DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੋਸ਼ਲ ਮੀਡੀਆ ਦੀ ਲਤ ਤੋਂ ਕਿਵੇਂ ਮੁਕਤ ਹੋਈਏ?

ਅੱਜ ਦੇ ਜ਼ਮਾਨੇ ਵਿੱਚ ਸਭ ਤੋਂ ਵੱਡਾ ਅਤੇ ਅਹਿਮ ਸਵਾਲ ਇਹ ਨਹੀਂ ਰਹਿ ਗਿਆ ਕਿ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਾਂ ਜਾਂ ਨਹੀਂ। ਅਸਲ ਸਵਾਲ ਇਹ ਹੈ ਕਿ ਅਸੀਂ ਸੋਸ਼ਲ ਮੀਡੀਆ ਨੂੰ ਵਰਤ ਰਹੇ ਹਾਂ ਜਾਂ ਸੋਸ਼ਲ ਮੀਡੀਆ ਸਾਨੂੰ...

  • fb
  • twitter
  • whatsapp
  • whatsapp
Advertisement

ਅੱਜ ਦੇ ਜ਼ਮਾਨੇ ਵਿੱਚ ਸਭ ਤੋਂ ਵੱਡਾ ਅਤੇ ਅਹਿਮ ਸਵਾਲ ਇਹ ਨਹੀਂ ਰਹਿ ਗਿਆ ਕਿ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਾਂ ਜਾਂ ਨਹੀਂ। ਅਸਲ ਸਵਾਲ ਇਹ ਹੈ ਕਿ ਅਸੀਂ ਸੋਸ਼ਲ ਮੀਡੀਆ ਨੂੰ ਵਰਤ ਰਹੇ ਹਾਂ ਜਾਂ ਸੋਸ਼ਲ ਮੀਡੀਆ ਸਾਨੂੰ ਵਰਤ ਰਿਹਾ ਹੈ? ਸਵੇਰੇ ਅੱਖ ਖੁੱਲ੍ਹਦੇ ਹੀ ਮੋਬਾਈਲ ਫੋਨ ਦੀ ਸਕਰੀਨ ਦੇਖਣਾ, ਨਾਸ਼ਤਾ ਕਰਦਿਆਂ ਛੋਟੀਆਂ-ਛੋਟੀਆਂ ਵੀਡੀਓ ਅਤੇ ਰੀਲਾਂ ਦੇਖਣਾ, ਕੰਮ ਦੇ ਵਿਚਕਾਰ ਵਾਰ-ਵਾਰ ਸੁਨੇਹੇ ਅਤੇ ਸੂਚਨਾਵਾਂ ਦੇਖਣਾ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ‘ਸਿਰਫ਼ ਪੰਜ ਮਿੰਟ’ ਲਈ ਫੋਨ ਚੁੱਕਣਾ ਅੱਜ ਬਹੁਤ ਸਾਰੇ ਲੋਕਾਂ ਦੀ ਆਮ ਰੁਟੀਨ ਬਣ ਚੁੱਕੀ ਹੈ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਪੰਜ ਮਿੰਟ ਕਦੋਂ ਇੱਕ-ਦੋ ਘੰਟਿਆਂ ਵਿੱਚ ਬਦਲ ਜਾਂਦੇ ਹਨ, ਸਾਨੂੰ ਇਸ ਦਾ ਪਤਾ ਹੀ ਨਹੀਂ ਲੱਗਦਾ।

ਸੋਸ਼ਲ ਮੀਡੀਆ ਆਪਣੇ ਆਪ ਵਿੱਚ ਕੋਈ ਮਾੜੀ ਚੀਜ਼ ਨਹੀਂ ਹੈ। ਇਸ ਨੇ ਪੜ੍ਹਾਈ, ਜਾਣਕਾਰੀ ਅਤੇ ਰੁਜ਼ਗਾਰ ਦੇ ਕਈ ਨਵੇਂ ਰਸਤੇ ਖੋਲ੍ਹੇ ਹਨ। ਦੂਰ ਬੈਠੇ ਦੋਸਤਾਂ-ਮਿੱਤਰਾਂ ਨਾਲ ਜੁੜਨਾ ਹੋਵੇ ਜਾਂ ਦੁਨੀਆ ਭਰ ਦੀਆਂ ਖ਼ਬਰਾਂ ਅਤੇ ਜਾਣਕਾਰੀਆਂ ਲੈਣੀਆਂ ਹੋਣ, ਇਸ ਨੇ ਜ਼ਿੰਦਗੀ ਨੂੰ ਬਹੁਤ ਸੁਖਾਲਾ ਬਣਾਇਆ ਹੈ, ਪਰ ਸਮੱਸਿਆ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਇਸ ਦੀ ਵਰਤੋਂ ਸਾਡੀ ਲੋੜ ਤੋਂ ਵਧ ਕੇ ਸਾਡੀ ਆਦਤ ਅਤੇ ਫਿਰ ਇੱਕ ਅਜਿਹੀ ਲਤ ਬਣ ਜਾਂਦੀ ਹੈ, ਜਿਸ ’ਤੇ ਸਾਡਾ ਆਪਣਾ ਕਾਬੂ ਨਹੀਂ ਰਹਿੰਦਾ। ਅਸੀਂ ਅੰਦਰੋਂ ਫੋਨ ਨਹੀਂ ਵਰਤਣਾ ਚਾਹੁੰਦੇ, ਪਰ ਫਿਰ ਵੀ ਬਿਨਾਂ ਕਿਸੇ ਖ਼ਾਸ ਕਾਰਨ ਦੇ ਉਸ ਨੂੰ ਵਾਰ-ਵਾਰ ਸਕ੍ਰੋਲ ਕਰਨ ਲਈ ਚੁੱਕ ਲੈਂਦੇ ਹਾਂ।

Advertisement

ਇਸ ਆਦਤ ਦੇ ਪਿੱਛੇ ਮਨੁੱਖੀ ਮਨ ਅਤੇ ਮਨੋਵਿਗਿਆਨ ਦੀ ਇੱਕ ਬਹੁਤ ਹੀ ਸਾਧਾਰਨ, ਪਰ ਡੂੰਘੀ ਖੇਡ ਕੰਮ ਕਰਦੀ ਹੈ। ਸਾਡੇ ਦਿਮਾਗ਼ ਵਿੱਚ ਖ਼ੁਸ਼ੀ, ਉਤਸੁਕਤਾ ਅਤੇ ਇਨਾਮ ਦੀ ਭਾਵਨਾ ਨਾਲ ਜੁੜਿਆ ਇੱਕ ਰਸਾਇਣ ਹੁੰਦਾ ਹੈ, ਜਿਸ ਨੂੰ ਡੋਪਾਮਾਈਨ ਕਿਹਾ ਜਾਂਦਾ ਹੈ। ਨਵਾਂ ਸੁਨੇਹਾ, ਪਸੰਦ, ਟਿੱਪਣੀ ਜਾਂ ਨਵੀਂ ਵੀਡੀਓ ਸਾਡੇ ਅੰਦਰ ਉਤਸੁਕਤਾ ਜਗਾ ਸਕਦੀ ਹੈ। ਸਾਨੂੰ ਪਤਾ ਨਹੀਂ ਹੁੰਦਾ ਕਿ ਅਗਲੀ ਵਾਰ ਸਕਰੀਨ ਉੱਤੇ ਕੀ ਆਵੇਗਾ। ਇਹ ਅਨਿਸ਼ਚਿਤਤਾ ਸਾਨੂੰ ਵਾਰ-ਵਾਰ ਸਕਰੀਨ ਦੇਖਣ ਲਈ ਉਕਸਾਉਂਦੀ ਹੈ। ਇਸ ਤਰ੍ਹਾਂ ਬੋਰੀਅਤ ਜਾਂ ਇਕੱਲੇਪਣ ਤੋਂ ਸ਼ੁਰੂ ਹੋਇਆ ਫੋਨ ਦੇਖਣ ਦਾ ਕੰਮ ਹੌਲੀ-ਹੌਲੀ ਇੱਕ ਆਪਣੇ-ਆਪ ਚੱਲਣ ਵਾਲੀ ਆਦਤ ਵਿੱਚ ਬਦਲ ਜਾਂਦਾ ਹੈ।

Advertisement

ਇਸ ਲਤ ਤੋਂ ਬਾਹਰ ਨਿਕਲਣ ਦਾ ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਕਦਮ ਹੈ ਆਪਣੀ ਵਰਤੋਂ ਦਾ ਹਿਸਾਬ ਰੱਖਣਾ। ਮੋਬਾਈਲ ਵਿੱਚ ਦਿੱਤੇ ਸਕਰੀਨ ਸਮੇਂ ਅਤੇ ਫੋਨ ਦੀ ਵਰਤੋਂ ਦੇ ਅੰਕੜਿਆਂ ਨੂੰ ਦੇਖੋ ਅਤੇ ਪਤਾ ਕਰੋ ਕਿ ਤੁਸੀਂ ਦਿਨ ਵਿੱਚ ਕਿੰਨਾ ਸਮਾਂ ਸੋਸ਼ਲ ਮੀਡੀਆ ਉੱਤੇ ਬਿਤਾਉਂਦੇ ਹੋ। ਇਸ ਦੇ ਨਾਲ ਇਹ ਵੀ ਦੇਖੋ ਕਿ ਤੁਸੀਂ ਦਿਨ ਵਿੱਚ ਫੋਨ ਨੂੰ ਕਿੰਨੀ ਵਾਰ ਖੋਲ੍ਹਦੇ ਹੋ। ਕਈ ਲੋਕਾਂ ਲਈ ਇਹ ਅੰਕੜੇ ਬਹੁਤ ਹੈਰਾਨ ਕਰਨ ਵਾਲੇ ਹੁੰਦੇ ਹਨ। ਜੇ ਕੋਈ ਵਿਅਕਤੀ ਹਰ ਰੋਜ਼ ਢਾਈ ਤੋਂ ਤਿੰਨ ਘੰਟੇ ਬਿਨਾਂ ਕਿਸੇ ਮਕਸਦ ਦੇ ਸੋਸ਼ਲ ਮੀਡੀਆ ਉੱਤੇ ਬਿਤਾਉਂਦਾ ਹੈ, ਤਾਂ ਸਾਲ ਦੇ ਅੰਤ ਤੱਕ ਇਹ ਸਮਾਂ ਲਗਭਗ 38 ਤੋਂ 46 ਦਿਨਾਂ ਦੇ ਬਰਾਬਰ ਬਣ ਜਾਂਦਾ ਹੈ। ਯਾਨੀ ਸਾਲ ਦਾ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਅਸੀਂ ਸਿਰਫ਼ ਸਕ੍ਰੋਲਿੰਗ ਵਿੱਚ ਗੁਆ ਦਿੰਦੇ ਹਾਂ।

ਸਿਰਫ਼ ਪੱਕੇ ਇਰਾਦੇ ਨਾਲ ਇਸ ਆਦਤ ਨੂੰ ਤੋੜਨਾ ਬਹੁਤ ਔਖਾ ਹੋ ਸਕਦਾ ਹੈ, ਕਿਉਂਕਿ ਕਈ ਡਿਜੀਟਲ ਸੇਵਾਵਾਂ ਇਸ ਤਰੀਕੇ ਨਾਲ ਬਣਾਈਆਂ ਜਾਂਦੀਆਂ ਹਨ ਕਿ ਉਹ ਸਾਡਾ ਧਿਆਨ ਵੱਧ ਤੋਂ ਵੱਧ ਸਮਾਂ ਆਪਣੇ ਵੱਲ ਖਿੱਚ ਕੇ ਰੱਖਣ। ਇਸ ਲਈ ਆਪਣੇ ਆਲੇ-ਦੁਆਲੇ ਦਾ ਮਾਹੌਲ ਬਦਲਣਾ ਵਧੇਰੇ ਅਸਰਦਾਰ ਤਰੀਕਾ ਹੈ। ਸਭ ਤੋਂ ਪਹਿਲਾਂ ਫੋਨ ਦੀਆਂ ਗ਼ੈਰ-ਜ਼ਰੂਰੀ ਸੂਚਨਾਵਾਂ ਬੰਦ ਕਰੋ। ਵਾਰ-ਵਾਰ ਵਰਤੀਆਂ ਜਾਣ ਵਾਲੀਆਂ ਐਪਾਂ ਨੂੰ ਮੁੱਖ ਸਕਰੀਨ ਤੋਂ ਹਟਾ ਕੇ ਅੰਦਰਲੇ ਖਾਨਿਆਂ ਵਿੱਚ ਰੱਖੋ। ਕੰਮ ਜਾਂ ਪੜ੍ਹਾਈ ਸਮੇਂ ਫੋਨ ਨੂੰ ਮੇਜ਼ ਉੱਤੇ ਰੱਖਣ ਦੀ ਥਾਂ ਦਰਾਜ਼ ਵਿੱਚ ਜਾਂ ਕਿਸੇ ਹੋਰ ਕਮਰੇ ਵਿੱਚ ਰੱਖੋ। ਰਾਤ ਨੂੰ ਫੋਨ ਸਿਰਹਾਣੇ ਕੋਲ ਰੱਖਣ ਦੀ ਬਜਾਏ ਬਿਸਤਰੇ ਤੋਂ ਦੂਰ ਰੱਖੋ।

ਇੱਕ ਛੋਟੀ ਜਿਹੀ ਉਦਾਹਰਨ ਇਸ ਤਰੀਕੇ ਦੀ ਤਾਕਤ ਦਿਖਾਉਂਦੀ ਹੈ। ਜੇ ਕੋਈ ਵਿਅਕਤੀ ਕੰਮ ਕਰਦਿਆਂ ਹਰ ਦਸ ਮਿੰਟ ਬਾਅਦ ਫੋਨ ਵੇਖਦਾ ਹੈ ਅਤੇ ਫੋਨ ਉਸ ਦੀ ਮੇਜ਼ ਉੱਤੇ ਹੀ ਪਿਆ ਹੈ, ਤਾਂ ਉਸ ਨੂੰ ਸਿਰਫ਼ ਫੋਨ ਦਰਾਜ਼ ਵਿੱਚ ਰੱਖਣ ਦੀ ਲੋੜ ਹੈ। ਹੁਣ ਫੋਨ ਦੇਖਣ ਲਈ ਉਸ ਨੂੰ ਉੱਠ ਕੇ ਦਰਾਜ਼ ਖੋਲ੍ਹਣੀ ਪਵੇਗੀ। ਇਹ ਦਸ ਸਕਿੰਟ ਦੀ ਛੋਟੀ ਜਿਹੀ ਰੁਕਾਵਟ ਸਾਡੇ ਦਿਮਾਗ਼ ਨੂੰ ਸੋਚਣ ਦਾ ਸਮਾਂ ਦਿੰਦੀ ਹੈ ਅਤੇ ਆਪਣੇ-ਆਪ ਚੱਲਣ ਵਾਲੀ ਆਦਤ ਨੂੰ ਤੋੜਨ ਵਿੱਚ ਮਦਦ ਕਰ ਸਕਦੀ ਹੈ।

ਆਦਤ ਬਦਲਣ ਦੀ ਇੱਕ ਹੋਰ ਲਾਭਦਾਇਕ ਤਕਨੀਕ ਹੈ ‘ਜੇ-ਤਾਂ’ ਦਾ ਨਿਯਮ। ਆਪਣੇ ਦਿਮਾਗ਼ ਨਾਲ ਪਹਿਲਾਂ ਹੀ ਨਿਯਮ ਤੈਅ ਕਰੋ ਜਿਵੇਂ, ‘ਜੇ ਮੈਂ ਕੰਮ ਕਰਦਿਆਂ ਫੋਨ ਦੇਖਣ ਦਾ ਮਨ ਬਣਾਵਾਂਗਾ, ਤਾਂ ਪਹਿਲਾਂ ਦਸ ਮਿੰਟ ਆਪਣਾ ਕੰਮ ਜਾਰੀ ਰੱਖਾਂਗਾ’ ਜਾਂ ‘ਜੇ ਮੈਂ ਸਵੇਰੇ ਉੱਠਾਂਗਾ, ਤਾਂ ਪਹਿਲੇ 30 ਤੋਂ 40 ਮਿੰਟ ਫੋਨ ਨੂੰ ਹੱਥ ਨਹੀਂ ਲਗਾਵਾਂਗਾ।’ ਇਸ ਨਾਲ ਲਾਲਚ ਦੇ ਸਮੇਂ ਨਵਾਂ ਫ਼ੈਸਲਾ ਕਰਨ ਦੀ ਲੋੜ ਨਹੀਂ ਰਹਿੰਦੀ।

ਸਿਰਫ਼ ਪੁਰਾਣੀ ਆਦਤ ਨੂੰ ਰੋਕਣਾ ਹੀ ਕਾਫ਼ੀ ਨਹੀਂ ਹੁੰਦਾ। ਉਸ ਦੀ ਥਾਂ ਕੋਈ ਨਵੀਂ ਅਤੇ ਚੰਗੀ ਗਤੀਵਿਧੀ ਲਿਆਉਣੀ ਵੀ ਓਨੀ ਹੀ ਜ਼ਰੂਰੀ ਹੈ। ਜੇ ਬੋਰੀਅਤ ਹੋਣ ’ਤੇ ਅਸੀਂ ਫੋਨ ਖੋਲ੍ਹਦੇ ਹਾਂ ਤਾਂ ਉਸ ਦੀ ਥਾਂ ਪੰਜ-ਦਸ ਮਿੰਟ ਸੈਰ ਕਰਨਾ, ਕਿਤਾਬ ਪੜ੍ਹਨਾ, ਹਲਕੀ ਕਸਰਤ ਕਰਨਾ, ਸੰਗੀਤ ਸੁਣਨਾ ਜਾਂ ਪਰਿਵਾਰ ਨਾਲ ਗੱਲਬਾਤ ਕਰਨਾ ਸ਼ੁਰੂ ਕੀਤਾ ਜਾ ਸਕਦਾ ਹੈ। ਦਿਮਾਗ਼ ਨੂੰ ਖਾਲੀ ਨਹੀਂ ਛੱਡਣਾ; ਉਸ ਨੂੰ ਇੱਕ ਬਿਹਤਰ ਵਿਕਲਪ ਦੇਣਾ ਹੈ।

ਸੋਸ਼ਲ ਮੀਡੀਆ ਦੀ ਵਰਤੋਂ ਲਈ ਇੱਕ ਸਮਾਂ-ਸੀਮਾ ਤੈਅ ਕਰਨਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਹਰ ਵਾਰ ਮਨ ਕੀਤਾ ਤਾਂ ਫੋਨ ਖੋਲ੍ਹਣ ਦੀ ਥਾਂ ਦਿਨ ਵਿੱਚ ਦੋ-ਤਿੰਨ ਨਿਸ਼ਚਿਤ ਸਮੇਂ ਰੱਖੇ ਜਾ ਸਕਦੇ ਹਨ, ਜਿਵੇਂ ਦੁਪਹਿਰ ਨੂੰ 15 ਮਿੰਟ ਅਤੇ ਸ਼ਾਮ ਨੂੰ 30 ਮਿੰਟ। ਇਸ ਨਾਲ ਬਿਨਾਂ ਵਜ੍ਹਾ ਵਰਤੋਂ ਦੀ ਥਾਂ ਲੋੜ ਅਤੇ ਮਕਸਦ ਨਾਲ ਵਰਤੋਂ ਦੀ ਆਦਤ ਬਣਦੀ ਹੈ।

ਸਾਨੂੰ ਆਪਣੇ ਦਿਨ ਦੇ ਦੋ ਸਮੇਂ ਵਿਸ਼ੇਸ਼ ਤੌਰ ’ਤੇ ਫੋਨ-ਮੁਕਤ ਰੱਖਣੇ ਚਾਹੀਦੇ ਹਨ; ਸਵੇਰ ਅਤੇ ਰਾਤ। ਸਵੇਰੇ ਉੱਠਦੇ ਹੀ ਦੂਜਿਆਂ ਦੀਆਂ ਤਸਵੀਰਾਂ ਅਤੇ ਮਾੜੀਆਂ ਖ਼ਬਰਾਂ ਦੇਖਣ ਦੀ ਥਾਂ ਸੈਰ, ਕਸਰਤ ਜਾਂ ਦਿਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਸੌਣ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਫੋਨ ਨਾ ਵਰਤਣ ਦੀ ਕੋਸ਼ਿਸ਼ ਕਰੋ। ਰਾਤ ਦੇ ਸਮੇਂ ਸਕਰੀਨ ਦੀ ਰੌਸ਼ਨੀ ਅਤੇ ਲਗਾਤਾਰ ਮਿਲਦੀਆਂ ਸੂਚਨਾਵਾਂ ਸਾਡੀ ਨੀਂਦ ਵਿੱਚ ਰੁਕਾਵਟ ਪਾ ਸਕਦੀਆਂ ਹਨ।

ਇਸ ਬਦਲਾਅ ਵਿੱਚ ਪਰਿਵਾਰ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਰੋਟੀ ਖਾਂਦਿਆਂ ਮੇਜ਼ ’ਤੇ ਫੋਨ ਨਾ ਵਰਤਣ ਦਾ ਨਿਯਮ ਬਣਾਇਆ ਜਾ ਸਕਦਾ ਹੈ। ਮਾਪਿਆਂ ਨੂੰ ਬੱਚਿਆਂ ਨੂੰ ਸਿਰਫ਼ ਨਸੀਹਤ ਦੇਣ ਦੀ ਥਾਂ ਖ਼ੁਦ ਮਿਸਾਲ ਬਣਨਾ ਚਾਹੀਦਾ ਹੈ। ਜੇ ਬੱਚੇ ਦੇਖਣਗੇ ਕਿ ਮਾਪੇ ਖਾਣੇ ਅਤੇ ਗੱਲਬਾਤ ਸਮੇਂ ਫੋਨ ਇੱਕ ਪਾਸੇ ਰੱਖਦੇ ਹਨ ਤਾਂ ਉਨ੍ਹਾਂ ਲਈ ਵੀ ਇਹ ਆਦਤ ਅਪਣਾਉਣਾ ਆਸਾਨ ਹੋਵੇਗਾ।

ਇਸ ਬਦਲਾਅ ਲਈ ਤੁਸੀਂ 30 ਦਿਨਾਂ ਦਾ ਅਭਿਆਸ ਕਰ ਸਕਦੇ ਹੋ। ਪਹਿਲੇ ਤਿੰਨ ਦਿਨ ਆਪਣੀ ਫੋਨ ਵਰਤੋਂ ਦਾ ਹਿਸਾਬ ਰੱਖੋ। ਫਿਰ ਗ਼ੈਰ-ਜ਼ਰੂਰੀ ਸੂਚਨਾਵਾਂ ਬੰਦ ਕਰੋ। ਸਵੇਰੇ ਅਤੇ ਰਾਤ ਨੂੰ ਫੋਨ-ਮੁਕਤ ਸਮਾਂ ਬਣਾਓ। ਸੋਸ਼ਲ ਮੀਡੀਆ ਲਈ ਸਮਾਂ-ਸੀਮਾ ਤੈਅ ਕਰੋ ਅਤੇ ਹਰ ਰੋਜ਼ ਘੱਟੋ-ਘੱਟ ਇੱਕ ਘੰਟਾ ਅਜਿਹੀਆਂ ਗਤੀਵਿਧੀਆਂ ਵਿੱਚ ਬਿਤਾਓ, ਜਿਨ੍ਹਾਂ ਲਈ ਸਕਰੀਨ ਦੀ ਲੋੜ ਨਾ ਹੋਵੇ। ਹਰ ਹਫ਼ਤੇ ਆਪਣੀ ਪ੍ਰਗਤੀ ਦੀ ਜਾਂਚ ਕਰ।

ਇੱਥੇ ਮੁਕੰਮਲਤਾ ਦੀ ਨਹੀਂ, ਨਿਰੰਤਰਤਾ ਦੀ ਲੋੜ ਹੈ। ਜੇ ਕਿਸੇ ਦਿਨ ਫੋਨ ਦੀ ਵਰਤੋਂ ਵਧ ਵੀ ਜਾਵੇ ਤਾਂ ਇਸ ਨੂੰ ਆਪਣੀ ਹਾਰ ਨਾ ਸਮਝੋ। ਅਗਲੇ ਦਿਨ ਨਵੀਂ ਸ਼ੁਰੂਆਤ ਕਰੋ। ਮਕਸਦ ਫੋਨ ਨੂੰ ਪੂਰੀ ਤਰ੍ਹਾਂ ਛੱਡਣਾ ਨਹੀਂ, ਸਗੋਂ ਆਪਣੇ ਸਮੇਂ ਅਤੇ ਧਿਆਨ ਉੱਤੇ ਮੁੜ ਕਾਬੂ ਪਾਉਣਾ ਹੈ।

ਦਰਅਸਲ, ਸੋਸ਼ਲ ਮੀਡੀਆ ਦੀ ਲਤ ਸਿਰਫ਼ ਫੋਨ ਦੀ ਸਮੱਸਿਆ ਨਹੀਂ, ਇਹ ਸਾਡੇ ਧਿਆਨ ਦੀ ਸਮੱਸਿਆ ਹੈ। ਅੱਜ ਦੇ ਡਿਜੀਟਲ ਜ਼ਮਾਨੇ ਵਿੱਚ ਸਾਡਾ ਧਿਆਨ ਹੀ ਸਭ ਤੋਂ ਕੀਮਤੀ ਚੀਜ਼ ਹੈ। ਜਿਸ ਐਪ ਕੋਲ ਸਾਡਾ ਧਿਆਨ ਹੈ, ਉਹ ਸਾਡੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਆਪਣੇ ਵੱਲ ਖਿੱਚ ਰਿਹਾ ਹੈ। ਸਾਨੂੰ ਤਕਨਾਲੋਜੀ ਛੱਡਣ ਦੀ ਲੋੜ ਨਹੀਂ; ਸਾਨੂੰ ਤਕਨਾਲੋਜੀ ਨਾਲ ਆਪਣਾ ਰਿਸ਼ਤਾ ਬਦਲਣ ਦੀ ਲੋੜ ਹੈ। ਮੋਬਾਈਲ ਸਾਡਾ ਮਾਲਕ ਨਾ ਬਣੇ, ਸਾਡਾ ਸਾਧਨ ਬਣ ਕੇ ਰਹੇ। ਅਗਲੀ ਵਾਰ ਜਦੋਂ ਵੀ ਤੁਸੀਂ ਬਿਨਾਂ ਕਿਸੇ ਕੰਮ ਦੇ ਫੋਨ ਚੁੱਕੋ ਤਾਂ ਆਪਣੇ ਆਪ ਤੋਂ ਇਹ ਸਵਾਲ ਜ਼ਰੂਰ ਪੁੱਛੋ, “ਮੈਂ ਫੋਨ ਚੁੱਕਿਆ ਹੈ ਜਾਂ ਫੋਨ ਨੇ ਮੈਨੂੰ ਚੁੱਕ ਲਿਆ ਹੈ?” ਸ਼ਾਇਦ ਇਸ ਇੱਕ ਸਵਾਲ ਦਾ ਇਮਾਨਦਾਰ ਜਵਾਬ ਹੀ ਸਾਨੂੰ ਆਪਣੀ ਡਿਜੀਟਲ ਆਦਤ ਬਦਲਣ ਵੱਲ ਪਹਿਲਾ ਕਦਮ ਚੁੱਕਣ ਲਈ ਪ੍ਰੇਰਿਤ ਕਰ ਸਕੇ।

ਸੰਪਰਕ: 90411-17282

Advertisement
×