ਸਾਂਵਲ ਧਾਮੀ
ਨੌਸ਼ਹਿਰਾ ਵਿਰਕਾਂ ਤੋਂ ਕੜਿਆਲ ਵੱਲ ਜਾਈਏ ਤਾਂ ਕੋਈ ਚਾਰ ਕੁ ਕਿਲੋਮੀਟਰ ਦੀ ਦੂਰੀ ’ਤੇ ਕਰਤਾਰਪੁਰ ਮੱਲੀਆਂ ਪਿੰਡ ਆ ਜਾਂਦੈ। ਕੜਿਆਲ, ਕੁਰਲ ਕੇ, ਖਾਰਾ, ਚੱਕ ਅਹੀਆ, ਬਧੌਣ, ਮੱਤਾ ਵਿਰਕਾਂ, ਲੀਲ ਵਿਰਕਾਂ, ਸਾਹੋਕੇ, ਬੱਦੋ ਰੱਤਾ, ਮੰਗੋ ਕੇ ਤੇ ਅਰਤਾਲੀ ਵਿਰਕਾਂ ਇਹਦੇ ਨੇੜਲੇ ਪਿੰਡ ਨੇ। ਸੰਤਾਲੀ ਤੋਂ ਪਹਿਲਾਂ ਇਸ ਪਿੰਡ ਦੀ ਤਹਿਸੀਲ ਤੇ ਜ਼ਿਲ੍ਹਾ ਗੁੱਜਰਾਂਵਾਲਾ ਸੀ। ਜ਼ਿਲ੍ਹਾ ਤਾਂ ਹੁਣ ਵੀ ਉਹੀ ਏ, ਪਰ ਤਹਿਸੀਲ ਬਦਲ ਕੇ ਨੌਸ਼ਿਹਰਾ ਵਿਰਕਾਂ ਹੋ ਗਈ ਏ।
ਵੰਡ ਤੋਂ ਪਹਿਲਾਂ ਪਿੰਡ ’ਚ ਬਹੁਗਿਣਤੀ ਮੁਸਲਮਾਨ ਕਿਰਤੀਆਂ ਦੀ ਸੀ। ਕੁਝ ਲੋਕ ਜੁੱਤੀਆਂ ਅਤੇ ਕੁਝ ਮਿੱਟੀ ਦੇ ਭਾਂਡੇ ਬਣਾਉਂਦੇ। ਕੁਝ ਖੱਡੀਆਂ ’ਤੇ ਕੱਪੜਾ ਬੁਣਦੇ। ਇੱਕ-ਦੋ ਬੰਦੇ ਹਜ਼ਾਮਤਾਂ ਕਰਦੇ। ਇੱਕ ਘਰ ਲੋਹੇ ਦੇ ਸੰਦ ਬਣਾਉਂਦਾ ਤੇ ਸੰਵਾਰਦਾ। ਇਨ੍ਹਾਂ ’ਚੋਂ ਆਮਾ ਜੁਲਾਹਾ ਹਾਲੇ ਜਿਊਂਦੈ। ਸੰਤਾਲੀ ’ਚ ਉਹ ਸੋਲਾਂ-ਸਤਾਰਾਂ ਵਰ੍ਹਿਆਂ ਦਾ ਸੀ। ਅੱਜ ਦੀ ਕਹਾਣੀ ਮੈਂ ਉਸੀ ਕੋਲੋਂ ਸੁਣੀ ਏ।
ਕਦੇ ਇਸ ਪਿੰਡ ਦਾ ਨਾਂ ਗਧਾ ਵਾਲਾ ਸੀ। ਉਦੋਂ ਇੱਥੇ ਫ਼ਕੀਰ ਵੱਸਦੇ ਸਨ, ਜੋ ਮੰਗ ਕੇ ਗੁਜ਼ਾਰਾ ਕਰਦੇ ਸਨ। ਮਿਸਲਾਂ ਵੇਲੇ ਸਿਆਲਕੋਟ ਦੇ ਬਡਿਆਣੇ ਨੇੜਿਓਂ ਉੱਠ ਕੇ ਮੱਲੀ ਗੋਤ ਦੇ ਜੱਟ ਇਸ ਇਲਾਕੇ ’ਤੇ ਕਾਬਜ਼ ਹੋ ਗਏ। ਇਨ੍ਹਾਂ ਮੱਲੀ ਜੱਟਾਂ ਨੇ ਗਧਾ ਵਾਲੇ ਤੋਂ ਇਸ ਪਿੰਡ ਦਾ ਨਾਂ ਬਦਲ ਕੇ ਕਰਤਾਰਪੁਰ ਮੱਲ੍ਹੀਆਂ ਰੱਖ ਲਿਆ। ਸੰਤਾਲੀ ਤੱਕ ਇਸ ਇਲਾਕੇ ’ਚ ਮੱਲੀਆਂ ਦੇ ਬਾਰਾਂ ਪਿੰਡ ਹੋ ਗਏ ਸਨ, ਜਿਨ੍ਹਾਂ ’ਚੋਂ ਬਹੁਤੇ ਸਿੱਖ ਸਨ ਤੇ ਕੁਝ ਮੁਸਲਮਾਨ ਸਨ। ਇਨ੍ਹਾਂ ਮੁਸਲਮਾਨ ਮੱਲੀਆਂ ਦੀ ਔਲਾਦ ਅੱਜ ਵੀ ਇਨ੍ਹਾਂ ਪਿੰਡਾਂ ’ਚ ਵੱਸਦੀ ਹੈ।
ਬਾਪੂ ਬਹਾਦਰ ਸਿੰਘ ਦੇ ਜ਼ਿਕਰ ਤੋਂ ਬਗੈਰ ਇਸ ਪਿੰਡ ਦੀ ਗੱਲ ਮੁਕੰਮਲ ਨਹੀਂ ਹੋ ਸਕਦੀ। ਇਲਾਕੇ ਦੇ ਲੋਕ ਉਹਨੂੰ ਅੱਜ ਵੀ ‘ਬਾਪੂ’ ਆਖ ਕੇ ਯਾਦ ਕਰਦੇ ਨੇ। ਉਹ ਪੱਚੀ ਮੁਰੱਬਿਆਂ ਦਾ ਮਾਲਕ ਸੀ। ਉਂਜ ਦਸ-ਗਿਆਰਾਂ ਮੁਰੱਬਿਆਂ ਤੋਂ ਘੱਟ ਤਾਂ ਕਿਸੇ ਸਿੱਖ ਪਰਿਵਾਰ ਦੀ ਜ਼ਮੀਨ ਨਹੀਂ ਸੀ।
ਚੜ੍ਹਦੀ ਅਤੇ ਲਹਿੰਦੀ; ਇਸ ਪਿੰਡ ਦੀਆਂ ਦੋ ਪੱਤੀਆਂ ਸਨ। ਚੜ੍ਹਦੀ ਪੱਤੀ ਦਾ ਲੰਬੜਦਾਰ ਫੌਜਾ ਸਿੰਘ ਸੀ ਤੇ ਲਹਿੰਦੀ ਦਾ ਮੱਖਣ ਸਿੰਘ। ਇੰਦਰ ਸਿੰਘ ਨਾਮਧਾਰੀ ਤੇ ਗਿਆਨ ਸਿੰਘ ਵੀ ਇਸ ਪਿੰਡ ਦੇ ਮੋਹਤਬਰ ਸਨ। ਗਿਆਨ ਸਿੰਘ ਦਾ ਪਰਿਵਾਰ ਬੰਦਿਆਂ ਵੱਲੋਂ ਵੀ ਤਕੜਾ ਸੀ।
ਸੰਤਾਲੀ ਵੇਲੇ ਜਦੋਂ ਸਿੱਖ ਉੱਜੜ ਕੇ ਗੁੱਜਰਾਂਵਾਲੇ ਕੈਂਪ ’ਚ ਜਾਣ ਲੱਗੇ ਤਾਂ ਪਿੰਡ ਦੇ ਮੁਸਲਮਾਨਾਂ ਨੇ ਉਨ੍ਹਾਂ ਨੂੰ ਰੋ-ਰੋ ਵਿਦਾ ਕੀਤਾ। ਤੁਰਨ ਵਾਲਿਆਂ ਨੇ ਆਪਣਾ ਬਹੁਤਾ ਸਾਮਾਨ ਲਿਹਾਜ ਵਾਲੇ ਮੁਸਲਮਾਨਾਂ ਦੇ ਸਪੁਰਦ ਕਰ ਦਿੱਤਾ। ਉਨ੍ਹਾਂ ਕੰਬਦੇ ਹੱਥਾਂ ਨਾਲ ਘਰਾਂ ਨੂੰ ਜਿੰਦਰੇ ਮਾਰੇ ਤੇ ਸੱਜਣ-ਬੇਲੀਆਂ ਨੂੰ ਚਾਬੀਆਂ ਫੜਾ ਕੇ ਰੋਂਦੇ-ਵਿਲਕਦੇ ਕੈਂਪ ਵੱਲ ਤੁਰ ਪਏ।
ਗਿਆਨ ਸਿੰਘ ਨੇ ਆਪਣੇ ਘੋੜੇ ਦੀ ਕਾਠੀ ਅੱਲਾ ਦਿੱਤਾ ਘੁਮਿਆਰ ਨੂੰ ਫੜਾਉਂਦਿਆ ਆਖਿਆ ਸੀ- ਦਿੱਤਿਆ, ਸਾਡੀ ਇਸ ਅਮਾਨਤ ਨੂੰ ਸੰਭਾਲ ਕੇ ਰੱਖੀਂ। ਜਿਊਂਦੇ ਰਹੇ ਤਾਂ ਆ ਕੇ ਲੈ ਜਾਵਾਂਗੇ। ਅੱਲਾ ਦਿੱਤਾ ਘੁਮਿਆਰ ਨੇ ਉਹ ਕਾਠੀ ਬੜੇ ਅਦਬ ਨਾਲ ਪੇਟੀ ’ਚ ਰੱਖ ਦਿੱਤੀ। ਗੁੱਜਰਾਂਵਾਲੇ ਤੋਂ ਤੁਰ ਕੇ ਮੱਲੀ ਸਰਦਾਰ ਚੜ੍ਹਦੇ ਪੰਜਾਬ ਪਹੁੰਚ ਗਏ। ਉੱਜੜ ਕੇ ਮੁੜ ਵੱਸਣਾ ਕਿਹੜਾ ਸੌਖਾ ਹੁੰਦਾ! ਜ਼ਿੰਦਗੀ ਨੂੰ ਨਵੇਂ ਸਿਰਿਉਂ ਸ਼ੁਰੂ ਕਰਦਿਆਂ, ਉਹ ਤਿੰਨ-ਚਾਰ ਵਰ੍ਹੇ ਇੱਕ ਥਾਂ ਤੋਂ ਦੂਜੀ ਥਾਂ ਭਟਕਦੇ ਰਹੇ। ਪੱਕੀ ਅਲਾਟਮੈਂਟ ਹੋਈ ਤਾਂ ਨਵੇਂ ਘਰ ਤੇ ਨਵੀਆਂ ਜ਼ਮੀਨਾਂ ਨਾਲ ਸਾਂਝ ਪਾਉਂਦਿਆਂ ਕੁਝ ਵਰ੍ਹੇ ਹੋਰ ਬੀਤ ਗਏ।
ਕਰਤਾਰਪੁਰ ਮੱਲੀਆਂ ਪਿੰਡ ਦੀ ਜ਼ਮੀਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੌਟਾਲੇ ਤੋਂ ਗਏ ਨਾਰੂਆਂ, ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਾੜੀ ਬੁੱਚੀਆਂ ਤੋਂ ਗਏ ਭੱਟੀਆਂ ਤੇ ਪਟਿਆਲਾ ਜ਼ਿਲ੍ਹੇ ਤੋਂ ਗਏ ਅਰਾਈਆਂ ਨੂੰ ਅਲਾਟ ਹੋ ਗਈ। ਗਿਆਨ ਸਿੰਘ ਦਾ ਘਰ ਅਰਾਈਆਂ ਨੂੰ ਮਿਲ ਗਿਆ। ਚੌਟਾਲੀਆ ਫ਼ਜ਼ਲ ਖਾਂ ਉਸ ਪਿੰਡ ਦਾ ਨਵਾਂ ਚੌਧਰੀ ਬਣ ਗਿਆ।
ਗਿਆਨ ਸਿੰਘ ਨੂੰ ਕਦੇ-ਕਦਾਈ ਜੱਦੀ ਘਰ, ਪੁਰਾਣਾ ਪਿੰਡ ਤੇ ਆਪਣੇ ਖੂਹ-ਖੇਤ ਜ਼ਰੂਰ ਯਾਦ ਆਉਂਦੇ ਹੋਣਗੇ। ਪਿੰਡ ਦੇ ਨਾਲ ਯਾਦ ਆਉਂਦੀ ਹੋਏਗੀ ਘੋੜੇ ਦੀ ਉਹ ਕਾਠੀ, ਜੋ ਪਿੰਡੋਂ ਤੁਰਦਿਆਂ ਉਹ ਅੱਲਾ ਦਿੱਤੇ ਨੂੰ ‘ਅਮਾਨਤ’ ਆਖ ਸੌਂਪ ਆਇਆ ਸੀ।
ਵਕਤ ਤੁਰਦਾ ਗਿਆ। ਦਿਨ, ਮਹੀਨੇ, ਸਾਲ ਬੀਤਦੇ ਗਏ। ਭਰ ਜਵਾਨ ਅੱਲਾ ਦਿੱਤਾ ਅਧਖੜ ਹੋ ਗਿਆ। ਉਹ ਕਦੇ-ਕਦਾਈਂ ਉਦਾਸ ਸੁਰ ’ਚ ਆਖਦਾ- ਨਾ ਕੋਈ ਚਿੱਠੀ, ਨਾ ਕੋਈ ਸੁੱਖ ਸੁਨੇਹਾ! ਅੱਲ੍ਹਾ ਖੈਰ ਕਰੇ! ਸਾਡੇ ਵਾਲੇ ਸਰਦਾਰ ਪਤਾ ਨਹੀਂ ਕਿੱਧਰ ਗੁਆਚ ਗਏ?
ਵੰਡ ਤੋਂ ਕੋਈ ਪੰਦਰਾਂ ਵਰ੍ਹੇ ਬਾਅਦ ਅੱਲਾ ਦਿੱਤਾ ਅੱਲ੍ਹਾ ਨੂੰ ਪਿਆਰਾ ਹੋ ਗਿਆ। ਆਪਣੇ ਆਖ਼ਰੀ ਦਿਨਾਂ ’ਚ ਉਹ ਆਪਣੇ ਪੁੱਤਰ ਸਾਦਿਕ ਨੂੰ ਸਮਝਾਉਂਦਾ- ਇਸ ਪਿੰਡ ਦੇ ਸਰਦਾਰ ਹੀਰਾ ਸਿੰਘ ਨੇ ਸਾਡੇ ਬਜ਼ੁਰਗਾਂ ਨੂੰ ਕੜਿਆਲ ਤੋਂ ਲਿਆ ਕੇ ਵਸਾਇਆ ਸੀ। ਘਰ ਬਣਾਉਣ ਜੋਗੀ ਥਾਂ ਦਿੱਤੀ ਸੀ। ਬੜੇ ਅਹਿਸਾਨ ਨੇ ਇਸ ਟੱਬਰ ਦੇ ਸਾਡੇ ਉੱਪਰ। ਉਹਦਾ ਪੁੱਤਰ ਸੰਤਾ ਸਿੰਘ ਵੀ ਦੁੱਖ-ਸੁੱਖ ’ਚ ਸਾਡੀ ਬਾਂਹ ਫੜਦਾ ਰਿਹਾ। ਕਿੱਧਰੇ ਭੁੱਲ ਨਾ ਜਾਈਂ ਕਿ ਚਾਚੇ ਸੰਤਾ ਸਿੰਘ ਦੇ ਪੁੱਤਰ ਗਿਆਨ ਸਿੰਘ ਦੀ ਅਮਾਨਤ ਸਾਡੇ ਕੋਲ ਪਈ ਏ। ਇਸ ਕਾਠੀ ਨੂੰ ਸੰਭਾਲ ਕੇ ਰੱਖੀਂ। ਗਿਆਨ ਸਿੰਘ ਆਏ, ਉਹਦਾ ਭਰਾ ਕੰਧਾਰਾ ਸਿੰਘ ਆਏ ਜਾਂ ਉਨ੍ਹਾਂ ਦਾ ਕੋਈ ਪੁੱਤ-ਪੋਤਰਾ; ਤੂੰ ਇਹ ਅਮਾਨਤ ਉਨ੍ਹਾਂ ਨੂੰ ਸੌਂਪ ਦੇਈਂ।
ਅੱਲਾ ਦਿੱਤੇ ਦੀ ਮੌਤ ਤੋਂ ਬਾਅਦ ਉਹਦੇ ਪੁੱਤਰ ਰਫ਼ੀਕ ਨੇ ਕਾਠੀ ਨੂੰ ਸੰਭਾਲਿਆ। ਉਹ ਹਰ ਐਤਵਾਰ ਕਾਠੀ ਨੂੰ ਪੇਟੀ ’ਚੋਂ ਕੱਢਦਾ, ਧੁੱਪ ਲਗਵਾਉਂਦਾ, ਕੱਪੜੇ ਨਾਲ ਧੂੜ ਮਿੱਟੀ ਪੂੰਝਦਾ ਤੇ ਉਹਨੂੰ ਬੜੇ ਅਦਬ ਨਾਲ ਮੁੜ ਤੋਂ ਪੇਟੀ ’ਚ ਰੱਖ ਦਿੰਦਾ। ਦਿਨ ਬੀਤਦੇ ਗਏ। ਪੰਜਾਬ ਦੇ ਬਟਵਾਰੇ ਨੂੰ ਪੰਜਾਹ ਵਰ੍ਹੇ ਬੀਤ ਗਏ।
ਇੱਕ ਦੁਪਹਿਰ ਗਿਆਨ ਸਿੰਘ ਆਪਣਾ ਪੁਰਾਣਾ ਪਿੰਡ ਵੇਖਣ ਆ ਗਿਆ। ਜਦੋਂ ਪਾਕਿਸਤਾਨ ਬਣਿਆ ਸੀ ਤਾਂ ਉਹ ਪੱਚੀ ਕੁ ਵਰ੍ਹਿਆਂ ਦਾ ਭਰ ਜਵਾਨ ਸੀ। ਹੁਣ ਉਹ ਬਿਰਧ ਹੋ ਗਿਆ ਸੀ ਤੇ ਉਹਦੇ ਨਾਲ ਉਹਦਾ ਭਰ ਜਵਾਨ ਪੋਤਰਾ ਸੀ। ਪਿੰਡ ਦੇ ਜੱਦੀ ਤੇ ਨਵੇਂ ਲੋਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਗਿਆਨ ਸਿੰਘ ਨੇ ਸਭ ਤੋਂ ਪਹਿਲਾਂ ਆਪਣਾ ਘਰ ਵੇਖਿਆ। ਆਪਣੇ ਘਰ ਦੇ ਦਰਵਾਜ਼ੇ ਨੂੰ ਚੁੰਮਿਆ। ਸਰਦਲ ’ਤੇ ਅੱਥਰੂ ਕੇਰੇ। ਫਿਰ ਉਹਨੇ ਸਾਰਾ ਪਿੰਡ ਘੁੰਮ ਕੇ ਵੇਖਿਆ। ਆਖ਼ਰ ’ਚ ਉਹਨੇ ਪੁੱਛਿਆ-ਅੱਲਾ ਦਿੱਤੇ ਦਾ ਕੀ ਹਾਲ ਜੇ? ਉਹਦੇ ਆਲੇ-ਦੁਆਲੇ ਖੜ੍ਹੀ ਭੀੜ ’ਚੋਂ ਕਈ ਜਣੇ ਇੱਕੋਂ ਜ਼ੁਬਾਨ ’ਚ ਬੋਲ ਉੱਠੇ-ਉਹ ਤਾਂ ਕਦੋਂ ਦਾ ਫੌਤ ਹੋ ਗਿਐ। ਗਿਆਨ ਸਿੰਘ ਨੇ ‘ਓਹ ਹੋ!’ ਕਹਿੰਦਿਆਂ ਠੰਢਾ ਹਉਕਾ ਭਰਿਆ ਤਾਂ ਭੀੜ ’ਚੋਂ ਫਿਰ ਤੋਂ ਕਈ ਆਵਾਜ਼ਾਂ ਉੱਭਰੀਆਂ- ਉਹਦਾ ਪੁੱਤਰ ਰਫੀਕ ਹੈਗਾ।
ਗਿਆਨ ਸਿੰਘ ਤੇ ਉਹਦੇ ਪੋਤਰੇ ਨੂੰ ਲੈ ਕੇ ਭੀੜ ਅੱਲਾ ਦਿੱਤੇ ਦੇ ਘਰ ਵੱਲ ਨੂੰ ਤੁਰ ਪਈ। ਰਫ਼ੀਕ ਬੜੇ ਤਪਾਕ ਨਾਲ ਮਿਲਿਆ। ਉਹਨੇ ਫੁਰਤੀ ਨਾਲ ਵਿਹੜੇ ’ਚ ਮੰਜੇ ਡਾਹ ਦਿੱਤੇ। ਗਿਆਨ ਸਿੰਘ ਹੋਰਾਂ ਲਈ ਇੱਕ ਮੰਜੇ ਉੱਤੇ ਅਣਲੱਗ ਚਾਦਰ ਵੀ ਵਿਛਾ ਦਿੱਤੀ। ਗਿਆਨ ਸਿੰਘ ਨੇ ਸਭ ਤੋਂ ਪਹਿਲਾਂ ਅੱਲਾ ਦਿੱਤੇ ਦਾ ਅਫ਼ਸੋਸ ਕੀਤਾ। ਨਿੱਕੀਆਂ-ਨਿੱਕੀਆਂ ਹੋਰ ਗੱਲਾਂ ਕਰਨ ਤੋਂ ਬਾਅਦ ਉਹ ਬੋਲਿਆ- ਰਫ਼ੀਕ ਪੁੱਤਰ, ਮੇਰੀ ਕੋਈ ਸ਼ੈਅ ਵੀ ਪਈ ਏ ਤੁਹਾਡੇ ਘਰ?
‘ਹਾਂਜੀ-ਹਾਂਜੀ’ ਆਖਦਾ ਰਫ਼ੀਕ ਕਾਹਲੀ ਨਾਲ ਉੱਠਿਆ ਤੇ ਦਲਾਨ ਅੰਦਰੋਂ ਘੋੜੇ ਦੀ ਕਾਠੀ ਚੁੱਕ ਲਿਆਇਆ। ਗਿਆਨ ਸਿੰਘ ਅਤੇ ਭੀੜ ਨੇ ਅੱਲਾ ਦਿੱਤਾ ਤੇ ਉਹਦੇ ਪੁੱਤਰ ਰਫ਼ੀਕ ਦੀ ਮੁਹੱਬਤ, ਦਿਆਨਦਾਰੀ ਤੇ ਸੰਭਾਲ ਦੀ ਪ੍ਰਸੰਸਾ ਕੀਤੀ। ਰਫ਼ੀਕ ਨੇ ਬੜੇ ਅਦਬ ਨਾਲ ਗਿਆਨ ਸਿੰਘ ਹੋਰਾਂ ਨੂੰ ਰੁਖ਼ਸਤ ਕੀਤਾ। ਵਿੱਛੜਨ ਲੱਗਿਆਂ ਗਿਆਨ ਸਿੰਘ ਹੱਸ ਕੇ ਬੋਲਿਆ-ਰਫ਼ੀਕ ਪੁੱਤਰਾ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇਹ ਸਾਡੇ ਲਈ ਬੜੀ ਕੀਮਤੀ ਸ਼ੈਅ ਏ। ਇਹਦੇ ਵਿੱਚ ਤਾਂ ਅਸੀਂ ਬੜਾ ਕੀਮਤੀ ਮਾਲ ਲੁਕੋਇਆ ਹੋਇਐ। ਕੋਲ ਖੜੋਤੇ ਲੋਕਾਂ ਨੇ ਇਸ ਗੱਲ ਨੂੰ ਮਖੌਲ ਹੀ ਸਮਝਿਆ। ਇਹ ਕਹਿ ਕੇ ‘ਮਹਿਮਾਨ’ ਤੁਰ ਗਏ।
ਘਰ ਵੱਲ ਮੁੜਦਿਆਂ ਰਫ਼ੀਕ ਉਹ ਸ਼ਖ਼ਸ ਨਹੀਂ ਸੀ ਰਿਹਾ ਜੋ ਗਿਆਨ ਸਿੰਘ ਨੂੰ ਰੁਖ਼ਸਤ ਕਰਨ ਲਈ ਗਲੀ ਤੱਕ ਗਿਆ ਸੀ। ਉਹ ਥੱਕੇ-ਟੁੱਟੇ ਕਦਮਾਂ ਨਾਲ ਮੁੜਿਆ ਤੇ ਵਿਹੜੇ ’ਚ ਡੱਠੇ ਮੰਜੇ ਉੱਤੇ ਧੜੱਮ ਕਰ ਕੇ ਡਿੱਗ ਪਿਆ। ਸਾਰਾ ਟੱਬਰ ਉਹਨੂੰ ਉਦਾਸੀ ਦਾ ਕਾਰਨ ਪੁੱਛਦਾ ਰਿਹਾ, ਪਰ ਉਹ ਕੁਝ ਨਾ ਬੋਲਿਆ। ਉਹਨੂੰ ਰਹਿ-ਰਹਿ ਕੇ ਇਹ ਹੌਲ਼ ਪੈਂਦੇ ਰਹੇ ਕਿ ਪੰਜਾਹ ਵਰ੍ਹੇ ਉਨ੍ਹਾਂ ਕੋਲ ਕੀਮਤੀ ‘ਮਾਲ’ ਪਿਆ ਰਿਹਾ ਸੀ ਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ। ਅੱਬਾ ਦੇ ਤੁਰ ਜਾਣ ਬਾਅਦ ਪੂਰੇ ਪੈਂਤੀ ਵਰ੍ਹੇ ਉਹਨੇ ਜਿਸ ਕਾਠੀ ਨੂੰ ਕਿਸੇ ਅਮਾਨਤ ਵਾਂਗ ਸੰਭਾਲ ਕੇ ਰੱਖਿਆ ਸੀ, ਉਸੀ ਕਾਠੀ ਨੇ ਹੁਣ ਰਫ਼ੀਕ ਨੂੰ ਪਛਤਾਵੇ ਦੇ ਦਰਿਆ ’ਚ ਡੁਬੋ ਦਿੱਤਾ ਸੀ।
ਸੰਪਰਕ: 97818-43444