ਹਾਕੀ ਦਾ ਕੈਪਟਨ ਤੇ ਕੋਚ ਹਰਮੀਕ ਸਿੰਘ
ਹਾਕੀ ਤੇ ਹਰਮੀਕ ਦਾ ਨਾਂ ਹੀਰ-ਰਾਂਝੇ ਵਾਂਗ ਜੁੜਿਆ ਹੋਇਆ ਹੈ। ਉਹਨੇ ਬਾਰਾਂ ਸਾਲ ਸਿਰੇ ਦੀ ਹਾਕੀ ਖੇਡੀ, ਸੌ ਤੋਂ ਵੱਧ ਕੌਮਾਂਤਰੀ ਮੈਚ ਖੇਡੇ, ਦਰਜਨ ਕੁ ਹਾਕੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ ਤੇ ਸਾਲਾਂ-ਬੱਧੀ ਨੈਸ਼ਨਲ ਇੰਸਟੀਚਿਊਟ ਆਫ ਇੰਡੀਆ ਦਾ ਚੀਫ ਹਾਕੀ ਕੋਚ...
ਹਾਕੀ ਤੇ ਹਰਮੀਕ ਦਾ ਨਾਂ ਹੀਰ-ਰਾਂਝੇ ਵਾਂਗ ਜੁੜਿਆ ਹੋਇਆ ਹੈ। ਉਹਨੇ ਬਾਰਾਂ ਸਾਲ ਸਿਰੇ ਦੀ ਹਾਕੀ ਖੇਡੀ, ਸੌ ਤੋਂ ਵੱਧ ਕੌਮਾਂਤਰੀ ਮੈਚ ਖੇਡੇ, ਦਰਜਨ ਕੁ ਹਾਕੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ ਤੇ ਸਾਲਾਂ-ਬੱਧੀ ਨੈਸ਼ਨਲ ਇੰਸਟੀਚਿਊਟ ਆਫ ਇੰਡੀਆ ਦਾ ਚੀਫ ਹਾਕੀ ਕੋਚ ਰਿਹਾ। ਉਸ ਨੂੰ ਏਸ਼ੀਅਨ ਆਲ ਸਟਾਰਜ਼ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਵੀ ਮਾਣ ਮਿਲਿਆ। ਉਸ ਨੇ ਓਲੰਪਿਕ ਖੇਡਾਂ ’ਚੋਂ 2 ਕਾਂਸੀ ਦੇ ਮੈਡਲ, ਵਿਸ਼ਵ ਹਾਕੀ ਕੱਪਾਂ ’ਚੋਂ 1 ਸਿਲਵਰ 1 ਕਾਂਸੀ, ਏੇਸ਼ਿਆਈ ਖੇਡਾਂ ’ਚੋਂ 1 ਗੋਲਡ, 2 ਸਿਲਵਰ ਤੇ ਸਾਊਥ ਈਸਟ ਏਸ਼ੀਆ ਰਿਜਨਲ ਟੂਰਨਾਮੈਂਟ ’ਚੋਂ 1 ਗੋਲਡ ਮੈਡਲ ਸਣੇ 8 ਅੰਤਰਰਾਸ਼ਟਰੀ ਮੈਡਲ ਜਿੱਤੇ। ਉਹਦੀ ਗਿਣਤੀ ਚੋਟੀ ਦੇ ਵਿਸ਼ਵ ਖਿਡਾਰੀਆਂ ’ਚ ਹੁੰਦੀ ਰਹੀ। ਉਹ ਹੋਰਨਾਂ ਮਾਨ ਸਨਮਾਨਾਂ ਨਾਲ ਅਰਜਨ ਐਵਾਰਡੀ ਵੀ ਹੈ। ਉਹਦੀ ਗੁੱਡੀ 1962 ਤੋਂ ਚੜ੍ਹਨੀ ਸ਼ੁਰੂ ਹੋਈ ਸੀ ਜੋ 1972 ਤੱਕ ਸਿਖਰ ’ਤੇ ਪੁੱਜੀ ਤੇ 1974 ਵਿੱਚ ਏਸ਼ੀਅਨ ਆਲ ਸਟਾਰਜ਼ ਹਾਕੀ ਟੀਮ ਦੀ ਕਪਤਾਨੀ ਕਰਨ ਪਿੱਛੋਂ ਉਹ ਸਰਗਰਮ ਖੇਡ ਤੋਂ ਰਿਟਾਇਰ ਹੋ ਗਿਆ। ਉਮਰ ਦਾ ਆਖ਼ਰੀ ਦੌਰ ਉਹ ਚੰਡੀਗੜ੍ਹ ਤੇ ਕੈਨੇਡਾ ’ਚ ਬਿਤਾ ਰਿਹੈ।
ਉਹ ਲੈਫਟ ਹਾਫ ਖੇਡਦਾ ਸੀ ਤੇ ਪੈਨਲਟੀ ਸਟਰੋਕ ਲਾਉਣ ਦਾ ਪੂਰਾ ਮਾਹਿਰ ਸੀ। 1972 ’ਚ ਹੋਈਆਂ ਮਿਊਨਿਖ ਦੀਆਂ ਓਲੰਪਿਕ ਖੇਡਾਂ ’ਚ ਉਹ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। ਉੱਥੇ ਉਸ ਨੇ ਪੈਨਲਟੀ ਸਟਰੋਕਾਂ ਤੋਂ 5 ਗੋਲ ਕੀਤੇ ਸਨ। 1974 ਵਿੱਚ ਉਹਦੀ ਕਪਤਾਨੀ ’ਚ ਬਰੱਸਲਜ਼ ਵਿਖੇ ਏਸ਼ੀਅਨ ਆਲ ਸਟਾਰਜ਼ ਦੀ ਟੀਮ ਯੂਰਪੀਅਨ ਆਲ ਸਟਾਰਜ਼ ਦੀ ਟੀਮ ਵਿਰੁੱਧ ਮੈਚ ਖੇਡੀ ਤਾਂ ਦੋਵੇਂ ਟੀਮਾਂ ਬਰਾਬਰ ਰਹੀਆਂ ਸਨ। ਉੱਥੇ ਹਰਮੀਕ ਸਿੰਘ ਨੂੰ ਕਿੰਗ ਆਫ ਕਿੰਗਜ਼ ਤੇ ਪਾਕਿਸਤਾਨ ਦੇ ਖਿਡਾਰੀ ਰਸ਼ੀਦ ਨੂੰ ਪ੍ਰਿੰਸ ਆਫ ਪ੍ਰਿੰਸਿਜ਼ ਦੇ ਖ਼ਿਤਾਬ ਦਿੱਤੇ ਗਏ।
ਉਦੋਂ ਏਸ਼ੀਅਨ ਆਲ ਸਟਾਰਜ਼ ਵਜੋਂ ਭਾਰਤ, ਪਾਕਿਸਤਾਨ ਤੇ ਮਲੇਸ਼ੀਆ ਦੇ ਚੋਣਵੇਂ ਹਾਕੀ ਖਿਡਾਰੀ ਟੀਮ ’ਚ ਸ਼ਾਮਲ ਕੀਤੇ ਗਏ ਸਨ। ਫਾਰਵਰਡ ਖੇਡਣ ਵਾਲੇ ਵਧੇਰੇ ਖਿਡਾਰੀ ਪਾਕਿਸਤਾਨ ਦੇ ਸਨ ਜਦ ਕਿ ਹਾਫ ਖੇਡਣ ਵਾਲੇ ਭਾਰਤ ਦੇ। ਭਾਰਤ ਵੱਲੋਂ ਹਰਮੀਕ ਸਿੰਘ, ਅਜੀਤਪਾਲ ਸਿੰਘ ਤੇ ਵਰਿੰਦਰ ਸਿੰਘ ਹਾਫ ਬੈਕ ਸਨ, ਸੁਰਜੀਤ ਸਿੰਘ ਫੁੱਲ ਬੈਕ ਤੇ ਅਸ਼ੋਕ ਕੁਮਾਰ ਫਾਰਵਰਡ ਸੀ। ਏਸ਼ੀਆ ਦੀ ਟੀਮ ਤਹਿਰਾਨ ਦੀਆਂ ਏਸ਼ਿਆਈ ਖੇਡਾਂ ’ਚੋਂ ਚੁਣੀ ਗਈ ਸੀ। ਯੂਰਪੀਅਨ ਆਲ ਸਟਾਰਜ਼ ਦੀ ਹਾਕੀ ਟੀਮ ਯੂਰਪ ਦੇ ਟੂਰਨਾਮੈਂਟ ’ਚੋਂ ਚੁਣੀ ਗਈ। ਦੋਹਾਂ ਮਹਾਦੀਪਾਂ ਦੀਆਂ ਟੀਮਾਂ ਦਾ ਉਹ ਪਹਿਲਾ ਵੱਡਾ ਮੁਕਾਬਲਾ ਸੀ ਜੋ ਬਰਾਬਰ ਰਿਹਾ। ਬਰੱਸਲਜ਼ ਖੇਡਣ ਪਿੱਛੋਂ ਏਸ਼ੀਅਨ ਆਲ ਸਟਾਰਜ਼ ਦੀ ਟੀਮ ਪਾਕਿਸਤਾਨ ’ਚ ਪਾਕਿਸਤਾਨ ਦੀਆਂ ਟੀਮਾਂ ਵਿਰੁੱਧ ਤੇ ਭਾਰਤ ਵਿੱਚ ਭਾਰਤ ਦੀਆਂ ਟੀਮਾਂ ਵਿਰੁੱਧ ਕੁਝ ਨੁਮਾਇਸ਼ੀ ਮੈਚ ਵੀ ਖੇਡੀ।
ਜਿਵੇਂ ਹਾਕੀ ਦਾ ਜਾਦੂਗਰ ਕਹੇ ਜਾਂਦੇ ਧਿਆਨ ਚੰਦ ਦੇ ਪਰਿਵਾਰ ਨੂੰ ਹਾਕੀ ਖੇਡਣ ਵਾਲਾ ਪਰਿਵਾਰ ਕਿਹਾ ਜਾਂਦੈ, ਉਵੇਂ ਹਰਮੀਕ ਹੋਰਾਂ ਦਾ ਪਰਿਵਾਰ ਵੀ ਹਾਕੀ ਖੇਡਣ ਵਾਲਿਆਂ ਦਾ ਪਰਿਵਾਰ ਵੱਜਦਾ ਹੈ। ਹਰਮੀਕ ਸਿੰਘ ਦਾ ਪਿਤਾ ਸੋਹਣ ਸਿੰਘ ਤੇ ਚਾਚਾ ਸਾਹਿਬ ਸਿੰਘ ਹਾਕੀ ਦੇ ਨਾਮਵਰ ਖਿਡਾਰੀ ਸਨ। ਹਰਮੀਕ ਸਿੰਘ ਦਾ ਛੋਟਾ ਭਰਾ ਅਜੀਤ ਸਿੰਘ ਤੇ ਭਤੀਜਾ ਗਗਨ ਅਜੀਤ ਸਿੰਘ ਵੀ ਹਾਕੀ ਦੇ ਓਲੰਪੀਅਨ ਬਣੇ। ਜਿਵੇਂ ਧਿਆਨ ਚੰਦ ਤੇ ਉਸ ਦਾ ਭਰਾ ਰੂਪ ਸਿੰਘ ਬਰਲਿਨ ਦੀਆਂ ਓਲੰਪਿਕ ਖੇਡਾਂ ਸਮੇਂ ਭਾਰਤੀ ਟੀਮ ਵਿੱਚ ’ਕੱਠੇ ਖੇਡੇ ਉਵੇਂ ਹਰਮੀਕ ਸਿੰਘ ਤੇ ਅਜੀਤ ਸਿੰਘ ਮਿਊਨਿਖ ਦੀਆਂ ਓਲੰਪਿਕ ਖੇਡਾਂ ਸਮੇਂ ’ਕੱਠੇ ਖੇਡੇ। ਬਾਅਦ ਵਿੱਚ ਜਿਵੇਂ ਧਿਆਨ ਚੰਦ ਦਾ ਪੁੱਤਰ ਅਸ਼ੋਕ ਕੁਮਾਰ ਹਾਕੀ ਦਾ ਤੇਜ਼ਤਰਾਰ ਫਾਰਵਰਡ ਬਣਿਆ, ਉਵੇਂ ਅਜੀਤ ਸਿੰਘ ਤੇ ਗਗਨ ਅਜੀਤ ਸਿੰਘ ਤੇਜ਼ਤਰਾਰ ਫਾਰਵਰਡ ਬਣੇ। ਅਜੀਤ ਸਿੰਘ ਨੇ ਮੌਂਟਰੀਅਲ-1976 ਦੀਆਂ ਓਲੰਪਿਕ ਖੇਡਾਂ ਸਮੇਂ ਭਾਰਤ ਤੇ ਅਰਜਨਟੀਨਾ ਵਿਚਕਾਰ ਹੋਏ ਪਹਿਲੇ ਮੈਚ ਵਿੱਚ ਆਪਣਾ ਪਹਿਲਾ ਗੋਲ ਮੈਚ ਦੇ 15ਵੇਂ ਸੈਕੰਡ ’ਚ ਕਰ ਦਿੱਤਾ ਸੀ! ਜਿਵੇਂ ਧਿਆਨ ਚੰਦ ਤਿੰਨ ਓਲੰਪਿਕਸ ਖੇਡਣ ਪਿੱਛੋਂ ਭਾਰਤੀ ਹਾਕੀ ਟੀਮਾਂ ਦਾ ਮੁੱਖ ਕੋਚ ਬਣਿਆ, ਉਵੇਂ ਹਰਮੀਕ ਸਿੰਘ ਵੀ ਦੋ ਓਲੰਪਿਕ ਖੇਡਾਂ, ਦੋ ਵਿਸ਼ਵ ਕੱਪ ਤੇ ਤਿੰਨ ਏਸ਼ਿਆਈ ਖੇਡਾਂ ਖੇਡਣ ਪਿੱਛੋਂ ਭਾਰਤੀ ਹਾਕੀ ਟੀਮਾਂ ਦਾ ਚੀਫ ਕੋਚ ਰਿਹਾ।
ਉਹਦਾ ਜਨਮ 10 ਜੂਨ 1945 ਨੂੰ ਪਹਿਲਵਾਨਾਂ ਦੇ ਸ਼ਹਿਰ ਗੁੱਜਰਾਂਵਾਲਾ ਵਿੱਚ ਹੋਇਆ ਜੋ ਦੇਸ਼ ਦੀ ਵੰਡ ਪਿੱਛੋਂ ਪਾਕਿਸਤਾਨ ਦੇ ਹਿੱਸੇ ਆਇਆ। ਹੁਣ ਉਹ ਪੱਛਮੀ ਪੰਜਾਬ ਦਾ ਜ਼ਿਲ੍ਹਾ ਹੈੱਡਕੁਆਟਰ ਹੈ। ਹਰਮੀਕ ਸਿੰਘ ਦੇ ਪਿਤਾ ਸੋਹਣ ਸਿੰਘ ਤੇ ਚਾਚਾ ਸਾਹਿਬ ਸਿੰਘ ਖ਼ੁਦ ਹਾਕੀ ਦੇ ਖਿਡਾਰੀ ਹੋਣ ਕਰਕੇ ਗੁੱਜਰਾਂਵਾਲੇ ਦੇ ਹਰਮਨ ਪਿਆਰੇ ਸ਼ਹਿਰੀ ਸਨ। 1947 ’ਚ ਦੇਸ਼-ਵੰਡ ਵੇਲੇ ਉਨ੍ਹਾਂ ਦਾ ਪਰਿਵਾਰ ਦੋਸਤਾਂ ਦੀ ਮਦਦ ਸਦਕਾ ਵੇਲੇ ਸਿਰ ਸੁਰੱਖਿਅਤ ਨਿਕਲ ਆਇਆ ਸੀ। ਹਰਮੀਕ ਉਦੋਂ ਦੋ ਸਾਲਾਂ ਦਾ ਸੀ ਜੋ ਮਾਪਿਆਂ ਦੀ ਗੋਦ ’ਚ ਫਿਰੋਜ਼ਪੁਰ ਪੁੱਜਾ। ਬਾਅਦ ਵਿੱਚ ਉਨ੍ਹਾਂ ਨੇ ਫਿਰੋਜ਼ਪੁਰ ਨੂੰ ਹੀ ਆਪਣਾ ਪੱਕਾ ਟਿਕਾਣਾ ਬਣਾ ਲਿਆ।
ਫਿਰੋਜ਼ਪੁਰ ਅੰਗਰੇਜ਼ਾਂ ਦੀ ਵੱਡੀ ਛਾਉਣੀ ਸੀ ਜਿੱਥੇ ਫੌਜੀਆਂ ਦੀਆਂ ਖੇਡਾਂ ਹੁੰਦੀਆਂ ਰਹਿੰਦੀਆਂ। ਧਿਆਨ ਚੰਦ ਤੇ ਬਲਬੀਰ ਸਿੰਘ ਸੀਨੀਅਰ ਵਰਗੇ ਵੱਡੇ ਖਿਡਾਰੀ ਉੱਥੇ ਖੇਡਦੇ ਰਹਿੰਦੇ। ਫੌਜੀਆਂ ਦੇ ਸਿਵਲੀਅਨਾਂ ਦੀਆਂ ਟੀਮਾਂ ਨਾਲ ਮੈਚ ਆਮ ਹੁੰਦੇ ਸਨ। ਸੋਹਣ ਸਿੰਘ ਤੇ ਸਾਹਿਬ ਸਿੰਘ ਦਾ ਫਿਰੋਜ਼ਪੁਰ ਟਿਕਣ ਦਾ ਵੱਡਾ ਕਾਰਨ ਵੀ ਇਹੋ ਸੀ ਕਿ ਉੱਥੇ ਉਹ ਹਾਕੀ ਖੇਡ ਸਕਣਗੇ ਤੇ ਆਪਣੇ ਬੱਚਿਆਂ ਨੂੰ ਹਾਕੀ ਦੇ ਖਿਡਾਰੀ ਬਣਾ ਸਕਣਗੇ। ਸਾਹਿਬ ਸਿੰਘ ਕਾਫ਼ੀ ਸਮਾਂ ਫਿਰੋਜ਼ਪੁਰ ਦੀ ਹਾਕੀ ਟੀਮ ਵਿੱਚ ਖੇਡਦਾ ਰਿਹਾ ਤੇ 1951 ’ਚ ਜਾਪਾਨ ਵਿਰੁੱਧ ਭਾਰਤ ਵੱਲੋਂ ਖੇਡਿਆ। ਉਹ ਅਕਸਰ ਕਹਿੰਦੇ ਕਿ ਅਸੀਂ ਆਪ ਭਾਵੇਂ ਓਲੰਪਿਕ ਖੇਡਾਂ ’ਚ ਭਾਗ ਨਹੀਂ ਲੈ ਸਕੇ, ਪਰ ਪੁੱਤਰਾਂ ਨੂੰ ਜ਼ਰੂਰ ਓਲੰਪਿਕ ਤੱਕ ਪਹੁੰਚਾਵਾਂਗੇ। ਉਹੀ ਗੱਲ ਹੋਈ ਕਿ ਉਨ੍ਹਾਂ ਦੀ ਔਲਾਦ ਓਲੰਪੀਅਨ ਬਣੀ। ਉਹਦੇ ਚਾਚਾ ਜੀ ਉਹਨੂੰ ਹਾਕੀ ਦੇ ਮੈਚ ਵਿਖਾਉਣ ਨਾਲ ਲੈ ਜਾਂਦੇ ਤੇ ਉਸ ਨੂੰ ਹਾਕੀ ਖੇਡਣ ਲਈ ਪ੍ਰੇਰਦੇ। ਘਰ ’ਚ ਖਾਧ ਖੁਰਾਕ ਦੀ ਤੋਟ ਨਹੀਂ ਸੀ। ਪਿਤਾ ਨੇ ‘ਫਲਾਂ ਵਾਲੇ ਬਾਬੇ’ ਨੂੰ ਅਗਾਊਂ ਕਿਹਾ ਹੋਇਆ ਸੀ ਕਿ ਮੇਰੇ ਪੁੱਤਰ ਜੋ ਫਲ ਖਾਣਾ ਚਾਹੁਣ, ਦੇ ਦਿਆ ਕਰ, ਹਿਸਾਬ ਮੈਂ ਆਪੇ ਨਿਬੇੜ ਲਵਾਂਗਾ।
ਹਰਮੀਕ ਸਿੰਘ ਨੂੰ ਪੜ੍ਹਾਈ ਨਾਲ ਹਾਕੀ ਖਿਡਾਉਣ ਲਈ ਫਿਰੋਜ਼ਪੁਰ ਦੇ ਮਾਲਵਾ ਖਾਲਸਾ ਹਾਇਰ ਸੈਕੰਡਰੀ ਸਕੂਲ ’ਚ ਦਾਖਲ ਕਰਵਾਇਆ ਗਿਆ। ਉਸ ਸਕੂਲ ਦੀਆਂ ਹਾਕੀ ਟੀਮਾਂ ਜ਼ਿਲ੍ਹੇ ਦੇ ਅੰਤਰ ਸਕੂਲ ਮੈਚ ਜਿੱਤਦੀਆਂ ਰਹਿੰਦੀਆਂ ਸਨ। ਉੱਥੇ ਪੜ੍ਹਦਿਆਂ ਹਰਮੀਕ ਸਿੰਘ ਕਲੱਬਾਂ ਦੀਆਂ ਟੀਮਾਂ ’ਚ ਵੀ ਖੇਡਣ ਲੱਗ ਪਿਆ। ਉਹ ਪਹਿਲੀ ਵਾਰ ਉਦੋਂ ਚਮਕਿਆ ਜਦੋਂ 1962 ਵਿੱਚ ਪੰਜਾਬ ਸਕੂਲਾਂ ਦੀ ਟੀਮ ’ਚ ਚੁਣਿਆ ਗਿਆ। ਉਨ੍ਹਾਂ ਦੀ ਟੀਮ ਚੰਡੀਗੜ੍ਹ ਵਿਖੇ ਨੈਸ਼ਨਲ ਸਕੂਲਜ਼ ਦਾ ਟੂਰਨਾਮੈਂਟ ਜਿੱਤੀ। ਹਾਇਰ ਸੈਕੰਡਰੀ ਪਿੱਛੋਂ ਉਸ ਨੂੰ ਕਾਲਜਾਂ ਵੱਲੋਂ ਹਾਕੀ ਖੇਡਣ ਲਈ ਸੱਦੇ ਆਉਣ ਲੱਗੇ। ਉਹਨੇ ਡੀ.ਏ.ਵੀ. ਕਾਲਜ ਜਲੰਧਰ ਵਿੱਚ ਦਾਖਲਾ ਲੈ ਲਿਆ। ਜਲੰਧਰ ਨੂੰ ਹਾਕੀ ਦੀ ਰਾਜਧਾਨੀ ਕਿਹਾ ਜਾਂਦੈ। ਜਲੰਧਰ ਦੀ ਬੁੱਕਲ ’ਚ ਵਸਦੇ ਪਿੰਡ ਸੰਸਾਰਪੁਰ ਨੇ ਡੇਢ ਦਰਜਨ ਹਾਕੀ ਓਲੰਪੀਅਨ ਭਾਰਤੀ ਹਾਕੀ ਟੀਮਾਂ ਨੂੰ ਦਿੱਤੇ ਹਨ।
ਡੀ.ਏ.ਵੀ. ਕਾਲਜ ਜਲੰਧਰ ਪੜ੍ਹਦਿਆਂ ਹਰਮੀਕ ਹੋਰਾਂ ਦੀ ਟੀਮ ਇੰਟਰ ਕਾਲਜ ਟੂਰਨਾਮੈਂਟਾਂ ਦੇ ਨਾਲ ਇੰਟਰ ਯੂਨੀਵਰਸਿਟੀਜ਼ ਟੂਰਨਾਮੈਂਟ ਵੀ ਜਿੱਤਦੀ ਰਹੀ। ਕਾਲਜ ਦੇ ਪਹਿਲੇ ਸਾਲ ਤੋਂ ਹੀ ਉਹ ਪੰਜਾਬ ਯੂਨੀਵਰਸਿਟੀ ਤੇ ਕੰਬਾਈਂਡ ਯੂਨੀਵਰਸਿਟੀਜ਼ ਦੀਆਂ ਹਾਕੀ ਟੀਮਾਂ ’ਚ ਚੁਣਿਆ ਜਾਣ ਲੱਗਾ। ਉਸ ਨੂੰ 19 ਸਾਲ ਦੀ ਉਮਰੇ ਭਾਰਤੀ ਟੀਮ ਵੱਲੋਂ ਭਾਰਤ ਦੇ ਦੌਰੇ ’ਤੇ ਆਈ ਫਰਾਂਸ ਦੀ ਟੀਮ ਵਿਰੁੱਧ ਖੇਡਣ ਦਾ ਮੌਕਾ ਮਿਲ ਗਿਆ। ਉਨ੍ਹੀਂ ਦਿਨੀਂ ਟੋਕੀਓ ’ਚ 1964 ਦੀਆਂ ਓਲੰਪਿਕ ਖੇਡਾਂ ਹੋ ਰਹੀਆਂ ਸਨ ਜਿਸ ਦੇ ਹਾਕੀ ਮੈਚਾਂ ਦੀ ਕੁਮੈਂਟਰੀ, ਜਸਦੇਵ ਸਿੰਘ ਦੀ ਜ਼ੁਬਾਨੀ ਹਾਕੀ ਪ੍ਰੇਮੀ ਚਾਅ ਨਾਲ ਸੁਣਦੇ। ਉੱਥੇ ਹਾਕੀ ਦਾ ਫਾਈਨਲ ਮੈਚ ਭਾਰਤੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਸੀ। ਜੇਤੂ ਗੋਲ ਰਾਈਟ ਹਾਫ ਮਹਿੰਦਰ ਲਾਲ ਦੇ ਪੈਨਲਟੀ ਸਟਰੋਕ ਨਾਲ ਹੋਇਆ ਸੀ। ਉਦੋਂ ਤੋਂ ਹੀ ਹਰਮੀਕ ਸਿੰਘ ਨੇ ਮਨ ’ਚ ਧਾਰ ਲਿਆ ਸੀ ਕਿ ਉਹ ਪੈਨਲਟੀ ਸਟਰੋਕ ਲਗਾਉਣ ਦਾ ਮਾਹਿਰ ਬਣੇਗਾ। 1965 ’ਚ ਉਨ੍ਹਾਂ ਦੀ ਕੰਬਾਈਂਡ ਯੂਨੀਵਰਸਿਟੀਜ਼ ਦੀ ਟੀਮ ਭਾਰਤ ਦੀ ਹਾਕੀ ਟੀਮ ਵਿਰੁੱਧ ਮੈਚ ਖੇਡੀ ਜੋ ਬਰਾਬਰ ਰਿਹਾ। ਹਰਮੀਕ ਸਿੰਘ ਉਦੋਂ ਸੈਂਟਰ ਹਾਫ ਖੇਡਦਾ ਸੀ ਜੋ ਭਾਰਤੀ ਟੀਮ ਦੇ ਚੋਣਕਾਰਾਂ ਦੀਆਂ ਨਜ਼ਰਾਂ ’ਚ ਆ ਗਿਆ।
ਹਰਮੀਕ ਸਿੰਘ ਅਜੇ ਕਾਲਜ ਦਾ ਵਿਦਿਆਰਥੀ ਸੀ ਕਿ 1966 ਦੀਆਂ ਏਸ਼ਿਆਈ ਖੇਡਾਂ ਲਈ ਭਾਰਤੀ ਹਾਕੀ ਟੀਮ ’ਚ ਚੁਣ ਲਿਆ ਗਿਆ। ਉਸ ਵੇਲੇ ਉਹ ਟੀਮ ਦਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਸੀ। ਉਦੋਂ ਤੱਕ ਭਾਰਤੀ ਹਾਕੀ ਟੀਮ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਨਹੀਂ ਸੀ ਜਿੱਤੀ। ਹਰਮੀਕ ਤੇ ਉਹਦੇ ਸਾਥੀਆਂ ਦੀ ਚੰਗੀ ਕਿਸਮਤ ਕਿ ਬੈਂਕਾਕ ਵਿੱਚ ਭਾਰਤ ਦੀ ਟੀਮ ਪਹਿਲੀ ਵਾਰ ਗੋਲਡ ਮੈਡਲ ਜਿੱਤੀ। ਉਸ ਟੀਮ ਦੀ ਵਿਸ਼ੇਸ਼ ਦਿੱਖ ਇਹ ਸੀ ਕਿ ਮੈਦਾਨ ’ਚ ਖੇਡ ਰਹੇ ਦਸਾਂ ਖਿਡਾਰੀਆਂ ਦੇ ਜੂੜਿਆਂ ’ਤੇ ਰੁਮਾਲ ਸਨ। ਜੂੜੇ ਤੋਂ ਬਗੈਰ ਕੇਵਲ ਲਖਸ਼ਮਣ ਹੀ ਸੀ ਜੋ ਗੋਲਚੀ ਬਣਿਆ ਖੜ੍ਹਾ ਸੀ। ਜੇਤੂ ਗੋਲ ਰੇਲਵੇ ਦੇ ਬਲਬੀਰ ਸਿੰਘ ਨੇ ਕੀਤਾ।
1967 ’ਚ ਹਰਮੀਕ ਸਿੰਘ ਮੈਡਰਿਡ ਦਾ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਣ ਗਿਆ ਜਿੱਥੇ ਭਾਰਤੀ ਟੀਮ ਨੇ ਕੱਪ ਜਿੱਤਿਆ। ਉਸੇ ਸਾਲ ਉਹ ਲੰਡਨ ਦਾ ਪ੍ਰੀ ਓਲੰਪਿਕ ਟੂਰਨਾਮੈਂਟ ਖੇਡਿਆ। 1968 ਵਿੱਚ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਲਈ ਉਹ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ। ਉੱਥੇ ਉਸ ਨੇ ਕਮਾਲ ਦੀ ਖੇਡ ਵਿਖਾਈ, ਪਰ ਭਾਰਤੀ ਟੀਮ ਗੋਲਡ ਦੀ ਥਾਂ ਕਾਂਸੀ ਦਾ ਮੈਡਲ ਹੀ ਜਿੱਤ ਸਕੀ। ਅਜਿਹਾ ਪਹਿਲੀ ਵਾਰ ਹੋਇਆ ਕਿ ਭਾਰਤੀ ਹਾਕੀ ਟੀਮ ਦੇ ਦੋ ਸੀਨੀਅਰ ਖਿਡਾਰੀ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਕੋ-ਕਪਤਾਨ ਬਣਾਏ ਗਏ। ਕਾਰਨ ਦੱਸਿਆ ਗਿਆ ਕਿ ਉਹ ਰਿਟਾਇਰ ਹੋਣ ਵਾਲੇ ਸਨ!
ਹਰਮੀਕ ਸਿੰਘ ਨੇ 1970 ਦੀਆਂ ਏਸ਼ਿਆਈ ਖੇਡਾਂ ਵਿੱਚ ਫਿਰ ਭਾਰਤ ਦੀ ਪ੍ਰਤੀਨਿਧਤਾ ਕੀਤੀ। ਫਾਈਨਲ ਮੈਚ ਫਿਰ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਹੋਇਆ ਜੋ 100 ਮਿੰਟ ਤੱਕ ਬਰਾਬਰ ਰਿਹਾ। ਭਾਰਤੀ ਟੀਮ ਪੂਰੇ ਤੇ ਵਾਧੂ ਸਮੇਂ ’ਚ ਬਿਹਤਰ ਖੇਡਣ ਦੇ ਬਾਵਜੂਦ ‘ਸਡਨ ਡੈੱਥ’ ਦੇ ਸਮੇਂ ’ਚ ਹਾਰ ਗਈ। 1971 ’ਚ ਹਰਮੀਕ ਸਿੰਘ ਬਾਰਸੀਲੋਨਾ ਦਾ ਪਲੇਠਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਖੇਡਿਆ। ਉੱਥੇ ਭਾਰਤੀ ਟੀਮ ਕਾਂਸੀ ਦਾ ਤਗ਼ਮਾ ਜਿੱਤੀ।
ਮਿਊਨਿਖ-1972 ਦੀਆਂ ਓਲੰਪਿਕ ਖੇਡਾਂ ’ਚ ਹਰਮੀਕ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਥਾਪਿਆ ਗਿਆ। ਉੱਥੇ ਭਾਰਤੀ ਟੀਮ ਮੈਕਸਿਕੋ ਨੂੰ 8-0, ਸਪੇਨ ਨੂੰ 1-0 ਤੇ ਜਾਪਾਨ ਨੂੰ 5-0 ਗੋਲਾਂ ’ਤੇ ਹਰਾਉਣ ਪਿੱਛੋਂ ਨਿਊਜ਼ੀਲੈਂਡ ਤੋਂ 2-0 ਗੋਲਾਂ ਨਾਲ ਹਾਰੀ। ਸੈਮੀ ਫਾਈਨਲ ’ਚ ਆਸਟਰੇਲੀਆ ਤੋਂ ਹਾਰੀ, ਪਰ ਤੀਜੇ ਸਥਾਨ ਦੇ ਮੈਚ ਵਿੱਚ ਜਰਮਨੀ ਦੀ ਟੀਮ ਨੂੰ 2-1 ਗੋਲਾਂ ਹਰਾ ਕੇ ਫਿਰ ਕਾਂਸੀ ਦਾ ਤਗ਼ਮਾ ਜਿੱਤੀ। ਉੱਥੇ ਹਰਮੀਕ ਸਿੰਘ ਦੇ ਕੀਤੇ 5 ਗੋਲ ਭਾਰਤੀ ਟੀਮ ਦੇ ਰਾਸ ਆਏ। 1973 ਵਿੱਚ ਉਹ ਐਮਸਟਰਡਮ ਦਾ ਦੂਜਾ ਵਿਸ਼ਵ ਹਾਕੀ ਕੱਪ ਖੇਡਿਆ। ਉੱਥੇ ਫਾਈਨਲ ਮੈਚ ਦੇ ਪਹਿਲੇ ਕੁਝ ਮਿੰਟਾਂ ’ਚ ਹੀ ਭਾਰਤੀ ਟੀਮ ਹਾਲੈਂਡ ਦੀ ਟੀਮ ਨਾਲੋਂ 2 ਗੋਲਾਂ ਨਾਲ ਅੱਗੇ ਹੋ ਗਈ ਸੀ, ਪਰ ਅੰਤ ਨੂੰ ਹਾਰ ਗਈ ਤੇ ਦੂਜਾ ਸਥਾਨ ਲੈ ਸਕੀ।
1974 ਦੀਆਂ 7ਵੀਆਂ ਏਸ਼ਿਆਈ ਖੇਡਾਂ ਤਹਿਰਾਨ ’ਚ ਹੋਈਆਂ। ਉੱਥੇ ਉਹ ਤੀਜੀ ਵਾਰ ਭਾਰਤੀ ਟੀਮ ਵੱਲੋਂ ਖੇਡਿਆ। ਫਾਈਨਲ ਮੈਚ ਮੁੜ ਪਾਕਿਸਤਾਨ ਵਿਰੁੱਧ ਖੇਡਿਆ ਗਿਆ ਜੋ ਫਿਰ ਪਾਕਿਸਤਾਨ ਦੀ ਟੀਮ ਨੇ ਜਿੱਤਿਆ। ਉੱਥੇ ਹੀ ਹਰਮੀਕ ਸਿੰਘ ਨੂੰ ਏਸ਼ੀਅਨ ਆਲ ਸਟਾਰਜ਼ ਟੀਮ ਦਾ ਕਪਤਾਨ ਬਣਇਆ ਗਿਆ। ਉਸ ਪਿੱਛੋਂ ਉਸ ਨੇ ਹਾਕੀ ਖੇਡਣ ਨੂੰ ਅਲਵਿਦਾ ਕਹਿ ਦਿੱਤੀ ਤੇ ਹਾਕੀ ਦੀ ਕੋਚਿੰਗ ਵੱਲ ਰੁਖ਼ ਕਰ ਲਿਆ।
ਹਰਮੀਕ ਹੋਰੀਂ ਚਾਰ ਭਾਈ ਹਨ। ਬਚਪਨ ’ਚ ਉਨ੍ਹਾਂ ਦੀ ਮਾਤਾ ਤੜਕੇ ਹੀ ਅੱਧ-ਰਿੜਕਾ ਲੈ ਕੇ ਬੈਠੀ ਹੁੰਦੀ ਕਿ ਕਦੋਂ ਪੁੱਤ ਜਾਗਣ ਤੇ ਅੱਧ-ਰਿੜਕਾ ਦੁੱਧ ਪੀਣ। ਉਨ੍ਹਾਂ ਦੇ ਪਿਤਾ ਤੇ ਚਾਚਾ ਬੱਚਿਆਂ ਨੂੰ ਡੰਡ ਬੈਠਕਾਂ ਕਢਵਾ ਕੇ ਹੋਰ ਕਸਰਤਾਂ ਕਰਵਾਉਂਦੇ। ਹਰਮੀਕ ਸਿੰਘ ਅਜੇ ਕਾਲਜ ਵਿੱਚ ਹੀ ਪੜ੍ਹਦਾ ਸੀ ਕਿ 1967 ’ਚ ਬੀਐੱਸਐੱਫ ਨੇ ਸਬ ਇੰਸਪੈਕਟਰ ਭਰਤੀ ਕਰ ਲਿਆ। ਉਹ ਸਾਲਾਂ-ਬੱਧੀ ਬੀਐੱਸਐੱਫ ਤੇ ਪੰਜਾਬ ਵੱਲੋਂ ਦੇਸ਼ ਦੇ ਨਾਮੀ ਟੂਰਨਾਮੈਂਟ ਤੇ ਨੈਸ਼ਨਲ ਚੈਂਪੀਅਨਸ਼ਿਪ ਖੇਡਦਾ ਰਿਹਾ। 1973 ’ਚ ਉਹਨੇ ਐੱਨਆਈਐੱਸ ਪਟਿਆਲਾ ਤੋਂ ਹਾਕੀ ਦੀ ਕੋਚਿੰਗ ਦਾ ਡਿਪਲੋਮਾ ਕਰ ਲਿਆ ਤੇ ਬੀਐੱਸਐੱਫ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਪਿਲਾਨੀ ਦੀ ਬਿਰਲਾ ਵਿਦਿਅਕ ਸੰਸਥਾ ਵਿੱਚ ਹਾਕੀ ਦਾ ਕੋਚ ਜਾ ਲੱਗਾ।
1977 ’ਚ ਪਿਲਾਨੀ ਦੀ ਨੌਕਰੀ ਛੱਡ ਕੇ ਉਹ ਐੱਨਆਈਐੱਸ ਦਾ ਕੋਚ ਬਣ ਗਿਆ ਜਿੱਥੇ ਕਲਾਸਾਂ ਪੜ੍ਹਾਉਣ ਲੱਗਾ। ਨਾਲ ਦੀ ਨਾਲ ਉਹ ਭਾਰਤੀ ਹਾਕੀ ਟੀਮਾਂ ਚੁਣਨ ਵਿੱਚ ਸਹਿਯੋਗ ਦਿੰਦਾ ਰਿਹਾ ਤੇ ਭਾਰਤੀ ਹਾਕੀ ਟੀਮਾਂ ਦਾ ਮੁੱਖ ਕੋਚ ਬਣਦਾ ਰਿਹਾ। ਉਦੋਂ ਉਹਦੀ ਰਿਹਾਇਸ਼ ਹਾਕੀ ਗਰਾਊਂਡ ਦੇ ਸਾਹਮਣੇ ਵਾਲੇ ਫਲੈਟ ਵਿੱਚ ਹੁੰਦੀ ਸੀ ਜਿੱਥੇ ਮੈਨੂੰ ਵੀ ਜਾਣ ਦੇ ਮੌਕੇ ਮਿਲਦੇ ਰਹੇ। 1981 ਦੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਬੰਬਈ ਵਿਖੇ ਉਹ ਭਾਰਤੀ ਹਾਕੀ ਟੀਮ ਦਾ ਮੁੱਖ ਕੋਚ ਸੀ। ਸਬੱਬ ਨਾਲ ਮੈਂ ਵੀ ‘ਪੰਜਾਬੀ ਟ੍ਰੀਬਿਊਨ’ ਅਖ਼ਬਾਰ ਵੱਲੋਂ ਵਿਸ਼ਵ ਕੱਪ ਕਵਰ ਕਰਨ ਲਈ ਉੱਥੇ ਗਿਆ ਸਾਂ। ਉੱਥੇ ਅਸੀਂ ਦੋ ਹਫ਼ਤੇ ਨੇੜੋ ਨੇੜ ਵਿਚਰੇ। ਹਰਮੀਕ ਸਿੰਘ ਨੂੰ ਹੋਰ ਨੇੜਿਓਂ ਜਾਣਨ ਦੇ ਮੈਨੂੰ ਅਨੇਕ ਮੌਕੇ ਮਿਲੇ। ਭਾਰਤੀ ਟੀਮ ਦੇ ਕਿਸੇ ਮੈਚ ਦਾ ਹਾਫ ਟਾਈਮ ਹੁੰਦਾ ਤਾਂ ਉਹ ਬੜੇ ਜੋਸ਼ ਨਾਲ ਖਿਡਾਰੀਆਂ ਨੂੰ ਦੂਜਾ ਹਾਫ ਖੇਡਣ ਦੇ ਗੁਰ ਦੱਸਦਾ। ਉਸ ਵੇਲੇ ਹੱਥ ਪੈਰ ਹਿਲਾਉਂਦਾ ਇੰਜ ਜਾਪਦਾ ਜਿਵੇਂ ਖ਼ੁਦ ਹਾਕੀ ਖੇਡ ਰਿਹਾ ਹੋਵੇ।
ਉਹਦਾ ਕੱਦ ਦਰਮਿਆਨਾ ਹੈ ਤੇ ਰੰਗ ਮੇਘਲਾ। ਮੱਥਾ ਉੱਚਾ, ਨੱਕ ਰਤਾ ਚੌੜਾ ਤੇ ਜੁੱਸਾ ਸਡੌਲ। ਉਹ ਰਤਾ ਭਵਾਂ ਚੜ੍ਹਾ ਕੇ ਗੱਲ ਸੁਣਦਾ ਭਵਾਂ ਚੜ੍ਹਾ ਕੇ ਹੀ ਗੱਲ ਕਰਦਾ ਹੈ। ਪਿੱਛੇ ਜਿਹੇ ਅਸੀਂ ਕੈਨੇਡਾ ’ਚ ਬਰੈਂਪਟਨ ਦੇ ਹਾਕੀ ਟੂਰਨਾਮੈਂਟ ’ਤੇ ਮਿਲੇ ਤਾਂ ਉਹ ਪਹਿਲਾਂ ਵਰਗਾ ਹੀ ਚੁਸਤ ਦਰੁਸਤ ਜੁਆਨ ਲੱਗਾ। ਅਸੀਂ ਟੀਵੀ ਦੇ ਇੱਕ ਸ਼ੋਅ ਵਿੱਚ ਹਾਕੀ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਉਹਦੇ ਵਿਚਾਰ ਅਨੁਸਾਰ ਭਾਰਤੀ ਖਿਡਾਰੀਆਂ ਲਈ ਭਾਰਤੀ ਢੰਗ ਦੀ ਖੇਡ ਸ਼ੈਲੀ ਹੀ ਵਧੇਰੇ ਕਾਮਯਾਬ ਹੋ ਸਕਦੀ ਹੈ। ਲਗਨ ਨਾਲ ਮਿਹਨਤ ਕਰਨੀ ਹੀ ਕਾਮਯਾਬੀ ਦੀ ਕੁੰਜੀ ਹੈ। ਕਾਫ਼ੀ ਦੇਰ ਬਾਅਦ ਭਾਰਤੀ ਹਾਕੀ ਟੀਮ ਅੰਤਰਰਾਸ਼ਟਰੀ ਜਿੱਤ-ਮੰਚਾਂ ’ਤੇ ਚੜ੍ਹਨ ਲੱਗੀ ਹੈ। ਹਰਮੀਕ ਸਿੰਘ ਨੂੰ ਆਸ ਹੈ ਕਿ ਭਾਰਤੀ ਹਾਕੀ ਟੀਮ ਉਹਦੇ ਜਿਊਂਦੇ ਜੀਅ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਮੁੜ ਜਿੱਤ ਸਕਦੀ ਹੈ।
ਈ-ਮੇਲ: principalsarwansingh@gmail.com

