿਹੀਆਂ ਪੁਰਾਣਕ ਕਥਾਵਾਂ ਕਿਰਤ ਕਰਨ ਵਾਲੇ ਮਨੁੱਖ ਦੇ ਅੰਦਰ ਸ੍ਰੀ ਰਾਮ ਜੀ ਪ੍ਰਤੀ ਸ਼ਰਧਾ ਪੈਦਾ ਕਰ ਦਿੰਦੀਆਂ ਹਨ। ਇਸੇ ਸ਼ਰਧਾ ਵਿੱਚ ਵੈਰਾਗੀ ਭਾਵਨਾ ਨੂੰ ਮਹਿਸੂਸ ਕਰਦਿਆਂ ਹੀ ਵੈਰਾਗਮਈ ਭਾਵ ਉਤਪੰਨ ਹੋ ਜਾਂਦੇ ਹਨ। ਅਜਿਹੇ ਵੈਰਾਗਮਈ ਭਾਵਾਂ ਨੂੰ ਲੋਕ ਗੀਤਾਂ ਰਾਹੀਂ ਇੰਜ ਪ੍ਰਗਟ ਕੀਤਾ ਗਿਆ ਹੈ;
ਸੁੰਨੀ ਜਿਹੀ ਰੋਹੀ ਰਾਮ ਦੀ
ਕੋਈ ਬਾਗ਼ ਲਵਾ ਦਿਓ
ਮੈਂ ਵੀ ਵੈਰਾਗਣ ਰਾਮ ਦੀ
ਮੈਨੂੰ ਰਾਮ ਮਿਲਾ ਦਿਓ।
ਵਣਾਂ ਦੀ ਭਟਕਣਾ ਵਿੱਚ ਕੀ ਕੀ ਤਕਲੀਫ਼ਾਂ ਆਉਂਦੀਆਂ ਹਨ, ਇਸ ਨੂੰ ਹਰ ਕੋਈ ਮਹਿਸੂਸ ਕਰ ਸਕਦਾ ਹੈ। ਬਾਹਰੀ ਵਸੋਂ ਤੋਂ ਬਾਹਰ ਖਾਲੀ ਥਾਵਾਂ ਰਾਤ ਨੂੰ ਉਜਾੜ ਵਾਂਗ ਲੱਗਦੀਆਂ ਹਨ ਅਤੇ ਅਜਿਹੀਆਂ ਖਾਲੀ ਥਾਵਾਂ ਜਿੱਥੇ ਰੁੱਖ ਹੀ ਰੁੱਖ ਹੋਣ, ਉਸ ਨੂੰ ਰੋਹੀ ਦਾ ਨਾਂ ਦਿੱਤਾ ਜਾਂਦਾ ਹੈ। ਲੋਕ ਗੀਤਾਂ ਵਿੱਚ ਰੋਹੀ ਦਾ ਨਾਂ ਇਸ ਲਈ ਜ਼ਿਕਰ ਕੀਤਾ ਗਿਆ ਹੈ ਕਿਉਂਕਿ ਇੱਥੇ ਜੰਗਲੀ ਜਾਨਵਰ, ਜ਼ਹਿਰੀਲੇ ਜੰਤੂ ਅਤੇ ਹੋਰ ਡਾਕੂ ਲੁਟੇਰਿਆਂ ਦੀ ਥਾਂ ਹੁੰਦੀ ਹੈ, ਸੋ ਮਨੁੱਖ ਨੂੰ ਅਜਿਹੀ ਥਾਂ ’ਤੇ ਰਹਿਣਾ ਸਜ਼ਾ ਤੋਂ ਘੱਟ ਨਹੀਂ ਹੁੰਦਾ, ਪਰ ਸ੍ਰੀ ਰਾਮ ਚੰਦਰ ਜੀ ਪ੍ਰਤੀ ਸ਼ਰਧਾ ਰੱਖਣ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਅਜਿਹੀਆਂ ਥਾਵਾਂ ’ਤੇ ਪਾਣੀ ਦੀ ਕਮੀ ਵੀ ਹੁੰਦੀ ਹੈ। ਇਸੇ ਲਈ ਇਹ ਗੀਤ ਗਾਇਆ ਜਾਂਦਾ ਹੈ;
ਸੁੰਨੀ ਜਿਹੀ ਰੋਹੀ ਰਾਮ ਦੀ
ਕੋਈ ਖੂਹਾ ਲਵਾ ਦਿਓ
ਮੈਂ ਵੀ ਵੈਰਾਗਣ ਰਾਮ ਦੀ
ਕੋਈ ਰਾਮ ਮਿਲਾ ਦਿਓ।
ਇਸ ਤਰ੍ਹਾਂ ਵੱਖ-ਵੱਖ ਪ੍ਰਤੀਕਾਂ ਅਨੁਸਾਰ ਗੀਤਾਂ ਦੇ ਬੰਦ ਬਣਾਏ ਜਾਂਦੇ ਹਨ। ਆਤਮਿਕ ਸ਼ਾਂਤੀ ਲਈ ਮਨੁੱਖ ਕੰਮ ਕਾਰਾਂ ਤੋਂ ਵਿਹਲ ਲੈ ਕੇ ਭਗਤੀ, ਤੀਰਥ ਯਾਤਰਾ ਆਦਿ ਦਾ ਆਸਰਾ ਲੈਂਦਾ ਹੈ। ਉਂਜ ਤਾਂ ਘਰੇਲੂ ਕੰਮਾਂ ਵਿੱਚ ਥੱਕਿਆ ਟੁੱਟਿਆ ਮਨੁੱਖ ਜਦੋਂ ਘੜੀ ਪਲ ਦਮ ਲੈਂਦਾ ਹੈ ਤਾਂ ਉਸ ਦੇ ਮੂੰਹੋਂ ਆਪ ਮੁਹਾਰੇ ਹੀ ਰਾਮ ਦਾ ਨਾਂ ਨਿਕਲ ਜਾਂਦਾ ਹੈ। ਤਿੱਖੜ ਦੁਪਹਿਰੇ ਤੁਰਿਆ ਵਿਅਕਤੀ ਪਿਆਸ ਨਾਲ ਬਹਿਬਲ ਹੋ ਕੇ ਜਦੋਂ ਅਚਾਨਕ ਪਾਣੀ ਦੇਖਦਾ ਹੈ ਤਾਂ ਉਸ ਦੇ ਮੂੰਹੋਂ ਝੱਟ ਰਾਮ ਦਾ ਨਾਮ ਨਿਕਲਦਾ ਹੈ। ਇਸ ਲਈ ਇਸ ਨਾਮ ਨੂੰ ਕਿਸੇ ਵਿਸ਼ੇਸ਼ ਫਿਰਕੇ ਜਾਂ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਭਗਵਾਨ ਸ੍ਰੀ ਰਾਮ ਸਭ ਦੇ ਸਾਂਝੇ ਸਨ। ਰਾਮ ਦਾ ਨਾਮ ਹੋਰ ਧਾਰਮਿਕ ਗ੍ਰੰਥਾਂ ਵਿੱਚ ਆਉਂਦਾ ਹੈ।
ਇਸੇ ਤਰ੍ਹਾਂ ਔਰਤਾਂ ਸ਼ਰਧਾ ਭਾਵਨਾ ਨਾਲ ਸ੍ਰੀ ਰਾਮ ਚੰਦਰ ਜੀ ਨੂੰ ਆਪਣੇ ਘਰ ਆਉਣ ਲਈ ਮਾਤਾ ਸੀਤਾ ਬਾਰੇ ਇਹ ਕਹਿ ਕੇ ਵਡਿਆਉਂਦੀਆਂ ਹਨ;
ਸ੍ਰੀ ਰਾਮ ਜੀ ਮੇਰੇ ਰਾਮ ਜੀ
ਸੀਤਾ ਨੇ ਬਾਗ਼ ਲਵਾਇਆ
ਸੱਭੇ ਫੁੱਲ ਖਿੜ ਰਹੇ
ਜੀ ਆਓ ਰਾਮ ਜੀ
ਸੱਭੇ ਫੁੱਲ ਖਿੜ ਰਹੇ
ਸੋ ਇਹੋ ਜਿਹੇ ਆਦਰਸ਼ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹਨ। ਇਹ ਮਨੁੱਖ ਲਈ ਜੀਵਨ ਜਾਚ ਦਾ ਇੱਕ ਸਾਧਨ ਵੀ ਹਨ ਕਿਉਂਕਿ ਲੋਕ ਗੀਤ ਹੀ ਅਜਿਹੇ ਹਨ ਜੋ ਮਨੁੱਖ ਨੂੰ ਮਨੁੱਖ ਨਾਲ ਜੋੜਦੇ ਹਨ।
ਸੰਪਰਕ: 94178-40323

